Page 1141

ਰੋਗ ਬੰਧ ਰਹਨੁ ਰਤੀ ਨ ਪਾਵੈ ॥
ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।

ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।

ਪਾਰਬ੍ਰਹਮਿ ਜਿਸੁ ਕੀਨੀ ਦਇਆ ॥
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,

ਬਾਹ ਪਕੜਿ ਰੋਗਹੁ ਕਢਿ ਲਇਆ ॥
ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।

ਤੂਟੇ ਬੰਧਨ ਸਾਧਸੰਗੁ ਪਾਇਆ ॥
ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਚੀਤਿ ਆਵੈ ਤਾਂ ਮਹਾ ਅਨੰਦ ॥
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।

ਚੀਤਿ ਆਵੈ ਤਾਂ ਸਭਿ ਦੁਖ ਭੰਜ ॥
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।

ਚੀਤਿ ਆਵੈ ਤਾਂ ਸਰਧਾ ਪੂਰੀ ॥
ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।

ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥
ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।

ਅੰਤਰਿ ਰਾਮ ਰਾਇ ਪ੍ਰਗਟੇ ਆਇ ॥
ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।

ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥
ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।

ਚੀਤਿ ਆਵੈ ਤਾਂ ਸਰਬ ਕੋ ਰਾਜਾ ॥
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।

ਚੀਤਿ ਆਵੈ ਤਾਂ ਪੂਰੇ ਕਾਜਾ ॥
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।

ਚੀਤਿ ਆਵੈ ਤਾਂ ਰੰਗਿ ਗੁਲਾਲ ॥
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।

ਚੀਤਿ ਆਵੈ ਤਾਂ ਸਦਾ ਨਿਹਾਲ ॥੨॥
ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।

ਚੀਤਿ ਆਵੈ ਤਾਂ ਸਦ ਧਨਵੰਤਾ ॥
ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।

ਚੀਤਿ ਆਵੈ ਤਾਂ ਸਦ ਨਿਭਰੰਤਾ ॥
ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।

ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।

ਚੀਤਿ ਆਵੈ ਤਾਂ ਚੂਕੀ ਕਾਣੇ ॥੩॥
ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।

ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।

ਚੀਤਿ ਆਵੈ ਤਾਂ ਸੁੰਨਿ ਸਮਾਇਆ ॥
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!

ਚੀਤਿ ਆਵੈ ਸਦ ਕੀਰਤਨੁ ਕਰਤਾ ॥
ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।

ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥
ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।

ਭੈਰਉ ਮਹਲਾ ੫ ॥
ਪੈਰਉ ਪੰਜਵੀਂ ਪਾਤਿਸ਼ਾਹੀ।

ਬਾਪੁ ਹਮਾਰਾ ਸਦ ਚਰੰਜੀਵੀ ॥
ਸਦੀਵ ਹੀ ਸਦਾ ਜੀਊਦਾ ਰਹਿਣ ਵਾਲਾ ਹੈ ਮੇਰਾ ਪਿਤਾ।

ਭਾਈ ਹਮਾਰੇ ਸਦ ਹੀ ਜੀਵੀ ॥
ਮੇਰੇ ਭਰਾ ਭੀ ਕਾਲ-ਸਥਾਈ ਹੋ ਗਏ ਹਨ।

ਮੀਤ ਹਮਾਰੇ ਸਦਾ ਅਬਿਨਾਸੀ ॥
ਸਦੀਵੀ ਅਮਰ ਹਨ ਮੇਰੇ ਮਿੱਤਰ।

ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
ਮੇਰਾ ਟੱਬਰ, ਕਬੀਲਾ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।

ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
ਮੈਂ ਆਰਾਮ ਪਾ ਲਿਆ ਹੈ ਤਦ ਹਰ ਕੋਈ ਸੁਖੀ ਹੋ ਗਿਆ ਹੈ।

ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਪਿਓ ਨਾਲ ਮਿਲਾ ਦਿੱਤਾ ਹੈ। ਠਹਿਰਾਓ।

ਮੰਦਰ ਮੇਰੇ ਸਭ ਤੇ ਊਚੇ ॥
ਸਾਰਿਆਂ ਤੋਂ ਬੁਲੰਦ ਹਨ ਮੇਰੇ ਮਹਿਲ।

ਦੇਸ ਮੇਰੇ ਬੇਅੰਤ ਅਪੂਛੇ ॥
ਮੇਰੇ ਮੁਲਕ ਬਿਨਾਂ ਪੁਛੇ ਅਨੰਤ ਹਨ।

ਰਾਜੁ ਹਮਾਰਾ ਸਦ ਹੀ ਨਿਹਚਲੁ ॥
ਸਦੀਵੀ ਸਥਿਰ ਹੈ ਮੇਰੀ ਪਾਤਸ਼ਾਹੀ।

ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
ਮੇਰੀ ਦੌਲਤ ਅਮੁੱਕ ਅਤੇ ਸਦਾ ਰਹਿਣ ਵਾਲੀ ਹੈ।

ਸੋਭਾ ਮੇਰੀ ਸਭ ਜੁਗ ਅੰਤਰਿ ॥
ਮੇਰੀ ਪ੍ਰਭਤਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ।

ਬਾਜ ਹਮਾਰੀ ਥਾਨ ਥਨੰਤਰਿ ॥
ਸਾਰੀਆਂ ਥਾਵਾਂ ਤੇ ਵਿੱਥ ਮੇਰੀ ਨਾਮਵਰੀ ਨਾਲ ਭਰਪੂਰ ਹਨ।

ਕੀਰਤਿ ਹਮਰੀ ਘਰਿ ਘਰਿ ਹੋਈ ॥
ਮੇਰਾ ਜੱਸ ਸਾਰਿਆਂ ਧਾਮਾਂ ਅੰਦਰ ਗੂੰਜਦਾ ਹੈ।

ਭਗਤਿ ਹਮਾਰੀ ਸਭਨੀ ਲੋਈ ॥੩॥
ਮੇਰੀ ਪਿਆਰੀ ਉਪਾਸਨਾ ਸਾਰਿਆਂ ਲੋਕਾਂ ਵਿੱਚ ਉਘੀ ਹੈ।

ਪਿਤਾ ਹਮਾਰੇ ਪ੍ਰਗਟੇ ਮਾਝ ॥
ਮੇਰਾ ਬਾਬਾਲ ਮੇਰੇ ਮਨ ਅੰਦਰ ਹੀ ਹਾਜਰ ਹੋ ਗਿਆ ਹੈ।

ਪਿਤਾ ਪੂਤ ਰਲਿ ਕੀਨੀ ਸਾਂਝ ॥
ਪਿਓ ਅਤੇ ਪੁੱਤਰ ਨੇ ਮਿਲ ਕੇ ਭਾਈਵਾਲੀ ਕਰ ਲਈ ਹੈ।

ਕਹੁ ਨਾਨਕ ਜਉ ਪਿਤਾ ਪਤੀਨੇ ॥
ਗੁਰੂ ਜੀ ਆਖਦੇ ਹਨ ਜਦ ਬਾਬਾਲ ਮੇਰੇ ਤੇ ਖੁਸ਼ ਹੋ ਜਾਂਦਾ ਹੈ,

ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
ਤਾਂ ਪਿਓ ਅਤੇ ਪੁੱਤਰ ਇਕੋ ਹੀ ਪਿਆਰ ਅੰਦਰ ਸਮਾਂ ਜਾਂਦੇ ਹਨ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥
ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!

ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥
ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।

ਜਿਸੁ ਪਾਪੀ ਕਉ ਮਿਲੈ ਨ ਢੋਈ ॥
ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।

ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।

ਸੁਖੁ ਪਾਇਆ ਸਤਿਗੁਰੂ ਮਨਾਇ ॥
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।

ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥
ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।

ਪਾਰਬ੍ਰਹਮ ਸਤਿਗੁਰ ਆਦੇਸੁ ॥
ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।

ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥
ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।

ਚੂਕਾ ਪੜਦਾ ਤਾਂ ਨਦਰੀ ਆਇਆ ॥
ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।

ਖਸਮੁ ਤੂਹੈ ਸਭਨਾ ਕੇ ਰਾਇਆ ॥੨॥
ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।

ਤਿਸੁ ਭਾਣਾ ਸੂਕੇ ਕਾਸਟ ਹਰਿਆ ॥
ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।

ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥
ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।

ਤਿਸੁ ਭਾਣਾ ਤਾਂ ਸਭਿ ਫਲ ਪਾਏ ॥
ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।

ਚਿੰਤ ਗਈ ਲਗਿ ਸਤਿਗੁਰ ਪਾਏ ॥੩॥
ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।

copyright GurbaniShare.com all right reserved. Email