Page 1125

ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ
ਰਾਗ ਭੈਰਉ। ਪਹਿਲੀ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੁਝ ਤੇ ਬਾਹਰਿ ਕਿਛੂ ਨ ਹੋਇ ॥
ਤੇਰੇ ਬਾਝੋਂ, ਹੇ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।

ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥
ਜੀਵਾਂ ਨੂੰ ਰਚ ਕੇ ਤੂੰ ਉਨ੍ਹਾਂ ਸਾਰਿਆਂ ਨੂੰ ਵੇਖਦਾ ਅਤੇ ਸਮਝਦਾ ਹੈ।

ਕਿਆ ਕਹੀਐ ਕਿਛੁ ਕਹੀ ਨ ਜਾਇ ॥
ਮੈਂ ਕੀ ਆਖਾਂ? ਮੈਂ ਭੋਰਾ ਭਰ ਭੀ ਆਖ ਨਹੀਂ ਸਕਦਾ।

ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥
ਜਿਹੜਾ ਕੁਝ ਭੀ ਹੈ, ਸਮੂਹ ਤੇਰੇ ਭਾਣੇ ਅੰਦਰ ਹੈ। ਠਹਿਰਾਉ।

ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
ਜਿਹੜਾ ਕੁਝ ਕਰਨਾ ਹੈ, ਉਹ ਤੇਰੇ ਪਾਸੋਂ ਹੀ ਹੋਣਾ ਹੈ।

ਕਿਸੁ ਆਗੈ ਕੀਚੈ ਅਰਦਾਸਿ ॥੨॥
ਮੈਂ ਹੋਰ ਕੀਹਦੇ ਮੂਹਰੇ ਪ੍ਰਾਰਥਨਾ ਕਰਾਂ?

ਆਖਣੁ ਸੁਨਣਾ ਤੇਰੀ ਬਾਣੀ ॥
ਮੈਂ ਤੇਰੀ ਰੱਬੀ ਬਾਣੀ ਨੂੰ ਉਚਾਰਦਾ ਤੇ ਸੁਣਦਾ ਹਾਂ।

ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥
ਤੂੰ ਖੁਦ ਹੀ ਆਪਣੀਆਂ ਸਾਰੀਆਂ ਅਦਭਬਤ ਖੇਲਾ ਨੂੰ ਜਾਣਦਾ ਹੈ।

ਕਰੇ ਕਰਾਏ ਜਾਣੈ ਆਪਿ ॥
ਤੂੰ ਖੁਦ ਸਾਰਾ ਕੁਝ ਕਰਦਾ, ਕਰਾਉਂਦਾ ਅਤੇ ਜਾਣਦਾ ਹੈ।

ਨਾਨਕ ਦੇਖੈ ਥਾਪਿ ਉਥਾਪਿ ॥੪॥੧॥
ਗੁਰੂ ਜੀ ਆਖਦੇ ਹਨ, "ਤੂੰ ਸਭਸ ਨੂੰ ਬਣਾਉਂਦਾ ਹੈ, ਢਾਹੁੰਦਾ ਅਤੇ ਵੇਖਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਭੈਰਉ ਮਹਲਾ ੧ ਘਰੁ ੨ ॥
ਰਾਗ ਭੈਰਉ। ਪਹਿਲੀ ਪਾਤਿਸ਼ਾਹੀ।

ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥
ਗੁਰਾਂ ਦੀ ਬਾਣੀ ਦੁਆਰਾ ਮੁਕਤ ਹੋ ਜਾਂਦੇ ਹਨ ਅਨੇਕਾਂ ਖਾਮੋਸ਼ ਰਿਸ਼ੀ ਅਤੇ ਇੰਦਰ, ਬ੍ਰਹਮਾ ਅਤੇ ਉਨ੍ਹਾਂ ਵਰਗੇ ਹੋਰ ਭੀ ਪਾਰ ਉਤਰ ਜਾਂਦੇ ਹਨ।

ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥
ਸਨਕ, ਸਨੰਦਨ ਅਤੇ ਘਣੇਰੇ ਤਪਸਵੀ ਪੁਰਸ਼, ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਗਏ ਹਨ।

ਭਵਜਲੁ ਬਿਨੁ ਸਬਦੈ ਕਿਉ ਤਰੀਐ ॥
ਸੁਆਮੀ ਦੇ ਨਾਮ ਦੇ ਬਗੈਰ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?

ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
ਨਾਮ ਦੇ ਬਾਝੋਂ, ਦੁਨੀਆਂ ਦਵੈਤਭਾਵ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ ਅਤੇ ਡੁਬ ਡੁਬ ਕੇ ਮਰ ਜਾਂਦੀ ਹੈ। ਠਹਿਰਾਉ।

ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥
ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਅਗਾਧ ਤੇ ਭੇਦ-ਰਹਿਤ ਹਨ। ਗੁਰਾਂ ਦੀ ਸੇਵਾ ਟਹਿਲ ਰਾਹੀਂ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।

ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥
ਦਾਤਾਰ ਗੁਰਾਂ ਨੇ ਆਪ ਹੀ ਮੈਨੂੰ ਦਾਨ ਪ੍ਰਦਾਨ ਕੀਤਾ ਹੈ ਅਤੇ ਮੈਂ ਅਦ੍ਰਿਸ਼ਟ ਅਤੇ ਗੈਬੀ ਪ੍ਰਭੂ ਨੂੰ ਪਾ ਲਿਆ ਹੈ।

ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥
ਮਨੂਆ ਪਾਤਿਸ਼ਾਹ ਹੈ। ਮਨੂਏ ਦੀ ਨਿਸ਼ਾ ਖੁਦ ਮਨੂਏ ਤੋਂ ਹੀ ਹੋ ਜਾਂਦੀ ਹੈ ਅਤੇ ਖਾਹਿਸ਼ ਮਨੂਏ ਦੇ ਅੰਦਰ ਹੀ ਮਰ ਮੁਕਦੀ ਹੈ।

ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥
ਮਨੂਆ ਰੱਬ ਨਾਲ ਮਿਲ ਸਕਦਾ ਹੈ ਅਤੇ ਉਸ ਤੋਂ ਵਿਛੜ ਕੇ ਮਨੂਆ ਬਰਬਾਦ ਹੋ ਜਾਂਦਾ ਹੈ। ਸਾਈਂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮਨੂਆ ਸੁਧਰ ਜਾਂਦਾ ਹੈ।

ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥
ਇਸ ਜਹਾਨ ਵਿੱਚ ਬਹੁਤ ਹੀ ਥੋੜੇ ਹਨ ਉਹ ਜੋ ਗੁਰਾਂ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰਦੇ ਤੇ ਨਾਮ ਨੂੰ ਸਿਮਰਦੇ ਹਨ।

ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥
ਨਾਨਕ ਸੁਆਮੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਚੇ ਨਾਮ ਦੁਆਰਾ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।

ਭੈਰਉ ਮਹਲਾ ੧ ॥
ਭੈਰੋ ਪਹਿਲੀ ਪਾਤਿਸ਼ਾਹੀ।

ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥
ਜਦ ਬੁਢੇਪਾ ਪ੍ਰਾਨੀ ਨੂੰ ਜਿੱਤ ਲੈਂਦਾ ਹੈ, ਉਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਸ ਦੀ ਦੇਹ ਸੁਕ ਸੜ ਜਾਂਦੀ ਹੈ ਅਤੇ ਮੌਤ ਉਸ ਦੇ ਸਿਰ ਤੇ ਮੰਡਲਾਉਂਦਾ ਹੈ।

ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥
ਸੁੰਦਰਤਾ, ਦੁਨਿਆਵੀ ਪਿਆਰ ਅਤੇ ਸੰਸਾਰੀ ਸੁਆਦ ਮਸਤਕਿਲ ਨਹੀਂ। ਇਨਸਾਨ ਮੌਤ ਦੀ ਫਾਹੀ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?

ਪ੍ਰਾਣੀ ਹਰਿ ਜਪਿ ਜਨਮੁ ਗਇਓ ॥
ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦਾ ਆਰਾਧਨ ਕਰ। ਤੇਰਾ ਜੀਵਨ ਬੀਤਦਾ ਜਾ ਰਿਹਾ ਹੈ।