ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥
ਦਿਨ ਰਾਤ ਉਹ ਸਦਾ ਹੀ ਸਾਈਂ ਦੇ ਡਰ ਵਿੱਚ ਵਿਚਰਦਾ ਹੈ ਅਤੇ ਹੋਰ ਡਰਾਂ ਨੂੰ ਮੇਸ ਕੇ ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ। ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥ ਆਪਣੇ ਵਹਿਮ ਨੂੰ ਨਵਿਰਤ ਕਰ ਕੇ ਉਹ ਸਦੀਵ ਹੀ ਸਥਿਰ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ। ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥ ਉਸ ਦਾ ਦਿਲ ਪਵਿੱਤਰ ਹੈ ਤੇ ਉਸ ਦੀ ਬੋਲ-ਬਾਣੀ। ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ। ਸਿਮ੍ਰਿਤਿ ਸਾਸਤ ਬੇਦ ਵਖਾਣੈ ॥ ਇਨਸਾਨ ਹਿੰਦੂ ਵਾਰਕ ਪੁਸਤਕਾਂ ਫਲਸਫੇ ਦੇ ਗ੍ਰੰਥ ਤੇ ਵੇਦਾਂ ਨੂੰ ਉਚਾਰਦਾ ਹੈ। ਭਰਮੇ ਭੂਲਾ ਤਤੁ ਨ ਜਾਣੈ ॥ ਸ਼ੱਕ-ਸ਼ੁਬ੍ਹੇ ਦਾ ਗੁਮਰਾਹ ਕੀਤਾ ਹੋਇਆ ਉਹ ਅਸਲੀਅਤ ਨੂੰ ਨਹੀਂ ਸਮਝਦਾ। ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥੭॥ ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ, ਅਤੇ ਉਹ ਤਕਲੀਫ ਉਤੇ ਤਕਲੀਫ ਹੀ ਖੱਟਦਾ ਹੈ। ਆਪਿ ਕਰੇ ਕਿਸੁ ਆਖੈ ਕੋਈ ॥ ਆਪੇ ਹੀ ਸਾਹਿਬ ਸਾਰਾ ਕੁਝ ਕਰਦਾ ਹੈ। ਕੀਹਦੇ ਕੋਲ ਕੋਈ ਜਣਾ ਸ਼ਿਕਾਇਤ ਕਰ ਸਕਦਾ ਹੈ? ਆਖਣਿ ਜਾਈਐ ਜੇ ਭੂਲਾ ਹੋਈ ॥ ਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ। ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥ ਨਾਨਕ, ਆਪੇ ਹੀ ਸਾਈਂ ਹਰ ਸ਼ੈਅ ਕਰਦਾ ਹੈ ਤੇ ਕਰਾਉਂਦਾ ਹੈ। ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਆਪੇ ਰੰਗੇ ਸਹਜਿ ਸੁਭਾਏ ॥ ਆਪ ਸੁਆਮੀ ਨਿਰਯਤਨ ਹੀ ਪ੍ਰਾਣੀ ਨੂੰ ਰੰਗਦਾ ਹੈ, ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੀ ਪ੍ਰੀਤ ਦੀ ਰੰਗਤ ਚਾੜ੍ਹਦਾ ਹੈ। ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥ ਉਸ ਦੀ ਆਤਮਾ ਤੇ ਦੇਹਿ ਰੰਗੀਜ ਜਾਂਦੇ ਹਨ ਅਤੇ ਉਸ ਦੀ ਜਿਹਭਾ ਪੋਸਤ ਦੇ ਫੁੱਲ ਵਰਗਾ ਲਾਲ ਰੰਗ ਧਾਰਨ ਕਰ ਲੈਂਦੀ ਹੈ। ਸੁਆਮੀ ਦੇ ਡਰ ਤੇ ਪਿਆਰ ਨਾਲ ਇਹ ਰੰਗਤ ਚੜ੍ਹਦੀ ਹੈ। ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥ ਮੈਂ ਘੋਲੀ ਹਾਂ, ਮੇਰੀ ਜਿੰਦੜੀ ਘੋਲੀ ਹੈ, ਉਨ੍ਹਾਂ ਉਤੋਂ ਜੋ ਨਿਡਰ ਪੁਰਖ ਨੂੰ, ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਮੈਂ ਨਿਧੜਕ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਉਨ੍ਹਾਂ ਦੀ ਗੁਰਬਾਣੀ ਦੇ ਜਰੀਏ ਜਹਿਰੀਲਾ ਸੰਸਾਰ ਸਮੁੰਦਰ ਪਾਰ ਕੀਤਾ ਹੈ। ਠਹਿਰਾਉ। ਮਨਮੁਖ ਮੁਗਧ ਕਰਹਿ ਚਤੁਰਾਈ ॥ ਪ੍ਰਤੀਕੂਲ ਬੁਧੁ ਚਲਾਕੀ ਕਰਦਾ ਹੈ। ਨਾਤਾ ਧੋਤਾ ਥਾਇ ਨ ਪਾਈ ॥ ਆਪਣੇ ਨ੍ਹਾਉਣ ਤੇ ਧੋਣ ਦੇ ਬਾਵਜੂਦ, ਉਹ ਕਬੂਲ ਨਹੀਂ ਪੈਂਦਾਂ। ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥ ਜਿਹੋ ਜਿਹਾ ਉਹ ਆਇਆ ਸੀ, ਉਹੋ ਜਿਹਾ ਹੀ ਕੀਤਿਆਂ ਪਾਪਾਂ ਤੇ ਝੁਰੇਵਾਂ ਕਰਦਾ ਹੋਇਆ ਉਹ ਟੁਰ ਜਾਏਗਾ। ਮਨਮੁਖ ਅੰਧੇ ਕਿਛੂ ਨ ਸੂਝੈ ॥ ਅੰਨ੍ਹੇ ਅਧਰਮੀ ਨੂੰ ਕੁਝ ਭੀ ਨਹੀਂ ਦਿਸਦਾ। ਮਰਣੁ ਲਿਖਾਇ ਆਏ ਨਹੀ ਬੂਝੈ ॥ ਆਪਣੇ ਲਈ ਮੌਤ ਲਿਖਾ ਕੇ ਉਹ ਇਸ ਜਹਾਨ ਵਿੱਚ ਆਇਆ ਹੈ, ਪਰ ਉਹ ਇਸ ਨੂੰ ਨਹੀਂ ਸਮਝਦਾ। ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥ ਆਪ-ਹੁਦਰਾ ਪੁਰਸ਼ ਮਜਹਬੀ ਕਰਮਕਾਂਡ ਕਮਾਉਂਦਾ ਹੈ, ਪ੍ਰੰਤੂ ਨਾਮ ਨੂੰ ਹਾਂਸਲ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਉਹ ਆਪਣੇ ਮਨੁੱਖੀ ਜੀਵਨ ਨੂੰ ਗੁਆ ਲੈਂਦਾ ਹੈ। ਸਚੁ ਕਰਣੀ ਸਬਦੁ ਹੈ ਸਾਰੁ ॥ ਸੱਚ ਦੀ ਕਮਾਈ ਕਰਨਾ ਹੀ ਗੁਰ-ਉਪਦੇਸ਼ ਦਾ ਅਸਲ ਤੱਤ ਹੈ। ਪੂਰੈ ਗੁਰਿ ਪਾਈਐ ਮੋਖ ਦੁਆਰੁ ॥ ਪੂਰਨ ਗੁਰਾਂ ਦੇ ਰਾਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਹੁੰਦਾ ਹੈ। ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥ ਰੈਣ ਦਿਹੁੰ ਗੁਰੂ ਈਸ਼ਵਰੀ ਗੁਰਬਾਣੀ ਨੂੰ ਉਪਦੇਸ਼ਦੇ ਹਨ। ਸੱਚੇ ਸਾਈਂ ਨਾਲ ਰੰਗੇ ਹੋਏ, ਉਹ ਰੱਬ ਦੀ ਪ੍ਰੀਤ ਅੰਦਰ ਹੋਰਨਾਂ ਨੂੰ ਰੰਗਦੇ ਹਨ। ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀ ਹੋਈ ਮੇਰੀ ਜਿਹਭਾ ਮੌਜਾਂ ਮਾਣਦੀ ਹੈ। ਮਨੁ ਤਨੁ ਮੋਹਿਆ ਸਹਜਿ ਸੁਭਾਏ ॥ ਮੇਰੀ ਆਤਮਾਂ ਤੇ ਦੇਹਿ ਸਾਹਿਬ ਤੇ ਸ੍ਰੇਸ਼ਟ ਸਨੇਹ ਨਾਲ ਫਰੇਫਤਾ ਹੋ ਗਏ ਹਨ। ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥ ਮੈਂ ਸੁਖੈਨ ਹੀ ਆਪਣੇ ਮਿੱਠੜੇ ਦਿਲਬਰ ਨੂੰ ਪਾ ਲਿਆ ਹੈ। ਅਤੇ ਕੁਦਰਤੀ ਤੌਰ ਤੇ ਮੈਂ ਪਰਮ ਆਨੰਦ ਅੰਦਰ ਲੀਨ ਹੋ ਗਿਆ ਹਾਂ। ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥ ਜਿਸ ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥ ਅਤੇ ਗੁਰਾਂ ਦੀ ਸਿੱਖ-ਮੱਤ ਦੁਆਰਾ ਸੁਖੈਨ ਹੀ ਆਤਮਕ ਅਨੰਦ ਅੰਦਰ ਸਮਾਂ ਜਾਂਦਾ ਹੈ। ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥ ਮੈਂ ਸਦੀਵ ਹੀ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਮਨ ਨੂੰ ਗੁਰਾਂ ਦੀ ਘਾਲ ਅੰਦਰ ਸਮਰਪਣ ਕਰਦੇ ਹਨ। ਸਚਾ ਸਚੋ ਸਚਿ ਪਤੀਜੈ ॥ ਸੱਚਾ ਸੁਆਮੀ ਨਿਰੋਲ ਸੱਚ ਨਾਲ ਪ੍ਰਸੰਨ ਹੁੰਦਾ ਹੈ। ਗੁਰ ਪਰਸਾਦੀ ਅੰਦਰੁ ਭੀਜੈ ॥ ਗੁਰਾਂ ਦੀ ਮਿਹਰ ਦਾ ਸਦਕਾ ਆਦਮੀ ਦਾ ਮਨ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਜਾਂਦਾ ਹੈ। ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥ ਸੁਬਹਾਨ ਅਸਥਾਨ ਤੇ ਬੈਠ ਕੇ, ਸਾਧੂ ਵਾਹਿਗੁਰੂ ਦੇ ਗੁਣਾਵਾਦ ਆਲਾਪਦਾ ਹੈ ਤੇ ਸਾਹਿਬ ਖੁਦ ਆਪਣੀ ਰਜਾ ਨੂੰ ਸੱਚ ਕਰ ਕੇ ਮਨਵਾਉਂਦਾ ਹੈ। ਜਿਸ ਨੋ ਨਦਰਿ ਕਰੇ ਸੋ ਪਾਏ ॥ ਜਿਸ ਉਤੇ ਮਾਲਕ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਹ ਉਸ ਦੇ ਨਾਮ ਨੂੰ ਪਾਉਂਦਾ ਹੈ। ਗੁਰ ਪਰਸਾਦੀ ਹਉਮੈ ਜਾਏ ॥ ਗੁਰਾਂ ਦੀ ਰਹਿਮਤ ਦੁਆਰਾ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ। ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥ ਨਾਨਕ, ਜਿਸ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਿਵਾਸ ਰੱਖਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਇੱਜਤ ਪਾਉਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਸਤਿਗੁਰੁ ਸੇਵਿਐ ਵਡੀ ਵਡਿਆਈ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪਰਮ ਸੋਭਾ ਪ੍ਰਾਪਤ ਹੁੰਦੀ ਹੈ, ਹਰਿ ਜੀ ਅਚਿੰਤੁ ਵਸੈ ਮਨਿ ਆਈ ॥ ਅਤੇ ਪੂਜਯ ਵਾਹਿਗੁਰੂ ਸੁੱਤੇ ਸਿੱਧ ਹੀ ਚਿੱਤ ਅੰਦਰ ਆ ਨਿਵਾਸ ਕਰਦਾ ਹੈ। ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥ ਮਾਣਨੀਯ ਮਾਲਕ ਫਲਦਾਰ ਪੌਦਾ ਹੈ। ਜੋ ਇਸ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ। ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥ ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਸ ਉਤੋਂ ਜਿਹੜਾ ਮੈਨੂੰ ਸਾਧ ਸਮਾਗਮ ਦੇ ਮਿਲਾਪ ਅੰਦਰ ਮਿਲਾਉਂਦਾ ਹੈ। ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਵਾਹਿਗੁਰੂ ਖੁਦ ਪ੍ਰਾਣੀ ਨੂੰ ਸਚਿਆਰਾਂ ਦੀ ਸਭਾ ਨਾਲ ਜੋੜਦਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਬੰਦਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ। copyright GurbaniShare.com all right reserved. Email:- |