Page 1068

ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ ॥
ਕੇਵਲ ਉਸ ਦੀ ਅੱਗ ਹੀ ਬੁਝਦੀ ਹੈ, ਜੋ ਗੁਰਾਂ ਦੀ ਬਾਣੀ ਤੇ ਅਮਲ ਕਰਦਾ ਹੈ।

ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥
ਉਹ ਆਪਣੇ ਗੁੱਸੇ ਨੂੰ ਮਾਰ ਸੁੱਟਦਾ ਹੈ, ਉਸ ਦੀ ਦੇਹ ਤੇ ਆਤਮਾ ਠੰਢੇਠਾਰ ਹੋ ਜਾਂਦੇ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਸਚਾ ਸਾਹਿਬੁ ਸਚੀ ਵਡਿਆਈ ॥
ਸੱਚਾ ਹੈ ਪ੍ਰਭੂ ਅਤੇ ਸੱਚੀ ਹੈ ਉਸ ਦੀ ਪ੍ਰਭਤਾ।

ਗੁਰ ਪਰਸਾਦੀ ਵਿਰਲੈ ਪਾਈ ॥
ਗੁਰਾਂ ਦੀ ਦਇਆ ਦੁਆਰਾ, ਬਹੁਤ ਹੀ ਥੋੜੇ ਇਸ ਈਸ਼ਵਰੀ ਪ੍ਰਭਤਾ ਨੂੰ ਪ੍ਰਾਪਤ ਹੁੰਦੇ ਹਨ।

ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥
ਨਾਨਕ ਇੱਕ ਪ੍ਰਾਰਥਨਾ ਕਰਦਾ ਹੈ, ਕਿ ਨਾਮ ਦੇ ਰਾਹੀਂ ਹੀ ਇਨਸਾਨ ਨਾਮ-ਸਰੂਪ ਪ੍ਰਭੂ ਅੰਦਰ ਲੀਨ ਹੁੰਦਾ ਹੈ।

ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।

ਨਦਰੀ ਭਗਤਾ ਲੈਹੁ ਮਿਲਾਏ ॥
ਆਪਣੀ ਰਹਿਮਤ ਦੁਆਰਾ, ਹੇ ਸੁਆਮੀ! ਤੂੰ ਆਪਣੇ ਪ੍ਰੇਮੀਆਂ ਨੂੰ ਆਪਣੇ ਨਾਲ ਮਿਲਾ ਲੈ।

ਭਗਤ ਸਲਾਹਨਿ ਸਦਾ ਲਿਵ ਲਾਏ ॥
ਤੇਰੇ ਨਾਲ ਪਿਆਰ ਪਾ, ਤੇਰੇ ਅਨੁਰਾਗੀ; ਹਮੇਸ਼ਾਂ ਤੇਰਾ ਜੱਸ ਗਾਉਂਦੇ ਹਨ।

ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥
ਤੇਰੀ ਸ਼ਰਣ ਅੰਦਰ ਉਨ੍ਹਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਹੇ ਸਿਰਜਣਹਾਰ ਸੁਆਮੀ! ਤੂੰ ਆਪ ਹੀ ਉਨ੍ਹਾਂ ਨੂੰ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ।

ਪੂਰੈ ਸਬਦਿ ਭਗਤਿ ਸੁਹਾਈ ॥
ਸੁੰਦਰ ਹੈ ਬੰਦਗੀ, ਪੂਰਨ ਪ੍ਰਭੂ ਦੀ।

ਅੰਤਰਿ ਸੁਖੁ ਤੇਰੈ ਮਨਿ ਭਾਈ ॥
ਇਹ ਪ੍ਰਭੂ ਦੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਇਸ ਦੇ ਰਾਹੀਂ ਬੰਦੇ ਦੇ ਅੰਦਰ ਖ਼ੁਸ਼ੀ ਪੈਦਾ ਹੁੰਦੀ ਹੈ।

ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥
ਜਿਸ ਦਾ ਚਿੱਤ ਅਤੇ ਦੇਹ ਸੱਚੀ ਪ੍ਰੇਮਮਈ ਸੇਵਾ ਨਾਲ ਰੰਗੇ ਹੋਏ ਹਨ, ਉਹ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜ ਲੈਂਦਾ ਹੈ।

ਹਉਮੈ ਵਿਚਿ ਸਦ ਜਲੈ ਸਰੀਰਾ ॥
ਸਵੈ-ਹੰਗਤਾ ਦੀ ਅੱਗ ਵਿੱਚ ਦੇਹ ਸਦੀਵ ਹੀ ਸੜਦੀ ਬਲਦੀ ਹੈ।

ਕਰਮੁ ਹੋਵੈ ਭੇਟੇ ਗੁਰੁ ਪੂਰਾ ॥
ਪ੍ਰਭੂ ਦੀ ਰਹਿਮਤ ਰਾਹੀਂ ਹੀ ਜੀਵ ਪੂਰਨ ਗੁਰਾਂ ਨਾਲ ਮਿਲਦਾ ਹੈ।

ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥
ਸਾਹਿਬ ਦੇ ਨਾਮ ਰਾਹੀਂ ਬੇਸਮਝੀ ਦੀ ਅੰਦਰ ਦੀ ਅੱਗ ਬੁਝ ਜਾਂਦੀ ਹੈ ਅਤੇ ਇਨਸਾਨ ਗੁਰਾਂ ਦੇ ਰਾਹੀਂ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।

ਮਨਮੁਖੁ ਅੰਧਾ ਅੰਧੁ ਕਮਾਏ ॥
ਅੰਨ੍ਹਾਂ ਮਨਮੁੱਖ ਪੁਰਸ਼ ਅੰਨ੍ਹੇ ਕੰਮ ਕਰਦਾ ਹੈ।

ਬਹੁ ਸੰਕਟ ਜੋਨੀ ਭਰਮਾਏ ॥
ਉਹ ਘਣੇ ਦੁੱਖ ਅੰਦਰ ਹੈ ਅਤੇ ਜੂਨੀਆਂ ਅੰਦਰ ਭਟਕਦਾ ਹੈ।

ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥
ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਅਖ਼ੀਰ ਨੂੰ ਬਹੁਤ ਤਕਲਫ਼ਿ ਉਠਾਉਂਦਾ ਹੈ।

ਆਵਣ ਜਾਣਾ ਸਬਦਿ ਨਿਵਾਰੇ ॥
ਨਾਮ ਦੇ ਰਾਹੀਂ ਜੀਵ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ,

ਸਚੁ ਨਾਮੁ ਰਖੈ ਉਰ ਧਾਰੇ ॥
ਅਤੇ ਉਹ ਸੱਚੇ ਨਾਮ ਨੂੰ ਹਿਰਦੇ ਅੰਦਰ ਟਿਕਾਈ ਰਖਦਾ ਹੈ।

ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥
ਉਹ ਗੁਰਾਂ ਦੀ ਬਾਣੀ ਰਾਹੀਂ ਮਰ ਵੰਝਦਾ ਹੈ। ਉਹ ਆਪਦੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ ਤੇ ਆਪਣੀ ਹੰਗਤਾ ਨੂੰ ਮਾਰ, ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਆਵਣ ਜਾਣੈ ਪਰਜ ਵਿਗੋਈ ॥
ਆਉਣ ਅਤੇ ਜਾਣ ਵਿੱਚ ਦੁਨੀਆ ਬਰਬਾਦ ਹੋ ਗਈ ਹੈ।

ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥
ਸੱਚੇ ਗੁਰਾਂ ਦੇ ਬਗ਼ੈਰ ਕੋਈ ਭੀ ਸਦੀਵੀ ਸਥਿਰ ਨਹੀਂ ਹੁੰਦਾ।

ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥
ਨਾਮ ਦੇ ਰਾਹੀਂ ਆਦਮੀ ਦਾ ਮਨ ਰੌਸ਼ਨ ਹੋ ਜਾਂਦਾ ਹੈ, ਉਹ ਆਰਾਮ ਅੰਦਰ ਵਸਦਾ ਹੈ ਅਤੇ ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਨਾਲ ਅਭੇਦ ਥੀ ਵੰਝਦਾ ਹੈ।

ਪੰਚ ਦੂਤ ਚਿਤਵਹਿ ਵਿਕਾਰਾ ॥
ਪੰਜ ਭੂਤਨੇ (ਵਿਕਾਰ) ਸਦਾ ਬਦੀ ਦਾ ਹੀ ਧਿਆਨ ਧਾਰਦੇ ਹਨ।

ਮਾਇਆ ਮੋਹ ਕਾ ਏਹੁ ਪਸਾਰਾ ॥
ਇਹ ਸੰਸਾਰ ਸਮੂਹ ਮੋਹਨੀ ਮਾਇਆ ਦੀ ਮਮਤਾ ਹੀ ਹੈ।

ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥
ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਕਮਾਵੇ, ਤਦ ਉਹ ਮੋਖ਼ਸ਼ ਹੋ ਜਾਂਦਾ ਹੈ ਤੇ ਪੰਜਾਂ ਭੂਤਨਿਆਂ ਉੱਤੇ ਕਾਬੂ ਪਾ ਲੈਂਦਾ ਹੈ।

ਬਾਝੁ ਗੁਰੂ ਹੈ ਮੋਹੁ ਗੁਬਾਰਾ ॥
ਗੁਰਾਂ ਦੇ ਬਾਝੌਂ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ,

ਫਿਰਿ ਫਿਰਿ ਡੁਬੈ ਵਾਰੋ ਵਾਰਾ ॥
ਅਤੇ ਇਨਸਾਨ ਮੁੜ ਮੁੜ ਕੇ ਬਾਰੰਬਾਰ ਡੁਬਦਾ ਹੈ।

ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥
ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ ਤਾਂ ਸੱਚ ਉਸ ਦੇ ਅੰਦਰ ਪੱਕਾ ਹੋ ਜਾਂਦਾ ਹੈ ਅਤੇ ਸੱਚਾ ਨਾਮ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।

ਸਾਚਾ ਦਰੁ ਸਾਚਾ ਦਰਵਾਰਾ ॥
ਸੱਚਾ ਹੈ ਹਰੀ ਦਾ ਦਰਵਾਜ਼ਾ ਅਤੇ ਸੱਚੀ ਹੈ ਉਸ ਦੀ ਦਰਗਾਹ।

ਸਚੇ ਸੇਵਹਿ ਸਬਦਿ ਪਿਆਰਾ ॥
ਲਾਡਲੀ ਗੁਰਾਬਾਣੀ ਰਾਹੀਂ ਸਚਿਆਰ ਆਪਣੇ ਸਾਹਿਬ ਦੀ ਚਾਕਰੀ ਕਮਾਉਂਦੇ ਹਨ।

ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥
ਸੱਚੇ ਗੁਰਾਂ ਰਾਹੀਂ ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਸਤਿਪੁਰਖ ਵਿੱਚ ਲੀਨ ਹੋ ਗਿਆ ਹਾਂ।

ਘਰੈ ਅੰਦਰਿ ਕੋ ਘਰੁ ਪਾਏ ॥
ਕੋਈ ਵਿਰਲਾ ਪੁਰਸ਼ ਹੀ ਆਪਣੀ ਦੇਹ ਦੇ ਧਾਮ ਅੰਦਰ ਸੁਆਮੀ ਦੇ ਮੰਦਰ ਨੂੰ ਪਾਉਂਦਾ ਹੈ।

ਗੁਰ ਕੈ ਸਬਦੇ ਸਹਜਿ ਸੁਭਾਏ ॥
ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਅਮਨ ਚੈਨ ਵਾਲਾ ਸੁਭਾਅ ਪ੍ਰਾਪਤ ਹੋ ਜਾਂਦਾ ਹੈ।

ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥
ਓਥੇ ਸੁਆਮੀ ਦੇ ਮੰਦਰ ਅੰਦਰ ਝੋਰਾ ਅਤੇ ਵਿਛੋੜਾ ਉਸ ਨੂੰ ਚਿਮੜਦੇ ਨਹੀਂ ਅਤੇ ਉਹ ਸੁਖੈਨ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਦੂਜੈ ਭਾਇ ਦੁਸਟਾ ਕਾ ਵਾਸਾ ॥
ਮੰਦੇ ਪੁਰਸ਼ ਦਵੈਤ-ਭਾਵ ਅੰਦਰ ਵਸਦੇ ਹਨ।

ਭਉਦੇ ਫਿਰਹਿ ਬਹੁ ਮੋਹ ਪਿਆਸਾ ॥
ਉਹ ਤਿਹਾਏ ਪੁਰਸ਼, ਬਹੁਤੀ ਸੰਸਾਰੀ ਮਮਤਾ ਅੰਦਰ ਭਟਕਦੇ ਫਿਰਦੇ ਹਨ।

ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥
ਉਹ ਮਾੜੀ ਸੁਹਬਤ ਅੰਦਰ ਬੈਠਦੇ ਹਨ, ਹਮੇਸ਼ਾਂ ਦੁਖ ਉਠਾਉਂਦੇ ਹਨ ਅਤੇ ਨਿਰੋਲ ਕਸ਼ਟ ਦੀ ਹੀ ਖੱਟੀ ਖੱਟਦੇ ਹਨ।

ਸਤਿਗੁਰ ਬਾਝਹੁ ਸੰਗਤਿ ਨ ਹੋਈ ॥
ਸੱਚੇ ਗੁਰਾਂ ਦੇ ਬਗ਼ੈਰ ਕੋਈ ਈਸ਼ਵਰੀ ਜੋੜ-ਮੇਲਾ ਨਹੀਂ,

ਬਿਨੁ ਸਬਦੇ ਪਾਰੁ ਨ ਪਾਏ ਕੋਈ ॥
ਅਤੇ ਨਾਮ ਦੇ ਬਗ਼ੈਰ ਕਦੇ ਕਿਸੇ ਦਾ ਪਾਰ ਉਤਾਰਾ ਨਹੀਂ ਹੋਇਆ।

ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥
ਜੋ ਸੁਭਾਵਿਕ ਹੀ ਦਿਹੁੰ ਅਤੇ ਰੈਣ ਪ੍ਰਭੂ ਦੀ ਉਸਤਤੀ ਉਚਾਰਦਾ ਹੈ; ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਅੰਦਰ ਲੀਨ ਹੋ ਜਾਂਦਾ ਹੈ।

ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥
ਦੇਹ ਦਾ ਦਰਖਤ ਹੈ ਅਤੇ ਜਿੰਦੜੀ ਦਾ ਪਰਿੰਦਾ ਇਸ ਅੰਦਰ (ਉੱਤੇ) ਵਸਦਾ ਹੈ।

ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥
ਜੇਕਰ ਇਹ ਗੁਰਬਾਣੀ ਅੰਦਰ ਵੱਸੇ ਤਦ ਇਹ ਸੁਧਾਰਸ ਨੂੰ ਪਾਨ ਕਰਦਾ ਜਾਂ ਚੁਗਦਾ ਹੈ।

ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥
ਇਹ ਕਦੇ ਭੀ ਉਡਦਾ ਨਹੀਂ, ਨਾਂ ਆਉਂਦਾ ਹੈ, ਨਾਂ ਹੀ ਜਾਂਦਾ ਹੈ, ਸਗੋਂ ਆਪਣੇ ਨਿੱਜ ਦੇ ਗ੍ਰਹਿ ਵਿੰਚ ਵਸੇਬਾ ਹਾਸਲ ਕਰ ਲੈਂਦਾ ਹੈ।

ਕਾਇਆ ਸੋਧਹਿ ਸਬਦੁ ਵੀਚਾਰਹਿ ॥
ਜੋ ਆਪਣੀ ਦੇਹ ਨੂੰ ਖੋਜਦੇ ਹਨ, ਨਾਮ ਦਾ ਚਿੰਤਨ ਕਰਦੇ ਹਨ,

ਮੋਹ ਠਗਉਰੀ ਭਰਮੁ ਨਿਵਾਰਹਿ ॥
ਉਹ ਸੰਸਾਰੀ ਮਮਤਾ ਦੀ ਜ਼ਹਿਰੀਲੀ ਦਵਾਈ ਨੂੰ ਛੱਡ ਦਿੰਦੇ ਹਨ ਅਤੇ ਆਪਣੇ ਸੰਦੇਹ ਨੂੰ ਨਵਿਰਤ ਕਰਦੇ ਹਨ।

ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥
ਖੁਸ਼ੀ-ਦੇਣਹਾਰ ਸੁਆਮੀ ਖ਼ੁਦ ਉਨ੍ਹਾਂ ਉੱਤੇ ਰਹਿਮਤ ਧਾਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

copyright GurbaniShare.com all right reserved. Email