Page 1072

ਥਾਨ ਥਨੰਤਰਿ ਅੰਤਰਜਾਮੀ ॥
ਉਹ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੰਚ ਰਮ ਰਿਹਾ ਹੈ।

ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥
ਮੁਕੰਮਲ ਮਾਲਕ ਦਾ ਆਰਾਦਨ ਅਤੇ ਚਿੰਤਨ ਕਰਨ ਦੁਆਰਾ ਮੈਂ ਫ਼ਿਕਰ ਅਤੇ ਗਿਣਤੀ ਮਿਣਤੀ ਤੋਂ ਖ਼ਲਾਸੀ ਪਾ ਗਿਆ ਹਾਂ।

ਹਰਿ ਕਾ ਨਾਮੁ ਕੋਟਿ ਲਖ ਬਾਹਾ ॥
ਵਾਹਿਗੁਰੂ ਦਾ ਨਾਮ ਲੱਖਾਂ ਅਤੇ ਕ੍ਰੋੜਾਂ ਹੀ ਬਾਹਾਂ ਦੀ ਤਾਕਤ ਹੈ।

ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥
ਉਸ ਦੇ ਅੰਗ ਸੰਗ ਸੁਆਮੀ ਦੀ ਮਹਿਮਾ ਗਾਇਨ ਕਰਨਾ ਹੀ ਦੌਲਤ ਹੈ।

ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥
ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਮੈਨੂੰ ਬ੍ਰਹਮ-ਵਿਚਾਰ ਦੀ ਤਲਵਾਰ ਬਖ਼ਸ਼ੀ ਹੈ ਅਤੇ ਹੱਲਾ ਬੋਲ ਕੇ, ਮੈਂ ਵਿਕਾਰਾਂ ਨੂੰ ਮਾਰ ਮੁਕਾਇਆ ਹੈ।

ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
ਹੋਰ ਨਾਵਾਂ ਦਾ ਉਚਾਰਨ ਕਰਨ ਦੀ ਥਾਂ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਜੀਤਿ ਆਵਹੁ ਵਸਹੁ ਘਰਿ ਅਪਨੇ ॥
ਜੀਵਨ ਦੀ ਖੇਡ ਨੂੰ ਜਿੱਤ ਕੇ ਤੂੰ ਆ ਕੇ ਆਪਦੇ ਨਿੱਜ ਦੇ ਘਰ ਅੰਦਰ ਟਿੱਕ ਜਾਵੇਗਾ।

ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥
ਉਸ ਦੇ ਪ੍ਰੇਮ ਅੰਦਰ ਗੱਚ ਹੈ, ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ, ਤੂੰ ਚੁਰਾਸੀ ਲੱਖ ਦੋਜ਼ਕਾਂ ਵਿੱਚ ਨਹੀਂ ਪਵੇਗਾ।

ਖੰਡ ਬ੍ਰਹਮੰਡ ਉਧਾਰਣਹਾਰਾ ॥
ਪ੍ਰਭੂ ਮਹਾਂ ਦੀਪਾਂ ਅਤੇ ਆਲਮਾਂ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਵਾਲਾ ਹੈਂ।

ਊਚ ਅਥਾਹ ਅਗੰਮ ਅਪਾਰਾ ॥
ਉਹ ਬੁਲੰਦ, ਬੇਥਾਹ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥
ਜਿਸ ਕਿਸੇ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ; ਕੇਵਲ ਉਹ ਇਨਸਾਨ ਹੀ ਉਸ ਦਾ ਸਿਮਰਨ ਕਰਦਾ ਹੈ।

ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥
ਸੁਆਮੀ ਨੇ ਮੇਰੀਆਂ ਬੇੜੀਆਂ ਕੱਟ ਦਿੱਤੀਆਂ ਹਨ ਅਤੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਕਰਿ ਕਿਰਪਾ ਕੀਨੇ ਘਰ ਗੋਲੇ ॥
ਮੇਰੇ ਉਤੇ ਮਿਹਰ ਧਾਰ ਕੇ, ਮੈਨੂੰ ਉਸ ਨੇ ਆਪਣੇ ਘਰ ਦਾ ਗੁਮਾਸ਼ਤਾ ਬਣਾ ਲਿਆ ਹੈ।

ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥
ਸੁਆਮੀ ਦੀ ਦਿਲੀ ਸੇਵਾ ਕਰਨ ਦੁਆਰਾ, ਮੇਰੇ ਲਈ ਅਖੰਡ, ਸੁਰੀਲਾ ਸੰਗੀਤ ਅਤੇ ਬੈਕੁੰਠੀ ਕੀਰਤਨ ਹੁੰਦਾ ਹੈ।

ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥
ਹੇ ਮੇਰੇ ਸੁਆਮੀ! ਆਪਣੇ ਚਿੱਤ ਅੰਦਰ ਮੈਂ ਤੇਰੇ ਉੱਤੇ ਭਰੋਸਾ ਧਾਰ ਲਿਆ ਹੈ,

ਬਿਨਸਿ ਗਈ ਹਉਮੈ ਮਤਿ ਮੇਰੀ ॥
ਅਤੇ ਮੈਂਡੀ ਹੰਕਾਰ ਵਾਲੀ ਬੁੱਧੀ ਨਾਸ ਹੋ ਗਈ ਹੈ।

ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥
ਮੇਰੇ ਪ੍ਰਭੂ ਨੇ ਮੇਰਾ ਪੱਖ ਲੈ ਲਿਆ ਹੈ ਅਤੇ ਸੁੰਦਰ ਹੋ ਗਈ ਹੈ ਮੇਰੀ ਸੋਭਾ ਇਸ ਜਹਾਨ ਅੰਦਰ।

ਜੈ ਜੈ ਕਾਰੁ ਜਪਹੁ ਜਗਦੀਸੈ ॥
ਵਾਹ! ਵਾਹ! ਹੈ ਸੁਆਮੀ ਨੂੰ। ਤੂੰ ਉਸ ਆਲਮ ਦੇ ਮਾਲਕ ਦਾ ਸਿਮਰਨ ਕਰ।

ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥
ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਸੁਆਮੀ ਮਾਲਕ ਉਤੋਂ।

ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
ਉਸ ਦੇ ਬਗੈਰ, ਮੈਨੂੰ ਹੋਰ ਕੋਈ ਨਹੀਂ ਦਿਸਦਾ ਇੱਕ ਸੁਆਮੀ ਹੀ ਸਾਰੇ ਸੰਸਾਰ ਅੰਦਰ ਰੱਮ ਰਿਹਾ ਹੈ।

ਸਤਿ ਸਤਿ ਸਤਿ ਪ੍ਰਭੁ ਜਾਤਾ ॥
ਮੈਂ ਆਪਣੇ ਸੁਆਮੀ ਨੂੰ ਸੱਚਾ, ਸੱਚਾ ਸੱਚਾ ਜਾਣਦਾ ਹਾਂ।

ਗੁਰ ਪਰਸਾਦਿ ਸਦਾ ਮਨੁ ਰਾਤਾ ॥
ਗੁਰਾਂ ਦੀ ਦਇਆ ਦੁਆਰਾ, ਮੇਰਾ ਚਿੱਤ ਹਮੇਸ਼ਾਂ ਉਸ ਨਾਲ ਰੰਗਿਆ ਰਹਿੰਦਾ ਹੈ।

ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥
ਤੇਰੇ ਗੋਲੇ ਤੈਨੂੰ ਆਰਾਧ, ਆਰਾਧ, ਕੇ ਜੀਉਂਦੇ ਹਨ ਅਤੇ ਤੇਰੇ ਅੰਦਰ ਹੀ ਲੀਨ ਹੋ ਜਾਂਦੇ ਹਨ, ਹੇ ਅਦੁੱਤੀ ਸਾਹਿਬ।

ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
ਪਿਆਰਾ ਪ੍ਰਭੂ ਆਪਣੇ ਪਗਤਾਂ ਦਾ ਲਾਡਲਾ ਹੈ।

ਸਭੈ ਉਧਾਰਣੁ ਖਸਮੁ ਹਮਾਰਾ ॥
ਮੇਰਾ ਮਲਕ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।

ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥
ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ। ਸੁਆਮੀ ਨੇ ਗੋਲੇ ਨਾਨਕ ਦੀ ਲੱਜਿਆ ਰੱਖ ਲਈ ਹੈ।

ਮਾਰੂ ਸੋਲਹੇ ਮਹਲਾ ੫
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸੰਗੀ ਜੋਗੀ ਨਾਰਿ ਲਪਟਾਣੀ ॥
ਦੇਹ ਪਤਨੀ, ਰਮਤੇ ਪਤੀ ਨਾਲ, ਚਿਮੜੀ ਹੋਈ ਹੈ।

ਉਰਝਿ ਰਹੀ ਰੰਗ ਰਸ ਮਾਣੀ ॥
ਉਹ ਉਸ ਨਾਲ ਉਲਝੀ ਹੋਈ ਹੈ ਅਤੇ ਆਰਾਮ ਤੇ ਅਨੰਦ ਭੋਗਦੀ ਹੈ।

ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
ਪੂਰਬਲੇ ਕਰਮਾਂ ਦੇ ਮੇਲ ਰਾਹੀਂ, ਉਹ ਇਕੱਠੇ ਹੋ ਗਏ ਹਨ ਅਤੇ ਰੰਗ ਰਲੀਆਂ ਮਾਣਦੇ ਹਨ।

ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥
ਜਿਹੜਾ ਕੁੱਛ ਭੀ ਪਤੀ ਕਰਦਾ ਹੈ, ਉਸ ਨੂੰ, ਪਤਨੀ ਝਟਪਟ ਹੀ ਕਬੂਲ ਕਰ ਲੈਂਦੀ ਹੈ।

ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥
ਪਤਨੀ ਨੂੰ ਸਾਜ ਸੰਵਾਰ ਕੇ, ਪਤੀ ਉਸ ਨੂੰ ਆਪਣੇ ਨਾਲ ਰਖਦਾ ਹੈ।

ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
ਇਕੱਠੇ ਹੋ, ਦਿਹੁੰ ਤੇ ਰੈਣ ਉਹ ਇਕ ਥਾਂ ਰਹਿੰਦੇ ਹਨ ਅਤੇ ਖ਼ਸਮ ਆਪਣੀ ਵਹੁਟੀ ਨੂੰ ਧੀਰਜ ਤਸੱਲੀ ਦਿੰਦਾ ਹੈ।

ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥
ਪਤਨੀ ਦੇ ਮੰਗ ਕਰਨ ਉਤੇ ਪਤੀ ਕਈ ਪਾਸੀ ਦੋੜਦਾ ਹੈ।

ਜੋ ਪਾਵੈ ਸੋ ਆਣਿ ਦਿਖਾਵੈ ॥
ਜਿਹੜਾ ਕੁੱਛ ਉਸ ਨੂੰ ਲੱਭਦਾ ਹੈ ਉਸ ਨੂੰ ਉਹ ਆਪਣੀ ਪਤਨੀ ਨੂੰ ਆ ਵਿਖਾਲਦਾ ਹੈ।

ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥
ਇਕ ਚੀਜ਼ ਨੂੰ ਉਹ ਪੁੱਜ ਨਹੀਂ ਸਕਦਾ ਅਤੇ ਇਸ ਲਈ ਪਤਨੀ ਭੁਖੀ ਤੇ ਤਿਹਾਈ ਰਹਿੰਦੀ ਹੈ।

ਧਨ ਕਰੈ ਬਿਨਉ ਦੋਊ ਕਰ ਜੋਰੈ ॥
ਆਪਣੇ ਦੋਨੋਂ ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ।

ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥
ਹੇ ਮੇਰੇ ਪਤੀ! ਤੂੰ ਬਾਹਰਲੇ ਦੇਸੀ ਨਾਂ ਜਾ ਅਤੇ ਤੂੰ ਮੇਰੇ ਘਰ ਅੰਦਰ ਹੀ ਰਹੁ।

ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥
ਤੂੰ ਐਹੋ ਜੇਹਾ ਵਾਪਾਰ ਘਰ ਅੰਦਰ ਹੀ ਕਰ, ਜਿਸ ਕਰਕੇ ਮੇਰੀ ਭੁੱਖ ਤੇ ਤ੍ਰੇਹ ਨਵਿਰਤ ਥੀ ਵੰਝੇ।

ਸਗਲੇ ਕਰਮ ਧਰਮ ਜੁਗ ਸਾਧਾ ॥
ਸਾਰੇ ਕਰਮਕਾਂਡ ਤੇ ਧਾਰਮਕ ਸੰਸਕਾਰ ਪਤਨੀ ਇਸ ਯੁੱਗ ਅੰਦਰ ਕਰਦੀ ਹੈ,

ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥
ਪ੍ਰੰਤੂ ਸੁਆਮੀ ਦੇ ਅੰਮ੍ਰਿਤ ਦੇ ਬਾਝੋਂ, ਉਸ ਨੂੰ ਇਕ ਭੋਗ ਭਰ ਭੀ ਆਰਾਮ ਨਹੀਂ ਲੱਭਦਾ।

ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥
ਜਦ, ਹੇ ਨਾਨਕ! ਸਤਿਸੰਗਤ ਰਾਹੀਂ, ਮਾਲਕ ਮਿਹਰਬਾਨ ਹੋ ਜਾਂਦਾ ਹੈ ਤਾਂ ਪਤਨੀ ਤੇ ਪਤੀ ਖੁਸ਼ੀਆਂ ਤੇ ਅਨੰਦ ਮਾਣਦੇ ਹਨ।

copyright GurbaniShare.com all right reserved. Email