Page 1085

ਆਦਿ ਅੰਤਿ ਮਧਿ ਪ੍ਰਭੁ ਸੋਈ ॥
ਉਹ ਸਾਹਿਬ ਆਰੰਭ, ਦਰਮਿਆਨ ਅਤੇ ਅਖ਼ੀਰ ਵਿੱਚ ਹੈ।

ਆਪੇ ਕਰਤਾ ਕਰੇ ਸੁ ਹੋਈ ॥
ਕੇਵਲ ਉਹ ਹੀ ਹੁੰਦਾ ਹੈ ਜਿਹੜਾ ਕਿ ਸਿਰਜਣਹਾਰ ਖ਼ੁਦ ਕਰਦਾ ਹੈ।

ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥
ਸਤਿਸੰਗਤ ਨਾਲ ਜੁੜਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਕੰਗਾਲਤਾ ਪ੍ਰਾਣੀ ਨੂੰ ਤਬਾਹ ਨਹੀਂ ਕਰਦੀ।

ਊਤਮ ਬਾਣੀ ਗਾਉ ਗੋੁਪਾਲਾ ॥
ਹੇ ਸੰਸਾਰ ਦੇ ਪਾਲਣ-ਪੋਸਣਹਾਰ! ਮੈਂ ਸ਼੍ਰੇਸ਼ਟ ਗੁਰਬਾਣੀ ਗਾਇਨ ਕਰਦਾ ਹਾਂ।

ਸਾਧਸੰਗਤਿ ਕੀ ਮੰਗਹੁ ਰਵਾਲਾ ॥
ਮੈਂ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ।

ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥
ਆਪਣੀ ਖ਼ਾਹਿਸ਼ ਨੂੰ ਮੇਟ ਕੇ ਮੈਂ ਖ਼ਾਹਿਸ਼-ਰਹਿਤ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਰੇ ਪਾਪ ਸਾੜ ਸੁੱਟੇ ਹਨ।

ਸੰਤਾ ਕੀ ਇਹ ਰੀਤਿ ਨਿਰਾਲੀ ॥
ਸਾਧੂਆਂ ਦਾ ਇਹ ਅਨੋਖਾ ਤਰੀਕਾ ਹੈ,

ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥
ਕਿ ਉਹ ਪਰਮ ਪ੍ਰਭੂ ਨੂੰ ਸਦਾ ਆਪਣੇ ਨਾਲ ਵੇਖਦੇ ਹਨ।

ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥
ਹਰ ਸੁਆਸ ਨਾਲ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦੇ ਹਨ। ਸਾਹਿਬ ਦੀ ਬੰਦਗੀ ਕਰਨ ਵਿੱਚ ਬੰਦਾ ਕਿਉਂ ਸੁਸਤੀ ਕਰਦਾ ਹੈ।

ਜਹ ਦੇਖਾ ਤਹ ਅੰਤਰਜਾਮੀ ॥
ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਦਿਲਾਂ ਦੀਆਂ ਜਾਣਨਹਾਰ ਆਪਣੇ ਸੁਆਮੀ ਨੂੰ ਵੇਖਦਾ ਹਾਂ।

ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸਾਈਂ ਮਾਲਕ ਨੂੰ ਨਹੀਂ ਭੁਲਾਉਂਦਾ।

ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥
ਤੇਰੇ ਗੋਲੇ ਤੇਰਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਜੀਉਂਦੇ ਹਨ, ਹੇ ਵਾਹਿਗੁਰੂ! ਤੂੰ ਜੰਗਲਾਂ, ਪਾਣੀ ਅਤੇ ਸੁਕੀ ਧਰਤੀ ਅੰਦਰ ਵਿਆਪਕ ਹੋ ਰਿਹਾ ਹੈਂ।

ਤਤੀ ਵਾਉ ਨ ਤਾ ਕਉ ਲਾਗੈ ॥
ਉਸ ਨੂੰ ਤੱਤੀ ਹਵਾ ਤੱਕ ਨਹੀਂ ਲਗਦੀ,

ਸਿਮਰਤ ਨਾਮੁ ਅਨਦਿਨੁ ਜਾਗੈ ॥
ਜੋ ਨਾਮ ਦੇ ਆਰਾਧਨ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।

ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥
ਵਾਹਿਗੁਰੂ ਦੀ ਬੰਦਗੀ ਅੰਦਰ ਉਹ ਖ਼ੁਸ਼ੀ ਤੇ ਰੰਗ-ਰਲੀਆਂ ਕਰਦਾ ਹੈ ਅਤੇ ਮੋਹਨੀ ਮਾਇਆ ਨਾਲ ਉਸ ਦੀ ਕੋਈ ਲਗਨ ਨਹੀਂ;

ਰੋਗ ਸੋਗ ਦੂਖ ਤਿਸੁ ਨਾਹੀ ॥
ਬੀਮਾਰੀ, ਸ਼ੋਕ ਅਤੇ ਤਕਲਫ਼ਿ ਉਸ ਨੂੰ ਨਹੀਂ ਚਿਮੜਦੀਆਂ,

ਸਾਧਸੰਗਿ ਹਰਿ ਕੀਰਤਨੁ ਗਾਹੀ ॥
ਅਤੇ ਉਹ ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮ ਗਾਇਨ ਕਰਦਾ ਹੈ।

ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥
ਹੇ ਮੇਰੇ ਪਿਆਰੇ ਪ੍ਰਭੂ। ਸਿਰਜਣਹਾਰ ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।

ਨਾਮ ਰਤਨੁ ਤੇਰਾ ਹੈ ਪਿਆਰੇ ॥
ਹੇ ਮੇਰੇ ਪਿਆਰੇ ਪ੍ਰੀਤਮਾ, ਜਵੇਹਰ ਵਰਗਾ ਹੈ ਤੈਡਾਂ ਨਾਮ।

ਰੰਗਿ ਰਤੇ ਤੇਰੈ ਦਾਸ ਅਪਾਰੇ ॥
ਤੇਰੇ ਬੇਅੰਤ ਪਿਆਰ ਨਾਲ ਤੇਰੇ ਗੋਲੇ ਰੰਗੇ ਹੋਏ ਹਨ।

ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥
ਜੋ ਤੇਰੇ ਪਿਆਰ ਨਾਲ ਰੰਗੀਜੇ ਹਨ ਉਹ ਤੇਰੇ ਵਰਗੇ ਹੀ ਹਨ। ਪ੍ਰੰਤੂ, ਕੋਈ ਟਾਂਵਾਂ ਟੱਲਾ ਹੀ ਐਹੋ ਜੇਹਾ ਪੁਰਸ਼ ਲਭਦਾ ਹੈ।

ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥
ਮੇਰੀ ਜਿੰਦੜੀ ਉਨ੍ਹਾਂ ਦੇ ਚਰਨਾਂ ਦੀ ਖਾਕ ਨੂੰ ਲੋੜਦੀ ਹੈ,

ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥
ਜੋ ਆਪਣੇ ਸਾਹਿਬ ਨੂੰ ਕਿਸੇ ਵੇਲੇ ਭੀ ਨਹੀਂ ਭੁਲਾਉਂਦੇ।

ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥
ਉਨ੍ਹਾਂ ਦੀ ਸੰਗਤ ਅੰਦਰ ਮੈਂ ਮਹਾਨ ਮਰਤਬੇ ਨੂੰ ਪਾਉਂਦਾ ਹਾਂ ਅਤੇ ਮੇਰਾ ਸਾਥੀ, ਵਾਹਿਗੁਰੂ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ।

ਸਾਜਨੁ ਮੀਤੁ ਪਿਆਰਾ ਸੋਈ ॥
ਕੇਵਲ ਉਹ ਹੀ ਮੇਰਾ ਪਿਆਰਾ ਦੋਸਤ ਅਤੇ ਯਾਰ ਹੈ,

ਏਕੁ ਦ੍ਰਿੜਾਏ ਦੁਰਮਤਿ ਖੋਈ ॥
ਜੋ ਮੇਰੇ ਅੰਦਰ ਇਕ ਸੁਆਮੀ ਨੂੰ ਪੱਕਾ ਕਰਦਾ ਹੈ ਅਤੇ ਮੰਦੀ ਅਕਲ ਤੋਂ ਮੇਰਾ ਖਹਿੜਾ ਛੁਡਾਉਂਦਾ ਹੈ।

ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥
ਪਵਿੱਤਰ ਹੈ ਉਸ ਪੁਰਸ਼ ਦੀ ਸਿੱਖਮਤ ਜੋ ਵਿਸ਼ੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਪਾਸੋਂ ਮੇਰੀ ਖ਼ਲਾਸੀਂ ਕਰਾਉਂਦਾ ਹੈ।

ਤੁਧੁ ਵਿਣੁ ਨਾਹੀ ਕੋਈ ਮੇਰਾ ॥
ਤੇਰੇ ਬਗ਼ੈਰ, ਹੇ ਸੁਆਮੀ! ਮੈਡਾਂ ਕੋਈ ਨਹੀਂ।

ਗੁਰਿ ਪਕੜਾਏ ਪ੍ਰਭ ਕੇ ਪੈਰਾ ॥
ਗੁਰਾਂ ਨੇ ਮੈਨੂੰ ਸੁਆਮੀ ਦੇ ਚਰਣ ਫੜਾਏ ਹਨ।

ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥
ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਹੋਰਸ (ਮਾਇਆ) ਦਾ ਸੰਸਾ ਦੂਰ ਕਰ ਦਿੱਤਾ ਹੈ।

ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥
ਕਿਸੇ ਸਾਹ ਨਾਲ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦਾ,

ਆਠ ਪਹਰ ਹਰਿ ਹਰਿ ਕਉ ਧਿਆਈ ॥
ਤੇ ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਮਾਲਕ ਨੂੰ ਯਾਦ ਕਰਦਾ ਹਾਂ।

ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥
ਨਾਨਕ, ਸਾਧੂ ਤੈਂਡੀ ਪ੍ਰੀਤ ਦੇ ਨਾਲ ਰੰਗੇ ਹੋਏ ਹਨ। ਤੂੰ ਮੇਰਾ ਵੱਡਾ ਸਰਬ-ਸ਼ਕਤੀਵਾਨ ਸੁਆਮੀ ਹੈਂ।

ਮਾਰੂ ਮਹਲਾ ੫
ਮਾਰੂ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਚਰਨ ਕਮਲ ਹਿਰਦੈ ਨਿਤ ਧਾਰੀ ॥
ਪ੍ਰਭੂ ਦੇ ਕੰਵਲ ਚਰਨ ਮੈਂ ਸਦੀਵ ਹੀ ਆਪਦੇ ਮਨ ਅੰਦਰ ਟਿਕਾਉਂਦਾ ਹਾਂ।

ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥
ਹਰ ਮੁਹਤ, ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।

ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥
ਆਪਣੀ ਦੇਹ, ਜਿੰਦੜੀ ਤੇ ਹਰ ਸ਼ੈ ਨੂੰ ਸਮਰਪਨ ਕਰ ਕੇ, ਮੈਂ ਆਪਣੇ ਸੁਆਮੀ ਮੂਹਰੇ ਰਖਦਾ ਹਾਂ। ਸੁੰਦਰ ਹੈ ਉਸ ਦਾ ਨਾਮ ਇਸ ਜਹਾਨ ਅੰਦਰ।

ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥
ਆਪਣੇ ਚਿੱਤ ਵਿਚੋਂ ਤੂੰ ਉਸ ਸਾਈਂ ਨੂੰ ਕਿਉਂ ਭੁਲਾਉਂਦਾ ਹੈਂ,

ਜੀਉ ਪਿੰਡੁ ਦੇ ਸਾਜਿ ਸਵਾਰੇ ॥
ਜਿਸ ਨੇ ਤੈਨੂੰ ਆਤਮਾ ਤੇ ਦੇਹ ਬਖ਼ਸ਼ ਕੇ ਰਚਿਆ ਅਤੇ ਸ਼ਸ਼ੋਭਤ ਕੀਤਾ ਹੈ।

ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥
ਹਰ ਸੁਆਸ ਅਤੇ ਬੁਰਕੀ ਨਾਲ (ਹਰ ਸਮੇਂ) ਸਿਰਜਣਹਾਰ-ਸੁਆਮੀ ਬੰਦੇ ਦੀ ਰਖਵਾਲੀ ਕਰਦਾ ਹੈ ਅਤੇ ਉਹ ਆਪਣੇ ਅਮਲਾਂ ਦਾ ਫਲ ਭੁਗਤਦਾ ਹੈ।

ਜਾ ਤੇ ਬਿਰਥਾ ਕੋਊ ਨਾਹੀ ॥
ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ-ਹੱਥੀਂ ਨਹੀਂ ਮੁੜਦਾ;

ਆਠ ਪਹਰ ਹਰਿ ਰਖੁ ਮਨ ਮਾਹੀ ॥
ਦਿਨ ਦੇ ਅੱਠੇ ਪਹਿਰ ਹੀ ਤੂੰ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।

copyright GurbaniShare.com all right reserved. Email