ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ ਤੂੰ ਚਾਰੇ ਯੁੱਗ ਅਸਥਾਪਨ ਕੀਤੇ ਹਨ ਅਤੇ ਤੂੰ ਸਾਰੀਆਂ ਧਰਤੀਆਂ ਦਾ ਰਚਣਹਾਰ ਹੈਂ। ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥ ਤੂੰ ਆਉਣਾ ਤੇ ਜਾਣਾ ਰਚਿਆ ਹੈ ਅਤੇ ਤੈਨੂੰ ਭੋਰਾ ਭੀ ਮੈਲ ਨਹੀਂ ਚਿਮੜਦੀ। ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥ ਜਿਸ ਉਤੇ ਤੂੰ ਖ਼ੁਦ ਮਿਹਰਬਾਨ ਹੁੰਦਾ ਹੈਂ, ਉਸ ਨੂੰ ਤੂੰ ਸੱਚੇ ਗੁਰਾਂ ਦੇ ਚਰਨਾਂ ਨਾਲ ਜੋੜ ਦਿੰਦਾ ਹੈਂ। ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥ ਕਿਸੇ ਹੋਰਸ ਉਪਰਾਲੇ ਦੁਆਰਾ ਤੂੰ ਨਹੀਂ ਲੱਝਦਾ। ਤੂੰ ਸੰਸਾਰ ਦਾ ਨਾਸ-ਰਹਿਤ ਸਿਰਜਣਹਾਰ ਹੈਂ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥ ਜੇਕਰ ਤੂੰ ਮੇਰੇ ਵਿਹੜੇ ਵਿੱਚ ਆ ਜਾਵੇ, ਤਾਂ ਸਾਰੀ ਜ਼ਿਮੀ ਸੁੰਦਰ ਥੀ ਵੰਝਦੀ ਹੈ। ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥ ਮੇਰੇ ਇੱਕ ਭਰਤੇ ਦੇ ਬਗੈਰ, ਕੋਈ ਭੀ ਮੇਰੀ ਪ੍ਰਵਾਹ ਨਹੀਂ ਕਰਦਾ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥ ਜੇਕਰ ਤੂੰ, ਹੇ ਕੰਤ! ਮੇਰੇ ਵਿਹੜੇ ਵਿੱਚ ਇਸ ਨੂੰ ਆਪਣਾ ਬਣਾ ਕੇ ਆ ਬੈਠੇ ਤਾਂ ਮੇਰੀਆਂ ਸਾਰੀਆਂ ਸਜਾਵਟਾਂ ਸ਼ਸੋਭਤ ਥੀ ਵੰਝਦੀਆਂ ਹਨ। ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥ ਤਾਂ, ਰਾਹੀ ਜੋ ਮੇਰੇ ਗ੍ਰਹਿ ਵਿੱਚ ਆਉਂਦਾ ਹੈ ਖ਼ਾਲੀ ਹੱਥੀਂ ਨਹੀਂ ਜਾਵੇਗਾ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥ ਆਪਦੇ ਪਤੀ ਲਈ ਮੈਂ ਆਪਣਾ (ਹਿਰਦੇ-ਰੂਪੀ) ਪਲੰਘ ਵਿਛਾਇਆ ਹੈ ਅਤੇ ਸਾਰੇ ਹਾਰਸ਼ਿੰਗਾਰ ਕੀਤੇ ਹਨ। ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥ ਜੇਕਰ ਮੈਂ ਆਪਣੇ ਗਲੇ ਫੂਲਮਾਲਾ ਪਾ ਲਵਾਂ, ਇਹ ਭੀ ਮੈਨੂੰ ਨਹੀਂ ਸੁਖਾਉਂਦੀ। ਪਉੜੀ ॥ ਪਉੜੀ। ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂੰ ਹੇ ਸ਼੍ਰੋਮਣੀ ਸਾਹਿਬ ਮਾਲਕ! ਜੂਨੀਆਂ ਅੰਦਰ ਨਹੀਂ ਪੈਂਦਾ। ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਆਪਣੀ ਰਜ਼ਾ ਅੰਦਰ ਤੂੰ ਸੰਸਾਰ ਨੂੰ ਰਚਦਾ ਹੈਂ, ਅਤੇ ਇਸ ਨੂੰ ਰਚ ਕੇ ਆਪਣੇ ਅੰਦਰ ਲੀਨ ਕਰ ਲੈਂਦਾ ਹੈ। ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ ਇਨਸਾਨ ਕਿਸ ਤਰ੍ਹਾਂ ਤੇਰਾ ਆਰਾਧਨ ਕਰ ਸਕਦਾ ਹੈ? ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥ ਤੂੰ ਆਪੇ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈਂ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈਂ। ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥ ਤੈਂਡੇ ਖ਼ਜ਼ਾਨੇ ਭਗਤੀ ਨਾਲ ਪਰੀਪੂਰਨ ਹਨ ਅਤੇ ਉਹ ਘਟਦੇ ਨਹੀਂ। ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥ ਇਹ ਹੀਰੇ, ਜਵਾਹਿਰਾਤ ਅਤੇ ਮਾਣਕ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥ ਜਿਸ ਉੱਤੇ ਤੂੰ ਖ਼ੁਦ ਮਇਆਵਾਨ ਹੁੰਦਾ ਹੈ; ਉਸ ਨੂੰ ਸੱਚੇ ਗੁਰਾਂ ਦੀ ਘਾਲ ਅੰਦਰ ਜੋੜਦਾ ਹੈ। ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥ ਜਿਹੜਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ; ਉਸ ਨੂੰ ਕਦਾਚਿਤ ਕਮੀ ਨਹੀਂ ਵਾਪਰਦੀ। ਡਖਣੇ ਮਃ ੫ ॥ ਡਖਦੇ ਪੰਜਵੀਂ ਪਾਤਿਸ਼ਾਹੀ। ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥ ਜਦ ਮੈਂ ਆਪਣੇ ਹਿਰਦੇ ਅੰਦਰ ਦੇਖਦਾ ਹਾਂ, ਤਦ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਨਾਲ ਹੀ ਪਾਉਂਦਾ ਹਾਂ। ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥ ਵਾਹਿਗੁਰੂ ਦੀ ਦਇਆ ਦੁਆਰਾ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਂ ਪ੍ਰਸੰਨ ਥੀ ਗਿਆ ਹਾਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥ ਪ੍ਰਭੂ ਦੇ ਬੂਹੇ ਉੱਤੇ ਬੈਠਾ ਅਤੇ ਖੜੋਤਾ ਨਾਨਕ ਚਿਰ ਤੌਂ ਉਸ ਦੀ ਘਾਲ ਕਮਾ ਅਤੇ ਉਸ ਦੀਆਂ ਕਨਸੋਆਂ ਲੈ ਰਿਹਾ ਹੈ। ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥ ਮੇਰੇ ਪ੍ਰੀਤਮ! ਤੂੰ ਮੇਰਾ ਪ੍ਰਯੋਜਨ ਜਾਣਦਾ ਹੈਂ। ਸੁਆਮੀ ਦੇ ਮੁਚੜੇ ਨੂੰ ਵੇਖਣ ਲਈ, ਮੈਂ ਉਸ ਦੇ ਬੂਹੇ ਤੇ ਖਲੋਤਾ ਹਾਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥ ਹੇ ਬੁੱਧੂ! ਮੈਂ ਤੈਨੂੰ ਕੀ ਅਖਾਂ? ਤੂੰ ਪਰਾਈਆਂ ਵੇਲਾਂ (ਪਤਨੀਆਂ) ਨੂੰ ਨਾਂ ਤੱਕ ਤਾਂ ਹੀ ਤੂੰ (ਸਹੀ ਅਰਥਾਂ ਵਿੱਚ) ਪਤੀ ਹੈ। ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥ ਨਾਨਕ, ਸਾਰਾ ਜਹਾਨ ਪੁਸ਼ਪਾਂ ਦੀ ਬਗੀਚੀ ਦੇ ਮਾਨੰਦ ਪ੍ਰਫੁੱਲਤ ਹੋ ਰਿਹਾ ਹੈ। ਪਉੜੀ ॥ ਪਉੜੀ। ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥ ਤੂੰ ਸਿਆਣਾ, ਸਰੱਬਗ ਅਤੇ ਸੁੰਦਰ ਹੈਂ ਅਤੇ ਸਾਰਿਆਂ ਅੰਦਰ ਰਮ ਰਿਹਾ ਹੈਂ। ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥ ਤੂੰ ਆਪ ਹੀ ਦਾਸ ਹੈਂ ਅਤੇ ਆਪ ਹੀ ਸੁਆਮੀ ਜੋ ਆਪਣੇ ਆਪ ਦੀ ਉਪਾਸ਼ਨਾ ਕਰਦਾ ਹੈ। ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥ ਤੂੰ ਖ਼ੁਦ ਸਿਆਣਾ ਤੇ ਵੇਖਣ-ਵਾਲਾ ਹੈਂ ਅਤੇ ਖ਼ੁਦ ਹੀ ਪਾਕ-ਦਾਮਨ ਹੈਂ। ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥ ਮੇਰਾ ਭਾਵਾਂ ਵਾਲਾ ਅਤੇ ਪਵਿੱਤ੍ਰ ਸੁਆਮੀ ਵਾਹਿਗੁਰੂ ਸੱਚਾ ਅਤੇ ਪ੍ਰਹੇਜ਼ਹਾਰ ਹੈ। ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥ ਹੇ ਮੇਰੇ ਸ੍ਰੋਮਣੀ ਸਾਹਿਬ! ਤੂੰ ਹੀ ਸਾਰੇ ਆਲਮ ਨੂੰ ਫੈਲਾਇਆ ਹੈ ਅਤੇ ਆਪ ਹੀ ਇਸ ਅੰਦਰ ਖੇਡਦਾ ਹੈਂ। ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਇਹ ਆਉਣਾ ਅਤੇ ਜਾਂਦਾ ਤੈਂ ਹੀ ਬਣਾਇਆ ਹੈ ਅਤੇ ਅਦਭੁੱਤ ਖੇਲ ਨੂੰ ਰੱਚ ਕੇ ਤੂੰ ਇਸ ਨੂੰ ਵੇਖਦਾ ਹੈਂ। ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥ ਜਿਸ ਕਿਸੇ ਨੂੰ ਤੂੰ ਗੁਰਾਂ ਦੀ ਬਾਣੀ ਪ੍ਰਦਾਨ ਕਰਦਾ ਹੈ; ਉਸ ਨੂੰ ਤੂੰ ਮੁੜ ਕੇ ਉਦਰ (ਜੂਨੀ) ਵਿੱਚ ਨਹੀਂ ਪਾਉਂਦਾ। ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥ ਜਿਸ ਤਰ੍ਹਾਂ ਤੂੰ ਖ਼ੁਦ ਉਨ੍ਹਾਂ ਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਉਹ ਟੁਰਦੇ ਹਨ। ਜੀਵ ਜੰਤੂਆਂ ਦੇ ਇਖ਼ਤਿਆਰ ਵਿੱਚ ਕੁੱਝ ਭੀ ਨਹੀਂ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥ ਹੇ ਨਦੀ ਦੇ ਕਿਨਾਰੇ, ਕਿਨਾਰੇ ਜਾਂਦਿਆਂ ਰਾਹੀਆ! ਹੇਠਲੇ ਬੰਨੇ ਡੂੰਘੀ ਢਾਅ ਲੱਗੀ ਹੋਈ ਹੈ। ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥ ਖ਼ਬਰਦਾਰ ਹੋ, ਮਤੇ ਤੇਰਾ ਪੈਰ ਤਿਲ੍ਹਕ ਜਾਵੇ, ਅਤੇ ਤੂੰ ਮਰ ਵੰਝੇ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥ ਜੋ ਕੁੜਾ ਅਤੇ ਉਡਪੁੱਡ ਜਾਣ ਵਾਲਾ ਹੈ, ਉਸ ਨੂੰ ਅਸਲੀ ਸਸਮਝ ਕੇ, ਤੂੰ ਉਸ ਨੂੰ ਫੜਨ ਲਈ ਅਗੇ ਹੀ ਅੱਗੇ ਦੌੜਦਾ ਹੈਂ। ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥ ਪ੍ਰੰਤੂ, ਹੇ ਨਾਨਕ! ਇਹ ਅੱਗ ਵਿੱਚ ਮੱਖਣ ਦੀ ਤਰ੍ਹਾਂ ਪਿੱਘਲ ਜਾਊਗਾ ਅਤੇ, ਦੂਸਰੇ, ਚੁਪਤੀ ਦੀ ਤਰ੍ਹਾਂ ਸੁਕ ਸੜ ਵੰਝੇਗਾ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥ ਹੇ ਮੇਰੀ ਭੋਲੀ ਭਾਲੀ ਤੇ ਮੂਰਖ ਜਿੰਦੜੀਏ! ਤੂੰ ਆਪਣੇ ਸੁਆਮੀ ਦੀ ਸੇਵਾ ਕਰਨ ਵਿੱਚ ਕਿਊਂ ਆਲਸ ਕਰਦੀ ਹੇਂ? ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥ ਤੈਨੂੰ ਆਪਣੇ ਸਾਈਂ ਨਾਲੋਂ ਵਿਛੜਿਆਂ ਬਹੁਤ ਚਿਰ ਹੋ ਗਿਆ ਹੈ। ਇਹ ਮੌਕਾ ਤੈਨੂੰ ਮੁੜ ਕੇ ਕਦ ਹੱਥ ਲੱਗੇਗਾ? copyright GurbaniShare.com all right reserved. Email |