ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਨਿਰੰਕਾਰਿ ਆਕਾਰੁ ਉਪਾਇਆ ॥ ਸਰੂਪ-ਰਹਿਤ ਸੁਆਮੀ ਨੇ ਸੰਸਾਰ ਸਾਜਿਆ ਹੈ। ਮਾਇਆ ਮੋਹੁ ਹੁਕਮਿ ਬਣਾਇਆ ॥ ਆਪਣੀ ਰਜਾ ਰਾਹੀਂ, ਸੁਆਮੀ ਨੇ ਸੰਸਾਰੀ ਪਦਾਰਥਾਂ ਦੀ ਮਮਤਾ ਰਚੀ ਹੈ। ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥ ਸਿਰਜਣਹਾਰ-ਸੁਆਮੀ ਆਪ ਹੀ ਸਾਰੀਆਂ ਖੇਡਾਂ ਖੇਡਦਾ ਹੈ। ਇਸ ਲਈ ਸੱਚੇ ਸਾਈਂ ਸੰਬੰਧੀ ਸੁਣਕੇ, ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ। ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ ਧਨ-ਦੌਲਤ ਦੇ ਸੁਆਮੀ ਨੇ ਤਿੰਨਾਂ ਸੁਭਾਵਾਂ ਵਾਲੇ ਜੀਵ ਪੈਦਾ ਦੀਤੇ ਹਨ, ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ ਅਤੇ ਬ੍ਰਹਮੇ ਪਰਤੀ ਚਾਰੇ ਵੇਦ ਉਚਾਰੇ। ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥ ਸਾਲ, ਮਹੀਨੇ, ਹਫਤੇ ਦੇ ਦਿਨ ਅਤੇ ਚੰਦ ਦੀਆਂ ਤਿਥਾਂ ਰਚ ਕੇ; ਉਨ੍ਹਾਂ ਦੀ ਗਿਆਤ ਪ੍ਰਭੂ ਨੇ ਸੰਸਾਰ ਅੰਦਰ ਵਰਤਾਈ ਹੈ। ਗੁਰ ਸੇਵਾ ਤੇ ਕਰਣੀ ਸਾਰ ॥ ਸ਼੍ਰੇਸ਼ਟ ਹਨ ਗੁਰਾਂ ਦੀ ਘਾਲ ਅਤੇ ਨੇਕ ਅਮਲ। ਰਾਮ ਨਾਮੁ ਰਾਖਹੁ ਉਰਿ ਧਾਰ ॥ ਤੂੰ ਸਾਈਂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ। ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ ਗੁਰਬਾਣੀ ਸਾਰੇ ਜਹਾਨ ਅੰਦਰ ਪ੍ਰਚੱਲਤ ਹੈ ਅਤੇ ਇਸ ਬਾਣੀ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥ ਇਨਸਾਨ ਵੇਦਾਂ ਨੂੰ ਵਾਚਦਾ ਹੈ ਪ੍ਰੰਤੂ ਰੈਣ ਅਤੇ ਦਿਹੁੰ ਝਗੜਾ ਮੁਲ ਲੈਂਦਾ ਹੈ। ਨਾਮੁ ਨ ਚੇਤੈ ਬਧਾ ਜਮਕਾਲੇ ॥ ਉਹ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਮੌਤ ਦੇ ਦੂਤ ਦਾ ਨਰੜਿਆ ਹੋਇਆ ਹੈ। ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥ ਹੋਰਸ ਦੀ ਪ੍ਰੀਤ ਰਾਹੀਂ, ਉਹ ਹਮੇਸ਼ਾਂ ਹੀ ਤਕਲਫ਼ਿ ਉਠਾਉਂਦਾ ਹੈ ਅਤੇ ਤਿੰਨਾਂ ਅਵਸਥਾਵਾਂ ਅਤੇ ਸੰਦੇਹ ਅੰਦਰ ਭਟਕਦਾ ਹੈ। ਗੁਰਮੁਖਿ ਏਕਸੁ ਸਿਉ ਲਿਵ ਲਾਏ ॥ ਗੁਰੂ-ਅਨੁਸਾਰੀ ਕੇਵਲ ਇੱਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਤ੍ਰਿਬਿਧਿ ਮਨਸਾ ਮਨਹਿ ਸਮਾਏ ॥ ਅਤੇ ਤਿੰਨਾਂ ਹਾਲਤਾਂ ਵਾਲੀ ਖ਼ਾਹਿਸ਼ ਨੂੰ ਉਹ ਮਨ ਵਿੱਚ ਹੀ ਮੇਟ ਦਿੰਦਾ ਹੈ। ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥ ਸੱਚੇ ਨਾਮ ਦੇ ਰਾਹੀਂ, ਉਹ ਹਮੇਸ਼ਾਂ ਹੀ ਮੋਖਸ਼ ਹੈ ਅਤੇ ਦੁਨੀਆਦਾਰੀ ਦੀ ਮਮਤਾ ਨੂੰ ਛੱਡ ਦਿੰਦਾ ਹੈ। ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥ ਜਿਨ੍ਹਾਂ ਲਈ ਐਨ ਆਰੰਭ ਤੋਂ ਰੰਗੀਜਣਾ ਨੀਅਤ ਹੋਇਆ ਹੋਇਆ ਹੈ; ਉਹ ਹੁਣ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ। ਗੁਰ ਪਰਸਾਦੀ ਸਹਜੇ ਮਾਤੇ ॥ ਗੁਰਾਂ ਦੀ ਦਇਆ ਦੁਆਰਾ, ਉਹ ਅਡੋਲਤਾ ਨਾਲ ਮਤਵਾਲੇ ਥੀ ਵੰਝਦੇ ਹਨ। ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥ ਸਦੀਵ ਹੀ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਉਹ ਆਪਣੇ ਸੁਆਮੀ ਨੂੰ ਪਾ ਲੈਂਦੇ ਹਨ; ਸਗੋਂ, ਉਹ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਾਇਆ ਮੋਹਿ ਭਰਮਿ ਨ ਪਾਏ ॥ ਜਗਤ ਦੀ ਮਮਤਾ ਰਾਹੀਂ, ਇਨਸਾਨ ਨੂ ਜੂਨੀਆਂ ਅੰਦਰ ਭਟਕਣਾ ਪੈਂਦਾ ਹੈ। ਦੂਜੈ ਭਾਇ ਲਗਾ ਦੁਖੁ ਪਾਏ ॥ ਹੋਰਸ ਦੇ ਪਿਆਰ ਨਾਲ ਜੁੜ ਕੇ, ਇਨਸਾਨ ਦੁਖ ਪਾਉਂਦਾ ਹੈ। ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥ ਸੂਹਾ ਰੰਗ ਥੋੜੇ ਦਿਹਾੜੇ ਹੀ ਕਟੱਦਾ ਹੈ। ਇਸ ਨੂੰ ਉਡਦਿਆਂ ਚਿਰ ਨਹੀਂ ਲਗਦਾ। ਏਹੁ ਮਨੁ ਭੈ ਭਾਇ ਰੰਗਾਏ ॥ ਬੰਦੇ ਨੂੰ ਇਹ ਆਤਮਾ, ਪ੍ਰਭੂ ਦੇ ਡਰ ਅਤੇ ਪਿਆਰ ਵਿੱਚ, ਰੰਗਣੀ ਚਾਹੀਦੀ ਹੈ। ਇਤੁ ਰੰਗਿ ਸਾਚੇ ਮਾਹਿ ਸਮਾਏ ॥ ਇਸ ਤਰ੍ਹਾਂ ਰੰਗੀਜ, ਬੰਦਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ। ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥ ਕੋਈ ਵਿਰਲਾ ਜਣਾ ਹੀ, ਪੂਰਨ ਚੰਗੇ ਨਸੀਬਾਂ ਰਾਹੀਂ, ਇਸ ਰੰਗ ਨੂੰ ਪਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਇਹ ਰੰਗ ਚੜ੍ਹਦਾ ਹੈ। ਮਨਮੁਖੁ ਬਹੁਤੁ ਕਰੇ ਅਭਿਮਾਨੁ ॥ ਮਨਮੱਤੀਆ ਆਪਣੇ ਆਪ ਉੱਤੇ ਘਨਾ ਹੰਕਾਰ ਕਰਦਾ ਹੈ। ਦਰਗਹ ਕਬ ਹੀ ਨ ਪਾਵੈ ਮਾਨੁ ॥ ਪ੍ਰਭੂ ਦੇ ਦਰਬਾਰ ਅੰਦਰ, ਉਸ ਨੂੰ ਕਦੇ ਭੀ ਇੱਜ਼ਤ ਪ੍ਰਾਪਤ ਨਹੀਂ ਹੁੰਦੀ। ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥ ਹੋਰਸ ਨਾਲ ਜੁੜ ਕੇ ਉਹ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਸਮਝ ਸੋਚ ਦੇ ਬਾਝੋਂ, ਤਕਲਫ਼ਿ ਉਠਾਉਂਦਾ ਹੈ। ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥ ਮੈਂਡੇ ਮਾਲਕ ਨੇ ਆਪਣੇ ਆਪ ਨੂੰ ਸਾਰਿਆਂ ਅੰਦਰ ਲੁਕੋਇਆ ਹੋਇਆ ਹੈ। ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥ ਗੁਰਾਂ ਦੀ ਦਇਆ ਦੁਆਰਾ ਮਿਲਦਿਆ ਹੋਇਆ ਜੀਵ, ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥ ਸੱਚਾ ਹੈ ਸਾਈਂ ਤੇ ਸੱਚਾ ਹੈ ਉਸ ਦਾ ਵਣਜ ਜੋ ਕੋਈ ਇਸ ਦਾ ਵਣਜ ਵਾਪਾਰ ਕਰਦਾ ਹੈ, ਉਹ ਅਣਮੁੱਲੇ ਨਾਮ ਨੂੰ ਪਾ ਲੈਂਦਾ ਹੈ। ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥ ਇਸ ਦੇਹ ਦਾ ਮੁਲ ਕਦੇ ਦਿਸੇ ਨੂੰ ਪਤਾ ਨਹੀਂ ਲੱਗਾ। ਮੇਰੈ ਠਾਕੁਰਿ ਇਹ ਬਣਤ ਬਣਾਈ ॥ ਮੈਂਡੇ ਮਾਲਕ ਨੇ ਇਹ ਘਾੜਤ ਘੜੀ ਹੈ। ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥ ਜੋ ਰੱਬ ਨੂੰ ਜਾਣਨ ਵਾਲਾ ਹੋ ਜਾਂਦਾ ਹੈ; ਉਹ ਆਪਣੀ ਦੇਹ ਨੂੰ ਸੁਧਾਰਦਾ ਹੈ ਅਤੇ ਪ੍ਰਭੂ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥ ਦੇਹ ਅੰਦਰ ਹੀ ਇਨਸਾਨ ਘਾਟਾ ਉਠਾਉਂਦਾ ਹੈ ਅਤੇ ਦੇਹ ਅੰਦਰ ਹੀ ਉਹ ਨਫ਼ਾ ਕਮਾਉਂਦਾ ਹੈ। ਗੁਰਮੁਖਿ ਖੋਜੇ ਵੇਪਰਵਾਹਾ ॥ ਗੁਰੂ-ਅਨੁਸਾਰੀ ਮੁਛੰਦਗੀ-ਰਹਿਤ ਸਾਈਂ ਦੀ ਭਾਲ ਕਰਦਾ ਹੈ। ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥ ਪ੍ਰਭੂ ਦੇ ਵਾਪਾਰ ਅੰਦਰ, ਗੁਰੂ-ਅਨੁਸਾਰੀ ਨੂੰ ਸਦੀਵੀ ਆਰਾਮ ਦੀ ਦਾਤ ਮਿਲਦੀ ਹੈ ਅਤੇ ਉਹ ਸੁਖੈਨ ਹੀ ਆਪਣੇ ਸੁਆਮੀ ਨਾਤ ਅਭੇਦ ਹੋ ਜਾਂਦਾ ਹੈ। ਸਚਾ ਮਹਲੁ ਸਚੇ ਭੰਡਾਰਾ ॥ ਸੱਚਾ ਹੈ ਸੁਆਮੀ ਦਾ ਮੰਦਰ ਤੇ ਸੱਚੇ ਹਨ ਉਸ ਦੇ ਖ਼ਜ਼ਾਨੇ। ਆਪੇ ਦੇਵੈ ਦੇਵਣਹਾਰਾ ॥ ਦੇਣ ਵਾਲਾ ਵਾਹਿਗੁਰੂ, ਖ਼ੁਦ ਹੀ ਆਪਣੀਆਂ ਦਾਤਾਂ ਦਿੰਦਾ ਹੈ। ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥ ਗੁਰੂ-ਅਨੁਸਾਰੀ ਆਰਾਮ-ਬਖ਼ਸ਼ਣਦਾਰ ਸੁਆਮੀ ਦੀ ਸਿਫ਼ਤ ਕਰਦਾ ਹੈ ਅਤੇ ਆਪਣੇ ਚਿੱਤ ਨੂੰ ਉਸ ਨਾਲ ਜੋੜ ਕੇ, ਉਸ ਦੀ ਕਦਰ ਨੂੰ ਜਾਣਾ ਲੈਂਦਾ ਹੈ। ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥ ਦੇਹ ਦੇ ਅੰਦਰ ਨਾਮ ਦਾ ਵਸਤੂ ਹੈ। ਇਸ ਦਾ ਮੁਲ ਪਾਇਆ ਨਹੀਂ ਜਾ ਸਕਦਾ। ਗੁਰਮੁਖਿ ਆਪੇ ਦੇ ਵਡਿਆਈ ॥ ਗੁਰੂ-ਅਨੁਸਾਰੀ ਨੂੰ, ਵਾਹਿਗੁਰੂ ਆਪ ਹੀ ਪ੍ਰਭਤਾ ਬਖਸ਼ਦਾ ਹੈ। ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥ ਕੇਵਲ ਉਹ ਹੀ, ਜਿਸ ਦੀ ਮਲਕੀਅਤ ਦੇਹ ਦੀ ਦੁਕਾਨ ਹੈ, ਇਸ ਵਸਤੂ ਨੂੰ ਜਾਣਦਾ ਹੈ। ਗੁਰੂ-ਅਨੁਸਾਰੀ, ਜਿਸ ਨੂੰ ਪ੍ਰਭੂ ਇਸ ਨਾਮ ਦੀ ਵਸਤੂ ਦੀ ਦਜਤ ਬਖ਼ਸ਼ਦਾ ਹੈ, ਪਸਚਾਤਾਪ ਨਹੀਂ ਕਰਦਾ। ਹਰਿ ਜੀਉ ਸਭ ਮਹਿ ਰਹਿਆ ਸਮਾਈ ॥ ਪੂਜਯ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ। ਗੁਰ ਪਰਸਾਦੀ ਪਾਇਆ ਜਾਈ ॥ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ। ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥ ਆਪ ਹੀ ਪ੍ਰਭੂ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਮ ਦੇ ਰਾਹੀਂ ਜੀਵ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ। copyright GurbaniShare.com all right reserved. Email |