Page 1065

ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥
ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਵਾਹਿਗੁਰੂ ਨੂੰ ਸਿਮਰਦੇ ਹਨ।

ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਨ੍ਹਾਂ ਦੀ ਸੰਗਤ ਅੰਦਰ ਜੁੜਦਾ ਹਾਂ।

ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥
ਉਨ੍ਹਾਂ ਦੇ ਪੈਰਾਂ ਦੀ ਖ਼ਾਕ ਨੂੰ ਮੈਂ ਆਪਣੇ ਚਿਹਰੇ ਅਤੇ ਮੱਥੇ ਉਤੇ ਮਲਦਾ ਹਾਂ ਅਤੇ ਸਤਿਸੰਗਤ ਅੰਦਰ ਬੈਠ ਕੇ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।

ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥
ਜੇਕਰ ਮੈਂ ਸੁਆਮੀ ਵਾਹਿਗੁਰੁ ਨੂੰ ਚੰਗਾ ਲੱਗਾਂ, ਕੇਵਲ ਤਾਂ ਹੀ ਮੈਂ ਪ੍ਰਭੂ ਦੀ ਕੀਰਤੀ ਗਾਉਂਦਾ ਹਾਂ।

ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥
ਸੁੰਦਰ ਗੁਰਬਾਣੀ ਦੇ ਰਾਹੀਂ, ਰੱਬ ਦਾ ਨਾਮ ਮੇਰੇ ਆਤਮੇ ਅੰਦਰ ਟਿਕ ਗਿਆ ਹੈ।

ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥
ਗੁਰਾਂ ਦੀ ਬਾਣੀ ਸੰਸਾਰ ਦੇ ਚੋਹਾਂ ਕੋਨਿਆਂ ਅੰਦਰ ਸੁਣੀ ਜਾਂਦੀ ਹੈ ਅਤੇ ਇਸ ਦੇ ਰਾਹੀਂ, ਪ੍ਰਾਣੀ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ।

ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥
ਸੱਚਾ ਹੈ ਉਹ ਪੁਰਸ਼, ਜੋ ਆਪਣੇ ਅੰਦਰ ਨੂੰ ਖੋਜਦਾ ਹੈ,

ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥
ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।

ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਂਦਾ ਹੈ ਅਤੇ ਮਿਹਰਬਾਨ ਮਾਲਕ ਆਪਣੀ ਮਿਹਰ ਅੰਦਰ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਵਡੈ ਭਾਗਿ ਇਹੁ ਸਰੀਰੁ ਪਾਇਆ ॥
ਪਰਮ ਚੰਗੇ ਨਸੀਬਾਂ ਰਾਹੀਂ, ਮੈਨੂੰ ਇਸ ਦੇਹ ਦੀ ਦਾਤ ਪ੍ਰਾਪਤ ਹੋਈ ਹੈ,

ਮਾਣਸ ਜਨਮਿ ਸਬਦਿ ਚਿਤੁ ਲਾਇਆ ॥
ਅਤੇ ਇਸ ਮਨੁੱਖੀ ਜੀਵਨ ਅੰਦਰ ਮੈਂ ਆਪਣਾ ਮਨ ਵਾਹਿਗੁਰੂ ਨਾਲ ਜੋੜ ਲਿਆ ਹੈ।

ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥
ਨਾਮ ਦੇ ਬਗ਼ੈਰ, ਸਾਰੇ ਅਨ੍ਹੇਰ-ਘੁਪ ਹੀ ਹੈ। ਗੁਰਾਂ ਦੀ ਦਇਆ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।

ਇਕਿ ਕਿਤੁ ਆਏ ਜਨਮੁ ਗਵਾਏ ॥
ਕਈ ਇਸ ਜਹਾਨ ਵਿੱਚ ਆਪਦਾ ਮਨੁੱਖੀ ਜੀਵਨ ਬਰਬਾਦ ਕਰਨ ਲਈ ਕਿਉਂ ਆਏ ਹਨ?

ਮਨਮੁਖ ਲਾਗੇ ਦੂਜੈ ਭਾਏ ॥
ਮਨਮੱਤੀਏ ਹੋਰਸ ਦੀ ਪ੍ਰੀਤ ਨਾਲ ਜੁੜੇ ਹੋਏ ਹਨ।

ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥
ਉਨ੍ਹਾਂ ਨੂੰ ਮੁੜ ਇਹ ਮੌਕਾ ਹੱਥ ਨਹੀਂ ਲਗਦਾ ਅਤੇ ਜਦ ਉਨ੍ਹਾਂ ਦਾ ਪੈਰ ਤਿਲਕ ਜਾਂਦਾ ਹੈ, ਉਹ ਪਸਚਾਤਾਪ ਕਰਦੇ ਹਨ।

ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥
ਪਾਵਨ ਪੁਨੀਤ ਥੀ ਵੰਝਦੀ ਹੈ ਦੇਹ, ਗੁਰਾਂ ਦੀ ਬਾਣੀ ਰਾਹੀਂ।

ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥
ਉਸ ਅੰਦਰ ਨੇਕੀਆਂ ਦਾ ਸਮੁੰਦਰ, ਸੱਚਾ ਸਾਂਈਂ, ਵਸਦਾ ਹੈ।

ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥
ਜੋ ਸੱਚਿਆਰਾਂ ਦੇ ਪਰਮ ਸੱਚਿਆਰ ਨੂੰ ਸਾਰੀਆਂ ਥਾਵਾਂ ਅੰਦਰ ਵੇਖਦਾ ਹੈ; ਉਹ ਸੱਚੇ ਨਾਮ ਨੂੰ ਸੁਦਦਾ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।

ਹਉਮੈ ਗਣਤ ਗੁਰ ਸਬਦਿ ਨਿਵਾਰੇ ॥
ਸਵੈ-ਚੰਗਤਾ ਅਤੇ ਫ਼ਿਕਰ ਚਿੰਤਾ ਗੁਰਾਂ ਦੀ ਬਾਣੀ ਰਾਹੀਂ ਮਿੱਟ ਜਾਂਦੇ ਹਨ।

ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥
ਇਸ ਲਈ ਤੂੰ ਪੂਜਯ ਪ੍ਰਭੂ ਨੂੰ ਆਪਣੇ ਦਿਲ ਅਤੇ ਮਨ ਨਾਲ ਲਾਈ ਰੱਖ।

ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥
ਜੋ ਗੁਰਾਂ ਦੇ ਉਪਦੇਸ਼ ਰਾਹੀਂ, ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਕਰਦਾ ਹੈ, ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਅਤੇ ਉਹ ਉਸ ਨਾਲ ਮਿਲ ਪੈਂਦਾ ਹੈ।

ਸੋ ਚੇਤੇ ਜਿਸੁ ਆਪਿ ਚੇਤਾਏ ॥
ਕੇਵਲ ਉਹ ਹੀ ਸਾਹਿਬ ਦਾ ਸਿਮਰਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਸਿਮਰਨ ਕਰਵਾਉਂਦਾ ਹੈ।

ਗੁਰ ਕੈ ਸਬਦਿ ਵਸੈ ਮਨਿ ਆਏ ॥
ਗੁਰਾਂ ਦੀ ਬਾਣੀ ਰਾਹੀਂ, ਪ੍ਰਭੂਆ ਕੇ ਪ੍ਰਾਣੀ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥
ਵਾਹਿਗੁਰੂ ਖ਼ੁਦ ਪ੍ਰਾਣੀਆਂ ਨੂੰ ਦੇਖਦਾ ਹੈ, ਖੁਦ ਹੀ ਸਮਝਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਅੰਦਰ ਲੀਨ ਕਰ ਲੈਂਦਾ ਹੈ।

ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥
ਕੇਵਲ ਉਹ ਹੀ ਭੇਤ ਨੂੰ ਸਮਝਦਾ ਹੈ, ਜਿਸ ਨੇ ਨਾਮ ਵਸਤੂ ਹਿਰਦੇ ਅੰਦਰ ਪਾਈ ਹੈ।

ਗੁਰ ਕੈ ਸਬਦੇ ਆਪੁ ਪਛਾਣੈ ॥
ਗੁਰਾਂ ਦੀ ਸਿੱਖਮਤ ਦੁਆਰਾ, ਜੀਵ ਆਪਣੇ ਆਪ ਨੂੰ ਜਾਣ ਲੈਂਦਾ ਹੈ।

ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥
ਪਵਿੱਤ੍ਰ ਹੈ ਉਹ ਪੁਰਸ਼ ਜੋ ਆਪਣੇ ਆਪ ਨੂੰ ਸਮਝਦਾ ਹੈ ਅਤੇ ਹੋਰਨਾਂ ਨੂੰ ਹਰੀ ਦੀ ਬਾਣੀ ਦਾ ਉਪਦੇਸ਼ ਦਿੰਦਾ ਹੈ।

ਏਹ ਕਾਇਆ ਪਵਿਤੁ ਹੈ ਸਰੀਰੁ ॥
ਪਾਵਨ ਪੁਨੀਤ ਹੈ ਇਹ ਮਨੁੱਖੀ ਜਿਸਮ ਅਥਵਾ ਦੇਹ,

ਗੁਰ ਸਬਦੀ ਚੇਤੈ ਗੁਣੀ ਗਹੀਰੁ ॥
ਜੋ ਗੁਰਾਂ ਦੇ ਉਪਦੇਸ਼ ਰਾਹੀਂ ਨੇਕੀਆਂ ਦੇ ਸਮੁੰਦਰ ਸੁਆਮੀ ਦਾ ਸਿਮਰਨ ਕਰਦੀ ਹੈ।

ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥
ਪ੍ਰੇਮ ਨਾਲ ਰੰਗਿਆ ਹੋਇਆ, ਜੋ ਸਦਾ ਪ੍ਰਭੂ ਦਾ ਜੱਸ ਗਾਉਂਦਾ ਤੇ ਉਸ ਦੀਆਂ ਨੇਕੀਆਂ ਉਚਾਰਦਾ ਹੈ, ਉਹ ਨੇਕੀਆਂ-ਨਿਪੁੰਨ ਸਾਈਂ ਵਿੱਚ ਲੀਨ ਹੋ ਜਾਂਦਾ ਹੈ।

ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥
ਇਹ ਦੇਹ ਸਮੂਹ ਪਾਪਾਂ ਦਾ ਨਿਕਾਸ ਬਣ ਜਾਂਦੀ ਹੈ,

ਦੂਜੈ ਭਾਇ ਭਰਮਿ ਭੁਲਾਇਆ ॥
ਜਦ ਸੰਦੇਹ ਦੀ ਭੁਲਾਈ ਹੋਈ ਇਸ ਹੋਰਸ ਨੂੰ ਪਿਆਰ ਕਰਦੀ ਹੈ।

ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥
ਇਹ ਸੁਆਮੀ ਦਾ ਸਿਮਰਨ ਨਹੀਂ ਕਰਦੀ ਅਤੇ ਹਮੇਸ਼ਾਂ ਰੰਜ-ਗ਼ਮ ਉਠਾਉਂਦੀ ਹੈ ਅਤੇ ਵਹਿਗੁਰੂ ਨੂੰ ਆਰਾਧਨ ਦੇ ਬਗ਼ੈਰ ਇਹ ਤਕਲਫ਼ਿ ਪਾਉਂਦੀ ਹੈ।

ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਪ੍ਰਮਾਣੀਕ ਹੋ ਜਾਂਦਾ ਹੈ।

ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥
ਪਵਿੱਤ੍ਰ ਹਨ ਉਸ ਦੀ ਦੇਹ ਅਤੇ ਰਾਜਹੰਸ ਆਤਮਾ ਅਤੇ ਸਾਹਿਬ ਦੇ ਦਰਬਾਰ ਅੰਦਰ ਉਹ ਸੱਚਾ ਜਾਣਿਆ ਜਾਂਦਾ ਹੈ।

ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥
ਉਹ ਹਰੀ ਨੂੰ ਸੇਂਵਦਾ ਹੈ, ਹਰੀ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਅਤੇ ਹਰੀ ਦਾ ਜੱਸ ਗਾਉਂਦਾ ਹੋਇਆ ਸੋਹਣਾ ਸੁਨੱਖਾ ਲਗਦਾ ਹੈ।

ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥
ਚੰਗੀ ਪ੍ਰਾਲਭਧ ਦੇ ਬਗ਼ੈਰ, ਗੁਰਾਂ ਦੀ ਚਾਕਰੀ ਕਮਾਈ ਨਹੀਂ ਜਾ ਸਕਦੀ।

ਮਨਮੁਖ ਭੂਲੇ ਮੁਏ ਬਿਲਲਾਇ ॥
ਮਨ-ਮੱਤੀਏ ਕੁਰਾਹੇ ਪੈਂਦੇ ਹਨ ਅਤੇ ਰੋਂਦੇ ਪਿਟਦੇ ਮਰ ਮੁੱਕ ਜਾਂਦੇ ਹਨ।

ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥
ਜਿਨ੍ਹਾਂ ਉਤੇ ਗੁਰਾਂ ਦੀ ਰਹਿਮਤ ਹੈ; ਉਨ੍ਹਾਂ ਨੂੰ ਪੂਜਯ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ।

ਕਾਇਆ ਕੋਟੁ ਪਕੇ ਹਟਨਾਲੇ ॥
ਦੇਹਾ ਦੇ ਕਿਲ੍ਹੇ ਅੰਦਰ ਪੁਖਤਾ ਤੌਰ ਤੇ ਬਣੇ ਹੋਏ ਬਜ਼ਾਰ ਹਨ,

ਗੁਰਮੁਖਿ ਲੇਵੈ ਵਸਤੁ ਸਮਾਲੇ ॥
ਗੁਰੂ-ਅਨੁਸਾਰੀ ਓਥੋਂ ਸੌਦਾ ਸੂਤ ਖ਼ਰੀਦਦਾ ਹੈ ਅਤੇ ਸੰਭਾਲ ਕਰਦਾ ਹੈ।

ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥
ਦਿਹੁੰ ਤੇ ਰੈਣ ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਹ ਸ੍ਰੇਸ਼ਟ ਮਰਤਬੇ ਨੂੰ ਪ੍ਰਾਪਤ ਥੀ ਵੰਝਦਾ ਹੈ।

ਆਪੇ ਸਚਾ ਹੈ ਸੁਖਦਾਤਾ ॥
ਸੱਚਾ ਸੁਆਮੀ ਆਪ ਹੀ ਆਰਾਮ ਬਖਸ਼ਣਹਾਰ ਹੈ।

ਪੂਰੇ ਗੁਰ ਕੈ ਸਬਦਿ ਪਛਾਤਾ ॥
ਪੂਰਨ ਗੁਰਾਂ ਦੀ ਬਾਣੀ ਰਾਹੀਂ, ਉਹ ਸਿੰਝਾਣਿਆ ਜਾਂਦਾ ਹੈ।

ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥
ਨਾਨਕ ਸੱਚੇ ਨਾਮ ਦੀ ਸਿਫ਼ਤ ਸ਼ਲਾਘਾ ਕਰਦਾ ਹੈ। ਪੂਰਨ ਪ੍ਰਾਲਭਧ ਰਾਹੀਂ, ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਪ੍ਰਾਪਤ ਕਰਦਾ ਹੈ।

copyright GurbaniShare.com all right reserved. Email