Page 108
ਜਨਮ ਜਨਮ ਕਾ ਰੋਗੁ ਗਵਾਇਆ ॥
ਉਹ ਅਨੇਕਾਂ ਜਨਮਾਂ ਦੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।

ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥
ਵਾਹਿਗੁਰੂ ਦਾ ਜੱਸ ਤੂੰ ਹੇ ਬੰਦੇ! ਦਿਨ ਰੈਣ, ਗਾਇਨ ਕਰ। ਫਲਦਾਇਕ ਹੈ ਇਹ ਪੇਸ਼ਾਂ ਮਨੁੱਖੀ ਜੀਵਨ ਦਾ।

ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥
ਆਪਣੀ ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਗੋਲੇ ਨੂੰ ਆਪਣੇ ਪਰਾਇਣ ਕੀਤਾ ਹੈ।

ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
ਹਰ ਦਿਲ ਅੰਦਰ ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੰਦਨਾ ਕਰਦਾ ਹੈ।

ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥
ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਨਾਨਕ ਇਹ ਸਾਰੀ ਦਾਨਾਈ ਦਾ ਜੌਹਰ ਹੈ, ਹੇ ਪਿਤਾ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਮਨੁ ਤਨੁ ਰਤਾ ਰਾਮ ਪਿਆਰੇ ॥
ਮੇਰੀ ਆਤਮਾ ਤੇ ਦੇਹਿ ਪ੍ਰੀਤਮ ਵਿਆਪਕ ਵਾਹਿਗੁਰੂ ਦੇ ਨਾਲ ਰੰਗੇ ਹੋਏ ਹਨ।

ਸਰਬਸੁ ਦੀਜੈ ਅਪਨਾ ਵਾਰੇ ॥
ਸਾਰਾ ਕੁਛ ਜੋ ਮੇਰਾ ਹੈ, ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।

ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥
ਸਮੂਹ ਦਿਹੂੰ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਤੂੰ ਜੱਸ ਗਾਹਿਨ ਕਰ ਅਤੇ ਇਕ ਸੁਆਸ ਦੇ ਸਮੇ ਲਈ ਭੀ ਉਸ ਨੂੰ ਨਾਂ ਭੁੱਲ।

ਸੋਈ ਸਾਜਨ ਮੀਤੁ ਪਿਆਰਾ ॥
ਉਹੀ ਮਿੱਤ੍ਰ ਯਾਰ ਤੇ ਪਿਆਰਾ ਹੈ,

ਰਾਮ ਨਾਮੁ ਸਾਧਸੰਗਿ ਬੀਚਾਰਾ ॥
ਜੋ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।

ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥
ਸਚਿਆਰਾ ਦੀ ਸੰਗਤ ਵਿੱਚ ਤੂੰ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ ਅਤੇ ਮੌਤ ਦੀ ਫਾਹੀ ਨੂੰ ਵਢ ਸੁਟੇਗਾਂ।

ਚਾਰਿ ਪਦਾਰਥ ਹਰਿ ਕੀ ਸੇਵਾ ॥
ਚਾਰੋਂ ਹੀ ਉਤਮ ਦਾਤਾਂ ਵਾਹਿਗੁਰੂ ਦੀ ਸੇਵਾ ਟਹਿਲ ਦੁਆਰਾ ਪਰਾਪਤ ਹੁੰਦੀਆਂ ਹਨ।

ਪਾਰਜਾਤੁ ਜਪਿ ਅਲਖ ਅਭੇਵਾ ॥
ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਹੀ ਕਲਪ ਬ੍ਰਿਛ ਹੈ।

ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥
ਮੇਰੇ ਵਿਸ਼ੇ-ਭੋਗ ਅਤੇ ਗੁੱਸੇ ਦੇ ਪਾਪ ਗੁਰਾਂ ਨੇ ਕੱਟ ਸੁਟੇ ਹਨ ਅਤੇ ਮੇਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।

ਪੂਰਨ ਭਾਗ ਭਏ ਜਿਸੁ ਪ੍ਰਾਣੀ ॥
ਜਿਹੜੇ ਜੀਵ ਨੂੰ ਮੁਕੰਮਲ ਚੰਗੇ ਨਸੀਬਾਂ ਦੀ ਦਾਤ ਪਰਾਪਤ ਹੋਈ ਹੈ,

ਸਾਧਸੰਗਿ ਮਿਲੇ ਸਾਰੰਗਪਾਣੀ ॥
ਉਹ ਸਤਿਸੰਗਤ ਅੰਦਰ ਜਗਤ-ਥੰਮਣਹਾਰ ਨੂੰ ਮਿਲ ਪੈਦਾ ਹੈ।

ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥
ਨਾਨਕ, ਜਿਸ ਦੇ ਮਨ ਅੰਦਰ ਨਾਮ ਨੇ ਨਿਵਾਸ ਕੀਤਾ ਹੈ, ਉਹ ਕਬੂਲ ਪੈ ਜਾਂਦਾ ਹੈ ਭਾਵੇਂ ਉਹ ਘਰਬਾਰੀ ਹੈ ਜਾਂ ਤਿਆਗੀ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥
ਹਰੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਦਿਲ ਦੀ ਠੰਡ-ਚੈਨ ਪਰਾਪਤ ਹੋਈ ਹੈ।

ਕਰਿ ਕਿਰਪਾ ਭਗਤੀ ਪ੍ਰਗਟਾਇਆ ॥
ਆਪਣੀ ਰਹਿਮਤ ਨਿਛਾਵਰ ਕਰਕੇ ਸਾਈਂ ਆਪਣੇ ਸਾਧੂਆਂ ਨੂੰ ਨਾਮਵਰ ਕਰ ਦਿੰਦਾ ਹੈ।

ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥
ਸਾਧ ਸੰਗਤ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਣ ਕੀਤਾ ਹੈ ਅਤੇ ਮੇਰੀ ਸੁਸਤੀ ਦੀ ਬੀਮਾਰੀ ਕੱਟੀ ਗਈ ਹੈ।

ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥
ਹੇ ਵੀਰ! ਸੁਆਮੀ, ਜਿਸ ਦੇ ਘਰ ਵਿੱਚ ਨੌ ਖ਼ਜ਼ਾਨੇ ਹਨ,

ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥
ਉਸ ਨੂੰ ਮਿਲਦਾ ਹੈ, ਜਿਸ ਦੇ ਪਲੇ ਪੂਰਬਲੇ ਨੇਕ ਅਮਲ ਹਨ।

ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥
ਸ਼੍ਰੋਮਣੀ ਸਾਹਿਬ ਰਬੀ ਗਿਆਤ ਅਤੇ ਸਿਮਰਣ ਨਾਲ ਲਬਾਲਬ ਹੈ। ਮਾਲਕ ਹਰ ਸ਼ੈ ਕਰਨ ਨੂੰ ਸਮਰਥ ਹੈ।

ਖਿਨ ਮਹਿ ਥਾਪਿ ਉਥਾਪਨਹਾਰਾ ॥
ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਣਹਾਰ ਤੇ ਉਖੇੜਨ ਵਾਲਾ ਹੈ।

ਆਪਿ ਇਕੰਤੀ ਆਪਿ ਪਸਾਰਾ ॥
ਵਾਹਿਗੁਰੂ ਆਪੇ ਇਕ ਹੈ ਤੇ ਆਪੇ ਹੀ ਅਨੇਕ।

ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥
ਆਲਮ ਦੀ ਜਿੰਦ ਜਾਨ ਉਦਾਰ ਚਿੱਤ ਸੁਆਮੀ ਨੂੰ ਕੋਈ ਮੈਲ ਨਹੀਂ ਲਗਦੀ। ਉਸ ਦਾ ਦੀਦਾਰ ਦੇਖਣ ਦੁਆਰਾ ਵਿਛੋੜੇ ਦੀ ਪੀੜ ਨਵਿਰਤ ਹੋ ਜਾਂਦੀ ਹੈ।

ਅੰਚਲਿ ਲਾਇ ਸਭ ਸਿਸਟਿ ਤਰਾਈ ॥
ਆਪਣੇ ਪੱਲੇ ਨਾਲ ਜੋੜ ਕੇ ਪ੍ਰਭੂ ਨੇ ਸਾਰੀ ਦੁਨੀਆਂ ਪਾਰ ਕਰ ਦਿਤੀ ਹੈ।

ਆਪਣਾ ਨਾਉ ਆਪਿ ਜਪਾਈ ॥
ਆਪਣੇ ਨਾਮ ਦਾ ਉਹ ਆਪੇ ਹੀ ਸਿਮਰਨ ਕਰਵਾਉਂਦਾ ਹੈ।

ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥
ਗੁਰਾਂ ਦਾ ਜਹਾਜ਼ ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਲੱਭਤਾ ਹੈ। ਉਸ ਲਈ ਐਸੀ ਚੰਗੀ ਕਿਸਮਤ ਮੁੱਢ ਤੋਂ ਲਿਖੀ ਹੋਈ ਹੈ, ਹੇ ਨਾਨਕ!

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਸੋਈ ਕਰਣਾ ਜਿ ਆਪਿ ਕਰਾਏ ॥
ਬੰਦੇ ਉਹੀ ਕਰਦੇ ਹਨ ਜਿਹੜਾ ਕੁਛ ਸਾਈਂ ਖੁਦ ਉਨ੍ਹਾਂ ਕੋਲੋ ਕਰਵਾਉਂਦਾ ਹੈ।

ਜਿਥੈ ਰਖੈ ਸਾ ਭਲੀ ਜਾਏ ॥
ਜਿੇਥੇ ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥
ਉਹ ਦਾਨਾ ਹੈ ਅਤੇ ਉਹੀ ਇਜ਼ਤ ਵਾਲਾ ਹੈ ਜਿਸ ਨੂੰ ਸਾਹਿਬ ਦਾ ਫੁਰਮਾਨ ਮਿਠੜਾ ਲੱਗਦਾ ਹੈ।

ਸਭ ਪਰੋਈ ਇਕਤੁ ਧਾਗੈ ॥
ਸਾਰੀ ਰਚਨਾ ਉਸ ਨੇ ਇਕ ਡੋਰ ਅੰਦਰ ਪ੍ਰੋਤੀ ਹੋਈ ਹੈ।

ਜਿਸੁ ਲਾਇ ਲਏ ਸੋ ਚਰਣੀ ਲਾਗੈ ॥
ਜਿਸ ਨੂੰ ਹਰੀ ਜੋੜਦਾ ਹੈ, ਉਹ ਉਸ ਦੇ ਪੈਰਾਂ ਨਾਲ ਜੁੜਦਾ ਹੈ।

ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥
ਜਿਸ ਦੇ ਪੁਠੇ ਹੋਏ ਹੋਏ ਦਿਲ-ਕਮਲ ਵਿੱਚ ਈਸ਼ਵਰੀ ਨੂਰ ਉਦੇ ਹੁੰਦਾ ਹੈ, ਉਹ ਪਵਿੱਤ੍ਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।

ਤੇਰੀ ਮਹਿਮਾ ਤੂੰਹੈ ਜਾਣਹਿ ॥
ਤੇਰੀ ਸੋਭਾ ਨੂੰ ਕੇਵਲ ਤੂੰ ਹੀ ਜਾਣਦਾ ਹੈ।

ਅਪਣਾ ਆਪੁ ਤੂੰ ਆਪਿ ਪਛਾਣਹਿ ॥
ਆਪਣੇ ਆਪੇ ਨੂੰ ਤੂੰ ਖੁਦ ਹੀ ਸਿੰਵਾਣਦਾ ਹੈ।

ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥
ਮੈਂ ਤੇਰੇ ਸਾਧੂਆਂ ਤੋਂ ਕੁਬਾਨ ਹਾਂ ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਪੀਹ ਸੁਟਿਆ ਹੈ।

ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥
ਤੂੰ ਦੁਸ਼ਮਨੀ-ਰਹਿਤ ਹੈ ਤੇ ਤੇਰੇ ਸਾਧੂ ਪਵਿੱਤ੍ਰ ਹਨ।

ਜਿਨ ਦੇਖੇ ਸਭ ਉਤਰਹਿ ਕਲਮਲ ॥
ਜਿਨ੍ਹਾਂ ਨੂੰ ਵੇਖਣ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥
ਨਾਨਕ ਪ੍ਰਭੂ ਦੇ ਨਾਮ ਚਿੰਤਨ ਤੇ ਸਿਮਰਣ ਕਰਕੇ ਜੀਉਂਦਾ ਹੈ ਅਤੇ ਉਸ ਦਾ ਬੇਸ਼ਰਮ ਵਹਿਮ ਤੇ ਡਰ ਨਾਸ ਹੋ ਗਏ ਹਨ।

copyright GurbaniShare.com all right reserved. Email:-