ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ ਹੇ ਗਿਆਨੀ, ਤੂੰ ਇਸ ਬੁਝਾਰਤ ਨੂੰ ਬੁਝ। ਅਕਹਿ ਸੁਆਮੀ ਦੀ ਇਹ ਧਰਮ-ਵਾਰਤਾ ਰਿਦੇ ਅੰਦਰ ਹੀ ਹੈ। ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ ਗੁਰਾਂ ਦੇ ਬਗ਼ੈਰ ਇਸ ਅਸਲੀਅਤ ਦਾ ਪਤਾ ਨਹੀਂ ਲਗਦਾ ਕਿ ਅਣਡਿੱਠ ਸੁਆਮੀ ਹਿਰਦੇ ਅੰਦਰ ਹੀ ਵੱਸਦਾ ਹੈ। ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥ ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ ਅਤੇ ਨਾਮ ਚਿੱਤ ਅੰਦਰ ਟਿੱਕ ਜਾਂਦਾ ਹੈ, ਕੇਵਲ ਤਦ ਹੀ ਸਾਹਿਬ ਜਾਣਿਆ ਜਾਂਦਾ ਹੈ। ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥ ਜਦ ਹੰਕਾਰ ਦੂਰ ਹੋ ਜਾਂਦਾ ਹੈ, ਸੰਦੇਹ ਅਤੇ ਡਰ ਭੀ ਦੂਰ ਹੋ ਜਾਂਦੇ ਹਨ ਅਤੇ ਜੰਮਣ ਤੇ ਮਰਨ ਦੀ ਪੀੜ ਨਵਿਰਤ ਥੀ ਵੰਝਦੀ ਹੈ। ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥ ਗੁਰਾਂ ਦੀ ਸਿਆਣਪ ਦੁਆਰਾ, ਅਦ੍ਰਿਸ਼ਟ ਸੁਆਮੀ ਵੇਖ ਲਿਆ ਜਾਂਦਾ ਹੈ, ਅਕਲ ਸ੍ਰੇਸ਼ਟ ਥੀ ਵੰਝਦੀ ਹੈ ਅਤੇ ਇਨਸਾਨ ਪਾਰ ਉਤੱਰ ਜਾਂਦਾ ਹੈ। ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥ ਨਾਨਕ, ਤੂੰ, "ਉਹ ਮੈਂ ਹਾਂ ਅਤੇ ਮੈਂ ਉਹ ਹਾਂ" ਦੇ ਮੰਤ੍ਰ ਦਾ ਉਚਾਰਨ ਕਰ। ਤਿੰਨੇ ਜਹਾਨ ਉਸੇ ਸੁਆਮੀ ਅੰਦਰ ਆ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥ ਜੋ ਆਪਣੇ ਚਿੱਤ ਦੇ ਜਵੇਹਰ ਨੂੰ ਪਰਖਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਵਿਚਾਰਦੇ ਹਨ; ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥ ਇਸ ਜਹਾਨ ਅੰਦਰ ਕਾਲੇ ਯੁਗ ਵਿੱਚ ਬਹੁਤ ਹੀ ਥੋੜ੍ਹੇ ਐਹੋ ਜੇਹੇ ਪੁਰਸ਼ਾਂ ਦਾ ਹੋਣਾ ਜਾਣਿਆ ਜਾਂਦਾ ਹੈ। ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥ ਜੋ ਆਪਣੀ ਹੰਗਤਾ ਅਤੇ ਦੁਚਿੱਤੇਪਣ ਨੂੰ ਮੇਟ ਸੁਟਦਾ ਹੈ; ਉਸ ਦਾ ਆਪਾ ਪ੍ਰਭੂ ਦੇ ਆਪੇ ਨਾਲ ਅਭੇਦ ਹੋਇਆ ਰਹਿੰਦਾ ਹੈ। ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥ ਨਾਨਕ, ਜੋ ਨਾਮ ਨਾਲ ਰੰਗੀਜੇ ਹਨ; ਉਹ ਕਠਨ, ਜ਼ਬਰਦਸਤ ਅਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਪਉੜੀ ॥ ਪਉੜੀ। ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥ ਆਪ-ਹੁਦਰੇ ਆਪਣੇ ਅੰਦਰ ਦੀ ਖੋਜ ਨਹੀਂ ਕਰਦੇ ਅਤੇ ਹੰਕਾਰੀ ਬੱਧੀ ਨੇ ਉਨ੍ਹਾਂ ਨੂੰ ਠੱਗ ਲਿਆ ਹੈ। ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ ਆਪਣੇ ਮਨ ਅੰਦਰਲੀ ਸਾੜ ਦੇਣ ਵਾਲੀ ਤ੍ਰਿਸ਼ਨਾ ਦੇ ਕਾਰਨ ਉਹ ਚਾਰੀਂ ਪਾਸੀ ਭਟਕਦੇ ਹਾਰ ਹੁਟ ਗਏ ਹਨ। ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥ ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਉਹ ਗਹੁ ਨਾਲ ਪੜ੍ਹਦੇ ਨਹੀਂ ਅਤੇ ਆਪ-ਹੁਦਰੇ ਇਸ ਤਰ੍ਹਾਂ ਬਰਬਾਦ ਹੋ ਗਏ ਹਨ। ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥ ਗੁਰਾਂ ਦੇ ਬਗ਼ੈਰ ਕੋਈ ਭੀ ਵਾਹਿਗੁਰੂ ਦੇ ਨਾਮ ਅਤੇ ਸੱਜੇ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਹੁੰਦਾ। ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥ ਜੋ ਅਸਲੀ ਬ੍ਰਹਮ-ਬੋਧ ਦੀ ਵੀਚਾਰ ਕਰਦਾ ਅਤੇ ਸਾਈਂ ਮਾਲਕ ਨੂੰ ਸਿਮਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸਲੋਕ ਮਃ ੨ ॥ ਸਲੋਕ ਦੂਜੀ ਪਾਤਿਸ਼ਾਹੀ। ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਸਾਹਿਬ ਖ਼ੁਦ ਜਾਣਦਾ ਹੈ, ਖ਼ੁਦ ਕਰਦਾ ਹੈ ਅਤੇ ਖ਼ੁਦ ਹੀ ਇਸ ਨੂੰ ਠੀਕ ਕਰਦਾ ਹੈ। ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥ ਇਸ ਲਈ ਉਸ ਦੇ ਮੂਹਰੇ ਖਲੋ ਕੇ ਪ੍ਰਾਰਥਨਾ ਕਰ, ਹੇ ਨਾਨਕ! ਮਃ ੧ ॥ ਪਹਿਲੀ ਪਾਤਿਸ਼ਾਹੀ। ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥ ਜਿਸ ਨੇ ਪ੍ਰਾਣੀ ਨੂੰ ਰਚਿਆ ਹੈ, ਉਹ ਉਸ ਦੀ ਦੇਖਭਾਲ ਭੀ ਕਰਦਾ ਹੈ। ਉਸ ਬਾਰੇ ਉਹ ਖ਼ੁਦ ਸਾਰਾ ਕੁੱਛ ਜਾਣਦਾ ਹੈ। ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥ ਮੈਂ ਕਿਸੇ ਨੂੰ ਕੀ ਆਖਾਂ, ਹੇ ਨਾਨਕ! ਜਦ ਹਰ ਵਸਤੂ ਹਿਰਦੇ-ਘਰ ਅੰਦਰ ਹੀ ਸਮਾਈ ਹੋਈ ਹੈ। ਪਉੜੀ ॥ ਪਉੜੀ। ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥ ਤੂੰ ਹੋਰ ਸਾਰੀਆਂ ਚੀਜ਼ਾਂ ਨੂੰ ਭੁਲਾ ਦੇ ਅਤੇ ਕੇਵਲ ਇੱਕ ਪ੍ਰਭੂ ਨੂੰ ਹੀ ਆਪਣਾ ਮਿੱਤਰ ਬਣਾ। ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥ ਤੇਰੀ ਆਤਮਾ ਅਤੇ ਦੇਹ ਪ੍ਰਸੰਨ ਥੀ ਵੰਝਣਗੇ ਅਤੇ ਤੇਰਾ ਵਾਹਿਗੁਰੂ ਤੇਰੇ ਸਾਰੇ ਪਾਪਾਂ ਨੂੰ ਸਾੜ ਸੁੱਟੇਗਾ। ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥ ਤੇਰੇ ਆਉਣੇ ਅਤੇ ਜਾਣੇ ਮੁਕ ਜਾਣਗੇ ਅਤੇ ਤੂੰ ਮੁੜ ਕੇ ਜੰਮੇ ਤੇ ਮਰੇਗਾ ਨਹੀਂ। ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥ ਸਤਿਨਾਮ ਤੇਰਾ ਆਸਰਾ ਹੋਵੇਗਾ ਅਤੇ ਤੂੰ ਸ਼ੋਕ ਤੇ ਸੰਸਾਰੀ ਮਮਤਾ ਅੰਦਰ ਨਹੀਂ ਸੜੇਗਾਂ। ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥ ਨਾਨਕਾ, ਤੂੰ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਨਾਮ ਦੇ ਖ਼ਜ਼ਾਨੇ ਨੂੰ ਇਕੱਤਰ ਕਰ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥ ਆਪਣੇ ਹਿਰਦੇ ਤੋਂ ਤੂੰ ਧਨ-ਦੌਲਤ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਹਰ ਸੁਆਸ ਨਾਲ ਇਸ ਦੀ ਯਾਚਨਾ ਕਰਦਾ ਹੈ। ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥ ਉਸ ਸਾਹਿਬ ਨੂੰ ਤੂੰ ਚੇਤੇ ਨਹੀਂ ਕਰਦਾ। ਇਹ ਤੇਰੀ ਪ੍ਰਾਲਭਦ ਵਿੱਚ ਲਿਖਿਆ ਹੋਇਆ ਨਹੀਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥ ਸੰਸਾਰੀ ਪਦਾਰਥ ਤੇਰੇ ਨਾਲ ਨਹੀਂ ਜਾਣੇ, ਤੂੰ ਉਨ੍ਹਾਂ ਨਾਲ ਕਿਉਂ ਚਿਮੜਦਾ ਹੈਂ, ਹੇ ਅੰਨ੍ਹੇ ਇਨਸਾਨ! ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥ ਤੂੰ ਗੁਰਾਂ ਦੇ ਚਰਨਾਂ ਦਾ ਆਰਾਧਨ ਕਰ, ਤਾਂ ਜੋ ਤੇਰੇ ਮਾਇਆ ਦੇ ਜੂੜ ਵੱਢੇ ਜਾਣ। ਪਉੜੀ ॥ ਪਉੜੀ। ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥ ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਪਾਸੋਂ ਆਪਣਾ ਫ਼ੁਰਮਾਨ ਮਨਵਾਉਂਦਾ ਹੈ ਤੇ ਉਸ ਦੀ ਰਜ਼ਾ ਅੰਦਰ ਹੀ ਉਹ ਆਰਾਮ ਪਾਉਂਦਾ ਹੈ। ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥ ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਸੱਚੇ ਨਾਮ ਨੂੰ ਸਿਮਰਦਾ ਹੈ। ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥ ਪ੍ਰਭੂ ਦੀ ਰਜ਼ਾ ਸਵੀਕਾਰ ਕਰਨ ਜਿੱਡੀ ਵੱਡੀ ਹੋਰ ਕੋਈ ਬਖ਼ਸ਼ੀਸ਼ ਨਹੀਂ। ਇਸ ਸਚਾਈ ਨੂੰ ਹੀ ਨਾਨਕ ਉਚਾਰਦਾ ਤੇ ਪ੍ਰਚਾਰਦਾ ਹੈ। ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥ ਜਿਨ੍ਹਾਂ ਲਈ ਆਦੀ ਪ੍ਰਭੂ ਨੇ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਉਸ ਦੇ ਸੱਚ ਦੀ ਕਮਾਈ ਕਰਦੇ ਹਨ। ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਨੇ ਸੰਸਾਰ ਨੂੰ ਰਚਿਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥ ਜਿਨ੍ਹਾਂ ਦੇ ਅੰਦਰ ਬ੍ਰਹਮਬੋਧ ਨਹੀਂ, ਨਾਂ ਹੀ ਸੁਆਮੀ ਦਾ ਭੋਰਾ ਭਰ ਡਰ ਹੈ। ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥ ਉਨ੍ਹਾਂ ਨੂੰ ਸ਼੍ਰਿਸ਼ਟੀ ਦੇ ਸੁਆਮੀ ਨੇ ਖ਼ੁਦ ਨਾਸ ਕਰ ਦਿੱਤਾ ਹੈ। ਉਨ੍ਹਾਂ ਮਰਿਆਂ ਹੋਇਆਂ ਦਾ ਕੀ ਮਾਰਨਾ ਹੈ? ਮਃ ੩ ॥ ਤੀਜੀ ਪਾਤਿਸ਼ਾਹੀ। ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ ਆਰਾਮਾਂ ਵਿਚੋਂ ਪਰਮ ਸ਼੍ਰੇਸ਼ਟ ਆਰਾਮ, ਮਨ ਦੀ ਪੱਤ੍ਰੀ ਦਾ ਵਾਚਣਾ ਹੈ। ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ਕੇਵਲ ਉਹ ਹੀ ਸ੍ਰੇਸ਼ਟ ਬ੍ਰਹਮਣ ਕਿਹਾ ਜਾਂਦਾ ਹੈ, ਜੋ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ। ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥ ਉਹ ਆਪਣੇ ਸੁਆਮੀ ਦਾ ਜੱਸ ਕਰਦਾ ਹੈ, ਆਪਣੇ ਸੁਆਮੀ ਬਾਰੇ ਪੜ੍ਹਦਾ ਹੈ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹੈ। copyright GurbaniShare.com all right reserved. Email |