Page 1084

ਸਚੁ ਕਮਾਵੈ ਸੋਈ ਕਾਜੀ ॥
ਕੇਵਲ ਉਹ ਹੀ ਕਾਜ਼ੀ ਹੈ, ਜੇ ਸੱਚ ਦੀ ਕਮਾਈ ਕਰਦਾ ਹੈ।

ਜੋ ਦਿਲੁ ਸੋਧੈ ਸੋਈ ਹਾਜੀ ॥
ਕੇਵਲ ਉਹ ਹੀ ਹਾਜੀ ਹੈ (ਮੱਕੇ ਦੇ ਹਜ ਵਾਲਾ) ਹੈ, ਜਿਹੜਾ ਆਪਣੇ ਮਨ ਨੂੰ ਪਵਿੱਤ੍ਰ ਕਰਦਾ ਹੈ।

ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥
ਜੋ ਸ਼ੈਤਾਨ ਨੂੰ ਦੂਰ ਕਰ ਦਿੰਦਾ ਹੈ, ਉਹ ਹੀ ਮੌਲਾਣਾ ਹੈ ਅਤੇ ਜਿਸ ਦਾ ਆਸਰਾ ਸੁਆਮੀ ਦੀ ਕੀਰਤੀ ਹੈ, ਉਹ ਹੀ ਸੰਤ ਹੈ।

ਸਭੇ ਵਖਤ ਸਭੇ ਕਰਿ ਵੇਲਾ ॥
ਸਾਰਿਆਂ ਸਮਿਆਂ ਅਤੇ ਸਾਰਿਆਂ ਮੁਹਤਾਂ ਉੱਤੇ ਤੂੰ ਵਾਹਿਗੁਰੂ,

ਖਾਲਕੁ ਯਾਦਿ ਦਿਲੈ ਮਹਿ ਮਉਲਾ ॥
ਸਿਰਜਣਹਾਰ ਨੂੰ ਆਪਣੇ ਮਨ ਵਿੱਚ ਚੇਤੇ ਕਰ।

ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥
ਆਪਣੀਆਂ ਦਸਾਂ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਵਾਹਿਗੁਰੂ ਦਾ ਸਿਮਰਨ ਕਰਨ ਲਈ ਤੂੰ ਆਪਦੀ ਮਾਲਾ ਬਨਾ ਅਤੇ ਚੰਗੇ ਚਾਲ ਚਲਣ ਤੇ ਭਾਰੀ ਸਵੈ-ਰਿਆਜ਼ਤ ਨੂੰ ਆਪਣੀ ਸੁੰਨਤ ਬਣਾ।

ਦਿਲ ਮਹਿ ਜਾਨਹੁ ਸਭ ਫਿਲਹਾਲਾ ॥
ਤੂੰ ਆਪਣੇ ਮਨ ਵਿੱਚ ਜਾਣ ਲੈ, ਕਿ ਹਰ ਸ਼ੈ ਕੇਵਲ ਥੋੜ੍ਹੇ ਸਮੇਂ ਲਈ ਰਹਿਣ ਵਾਲੀ ਹੀ ਹੈ।

ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥
ਟੱਬਰ, ਘਰ ਤੇ ਭਰਾ ਸਾਰੇ ਜੰਜਾਲ (ਝਮੇਲੇ) ਹੀ ਹਨ।

ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥
ਪਾਤਿਸ਼ਾਹ, ਹਾਕਮ ਅਤੇ ਸਰਦਾਰ ਨਾਸਵੰਤ ਹਨ। ਕੇਵਲ ਵਾਹਿਗੁਰੂ ਦਾ ਦਾਰਵਾਜ਼ਾ ਹੀ ਸਦੀਵੀ ਸਥਿਰ ਥਾਂ ਹੈ।

ਅਵਲਿ ਸਿਫਤਿ ਦੂਜੀ ਸਾਬੂਰੀ ॥
ਤੇਰੀ ਪਹਿਲੀ ਨਮਾਜ਼ ਸਾਈਂ ਦੀ ਕੀਰਤੀ ਹੈ, ਦੂਜੀ ਸੰਤੋਖ,

ਤੀਜੈ ਹਲੇਮੀ ਚਉਥੈ ਖੈਰੀ ॥
ਤੀਜੀ ਨਿਮਰਤ; ਅਤੇ ਚੌਥੀ ਖ਼ੈਰਾਤ।

ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
ਤੇਰੀ ਪੰਜਵੀਂ ਨਮਾਜ਼ ਹੈ ਤੇਰਾ ਪੰਜਾਂ ਖ਼ਾਹਿਸ਼ਾਂ ਨੂੰ ਇਕ ਜਗ੍ਹਾ ਉੱਤੇ ਬੰਨ੍ਹ ਕੇ ਰਖਣਾ। ਇਹ ਹਨ ਤੇਰੇ, ਨਮਾਜ਼ ਦੇ ਪੰਜ ਪਰਮ ਸ੍ਰੇਸ਼ਟ ਵੇਲੇ।

ਸਗਲੀ ਜਾਨਿ ਕਰਹੁ ਮਉਦੀਫਾ ॥
ਵਾਹਿਗੁਰੂ ਦੇ ਹਰ ਥਾਂ ਹੋਣ ਦੀ ਗਿਆਤ ਨੂੰ ਆਪਣੀ ਉਪਾਸ਼ਨਾ ਬਣਾ।

ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥
ਮੰਦੇ ਕਰਮਾਂ ਦੇ ਤਿਆਗ ਨੂੰ ਆਪਣੇ ਹੱਥ ਵਿਚਲਾ ਪਾਣੀ ਦਾ ਲੋਟਾ ਬਣਾ।

ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥
ਵਾਹਿਗੁਰੂ ਦੇ ਕੇਵਲ ਇੱਕ ਹੋਣ ਦੀ ਗਿਆਤ ਹੀ ਤੇਰਾ ਨਮਾਜ਼ ਦਾ ਢੰਡੋਰਾ ਦੇਣਾ ਹੈ ਅਤੇ ਪ੍ਰਭੂ ਦਾ ਚੰਗਾ ਬਾਲ ਬਣਨਾ ਤੇਰਾ ਸਿੰਗੀ ਬਜਾਉਣਾ ਹੈ।

ਹਕੁ ਹਲਾਲੁ ਬਖੋਰਹੁ ਖਾਣਾ ॥
ਤੂੰ ਉਹ ਭੋਜਨ ਛੱਕ ਜੋ ਸਚਾਈ ਨਾਲ ਕਮਾਇਆ ਹੋਇਆ ਹੈ।

ਦਿਲ ਦਰੀਆਉ ਧੋਵਹੁ ਮੈਲਾਣਾ ॥
ਤੂੰ ਆਪਣੀ ਪਲੀਤੀ ਨੂੰ ਆਪਣੇ ਮਨ ਦੇ ਦਰਿਆ ਵਿੱਚ ਧੋ ਸੁੱਟ।

ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥
ਜੋ ਆਪਣੇ ਪੈਗੰਬਰ ਨੂੰ ਜਾਣਦਾ ਹੈ, ਉਹ ਸਵਰਗੀ ਬੰਦਾ ਹੈ। ਅਜ਼ਰਾਈਲ, ਮੌਤ ਦਾ ਦੂਤ ਉਸ ਨੂੰ ਨਰਕ ਵਿੱਚ ਨਹੀਂ ਧਰਦਾ।

ਕਾਇਆ ਕਿਰਦਾਰ ਅਉਰਤ ਯਕੀਨਾ ॥
ਚੰਗੇ ਅਮਲਾਂ ਨੂੰ ਆਪਣੀ ਦੇਹ ਤੇ ਈਮਾਨ ਨੂੰ ਆਪਣੀ ਵਹੁਟੀ ਬਣਾ।

ਰੰਗ ਤਮਾਸੇ ਮਾਣਿ ਹਕੀਨਾ ॥
ਤੂੰ ਸਚੇ ਸਾਈਂ ਦੇ ਪ੍ਰੇਮ ਤੇ ਦਿਲ-ਬਹਿਲਾਵਿਆਂ ਵਿੱਚ ਅਨੰਦ ਲੁਟ।

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
ਜੋ ਅਪਵਿੱਤ੍ਰ ਹੈ, ਉਸ ਨੂੰ ਤੂੰ ਪਵਿੱਤ੍ਰ ਬਣਾ। ਸੁਆਮੀ ਦੀ ਹਜ਼ੂਰੀ ਨੂੰ ਤੂੰ ਆਪਦੀ ਸਿਖਿਆ ਖਿਆਲ ਕਰ। ਮੁਕੰਮਲ ਦੇਹ ਤੇਰੇ ਸੀਸ ਦੀ ਪੱਗ ਹੋਵੇ।

ਮੁਸਲਮਾਣੁ ਮੋਮ ਦਿਲਿ ਹੋਵੈ ॥
ਮੁਸਲਮਾਨ ਉਹ ਹੈ, ਜੋ ਕੋਮਲ-ਚਿੱਤ ਵਾਲਾ ਹੈ।

ਅੰਤਰ ਕੀ ਮਲੁ ਦਿਲ ਤੇ ਧੋਵੈ ॥
ਉਸ ਨੂੰ ਆਪਣੀ ਅੰਦਰ ਦੀ ਪਲੀਤੀ ਆਪਣੇ ਮਨ ਤੋਂ ਧੋ ਸੁਟਣੀ ਚਾਹੀਦੀ ਹੈ।

ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥
ਉਸ ਨੂੰ ਸੰਸਾਰੀ ਸੁਆਦਾਂ ਦੇ ਲਾਗੇ ਨਹੀਂ ਲਗਣਾ ਚਾਹੀਦਾ ਅਤੇ ਉਹ ਫੁਲ, ਰੇਸ਼ਮ, ਘੀ ਅਤੇ ਮਿਰਗਛਾਲਾ ਦੀ ਮਾਨੰਦ ਪਵਿੱਤਰ ਹੋਵੇ।

ਜਾ ਕਉ ਮਿਹਰ ਮਿਹਰ ਮਿਹਰਵਾਨਾ ॥
ਜਿਸ ਉਤੇ ਮਇਆਵਾਨ ਮਾਲਕ ਦੀ ਕਿਰਪਾ ਅਤੇ ਰਹਿਮਤ ਹੈ;

ਸੋਈ ਮਰਦੁ ਮਰਦੁ ਮਰਦਾਨਾ ॥
ਉਹ ਇਨਸਾਨਾਂ ਵਿਚੋਂ ਪਰਮ ਵਰੀਆਮ ਇਨਸਾਨ ਹੈ।

ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥
ਉਹ ਹੀ ਮੁਸਲਿਮ ਪ੍ਰਚਾਰਕ, ਸ਼ੋਆਂ ਦਾ ਸਰਦਾਰ ਅਤੇ ਮੱਕੇ ਦਾ ਯਾਤਰੂ ਹੈ ਅਤੇ ਕੇਵਲ ਉਹ ਹੀ ਸੁਆਮੀ ਦਾ ਗੁਲਾਮ ਹੈ, ਜਿਸ ਉਤੇ ਮਨੱਖ (ਵਾਹਿਗੁਰੂ) ਦੀ ਰਹਿਮਤ ਹੈ।

ਕੁਦਰਤਿ ਕਾਦਰ ਕਰਣ ਕਰੀਮਾ ॥
ਸ਼ਕਤੀ ਸਰਬ ਸ਼ਕਤੀਵਾਨ ਸੁਆਮੀ ਦੀ ਮਲਕੀਅਤ ਹੈ ਅਤੇ ਮਿਹਰਬਾਨੀ ਮੇਹਰਵਾਨ ਮਾਲਕ ਦੀ।

ਸਿਫਤਿ ਮੁਹਬਤਿ ਅਥਾਹ ਰਹੀਮਾ ॥
ਬੇਥਾਹ ਹੈ ਮਿਹਰਬਾਨ ਮਾਲਕ ਦੀ ਮਹਿਮਾ ਅਤੇ ਪ੍ਰੀਤ।

ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥
ਹੇ ਨਾਨਕ! ਤੂੰ ਸੱਚੇ ਸੁਆਮੀ ਦੀ ਸੱਚੀ ਰਜ਼ਾ ਨੂੰ ਅਨੂਭਵ ਕਰ ਅਤੇ ਕੈਦਖ਼ਾਨੇ ਵਿਚੋਂ ਰਿਹਾ ਹੋ ਪਾਰ ਉਤੱਰ ਜਾਵੇਗਾਂ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮ ਸਭ ਊਚ ਬਿਰਾਜੇ ॥
ਸਾਰਿਆਂ ਨਾਲੋਂ ਉੱਚਾ ਹੈ ਨਿਵਾਸ ਅਸਥਾਨ ਸ੍ਰੋਮਣੀ ਸਾਹਿਬ ਦਾ।

ਆਪੇ ਥਾਪਿ ਉਥਾਪੇ ਸਾਜੇ ॥
ਉਹ ਆਪ ਹੀ ਟਿਕਾਉਂਦਾ, ਉਖੇੜਦਾ ਅਤੇ ਰਚਦਾ ਹੈ।

ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥
ਪ੍ਰਭੂ ਦੀ ਸ਼ਰਣ ਪਕੜਨ ਦੁਆਰਾ, ਆਰਾਮ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਨੂੰ ਮਾਇਆ ਦਾ ਡਰ ਨਹੀਂ ਚਿਮੜਦਾ।

ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚੋਂ ਬਚਾਇਆ ਸੀ,

ਰਕਤ ਕਿਰਮ ਮਹਿ ਨਹੀ ਸੰਘਾਰਿਆ ॥
ਅਤੇ ਤੈਨੂੰ ਮਾਤਾ ਦੇ ਲਹੂ ਵਿੱਚ ਨਾਸ ਨਹੀਂ ਕੀਤਾ ਜਦ ਤੂੰ ਇਕ ਤੁਛ ਕੀੜਾ ਹੀ ਸੈਂ,

ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥
ਅਤੇ ਜਿਸ ਨੇ ਆਪਣੀ ਬੰਦਗੀ ਬਖ਼ਸ਼ ਕੇ ਤੇਰੀ ਪਾਲਣਾ-ਪੋਸ਼ਣਾ ਕੀਤੀ; ਉਹ ਹਰੀ ਸਾਰਿਆਂ ਦਿਲਾਂ ਦਾ ਮਾਲਕ ਹੈ।

ਚਰਣ ਕਮਲ ਸਰਣਾਈ ਆਇਆ ॥
ਮੈਂ ਪ੍ਰਭੂ ਦੇ ਕੰਵਲ ਚਰਨਾਂ ਦੀ ਸ਼ਰਣ ਲਈ ਹੈ।

ਸਾਧਸੰਗਿ ਹੈ ਹਰਿ ਜਸੁ ਗਾਇਆ ॥
ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਇਨ ਕੀਤੀ ਹੈ।

ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥
ਮੈਂ ਜੰਮਣ ਤੇ ਮਰਨ ਦਾ ਸਮੂਹ ਦੁਖੜਾ ਦੂਰ ਕਰ ਦਿੱਤਾ ਹੈ ਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਹੁਣ ਮੌਤ ਤੋਂ ਨਹੀਂ ਡਰਦਾ।

ਸਮਰਥ ਅਕਥ ਅਗੋਚਰ ਦੇਵਾ ॥
ਸਰਬ-ਸ਼ਕਤੀਵਾਨ, ਅਕਹਿ ਅਤੇ ਸੋਚ ਸਮਝ ਤੋਂ ਪਰੇ ਹੈ ਮੇਰਾ ਪ੍ਰਕਾਸ਼ਵਾਨ ਪ੍ਰਭੂ।

ਜੀਅ ਜੰਤ ਸਭਿ ਤਾ ਕੀ ਸੇਵਾ ॥
ਸਾਰੇ ਜੀਵ ਜੰਤੂ ਕੇਵਲ ਉਸ ਦੀ ਹੀ ਘਾਲ ਕਮਾਉਂਦੇ ਹਨ।

ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥
ਘਣੇਰਿਆਂ ਤਰੀਕਿਆਂ ਨਾਲ ਸੁਆਮੀ ਆਂਡੇ ਤੋਂ ਜੰਮਿਆਂ, ਜੇਰ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਉਤਪੰਨ ਹੋਇਆਂ ਅਤੇ ਧਰਤੀ ਤੋਂ ਉੱਵਿਆਂ ਦੀ ਪਾਲਣਾ-ਪੋਸਣਾ ਕਰਦਾ ਹੈ।

ਤਿਸਹਿ ਪਰਾਪਤਿ ਹੋਇ ਨਿਧਾਨਾ ॥
ਕੇਵਲ ਉਸ ਨੂੰ ਹੀ ਸੁਆਮੀ ਦੀ ਦੌਲਤ ਪ੍ਰਾਪਤ ਹੁੰਦੀ ਹੈ,

ਰਾਮ ਨਾਮ ਰਸੁ ਅੰਤਰਿ ਮਾਨਾ ॥
ਜੋ ਆਪਣੇ ਮਨ ਅੰਦਰ ਸੁਆਮੀ ਦੇ ਨਾਮ ਦੇ ਅੰਮ੍ਰਿਤ ਨੂੰ ਮਾਣਦਾ ਹੈ।

ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥
ਹੱਥੋਂ ਪਕੜ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕਢ ਲੈਂਦਾ ਹੈ; ਪ੍ਰੰਤੂ ਕੋਈ ਇਕ ਅੱਘਾ ਹੀ ਐਹੋ ਜੇਹਾ ਵਾਹਿਗੁਰੂ ਦਾ ਸੰਤ ਹੈ।

copyright GurbaniShare.com all right reserved. Email