Page 1073

ਧਨ ਅੰਧੀ ਪਿਰੁ ਚਪਲੁ ਸਿਆਨਾ ॥
ਪਤਨੀ ਅੰਨ੍ਹੀ ਹੈ ਅਤੇ ਪਤੀ ਚੰਚਲ ਤੇ ਅਕਲਮੰਦ।

ਪੰਚ ਤਤੁ ਕਾ ਰਚਨੁ ਰਚਾਨਾ ॥
ਪੰਜਾਂ ਮੂਲ ਅੰਸ਼ਾਂ (ਤੱਤਾ) ਦੀ ਰਚਨਾ ਰਚੀ ਹੋਈ ਹੈ।

ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
ਜਿਸ ਸੌਦੇ ਸੂਤ ਲਈ ਤੂੰ ਆਇਆ ਹੈ, ਉਹ ਕੇਵਲ ਸੱਚੇ ਗੁਰਦੇਵ ਜੀ ਪਾਸੋਂ ਮਿਲਦਾ ਹੈ।

ਧਨ ਕਹੈ ਤੂ ਵਸੁ ਮੈ ਨਾਲੇ ॥
ਪਤਨੀ ਆਖਦੀ ਹੈ: "ਤੂੰ ਸਦਾ ਹੀ ਮੇਰੇ ਨਾਲ ਰਹੁ,

ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
ਹੇ ਮੇਰੇ ਪ੍ਰਸੰਨ, ਜੁਆਨ ਤੇ ਪਿਆਰੇ ਸੁਆਮੀ!

ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
ਤੇਰੇ ਬਗ਼ੈਰ ਮੈਂ ਕਿਸੇ ਹਿਸਾਬ-ਕਿਤਾਬ ਵਿੱਚ ਨਹੀਂ, ਇਸ ਲਈ ਤੂੰ ਮੇਰੇ ਨਾਲ ਵਾਹਿਦਾ ਕਰ, ਕਿ ਮੈਨੂੰ ਛੱਡ ਕੇ ਤੂੰ ਕਿਧਰੇ ਨਹੀਂ ਜਾਵੇਂਗਾ"।

ਪਿਰਿ ਕਹਿਆ ਹਉ ਹੁਕਮੀ ਬੰਦਾ ॥
ਪਤੀ ਆਖਦਾ ਹੈ, ਮੈਂ ਆਪਦੇ ਹਾਕਮ ਦਾ ਗੋਲਾ ਹਾਂ,

ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
ਜੋ ਵੱਡਾ ਮਾਲਕ ਹੈ ਤੇ ਉਹ ਕਿਸੇ ਤੌਂ ਡਰਦਾ ਨਹੀਂ ਤੇ ਨਾਂ ਹੀ ਕਿਸੇ ਦੀ ਮੁਛੰਦਗੀ ਧਰਾਉਦਾਂ ਹੈ।

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
ਜਦ ਤਾਂਈਂ ਉਹ ਰੱਖੇਗਾ, ਉਦੋਂ ਤਾਂਈਂ ਮੈਂ ਤੇਰੇ ਨਾਲ ਵਸਾਂਗਾ ਜਦ ਉਹ ਮੈਨੂੰ ਬੁਲਾਵੇਗਾ ਤਦ ਮੈਂ ਉੱਠ ਕੇ ਟੁਰ ਜਾਵਾਂਗਾ"।

ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
ਭਾਵੇਂ ਪਤੀ ਆਪਣੀ ਪਤਨੀ ਨੂੰ ਸੱਚੀ ਗੱਲਬਾਤ ਦੱਸਦਾ ਹੈ,

ਧਨ ਕਛੂ ਨ ਸਮਝੈ ਚੰਚਲਿ ਕਾਚੇ ॥
ਚਪਲ ਅਤੇ ਨਾਂ-ਤਜਰਬਾਕਾਰ ਹੋਣ ਕਰਕੇ, ਪਤਨੀ ਬੁਝ ਨਹੀਂ ਸਮਝਦੀ।

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
ਮੁੜ ਮੁੜ ਕੇ, ਉਹ ਆਪਣੇ ਪਤੀ ਦੇ ਮੇਲ ਮਿਲਾਪ ਦੀ ਹੀ ਯਾਚਨਾ ਕਰਦੀ ਹੈ ਅਤੇ ਉਸ ਗੱਲਬਾਤ ਨੂੰ ਠੱਠਾ ਮਖੌਲ ਕਰਕੇ ਹੀ ਜਾਣਦੀ ਹੈ।

ਆਈ ਆਗਿਆ ਪਿਰਹੁ ਬੁਲਾਇਆ ॥
ਹੁਕਮ ਆ ਜਾਂਦਾ ਹੈ ਅਤੇ ਪਤੀ ਵਾਪਸ ਬੁਲਾ ਲਿਆ ਜਾਂਦਾ ਹੈ।

ਨਾ ਧਨ ਪੁਛੀ ਨ ਮਤਾ ਪਕਾਇਆ ॥
ਉਹ ਆਪਣੀ ਪਤਨੀ ਨਾਲ ਮਸ਼ਵਰਾ ਨਹੀਂ ਕਰਦਾ, ਨਾਂ ਹੀ ਉਸ ਦੀ ਰਾਇ ਲੈਂਦਾ ਹੈ।

ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥
ਉਹ ਖੜ੍ਹਾ ਹੋ ਟਰ ਵੰਝਦਾ ਹੈ ਅਤੇ ਛੁੱਟੜ ਪਤਨੀ ਮਿੱਟੀ ਨਾਲ ਮਿਲ ਜਾਂਦੀ ਹੈ। ਤੱਕ, ਹੇ ਨਾਨਕ! ਸੰਸਾਰੀ ਮਮਤਾ ਅਤੇ ਉਮੈਦ ਦਾ ਝੂਠਾਪਣ।

ਰੇ ਮਨ ਲੋਭੀ ਸੁਣਿ ਮਨ ਮੇਰੇ ॥
ਹੇ ਮੇਰੀ ਲਾਲਚੀ ਜਿੰਦੜੀਏ! ਮੇਰੀ ਗੱਲ ਸੁਣ ਹੇ ਮੇਰੀ ਜਿੰਦੜੀਏ!

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥
ਦਿਹੁੰ ਤੇ ਰੈਣ, ਤੂੰ ਸਦਾ ਹੀ ਆਪਦੇ ਸੱਚੇ ਗੁਰਾਂ ਦੀ ਸੇਵਾ ਕਰ।

ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥
ਗੁਰਾਂ ਦੇ ਬਗ਼ੈਰ ਮਾਇਆ ਦੇ ਪੁਜਾਰੀ ਗਲ ਸੜ ਕੇ ਮਰ ਜਾਂਦੇ ਹਨ। ਗੁਰੂ-ਵਿਹੂਣ ਦੀ ਗਰਦਨ ਉਦਾਲੇ ਮੌਲ ਦੀ ਫਾਹੀ ਹੈ।

ਮਨਮੁਖਿ ਆਵੈ ਮਨਮੁਖਿ ਜਾਵੈ ॥
ਮਨਮੱਤੀਆ ਆਉਂਦਾ ਹੈ ਤੇ ਮਨਮੱਤੀਆ ਹੀ ਜਾਂਦਾ ਹੈ।

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥
ਮਨਮੱਤੀਆ ਮੁੜ ਮੁੜ ਕੇ ਸੱਟਾਂ ਸਹਾਰਦਾ ਹੈ।

ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥
ਜਿੰਨੇ ਭੀ ਦੋਜ਼ਕ ਹਨ ਉਨਿਆਂ ਵਿੱਚ ਹੀ ਮਨਮੱਤੀ ਪੁਰਸ਼ ਦੁਖ ਉਠਾਉਂਦਾ ਹੈ, ਜਦ ਕਿ ਗੁਰੂ-ਅਨੁਸਾਰੀ ਉਤੇ ਉਨ੍ਹਾਂ ਦਾ ਇਕ ਭੋਰਾ ਭਰ ਭੀ ਅਸਰ ਨਹੀਂ ਹੁੰਦਾ।

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥
ਕੇਵਲ ਉਹ ਹੀ ਨੇਕ ਬੰਦਾ ਹੈ, ਜੋ ਪੂਜਯ ਪ੍ਰਭੂ ਨੂੰ ਚੰਗਾ ਲਗਦਾ ਹੈ।

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥
ਉਸ ਦੀ ਪ੍ਰਭਤਾ ਨੂੰ ਕੌਣ ਮੇਟ ਸਕਦਾ ਹੈ, ਜਿਸ ਨੂੰ ਸੁਆਮੀ ਖਿੱਲਤ ਬਖ਼ਸ਼ਦਾ ਹੈ।

ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥
ਉਹ ਖ਼ੁਸ਼ਬਾਸ਼, ਜਿਸ ਨੇ ਐਨ ਵਧੀਆ ਇੱਜ਼ਤ ਦੀ ਪੁਸ਼ਾਕ ਪਹਿਨੀ ਹੋਈ ਹੈ, ਹਮੇਸ਼ਾਂ ਮੌਜਾਂ ਮਾਣਦਾ ਹੈ।

ਹਉ ਬਲਿਹਾਰੀ ਸਤਿਗੁਰ ਪੂਰੇ ॥
ਮੈਂ ਆਪਣੇ ਪੂਰਨ ਸੱਚੇ ਗੁਰਾਂ ਤੋਂ ਘੋਲੀ ਵੰਝਦਾ ਹਾਂ,

ਸਰਣਿ ਕੇ ਦਾਤੇ ਬਚਨ ਕੇ ਸੂਰੇ ॥
ਜੋ ਪਨਾਹ ਦੇਣਹਾਰ ਅਤੇ ਕੌਲ-ਕਰਾਰ ਪਾਲਣ ਵਾਲੇ ਹਨ।

ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
ਮੈਂ ਐਹੋ ਜੇਹਹੇ ਸੁਖ ਆਰਾਮ-ਬਖ਼ਸ਼ਣਹਾਰ ਸੁਆਮੀ ਨੂੰ ਮਿਲ ਪਿਆ ਹਾਂ ਜੋ ਮੈਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।

ਗੁਣ ਨਿਧਾਨ ਕਿਛੁ ਕੀਮ ਨ ਪਾਈ ॥
ਪ੍ਰਭੂ ਨੇਕੀਆਂ ਦਾ ਖ਼ਜ਼ਾਨਾ ਹੈ। ਉਸ ਦਾ ਕੁਝ ਭੀ ਮੁਲ ਪਾਇਆ ਨਹੀਂ ਜਾ ਸਕਦਾ।

ਘਟਿ ਘਟਿ ਪੂਰਿ ਰਹਿਓ ਸਭ ਠਾਈ ॥
ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
ਨਾਨਕ ਉਸ ਦੀ ਪਨਾਹ ਲੋੜਦਾ ਹੈ ਜੋ ਗ਼ਰੀਬਾਂ ਦੇ ਦੁਖੜੇ ਨਾਸ ਕਰਨਹਾਰ ਹੈ। ਹੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਚਰਨਾਂ ਦੀ ਧੂੜ ਹਾਂ।

ਮਾਰੂ ਸੋਲਹੇ ਮਹਲਾ ੫
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਰੈ ਅਨੰਦੁ ਅਨੰਦੀ ਮੇਰਾ ॥
ਮੈਡਾਂ ਖ਼ੁਸ਼ਬਾਸ਼ ਮਾਲਕ ਮੌਜਾਂ ਮਾਣਦਾ ਹੈ।

ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
ਉਹ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ ਅਤੇ ਉਸ ਦੇ ਕਰਮਾਂ ਅਨੁਸਾਰ ਹਰ ਇਕਸ ਦਾ ਫ਼ੈਸਲਾ ਕਰਦਾ ਹੈ।

ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
ਸਾਰਿਆਂ ਪਾਤਸ਼ਾਹਾਂ ਦੇ ਸੀਸ ਉਤੇ ਸੱਚਾ ਸੁਆਮੀ ਹੈ। ਉਸ ਦੇ ਬਗ਼ੈਰ ਹੋਰ ਕੋਈ ਹੈ ਹੀ ਨਹੀਂ।

ਹਰਖਵੰਤ ਆਨੰਤ ਦਇਆਲਾ ॥
ਉਹ ਪ੍ਰਸੰਨ ਅਤੇ ਬੇਅੰਤ ਮਿਹਰਵਾਨ ਹੈ।

ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
ਸਾਹਿਬ ਦਾ ਪ੍ਰਕਾਸ਼ ਸਾਰੇ ਹੀ ਪ੍ਰਤੱਖ ਹੈ।

ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
ਉਹ ਸਰੂਪ ਰਚਦਾ ਹੈ ਅਤੇ ਰੱਚ ਕੇ ਉਸ ਨੂੰ ਦੇਖ ਪ੍ਰਸੰਨ ਹੁੰਦਾ ਹੈ। ਖ਼ੁਦ ਹੀ ਉਹ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ।

ਆਪੇ ਕੁਦਰਤਿ ਕਰੇ ਵੀਚਾਰਾ ॥
ਉਹ ਆਪ ਹੀ ਰੱਬੀ ਬੰਧਾਨ ਨੂੰ ਰਚਦਾ ਤੇ ਇਸ ਵਲ ਧਿਆਨ ਦਿੰਦਾ ਹੈ।

ਆਪੇ ਹੀ ਸਚੁ ਕਰੇ ਪਸਾਰਾ ॥
ਸੱਚਾ ਸੁਆਮੀ ਖ਼ੁਦ ਹੀ ਸ਼੍ਰਿਸ਼ਟੀ ਨੂੰ ਰਚਦਾ ਹੈ।

ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
ਉਹ ਬੰਦਿਆਂ ਨੂੰ ਦਿਨ ਰਾਤ ਖੇਡ ਖਿਡਾਉਂਦਾ ਹੈ ਅਤੇ ਆਪ ਹੀ ਆਪਣੇ ਜੱਸ ਨੂੰ ਸ੍ਰਵਣ ਕਰ ਅਤੇ ਸੁਣ ਕੇ ਪ੍ਰਸੰਨ ਹੁੰਦਾ ਹੈ।

ਸਾਚਾ ਤਖਤੁ ਸਚੀ ਪਾਤਿਸਾਹੀ ॥
ਸੱਚਾ ਹੈ ਉਸ ਦਾ ਰਾਜਸਿੰਘਾਸਣ ਅਤੇ ਸੱਚਾ ਉਸ ਦਾ ਰਾਜਭਾਗ।

ਸਚੁ ਖਜੀਨਾ ਸਾਚਾ ਸਾਹੀ ॥
ਸੱਚਾ ਹੈ ਖ਼ਜਾਨਾ ਸੱਚੇ ਸ਼ਾਹੂਕਾਰ ਦਾ।

copyright GurbaniShare.com all right reserved. Email