Page 1089

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥
ਉਸ ਨੇ ਖ਼ੁਦ ਸਾਰਾ ਸੰਸਾਰ ਰਚਿਆ ਹੈ ਅਤੇ ਖ਼ੁਦ ਹੀ ਉਸ ਅੰਦਰ ਵਿਆਪਕ ਹੋ ਰਿਹਾ ਹੈ।

ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥
ਗੁਰਾਂ ਦੀ ਦਇਆ ਦੁਆਰਾ, ਸਦੀਵ ਹੀ, ਉਸ ਦੀ ਕੀਰਤੀ ਕਰ ਅਤੇ ਸੱਚ ਦੇ ਰਾਹੀਂ ਉਸ ਦਾ ਮੁੱਲ ਪਾ।

ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥
ਗੁਰਾਂ ਦੀ ਬਾਣੀ ਦੁਆਰਾ, ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਇਸ ਤਰ੍ਹਾਂ ਆਦਮੀ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।

ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥
ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਉਹ ਆਰਾਮ ਅਡੋਲਤਾ ਅੰਦਰ ਸੌਦਾਂ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥
ਨਾਂ ਗੰਦਾ, ਨਾਂ ਗਹਿਰਾ, ਨਾਂ ਗੇਰੂ-ਰੰਗਾ, ਨਾਂ ਹੀ ਕੋਈ ਹੋਰ ਕੂੜ੍ਹਾ ਰੰਗ।

ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥
ਨਾਨਕ ਪੂਰਨ ਲਾਲ ਹੈ ਸੱਚਾ ਰੰਗ ਉਸ ਦਾ, ਜੋ ਸੱਚੇ ਸੁਆਮੀ ਨਾਲ ਰੰਗਆ ਹੋਇਆ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥
ਡਰ ਨੂੰ ਨਵਿਰਤਾ ਕਰਕੇ, ਭੌਰਾ ਸੁਭਾਵਿਕ ਹੀ, ਨਬਾਤਾਤ, ਫੁੱਲਾ ਅਤੇ ਫਲਾਂ ਅੰਦਰ ਵਸਦਾ ਹੈ।

ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥
ਨਾਨਕ, ਕੇਵਲ ਇਕ ਹੀ ਰੁੱਖ ਹੈ, ਇਕ ਹੀ ਫਲ ਅਤੇ ਇਕ ਹੀ ਭੋਰਾ।

ਪਉੜੀ ॥
ਪਉੜੀ।

ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥
ਬਹਾਦਰ ਅਤੇ ਮੁਖੀਏ ਹਨ ਉਹ ਪੁਰਸ਼ ਜੋ ਆਪਣੇ ਮਨ ਨਾਲ ਜੂਝਦੇ ਹਨ।

ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥
ਜੋ ਆਪਣੇ ਆਪ ਦੀ ਪਹਿਚਾਨ ਕਰਦੇ ਹਨ, ਉਹ ਹਮੇਸ਼ਾਂ ਆਪਣੇ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ।

ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥
ਬ੍ਰਹਮ ਬੇਤਿਆਂ ਦੀ ਇਹ ਵਡਿਆਈ ਹੈ, ਕਿ ਉਹ ਆਪਣੇ ਮਨ ਅੰਦਰ ਹੀ ਲੀਨ ਹੋਏ ਰਹਿੰਦੇ ਹਨ।

ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥
ਉਹ ਸੱਚੇ ਸਾਈਂ ਦਾ ਸਿਮਰਨ ਧਾਰਨ ਕਰਦੇ ਹਨ ਅਤੇ ਪੂਜਯ ਪ੍ਰਭੂ ਦੇ ਮਹਲ ਨੂੰ ਪ੍ਰਾਪਤ ਹੁੰਦੇ ਹਨ।

ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥
ਜੋ ਗੁਰਾਂ ਦੀ ਦਇਆ ਦੁਆਰਾ, ਆਪਣੇ ਮਨ ਨੂੰ ਫ਼ਤਹ ਕਰ ਲੈਂਦੇ ਹਨ ਉਹ ਸਾਰੇ ਜਹਾਨ ਨੂੰ ਜਿੱਤ ਲੈਂਦੇ ਹਨ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥
ਜੇਕਰ ਮੈਂ ਯੋਗੀ ਬਣ ਜਾਵਾਂ ਅਤੇ ਬੂਹੇ ਬੂਹੇ ਤੋਂ ਖ਼ੈਰ ਲੈਂਦਾ ਹੋਇਆ ਸੰਸਾਰ ਦਾ ਰਟਨ ਕਰਾਂ।

ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥
ਤਾਂ ਜਦ ਮੇਰੇ ਕੋਲੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਮੰਗਿਆ ਗਿਆ, ਤਦ ਮੈਂ ਕੀਹਨੂੰ ਜਵਾਬ ਦਿਆਂਗਾ ਤੇ ਕੀਹਨੂੰ ਨਹੀਂ?

ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥
ਮੈਂ ਰੱਬ ਦੇ ਨਾਮ ਨੂੰ ਆਪਣੀ ਖ਼ੈਰ ਅਤੇ ਸੰਤੁਸ਼ਟਤਾ ਨੂੰ ਆਪਦਾ ਮੰਦਰ ਬਣਾਉਂਦਾ ਹਾਂ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਵਸਦਾ ਹਾਂ।

ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥
ਪ੍ਰਭੂ ਧਾਰਮਕ ਲਿਬਾਸਾਂ ਦੁਆਰਾ ਪ੍ਰਾਪਤ ਨਹੀਂ ਹੁੰਦਾ ਜਾਂ (ਹੱਥ ਨਹੀਂ ਲਗਦਾ) ਇਸ ਤਰ੍ਹਾਂ ਹਰ ਕਿਸੇ ਨੂੰ ਮੌਤ ਦਾ ਫ਼ਰਿਸ਼ਤਾ ਪਕੜ ਲੈਂਦਾ ਹੈ।

ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥
ਨਾਨਕ, ਕੂੜੇ ਹਨ ਹੋਰ ਸਾਰੇ ਬਚਨ। ਤੂੰ ਸੱਚੇ ਨਾਮ ਦਾ ਸਿਮਰਨ ਕਰ।

ਮਃ ੩ ॥
ਤੀਜੀ ਪਾਤਿਸ਼ਾਹੀ।

ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥
ਕੋਈ ਜਣਾ ਉਸ ਬੂਹੇ (ਵਿਅਕਤੀ) ਦੀ ਟਹਿਲ ਨ ਕਮਾਵੇ, ਜਿਸ ਦੀ ਟਹਿਲ ਕਮਾਉਣ ਦੁਆਰਾ ਉਸ ਪਾਸੋਂ ਲੇਖਾ ਪਤਾ ਪੁੱਛਿਆ ਜਾਂਦਾ ਹੈ।

ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥
ਤੂੰ ਐਹੋ ਜੇਹਾ ਸੱਚਾ ਗੁਰੂ ਲੱਭ ਲੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।

ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥
ਉਨ੍ਹਾਂ ਦੀ ਸ਼ਰਣ ਅੰਦਰ, ਪ੍ਰਾਣੀ ਬੰਦਖ਼ਲਾਸ ਹੋ ਜਾਂਦਾ ਹੈ ਅਤੇ ਕੋਈ ਭੀ ਉਸ ਕੋਲੋਂ ਲੇਖਾ ਪਤਾ ਨਹੀਂ ਪੁਛਦਾ।

ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥
ਸੱਚ ਗੁਰਾਂ ਅੰਦਰ ਟਿਕਿਆ ਹੋਇਆ ਹੈ ਅਤੇ ਸੱਚ ਨੂੰ ਹੀ ਉਹ ਹੋਰਨਾਂ ਅੰਦਰ ਟਿਕਾਉਂਦੇ ਹਨ। ਪ੍ਰਾਣੀਆਂ ਨੂੰ ਉਹ ਸੱਚੇ ਨਾਮ ਦੀ ਦਾਤ ਦਿੰਦੇ ਹਲ।

ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥
ਜਿਸ ਦੇ ਅੰਤਰ ਆਤਮੇ ਸੱਚ ਇਕਿਆ ਹੋਇਆ ਹੈ; ਉਸ ਦਾ ਸਰੀਰ ਤੇ ਮਨ ਭੀ ਸੱਚੇ ਥੀ ਵੰਝਦੇ ਹਨ।

ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥
ਨਾਨਕ, ਜੇਕਰ ਬੰਦਾ ਸੱਚੇ ਸਾਈਂ ਦੇ ਫ਼ੁਰਮਾਨ ਨੂੰ ਮੰਨ ਲਵੇ ਤਾਂ ਸਾਈਂ ਉਸ ਨੂੰ ਸੱਚੀ ਪ੍ਰਭਤਾ ਪ੍ਰਦਾਨ ਕਰਦਾ ਹੈ।

ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥
ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ; ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥
ਉਹ ਸੂਰਮੇ ਨਹੀਂ ਕਹੇ ਜਾਂਦੇ, ਜੋ ਗਰੂਰ ਨਾਲ ਮਰ ਮੁਕਦੇ ਹਨ ਅਤੇ ਕਸ਼ਅ ਉਠਾਉਂਦੇ ਹਨ।

ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥
ਉਹ ਅੰਨ੍ਹੇ ਆਪਣੇ ਆਪ ਨੂੰ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਗਲ ਸੜ ਜਾਂਦੇ ਹਨ।

ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥
ਬੜੇ ਗੁੱਸੇ ਨਾਲ ਉ ਜੂਝਦੇ ਹਨ ਅਤੇ ਏਥੇ ਤੇ ਅੱਗੇ ਤਕਲਫ਼ਿ ਉਠਾਉਂਦੇ ਹਨ।

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥
ਵੇਦ ਉੱਚੀ ਉੱਚੀ ਪੁਕਾਰਦੇ ਹਨ ਕਿ ਮਾਣਨੀਯ ਮਾਲਕ ਨੂੰ ਹੰਕਾਰ ਚੰਗਾ ਨਹੀਂ ਲਗਦਾ।

ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥
ਜੋ ਗਰੂਰ ਨਾਲ ਮਰਦੇ ਮੁਕਦੇ ਹਲ ਉਹ ਮੁਕਤੀ ਤੋਂ ਸੱਖਣੇ ਜਾਂਦੇ ਹਨ। ਉਹ ਮਰਦੇ, ਜੰਮਦੇ ਅਤੇ ਮੁੜ ਆਉਂਦੇ ਹਨ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥
ਕਾਂ ਚਿੱਟਾ ਨਹੀਂ ਹੁੰਦਾ, ਨਾਂ ਹੀ ਲੋਹੇ ਦੀ ਕਿਸ਼ਤੀ ਤਰਦੀ ਹੈ।

ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥
ਮੁਬਾਰਕ ਹੈ ਉਹ ਜੋ ਆਪਣੇ ਪ੍ਰੀਤਮ ਦੀ ਦੌਲਤ ਵਿੱਚ ਭਰੋਸਾ ਧਾਰਨ ਕਰਦਾ ਹੈ। ਉਹ ਹੋਰਨਾਂ ਨੂੰ ਭੀ ਈਸ਼ਵਰ-ਪਰਾਇਨ ਕਰ ਦਿੰਦਾ ਹੈ।

ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥
ਜੋ ਸੁਆਮੀ ਦੀ ਰਜ਼ਾ ਨੂੰ ਸਿੰਝਾਣਦਾ ਹੈ, ਉਸ ਦਾ ਚਿਹਰਾ ਰੋਸ਼ਨ ਥੀ ਵੰਝਦਾ ਹੈਂ ਅਤੇ ਉਹ ਲੱਕੜੀ ਉਤੇ ਲੋਹੇ ਦੀ ਮਾਨੰਦ ਪਾਰ ਉਤੱਰ ਜਾਂਦਾ ਹੈ।

ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥
ਲਾਲਚ ਛੱਡਣਾ ਅਤੇ ਸਾਈਂ ਦੇ ਡਰ ਅੰਦਰ ਵੱਸਣਾ, ਹੇ ਨਾਨਕ! ਸ੍ਰੇਸ਼ਟ ਅਮਲ ਹਨ।

ਮਃ ੩ ॥
ਤੀਜੀ ਪਾਤਿਸ਼ਾਹੀ।

ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥
ਬੇਸਮਝ ਬੰਦੇ ਜੋ ਆਪਣੇ ਮਨ ਨੂੰ ਕਾਬੂ ਕਰਨ ਲਈ ਮਾਰੂਥਲਾ ਵਿੱਚ ਜਾਂਦੇ ਹਨ, ਉਹ ਇਸ ਨੂੰ ਕਾਬੂ ਨਹੀਂ ਕਰ ਸਕਦੇ।

ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥
ਨਾਨਕ, ਜੇਕਰ ਇਸ ਮਨ ਨੂੰ ਵੱਸ ਕਰਨਾ ਹੈ ਤਾਂ ਪ੍ਰਾਣੀ ਨੂੰ ਲਾਜ਼ਮੀ ਤੌਰ ਤੇ ਗੁਰਾਂ ਦੇ ਉਪਦੇਸ਼ ਨੂੰ ਸੋਚਣਾ ਸਮਝਣਾ ਚਾਹੀਦਾ ਹੈ।

ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥
ਵਸ ਕਰਨ ਦੁਆਰਾ ਇਹ ਮਨੂਆ ਵਸ ਨਹੀਂ ਆਉਂਦਾ, ਭਾਵੇਂ ਹਰ ਜਣਾ ਇਸ ਤਰ੍ਹਾਂ ਪਿਆ ਚਾਹੇ।

ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥
ਨਾਨਕ, ਜੇਕਰ ਉਹ ਸੱਚੇ ਗੁਰੂ ਜੀ ਮਿਲ ਪੈਣ ਤਾਂ ਮਨੂਆ ਖ਼ੁਦ ਹੀ ਮਨੂਏ ਨੂੰ ਵਸ ਕਰ ਲੈਂਦਾ ਹੈ।

copyright GurbaniShare.com all right reserved. Email