ਗੁਰਮੁਖਿ ਵਿਰਲਾ ਚੀਨੈ ਕੋਈ ॥ ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ। ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥ ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ। ਰਾਜੇ ਧਰਮੁ ਕਰਹਿ ਪਰਥਾਏ ॥ ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ। ਆਸਾ ਬੰਧੇ ਦਾਨੁ ਕਰਾਏ ॥ ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ। ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥ ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ। ਕਰਮ ਧਰਮ ਕਰਿ ਮੁਕਤਿ ਮੰਗਾਹੀ ॥ ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ, ਮੁਕਤਿ ਪਦਾਰਥੁ ਸਬਦਿ ਸਲਾਹੀ ॥ ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ। ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥ ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ। ਮਾਇਆ ਮਮਤਾ ਛੋਡੀ ਨ ਜਾਈ ॥ ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ। ਸੇ ਛੂਟੇ ਸਚੁ ਕਾਰ ਕਮਾਈ ॥ ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ। ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥ ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ। ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥ ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ। ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥ ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ। ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥ ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ? ਕਲੀ ਕਾਲ ਮਹਿ ਇਕ ਕਲ ਰਾਖੀ ॥ ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ। ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ। ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥ ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ। ਸਤਿਗੁਰੁ ਵੇਪਰਵਾਹੁ ਸਿਰੰਦਾ ॥ ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ। ਨਾ ਜਮ ਕਾਣਿ ਨ ਛੰਦਾ ਬੰਦਾ ॥ ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ। ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥ ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ। ਗੁਰ ਮਹਿ ਆਪੁ ਰਖਿਆ ਕਰਤਾਰੇ ॥ ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ। ਗੁਰਮੁਖਿ ਕੋਟਿ ਅਸੰਖ ਉਧਾਰੇ ॥ ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉਤੱਰ ਜਾਂਦੇ ਹਨ। ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥ ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ। ਸਗਲੇ ਜਾਚਹਿ ਗੁਰ ਭੰਡਾਰੀ ॥ ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ। ਆਪਿ ਨਿਰੰਜਨੁ ਅਲਖ ਅਪਾਰੀ ॥ ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ। ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥ ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸਾਚੈ ਮੇਲੇ ਸਬਦਿ ਮਿਲਾਏ ॥ ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜਾ ਤਿਸੁ ਭਾਣਾ ਸਹਜਿ ਸਮਾਏ ॥ ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ। ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥ ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ! ਜਿਸ ਕੇ ਚਾਕਰ ਤਿਸ ਕੀ ਸੇਵਾ ॥ ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ। ਸਬਦਿ ਪਤੀਜੈ ਅਲਖ ਅਭੇਵਾ ॥ ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ। ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥ ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ। ਦੇਦੇ ਤੋਟਿ ਨ ਆਵੈ ਸਾਚੇ ॥ ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ। ਲੈ ਲੈ ਮੁਕਰਿ ਪਉਦੇ ਕਾਚੇ ॥ ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ। ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥ ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ। ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥ ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ। ਸਾਚੇ ਕੀ ਲਿਵ ਗੁਰਮਤਿ ਜਾਤੀ ॥ ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ। ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥ ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ! ਕੂੜੇ ਆਵੈ ਕੂੜੇ ਜਾਵੈ ॥ ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ, ਕੂੜੇ ਰਾਤੀ ਕੂੜੁ ਕਮਾਵੈ ॥ ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ। ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥ ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ। ਕੂੜਿ ਮੁਠੀ ਠਗੀ ਠਗਵਾੜੀ ॥ ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ। ਜਿਉ ਵਾੜੀ ਓਜਾੜਿ ਉਜਾੜੀ ॥ ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ। ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥ ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ। ਭੋਜਨੁ ਸਾਚੁ ਮਿਲੈ ਆਘਾਈ ॥ ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ। ਨਾਮ ਰਤਨੁ ਸਾਚੀ ਵਡਿਆਈ ॥ ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ। ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥ ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ। copyright GurbaniShare.com all right reserved. Email |