Page 1077

ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥
ਕਈ ਭੁਖੇ ਹਨ ਅਤੇ ਕਈ ਰੱਜੇ ਤੇ ਧ੍ਰਾਪੇ ਹੋਏ ਹਨ; ਪ੍ਰੰਤੂ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ!

ਆਪੇ ਸਤਿ ਸਤਿ ਸਤਿ ਸਾਚਾ ॥
ਸੱਚਾ, ਸੱਚਾ, ਸੱਚਾ ਹੈ ਖ਼ੁਦ ਸੱਚਾ ਸੁਆਮੀ।

ਓਤਿ ਪੋਤਿ ਭਗਤਨ ਸੰਗਿ ਰਾਚਾ ॥
ਤਾਣੇ ਪੇਟੇ ਦੀ ਮਾਨੰਦ ਉਹ ਆਪਣੇ ਅਨੁਰਾਗੀਆਂ ਨਾਲ ਜੁੜਿਆ ਹੋਇਆ ਹੈ।

ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥
ਉਹ ਆਪ ਪੋਸ਼ੀਦਾ ਅਤੇ ਆਪ ਹੀ ਪ੍ਰਤੱਖ ਹੈ ਅਤੇ ਆਪ ਹੀ ਉਹ ਆਪਣੇ ਆਪ ਨੂੰ ਫੈਲਾਉਂਦਾ ਹੈ।

ਸਦਾ ਸਦਾ ਸਦ ਹੋਵਣਹਾਰਾ ॥
ਹਮੇਸ਼ਾ, ਹਮੇਸ਼ਾ, ਹਮੇਸ਼ਾਂ ਹੀ ਰਹਿਣ ਵਾਲਾ ਹੈ ਮੇਰਾ ਸੁਆਮੀ!

ਊਚਾ ਅਗਮੁ ਅਥਾਹੁ ਅਪਾਰਾ ॥
ਉਹ ਬੁਲੰਦ, ਪਹੁੰਚ ਤੋਂ ਪਰੇ, ਬੇਥਾਹ ਅਤੇ ਬੇਅੰਤ ਹੈ।

ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥
ਖ਼ਾਲੀਆਂ ਨੂੰ ਉਹ ਪੂਰਨ ਕਰ ਦਿੰਦਾ ਹੈ ਅਤੇ ਪਰੀਪੂਰਨਾਂ ਨੂੰ ਉਹ ਖਾਲੀ ਕਰ ਦਿੰਦਾ ਹੈ। ਇਹ ਹਨ ਅਸਚਰਜ ਖੇਡਾਂ ਅਤੇ ਕੌਤਕ, ਮੇਰੇ ਪ੍ਰਭੂ ਦੇ।

ਮੁਖਿ ਸਾਲਾਹੀ ਸਚੇ ਸਾਹਾ ॥
ਆਪਣੇ ਮੂੰਹ ਨਾਲ ਮੈਂ ਸੱਚੇ ਸੁਆਮੀ ਦੀ ਕੀਰਤੀ ਕਰਦਾ ਹਾਂ।

ਨੈਣੀ ਪੇਖਾ ਅਗਮ ਅਥਾਹਾ ॥
ਆਪਣੀਆਂ ਅੱਖਾਂ ਨਾਲ ਮੈਂ ਹੱਦਬੰਨਾ-ਰਹਿਤ ਅਤੇ ਬੇਥਾਹ ਸੁਆਮੀ ਨੂੰ ਦੇਖਦਾ ਹਾਂ।

ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥
ਆਪਣਿਆਂ ਕੰਨਾਂ ਨਾਲ ਤੇਰੀ ਸਿਫ਼ਤ ਸੁਣ ਅਤੇ ਸ੍ਰਵਣ ਕਰ, ਮੇਰੀ ਆਤਮਾ ਤੇ ਤੇਹ ਪ੍ਰਫੁੱਲਤਾ ਹੋ ਗਏ ਹਨ। ਮੇਰਾ ਮਾਲਕ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ।

ਕਰਿ ਕਰਿ ਵੇਖਹਿ ਕੀਤਾ ਅਪਣਾ ॥
ਰਚਨਾ ਨੂੰ ਰਚ ਕੇ, ਸੁਆਮੀ ਆਪਣੇ ਰੱਚਿਆਂ ਹੋਇਆਂ ਨੂੰ ਦੇਖਦਾ ਹੈ।

ਜੀਅ ਜੰਤ ਸੋਈ ਹੈ ਜਪਣਾ ॥
ਸਾਰੇ ਜੀਵ ਜੰਤੂ ਉੋਸ ਸਾਹਿਬ ਦਾ ਸਿਮਰਨ ਕਰਦੇ ਹਨ।

ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥
ਆਪਣੀ ਅਪਾਰ ਸ਼ਕਤੀ ਨੂੰ ਉਹ ਆਪੇ ਹੀ ਜਾਣਦਾ ਹੈ। ਉਸ ਦੀ ਦਇਆਲਤਾ ਰਾਹੀਂ ਦਇਆਲੂ ਪ੍ਰਭੂ ਦੇਖਿਆ ਜਾਂਦਾ ਹੈ।

ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
ਜਿਥੇ ਸਤਿਸੰਗਤ ਬਹਿੰਦੀ ਹੈ, ਓਥੇ ਨੇੜੇ ਹੀ ਮੇਰਾ ਸੁਆਮੀ ਹੁੰਦਾ ਹੈ।

ਅਨੰਦ ਮੰਗਲ ਹਰਿ ਚਲਤ ਤਮਾਸੇ ॥
ਸੁਆਮੀ ਦੇ ਅਦਭੁੱਤ ਕੌਤਕ ਅਤੇ ਖੇਡਾਂ ਦੇਖ, ਸੰਤ ਮੌਜ ਬਹਾਰ ਕਰਦੇ ਹਨ।

ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥
ਹੇ ਨਾਨਕ! ਓਥੇ ਪ੍ਰਭੂ ਦੇ ਗੋਲੇ, ਉਸ ਨੂੰ ਸਿਮਰਦੇ ਅਤੇ ਗੁਰਬਾਣੀ ਦੇ ਸੁਤੇ-ਸਿਧ ਹੋ ਰਹੇ ਕੀਰਤਨ ਰਾਹੀਂ ਉਸ ਦੀ ਮਹਿਮਾ ਗਾਇਨ ਕਰਦੇ ਹਨ।

ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥
ਆਉਣਾ ਅਤੇ ਜਾਣਾ ਸਮੂਹ ਤੇਰੀ ਇੱਕ ਅਲੌਕਿਕ ਖੇਡ ਹੈ।

ਕਰਿ ਕਰਿ ਦੇਖੈ ਖੇਲੁ ਅਪਾਰਾ ॥
ਰਚਨਾ ਨੂੰ ਰਚ, ਤੂੰ ਆਪਣੀ ਸੁੰਦਰ ਖੇਡ ਨੂੰ ਵੇਖਦਾ ਹੈਂ।

ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥
ਖੁਦ ਹੀ ਸਿਰਜਣਹਾਰ-ਸੁਆਮੀ ਰਚਦਾ ਹੈ ਅਤੇ ਆਪਣੀ ਰਚਨਾ ਦੀ ਪਾਲਣਾ-ਪੋਸਣਾ ਕਰਦਾ ਹੈ।

ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
ਮੈਂ ਤੇਰੀ ਸੋਭਾ ਸੁਣ ਸੁਣ ਕੇ ਜੀਉਂਦਾ ਹਾਂ।

ਸਦਾ ਸਦਾ ਜਾਈ ਬਲਿਹਾਰੀ ॥
ਸਦੀਵ, ਸਦੀਵ ਹੀ ਮੈਂ ਤੇਰੇ ਉਤੋਂ ਕੁਰਬਾਨ ਵੰਝਦਾ ਹਾਂ।

ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥
ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸਾਹਿਬ! ਆਪਦੇ ਦੋਨੋਂ ਹੱਥ ਬੰਨ੍ਹ ਕੇ ਦਿਹੁੰ ਅਤੇ ਰੈਣ ਮੈਂ ਤੇਰੇ ਆਰਾਧਨ ਕਰਦਾ ਹਾਂ।

ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥
ਤੇਰੇ ਬਗ਼ੈਰ ਮੈਂ ਹੋਰ ਕੀਹਦੀ ਉਪਮਾ ਕਰਾਂ?

ਏਕੋ ਏਕੁ ਜਪੀ ਮਨ ਮਾਹੀ ॥
ਮੈਂ ਕੇਵਲ ਇੱਕ ਸੁਆਮੀ ਨੂੰ ਹੀ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ।

ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥
ਤੇਰੀ ਰਜ਼ਾ ਨੂੰ ਅਨੂਭਵ ਕਰ, ਤੇਰੇ ਗੋਲੇ ਪ੍ਰਸੰਨ ਥੀ ਗਏ ਹਨ। ਇਹੀ ਸੇਵਾ ਤੇਰੇ ਸ਼ਰਧਾਲੂ ਕਮਾਉਂਦੇ ਹਨ।

ਗੁਰ ਉਪਦੇਸਿ ਜਪੀਐ ਮਨਿ ਸਾਚਾ ॥
ਗੁਰਾਂ ਦੀ ਸਿੱਖਮਤ ਦੁਆਰਾ ਆਪਣੇ ਚਿੱਤ ਅੰਦਰ ਮੈਂ ਸੱਚੇ ਸੁਆਮੀ ਦਾ ਸਿਮਰਨ ਕਰਦਾ ਹਾਂ।

ਗੁਰ ਉਪਦੇਸਿ ਰਾਮ ਰੰਗਿ ਰਾਚਾ ॥
ਗੁਰਾਂ ਦੀ ਸਿੱਖਮਤ ਦੁਆਰਾ, ਮੈਂ ਪ੍ਰਭੂ ਦੇ ਪਿਆਰ ਅੰਦਰ ਲੀਨ ਹੋ ਗਿਆ ਹਾਂ।

ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥
ਗੁਰਾਂ ਦੀ ਸਿੱਖਮਤ ਦੁਆਰਾ, ਸਾਰੇ ਜੂੜ ਵੱਢੇ ਜਾਂਦੇ ਹਨ ਅਤੇ ਇਹ ਸੰਦੇਹ ਤੇ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੇ ਹਨ।

ਜਹ ਰਾਖੈ ਸੋਈ ਸੁਖ ਥਾਨਾ ॥
ਜਿੱਥੇ ਕਿਤੇ ਭੀ ਸੁਆਮੀ ਮੈਨੂੰ ਰਖਦਾ ਹੈ, ਕੇਵਲ ਉਹ ਹੀ ਮੇਰੇ ਲਈ ਆਰਾਮ ਦਾ ਟਿਕਾਣਾ ਹੈ।

ਸਹਜੇ ਹੋਇ ਸੋਈ ਭਲ ਮਾਨਾ ॥
ਜਿਹੜਾ ਕੁਛ ਭੀ ਕੁਦਰਤੀ ਤੌਰ ਤੇ ਹੁੰਦਾ ਹੈ, ਉਸ ਨੂੰ ਮੈਂ ਚੰਗਾ ਜਾਣ ਕਬੂਲ ਕਰਦਾ ਹਾਂ।

ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥
ਮੇਰੀ ਦੁਸ਼ਮਨੀ ਮਿੱਟ ਗਈ ਹੈ ਤੇ ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ। ਸਾਰਿਆਂ ਅੰਦਰ ਮੈਂ ਹੁਣ ਇੱਕ ਸਾਈਂ ਨੂੰ ਹੀ ਦੇਖਦਾ ਹਾਂ।

ਡਰ ਚੂਕੇ ਬਿਨਸੇ ਅੰਧਿਆਰੇ ॥
ਮੇਰਾ ਭੈ ਮਿਟ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,

ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥
ਬਲਵਾਨ ਤੇ ਨਿਰਲੇਪ ਸੁਆਮੀ ਮੇਰੇ ਤੇ ਜ਼ਾਹਰ ਹੋ ਗਿਆ ਹੈ।

ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਉਸ ਦੀ ਪਨਾਹ ਲਈ ਹੈ, ਜਿਸ ਦਾ ਕਿ ਮੈਂ ਹਾਂ। ਮੈਂ ਹੁਣ ਉਸ ਦੀ ਸੇਵਾ ਹੀ ਕਮਾਉਂਦਾ ਹਾਂ।

ਐਸਾ ਕੋ ਵਡਭਾਗੀ ਆਇਆ ॥
ਕੋਈ ਵਿਰਲਾ ਹੀ ਐਹੋ ਜੇਹਾ ਭਾਰੇ ਨਸੀਬਾਂ ਵਾਲਾ ਪੁਰਸ਼ ਹੈ,

ਆਠ ਪਹਰ ਜਿਨਿ ਖਸਮੁ ਧਿਆਇਆ ॥
ਜੋ ਇਸ ਜਹਾਨ ਵਿੱਚ ਪੈਦਾ ਹੋ, ਦਿਨ ਦੇ ਅੱਠੇ ਪਹਿਰ ਹੀ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।

ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥
ਉਸ ਪੁਰਸ਼ ਦੀ ਸੰਗਤ ਅੰਦਰ ਸਾਰੇ ਹੀ ਪਾਰ ਉਤੱਰ ਜਾਂਦੇ ਹਨ ਅਤੇ ਉਹ ਆਪਣੇ ਅੱਬਰ ਕਬੀਲੇ ਨੂੰ ਭੀ ਤਾਰ ਦਿੰਦਾ ਹੈ।

ਇਹ ਬਖਸੀਸ ਖਸਮ ਤੇ ਪਾਵਾ ॥
ਇਹ ਦਾਤ ਮੈਂ ਆਪਣੇ ਪ੍ਰਭੂ ਪਾਸੋਂ ਪ੍ਰਾਪਤ ਕਰਦਾ ਹਾਂ।

ਆਠ ਪਹਰ ਕਰ ਜੋੜਿ ਧਿਆਵਾ ॥
ਹੱਥ ਬੰਨ੍ਹ ਕੇ ਮੈਂ ਦਿਨ ਤੇ ਰਾਤ ਦੇ ਅੱਠੇ ਪਹਿਰ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ।

ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥
ਮੈਂ ਨਾਮ ਦਾ ਆਰਾਧਨ ਕਰਦਾ ਹਾਂ ਅਤੇ ਨਾਮ ਦੇ ਰਾਹੀਂ ਹੀ ਸਾਈਂ ਅੰਦਰ ਲੀਨ ਹੁੰਦਾ ਹਾਂ। ਰੱਬ ਕਰੇ, ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਰਹੇ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਸੂਰਤਿ ਦੇਖਿ ਨ ਭੂਲੁ ਗਵਾਰਾ ॥
ਸਰੂਪ ਨੂੰ ਵੇਖ ਕੇ, ਤੂੰ ਗਲਤ ਰਾਹੀਂ ਨਾਂ ਪਓ ਹੇ ਮੂਰਖ!

ਮਿਥਨ ਮੋਹਾਰਾ ਝੂਠੁ ਪਸਾਰਾ ॥
ਕੂੜਾ ਹੈ ਜਗਤ ਦਾ ਕਾਮਚੇਸ਼ਟਾ ਵਾਸ ਤੇ ਮੋਹ।

ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥
ਇਸ ਜਹਾਨ ਅੰਦਰ ਕਿਸੇ ਨੂੰ ਭੀ ਠਹਿਰਨਾ ਨਹੀਂ ਮਿਲਦਾ। ਸਦੀਵੀ ਸਥਿਰ ਹੈ ਕੇਵਲ ਇੱਕ ਪ੍ਰਭੂ।

ਗੁਰ ਪੂਰੇ ਕੀ ਪਉ ਸਰਣਾਈ ॥
ਤੂੰ ਪੂਰਨ ਗੁਰਾਂ ਦੀ ਪਨਾਹ ਲੈ।

ਮੋਹੁ ਸੋਗੁ ਸਭੁ ਭਰਮੁ ਮਿਟਾਈ ॥
ਉਹ ਤੇਰੀ ਸਮੂਹ ਸੰਸਾਰੀ ਮਮਤਾ, ਅਫਸੋਸ ਅਤੇ ਸੰਦੇਹ ਨੂੰ ਨਵਿਰਤ ਕਰ ਦੇਣਗੇ।

ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥
ਉਹ ਤੈਨੂੰ ਇੱਕ ਨਾਮ ਦੇ ਜਾਦੂ ਟੂਣੇ ਦੀ ਦਵਾਈ ਦੇਣਗੇ ਅਤੇ ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਗਾਇਨ ਕਰਨ ਲੱਗ ਜਾਵੇਗਾ।

copyright GurbaniShare.com all right reserved. Email