Page 1119

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥
ਆਪਣੇ ਮਨ ਦੀ ਹੰਗਤਾ ਅਤੇ ਤਾਕਤ, ਜਿਸ ਨੂੰ ਤੂੰ ਆਪਣੇ ਅੰਦਰ ਚੋਖੀ ਖਿਆਲ ਕਰਦਾ ਹੈ ਇਨ੍ਹਾਂ ਨੂੰ ਛੱਡ ਦੇ ਅਤੇ ਆਪਣੇ ਆਪ ਨੂੰ ਕਾਬੂ ਕਰ।

ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥
ਹੇ ਮੇਰੇ ਹਰੀ ਸੁਆਮੀ ਮਾਲਕ! ਤੂੰ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਸਾਧੂਆਂ ਦੇ ਪੈਰਾ ਦੀ ਧੂੜ ਬਣਾ ਦੇ।

ਕੇਦਾਰਾ ਮਹਲਾ ੫ ਘਰੁ ੨
ਕੇਦਾਰਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮਾਈ ਸੰਤਸੰਗਿ ਜਾਗੀ ॥
ਹੇ ਮੇਰੀ ਮਾਤਾ! ਸੰਤਾਂ ਦੀ ਸੰਗਤ ਅੰਦਰ ਮੈਂ ਜਾਗ ਪਈ ਹਾਂ।

ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥
ਆਪਣੇ ਪ੍ਰੀਤਮ ਦੇ ਪਿਆਰ ਨੂੰ ਵੇਖ ਮੈਂ ਉਸ ਦੇ ਨਾਮ ਨੂੰ ਉਚਾਰਦੀ ਹਾਂ ਜੋ ਕਿ ਖੁਸ਼ੀ ਦਾ ਖ਼ਜ਼ਾਨਾ ਹੈ। ਠਹਿਰਾਉ।

ਦਰਸਨ ਪਿਆਸ ਲੋਚਨ ਤਾਰ ਲਾਗੀ ॥
ਉਸ ਦੇ ਦੀਦਾਰ ਦੀ ਤ੍ਰੇਹ ਅੰਦਰ ਮੇਰਾ ਨੇਤ੍ਰਾਂ ਦੀ ਇਕ-ਟਕ ਨੀਝ ਉਸ ਦੇ ਉਤੇ ਲੱਗੀ ਹੋਈ ਹੈ।

ਬਿਸਰੀ ਤਿਆਸ ਬਿਡਾਨੀ ॥੧॥
ਮੈਨੂੰ ਹੁਣ ਹੋਰ ਤਰੇਹਾਂ (ਪਿਆਸਾਂ) ਭੁਲ ਗਈਆਂ ਹਨ।

ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥
ਮੈਂ ਹੁਣ ਆਪਣੇ ਅਡੋਲਤਾ ਅਤੇ ਆਰਾਮ ਦੇਣਹਾਰ ਗੁਰਦੇਵ ਜੀ ਨੂੰ ਪਾ ਲਿਆ ਹੈ। ਉਨ੍ਹਾਂ ਦਾ ਦੀਦਾਰ ਦੇਖ ਮੇਰਾ ਮਨੂਆ ਉਨ੍ਹਾਂ ਨਾਲ ਚਿਮੜ ਗਿਆ ਹੈ।

ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
ਆਪਣੇ ਸੁਆਮੀ ਨੂੰ ਵੇਖ ਕੇ, ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਨਾਨਕ, ਆਬਿ-ਹਿਯਾਤ ਵਰਗੀ ਮਿੱਠੜੀ ਹੈ ਮੇਰੇ ਪਿਆਰੇ ਪਤੀ ਦੀ ਬੋਲਬਾਣੀ।

ਕੇਦਾਰਾ ਮਹਲਾ ੫ ਘਰੁ ੩
ਕੇਦਾਰਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦੀਨ ਬਿਨਉ ਸੁਨੁ ਦਇਆਲ ॥
ਮੈਂ ਮਸਕੀਨ ਦੀ ਤੂੰ ਪ੍ਰਾਰਥਨਾ ਸੁਦ, ਹੈ ਮੇਰੇ ਮਿਹਰਬਾਨ ਮਾਲਕ।

ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
ਪੰਜ ਭੂਤਨੇ ਅਤੇ ਤਿੰਨੇ ਵਿਰੋਧੀ ਸੁਪਾ, ਮੇਰੀ ਇਕ ਆਤਮਾ ਨੂੰ ਦੁਖ ਦਿੰਦੇ ਹਨ। ਹੇ ਨਿਖਸਮਿਆਂ ਦੇ ਖਸਮ, ਦਇਆਵਾਨ ਪ੍ਰਭੂ,

ਰਾਖੁ ਹੋ ਕਿਰਪਾਲ ॥ ਰਹਾਉ ॥
ਤੂੰ ਮੇਰੀ ਉਨ੍ਹਾਂ ਪਾਸੋ ਰੱਖਿਆ ਕਰ। ਠਹਿਰਾਉ।

ਅਨਿਕ ਜਤਨ ਗਵਨੁ ਕਰਉ ॥
ਮੈਂ ਘਣੇਰੇ ਉਪਰਾਲੇ ਕਰਦਾ ਤੇ ਯਾਤਾ ਕਰਨ ਜਾਂਦਾ ਹਾਂ।

ਖਟੁ ਕਰਮ ਜੁਗਤਿ ਧਿਆਨੁ ਧਰਉ ॥
ਮੈਂ ਛੇ ਕਰਮ ਕਾਂਡ ਕਰਦਾ ਅਤੇ ਠੀਕ ਤਰੀਕੇ ਨਾਲ ਸੋਚਦਾ ਵੀਚਾਰਦਾ ਹਾਂ।

ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥
ਮੈਂ ਸਾਰੇ ਉਪਰਾਲੇ ਕਰਦਾ ਹੰਭ ਗਿਆ ਹਾਂ, ਪ੍ਰੰਤੂ ਭਿਆਨਕ ਪਾਪ ਮੇਰਾ ਖਹਿਡਾ ਛਡਦੇ ਨਹੀਂ, ਕਦੇ ਭੀ ਨਹੀਂ।

ਸਰਣਿ ਬੰਦਨ ਕਰੁਣਾ ਪਤੇ ॥
ਹੇ ਰਹਿਮਤ ਦੇ ਸੁਆਮੀ! ਮੈਂ ਤੇਰੀ ਪਨਾਹ ਲੋੜਦਾ ਹਾਂ ਅਤੇ ਤੈਨੂੰ ਨਮਸਕਾਰ ਕਰਦਾ ਹਾਂ।

ਭਵ ਹਰਣ ਹਰਿ ਹਰਿ ਹਰਿ ਹਰੇ ॥
ਹੇ ਵਾਹਿਗੁਰੂ ਸੁਅਮੀ! ਆਬਿਨਾਸੀ ਮਾਲਕ! ਤੂੰ ਡਰ ਦੂਰ ਕਰਨਹਾਰ ਹੈ।

ਏਕ ਤੂਹੀ ਦੀਨ ਦਇਆਲ ॥
ਕੇਵਲ ਤੂੰ ਹੀ ਮਸਕੀਨ ਉਤੇ ਮਿਹਰਬਾਨ ਹੈ।

ਪ੍ਰਭ ਚਰਨ ਨਾਨਕ ਆਸਰੋ ॥
ਨਾਨਕ ਨੂੰ ਕੇਵਲ ਸੁਆਮੀ ਦੇ ਚਰਨਾਂ ਦਾ ਆਸਰਾ ਹੈ।

ਉਧਰੇ ਭ੍ਰਮ ਮੋਹ ਸਾਗਰ ॥
ਮੈਂ ਸੰਦੇਹ ਅਤੇ ਸੰਸਾਰੀ ਮਮਤਾ ਦੇ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ,

ਲਗਿ ਸੰਤਨਾ ਪਗ ਪਾਲ ॥੨॥੧॥੨॥
ਸਾਧੂਆਂ ਦੇ ਪੈਰਾਂ ਅਤੇ ਪੱਲੇ ਨਾਲ ਚਿਮੜਾ ਕੇ।

ਕੇਦਾਰਾ ਮਹਲਾ ੫ ਘਰੁ ੪
ਕੇਦਾਰਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਰਨੀ ਆਇਓ ਨਾਥ ਨਿਧਾਨ ॥
ਹੇ ਖੁਸ਼ੀ ਦੇ ਖ਼ਜ਼ਾਨੇ ਸੁਆਮੀ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।

ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥
ਮੇਰੇ ਚਿੱਤ ਅੰਦਰ ਤੇਰਾ ਪਿਆਰ ਟਿਕਿਆਂ ਹੋਇਆ ਹੈ ਅਤੇ ਮੈਂ ਤੇਰੇ ਲਾਮ ਦੀ ਖੈਰ ਦੀ ਯਾਚਨਾ ਕਰਦਾ ਹਾਂ, ਹੇ ਵਾਹਿਗੁਰੂ! ਠਹਿਰਾਓ।

ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥
ਹੇ ਮੇਰੇ ਆਰਾਮ-ਬਖਸ਼ਣਹਾਰ ਪੁਰੇ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਪਤਿ ਆਬਰੂ ਰੱਖ।

ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
ਮੈਨੂੰ ਐਹੋ ਜੇਹੀ ਪਿਰਹੜੀ ਪਰਦਾਨ ਕਰ, ਹੈ ਮੇਰੇ ਸਾਈਂ ਵਾਹਿਗੁਰੂ! ਕਿ ਸਤਿਸੰਗਤ ਅੰਦਰ ਆਪਣੀ ਜੀਹਭਾ ਨਾਲ ਤੇਰਾ ਜੱਸ ਉਚਾਰਨ ਕਰਾਂ।

ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥
ਹੇ ਸੰਸਾਰ ਦੇ ਪਾਲਣ-ਪੋਸਣਹਾਰ ਆਲਮ ਦੇ ਸੁਆਮੀ! ਅਤੇ ਆਪਣੇ ਪੇਟ ਉਦਾਲੇ ਰੱਸੀ ਵਾਲੇ ਮੇਰੇ ਮਿਹਰਬਾਨ ਵਾਹਿਗੁਰੂ! ਪਵਿੱਤਰ ਹੈ ਤੇਰੀ ਕਥਾ ਵਾਰਤਾ ਅਤੇ ਬ੍ਰਹਮ ਵੀਚਾਰ।

ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥
ਤੂੰ ਨਾਨਕ ਨੂੰ ਆਪਣੇ ਪਿਆਰ ਨਾਲ ਰੰਗ ਦੇ, ਹੇ ਸੁਆਮੀ! ਅਤੇ ਉਸ ਦੀ ਬਿਰਤੀ ਆਪਣੇ ਕੰਵਲ ਰੂਪੀ ਪੈਰਾ ਨਾਲ ਜੋੜ ਲੈ।

ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਦਰਸਨ ਕੋ ਮਨਿ ਚਾਉ ॥
ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਦੀ ਆਪਣੇ ਚਿੱਤ ਅੰਦਰ ਉਮੰਗ ਹੈ।

ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
ਆਪਣੀ ਰਹਿਮਤ ਧਾਰ ਕੇ ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ। ਠਹਿਰਾਓ।

ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥
ਮੈਂ ਆਪਣੇ ਲਾਡਲੇ ਸਚੇ ਸੁਆਮੀ ਦੀ ਟਹਿਲ ਕਮਾਉਂਦਾ ਹਾ। ਜਿਥੇ ਭੀ ਮੈਂ ਉਸ ਦਾ ਜੱਸ ਸੁਣਦਾ ਹਾਂ, ਉਕੇ ਹੀ ਮੇਰਾ ਚਿੱਤ ਖਿੜ ਜਾਂਦਾ ਹੈ।

copyright GurbaniShare.com all right reserved. Email