Page 1090

ਪਉੜੀ ॥
ਪਉੜੀ।

ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥
ਸੁਆਮੀ ਨੇ ਦੋਨੋਂ ਹੀ ਪਾਸੇ ਰਚੇ ਹਨ ਅਤੇ ਮਨ ਮਾਇਆ ਅੰਦਰ ਵਸਦਾ ਹੈ।

ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥
ਮਾਇਆ ਦੇ ਰਾਹੀਂ ਕਦੇ ਕਿਸੇ ਨੂੰ ਸੁਆਮੀ ਪ੍ਰਾਪਤ ਨਹੀਂ ਹੋਇਆ ਅਤੇ ਬੰਦਾ ਜਨਮ ਤੇ ਮਰਨ ਅੰਦਰ ਭਟਕਦਾ ਹੈ।

ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥
ਗੁਰਾਂ ਦੀ ਘਾਲ ਕਮਾਉਣ ਦੁਆਰਾ, ਠੰਢ-ਚੈਨ ਪ੍ਰਾਪਤ ਹੁੰਦੀ ਹੈ ਅਤੇ ਬੰਦਾ ਹਰ ਸੁਆਸ ਤੇ ਬੁਰਕੀ ਨਾਲ ਸਾਈਂ ਨੂੰ ਸਿਮਰਦਾ ਹੈ।

ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥
ਸਿਮ੍ਰਤੀਆਂ ਅਤੇ ਸ਼ਾਸਤਰਾਂ ਨੂੰ ਖੋਜ-ਭਾਲ ਤੇ ਵੇਖ ਕੇ ਮੈਨੂੰ ਪਤਾ ਲੱਗਾ ਹੈ ਕਿ ਪਰਮ ਸ੍ਰੇਸ਼ਟ ਪੁਰਸ਼ ਪ੍ਰਭੂ ਦਾ ਗੋਲਾ ਹੈ।

ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥
ਨਾਮ ਦੇ ਬਾਝੌਂ ਕੋਈ ਸ਼ੈ ਭੀ ਅਸਥਿਰ ਨਹੀਂ, ਹੇ ਨਾਨਕ! ਇਸ ਲਈ ਮੈਂ ਘੋਲੀ ਵੰਝਦਾਹਾਂ ਸੁਆਮੀ ਦੇ ਨਾਮ ਉੰਤੋਂ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
ਜੇਕਰ ਮੈਂ ਇਕ ਬ੍ਰਾਹਮਣ ਜਾਂ ਜੋਤਸ਼ੀ ਹੋ ਵੰਝਾਂ ਅਤੇ ਆਪਣੇ ਮੂੰਹ ਨਾਲ ਚਾਰੇ ਹੀ ਵੇਦਾਂ ਦਾ ਉਚਾਰਨ ਕਰਾਂ ਅਤੇ:

ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥
ਜੇਕਰ ਜ਼ਮੀਨ ਦੇ ਨਵਾਂ ਹੀ ਹਿੱਸਿਆ ਅੰਦਰ ਆਪਣੀ ਸਿਆਣਪ ਤੇ ਵਿਚਾਰਾਂ ਕਾਰਨ ਮੇਰੀ ਉਪਾਸ਼ਨਾ ਹੋਵੇ;

ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥
ਕਿਤੇ ਐਉਂ ਨਾਂ ਹੋ ਜਾਵੇ ਕਿ ਮੈਨੂੰ ਸੱਚਾ ਨਾਮ ਵਿਸਰ ਜਾਵੇ ਅਤੇ ਕੋਈ ਭੀ ਮੇਰੇ ਚੌਂਕੇ ਨੂੰ ਨਾਂ ਛੂਹੇ।

ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
ਕੁੜੇ ਹਨ, ਰੋਟੀ ਪਕਾਉਣ ਵਾਲੇ ਵਲਗਣ। ਕੇਵਲ ਉਹ ਸੱਚਾ ਸੁਆਮੀ ਹੀ ਸੱਚਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥
ਉਹ ਸੱਚਾ ਸੁਆਮੀ ਖ਼ੁਦ ਰਚਦਾ ਹੈ, ਖ਼ੁਦ ਸਾਰਾ-ਕੁੱਝ ਕਰਦਾ ਹੈ, ਖ਼ੁਦ ਰਹਿਮਤ ਧਾਰਦਾ ਹੈ,

ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥
ਅਤੇ ਖ਼ੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ; ਇਹ ਗੁਰੂ ਜੀ ਕਹਿਣਾ ਹਨ।

ਪਉੜੀ ॥
ਪਉੜੀ।

ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥
ਕੇਵਲ ਮੌਤ ਦੀ ਪੀੜ ਹੀ ਭਿਆਨਕ ਹੈ। ਕੋਈ ਹੋਰ ਐਹੋ ਜੇਹੀ ਭਿਆਨਕ ਪੀੜ ਮੇਰੇ ਖਿਆਲ ਵਿੱਚ ਨਹੀਂ ਆਉਂਦੀ।

ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥
ਅਜਿਤ ਮੌਤ ਸੰਸਾਰ ਅੰਦਰ ਵਰਤਦੀ ਹੈ, ਅਤੇ ਗੁਨਹਿਗਾਰ ਨਾਲ ਜੂਝਦੀ ਹੈ।

ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਸੁਆਮੀ ਮਾਲਕ ਦਾ ਮਿਸਰਨ ਕਰਨ ਰਾਹੀਂ, ਇਨਸਾਨ ਉਸ ਨੂੰ ਅਨੁਭਵ ਕਰ ਲੈਂਦਾ ਹੈ।

ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥
ਕੇਵਲ ਉਹ ਹੀ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਬੰਦਖ਼ਲਾਸ ਹੁੰਦਾ ਹੈ, ਜਿਹੜਾ ਆਪਣੇ ਮਨ ਨਾਲ ਜੰਗ ਕਰਦਾ ਹੈ।

ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
ਜੋ ਆਪਣੇ ਚਿੱਤ ਅੰਦਰ ਹਰੀ ਨੂੰ ਸਿਮਰਦਾ ਤੇ ਆਰਾਧਦਾ ਹੈ, ਉਹ ਸਾਹਿਬ ਦੇ ਦਰਬਾਰ ਅੰਦਰ ਕਾਮਯਾਬ ਹੋ ਜਾਂਦਾ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥
ਰਚਨਾ ਸੁਆਮੀ-ਹਾਕਮ ਦੀ ਰਜ਼ਾ ਦੁਆਰਾ ਹੋਈ ਹੈ। ਉਸ ਦੇ ਦਰਬਾਰ ਅੰਦਰ ਸੱਚ ਪਰਵਾਣ ਹੁੰਦਾਹੈ।

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥
ਸੁਆਮੀ ਤੇਰੇ ਪਾਸੋਂ ਹਿਸਾਬ-ਕਿਤਾਬ ਮੰਗੇਗਾ। ਹੇ ਬੰਦੇ! ਸੰਸਾਰ ਨੂੰ ਵੇਖ ਕੇ, ਤੂੰ ਕੁਰਾਹੇ ਨਾਂ ਪਓ।

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥
ਜਿਹੜਾ ਆਪਣੇ ਮਨ ਉਤੇ ਪਹਿਰਾ ਦਿੰਦਾ ਹੈ ਅਤੇ ਇਸ ਨੂੰ ਪਵਿੱਤਰ ਰਖਦਾ ਹੈ; ਕੇਵਲ ਉਹ ਹੀ ਸੰਤ ਹੈ।

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥
ਨਾਨਕ, ਪ੍ਰਾਣੀ ਦੇ ਪਿਆਰ ਅਤੇ ਪ੍ਰੇਮ ਦਾ ਹਿਸਾਬ-ਕਿਤਾਬ ਸਿਰਜਣਹਾਰ-ਸੁਆਮੀ ਦੇ ਕੋਲ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥
ਉਸ ਦੇ ਲਈ, ਜੋ ਨਿਰਲੇਪ ਵਿਚਰਦਾ ਹੈ ਅਤੇ ਰੁਖੀ ਸੁਖੀ ਰੋਟੀ ਖਾਂਦਾ ਹੈ, ਸ਼੍ਰਿਸ਼ਟੀ ਦਾ ਸੁਆਮੀ ਹਰ ਜਗ੍ਹਾਂ ਹੀ ਹੈ।

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥
ਉਸ ਦੇ ਮਨ ਦਾ ਹੀਰਾ ਮਾਲਕ ਦੇ ਹੀਰੇ ਨਾਲ ਵਿੰਨਿ੍ਹਆ ਗਿਆ ਹੈ ਅਤੇ ਉਸ ਦਾ ਗਲਾ ਨਾਮ ਦੇ ਮਾਣਕ ਨਾਲ ਸ਼ਸ਼ੋਭਤ ਹੋਇਆ ਹੈ, ਹੇ ਨਾਨਕ!

ਪਉੜੀ ॥
ਪਉੜੀ।

ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥
ਮੌਤ ਆਪ-ਹੁਦਰਿਆਂ ਨੂੰ ਦੁਖ ਦਿੰਦੀ ਹੈ, ਜੋ ਸੰਸਾਰੀ ਮਮਤਾ ਅਤੇ ਧਨ-ਦੌਲਤ ਨਾਲ ਚਿਮੜੇ ਹੋਏ ਹਨ।

ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥
ਇਕ ਮੁਹਤ ਵਿੱਚ ਧਰਤੀ ਨਾਲ ਪਟਕਾ ਕੇ ਮੌਤ ਉਨ੍ਹਾਂ ਨੂੰ ਮਾਰ ਸੁੱਟਦੀ ਹੈ, ਜੋ ਹੋਰਸ ਦੀ ਪ੍ਰੀਤ ਦੇ ਠੱਗੇ ਹੋਏ ਹਨ।

ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥
ਮੌਤ ਦਾ ਦੂਤ ਉਨ੍ਹਾਂ ਨੂੰ ਡੰਡੇ ਨਾਲ ਕੁੱਟਦਾ ਹੈ ਅਤੇ ਇਹ ਮੌਕਾ ਉਨ੍ਹਾਂ ਨੂੰ ਮੁੜ ਕੇ ਹੱਥ ਨਹੀਂ ਲਗਦਾ।

ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥
ਮੌਤ ਦੇ ਦੂਤ ਦਾ ਸੋਟਾ ਉਨ੍ਹਾਂ ਉਤੇ ਨਹੀਂ ਵਰ੍ਹਦਾ, ਜੋ ਪ੍ਰਭੂ ਦੀ ਪ੍ਰੀਤ ਅੰਦਰ ਜਾਗਦੇ ਰਹਿੰਦੇ ਹਨ।

ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥
ਸਾਰੇ ਤੈਂਡੇ ਹੀ ਹਨ ਹੇ ਪ੍ਰਭੂ! ਅਤੇ ਸਾਰਿਆਂ ਨੂੰ ਤੇਰੇ ਨਾਲ ਜੁੜਨਾ ਉਚਿਤ ਹੈ। ਕੇਵਲ ਤੂੰ ਹੀ ਸਾਰਿਆਂ ਨੂੰ ਬੰਦਖ਼ਲਾਸ ਕਰ ਸਕਦਾ ਹੈਂ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥
ਨਾਸ ਨਾਂ ਹੋ ਜਾਣ ਵਾਲੇ ਸੁਆਮੀ ਨੂੰ ਤੂੰ ਸਾਰਿਆਂ ਅੰਦਰ ਦੇਖ। ਮਾਇਆ ਨਾਲ ਜੁੜ ਕੇ ਤੂੰ ਬਹੁਤ ਦੁਖ ਉਠਾਵੇਗਾਂ।

ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
ਤੂੰ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ, ਤੂੰ ਘੱਟੇ ਮਿੱਟੀ ਨੂੰ ਲੱਦਦਾ ਹੈਂ ਅਤੇ ਆਪਣੇ ਨਾਲ ਪ੍ਰਭੂ ਦੇ ਨਾਮ ਦੀ ਖੱਟੀ ਅਤੇ ਰਾਸ ਨੂੰ ਨਹੀਂ ਲਿਜਾਂਦਾ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥
ਮੇਰੀ ਰਾਸ ਤੇਰਾ ਸੱਚਾ ਨਾਮ ਹੈ, ਹੇ ਵਾਹਿਗੁਰੂ! ਅਮੁੱਕ ਅਤੇ ਅਨੰਤ ਹੈ ਇਹ ਮਾਲ-ਧਨ।

ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥
ਨਾਨਕ, ਪਵਿੱਤ੍ਰ ਹੈ ਇਹ ਨਾਮ ਦਾ ਸੌਦਾਸੂਤ ਅਤੇ ਸ਼ਲਾਘਾਯੋਗ ਹੈ ਇਹ ਸੁਦਾਗਰੀ ਅਤੇ ਇਸ ਦਾ ਸ਼ਾਹੂਕਾਰ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥
ਤੂੰ ਵੱਡੇ ਸੁਆਮੀ ਦੀ ਸਦੀਵੀ ਪ੍ਰੀਤ ਨੂੰ ਅਨੁਭਵ ਕਰ ਅਤੇ ਉਸ ਦਾ ਅਨੰਦ ਲੈ।

ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥
ਨਾਮ ਦੀ ਪ੍ਰਾਪਤੀ ਹੋਣ ਨਾਲ, ਤੂੰ ਮੌਤ ਦੇ ਦੂਤ ਨੂੰ ਭੀ ਮੂਧੇ ਮੂੰਹ ਧਰਤੀ ਤੇ ਪਟਕਾ ਮਾਰੇਗਾਂ।

ਪਉੜੀ ॥
ਪਉੜੀ।

ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥
ਆਪ ਹੀ ਸੁਆਮੀ ਨੇ ਦੇਹ ਨੂੰ ਸ਼ਸੋਭਤ ਕੀਤਾ ਹੈ ਅਤੇ ਇਸ ਵਿੱਚ ਨਾਮ ਦੇ ਨੌ ਖ਼ਜ਼ਾਨੇ ਪਾਏ ਹਨ।

ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥
ਕਈਆਂ ਨੂੰ ਉਹ ਖ਼ੁਦ ਸੰਦੇਹ ਅੰਦਰ ਗੁਮਰਾਹ ਕਰ ਦਿੰਦਾ ਹੈ ਅਤੇ ਨਿਸਫਲ ਹਨ ਉਨ੍ਹਾਂ ਦੇ ਕੰਮ।

ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥
ਗੁਰਾਂ ਦੀ ਦਇਆ ਦੁਆਰਾ, ਕਈ, ਸਰਬਵਿਆਪਕ ਰੂਹ, ਆਪਦੇ ਸੁਆਮੀ, ਨੂੰ ਅਨੁਭਵ ਕਰ ਲੈਂਦੇ ਹਨ।

ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥
ਕਈ ਸੁਆਮੀ ਦੇ ਨਾਮ ਨੂੰ ਸੁਣਦੇ ਅਤੇ ਇਸ ਵਿੰਚ ਭਰੋਸਾ ਧਾਰਦੇ ਹਨ। ਨਿਸਚਿੱਤ ਹੀ ਸ੍ਰੇਸ਼ਟ ਹੈ ਇਹ ਕਰਮ।

ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥
ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ ਬੰਦੇ ਦੇ ਮਨ ਅੰਦਰ ਪ੍ਰਭੂ ਦੀ ਪ੍ਰੀਤ ਉਤਪੰਨ ਹੋ ਜਾਂਦੀ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

copyright GurbaniShare.com all right reserved. Email