Page 117
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।

ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
ਉਹ ਆਪਣੇ ਪਾਪ ਮੇਸ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ,

ਗੁਰ ਕਾ ਸਬਦੁ ਰਖੈ ਉਰ ਧਾਰੇ ॥
ਜੋ ਗੁਰਬਾਣੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।

ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
ਜੋ ਸੱਚ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਨਿਰਲੇਪ ਰਹਿੰਦੇ ਹਨ ਅਤੇ ਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ।

ਅੰਤਰਿ ਰਤਨੁ ਮਿਲੈ ਮਿਲਾਇਆ ॥
ਪ੍ਰਾਣੀ ਦੇ ਅੰਦਰ ਨਾਮ ਦਾ ਜਵੇਹਰ ਹੈ। ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ।

ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
ਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।

ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ।

ਆਪੇ ਰੰਗੇ ਰੰਗੁ ਚੜਾਏ ॥
ਸਾਈਂ ਆਪ ਹੀ ਆਪਣੇ ਪ੍ਰੇਮ ਦੀ ਪਾਹ ਦੇ ਕੇ ਰੰਗਦਾ ਹੈ।

ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
ਕੇਵਲ ਉਹੀ ਪੁਰਸ਼, ਜੋ ਗੁਰਬਾਣੀ ਨਾਲ ਰੰਗੀਜੇ ਹਨ, ਇਸ ਤਰ੍ਹਾਂ ਰੰਗੇ ਜਾਂਦੇ ਹਨ।

ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
ਜਿਸ ਨੇ ਪਰਮ-ਸੁੰਦਰ ਸੁਆਮੀ ਦੇ ਪ੍ਰੇਮ ਦੀ ਰੰਗਤ ਅਖਤਿਆਰ ਕਰ ਲਈ ਹੈ, ਉਹ ਬੜੇ ਸੁਆਦ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
ਗੁਰੂ ਸਮਰਪਣ ਲਈ ਉਹ ਸਤਿਪੁਰਖ ਹੀ ਧਨ ਸੰਪਦਾ, ਕਰਾਮਾਤ ਤੇ ਸਵੈ-ਰਿਆਜਤ ਹੈ।

ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
ਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।

ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸੱਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦਾ ਹੈ।

ਗੁਰਮੁਖਿ ਥਾਪੇ ਥਾਪਿ ਉਥਾਪੇ ॥
ਸੱਚਾ ਗੁਰਸਿੱਖ ਅਨੁਭਵ ਕਰਦਾ ਹੈ ਕਿ ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ।

ਗੁਰਮੁਖਿ ਜਾਤਿ ਪਤਿ ਸਭੁ ਆਪੇ ॥
ਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।

ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
ਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਅਰਾਧਨ ਕਰਦਾ ਹੈ ਅਤੇ ਨਾਮ-ਸਰੂਪ ਸਾਹਿਬ ਦੇ ਨਾਮ ਵਿੰਚ ਹੀ ਲੀਨ ਹੋ ਜਾਂਦਾ ਹੈ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਉਤਪਤਿ ਪਰਲਉ ਸਬਦੇ ਹੋਵੈ ॥
ਰਚਨਾ ਤੇ ਕਿਆਮਤ ਸੁਆਮੀ ਦੇ ਬਚਨ ਰਾਹੀਂ ਹੁੰਦੀ ਹੈ।

ਸਬਦੇ ਹੀ ਫਿਰਿ ਓਪਤਿ ਹੋਵੈ ॥
ਬਚਨ ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ਦੀ ਹੈ।

ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
ਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।

ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।

ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
ਗੁਰਾਂ ਦੇ ਰਾਹੀਂ ਬੰਦਾ ਠੰਢ-ਚੈਨ ਪਾਉਂਦਾ ਤੇ ਸਾਹਿਬ ਦੀ ਦਿਹੁੰ ਰੈਣ ਪਰੇਮ-ਮਈ ਸੇਵਾ ਕਰਦਾ ਹੈ। ਉਸ ਦੀ ਸਲਾਘਾ-ਯੋਗ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।

ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥
ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।

ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
ਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।

ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
ਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ, ਉਹ ਗੁਰੂ ਵਿਹੂਣ ਹੈ। ਜੋ ਗੁਰੂ ਵਿਹੂਣ ਪ੍ਰਾਣੀ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਤਿਨਿ ਕਰਤੈ ਇਕੁ ਖੇਲੁ ਰਚਾਇਆ ॥
ਉਸ ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ।

ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
ਮਨੁੱਖੀ ਦੇਹਿ ਦੇ ਕਲਬੂਤ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ।

ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
ਉਸ ਦੇ ਨਾਮ ਨਾਲ ਵਿਨਿੱਆ ਜਾ ਕੇ ਕੋਈ ਵਿਰਲਾ ਪੁਰਸ਼ ਹੀ ਸਾਈਂ ਦੀ ਹਜੂਰੀ ਨੂੰ ਪਰਾਪਤ ਹੁੰਦਾ ਹੈ। ਐਸੀ ਵਹੁਟੀ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।

ਸਚਾ ਸਾਹੁ ਸਚੇ ਵਣਜਾਰੇ ॥
ਸੱਚਾ ਹੈ ਸ਼ਾਹੂਕਾਰ ਤੇ ਸੱਚੇ ਹਨ ਊਸ ਦੇ ਵਾਪਾਰੀ।

ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
ਗੁਰਾਂ ਦੇ ਅਨੰਤ ਪ੍ਰੇਮ ਰਾਹੀਂ ਉਹ ਸਤਿਨਾਮ ਨੂੰ ਖਰੀਦਦੇ ਹਨ।

ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।

ਬਿਨੁ ਰਾਸੀ ਕੋ ਵਥੁ ਕਿਉ ਪਾਏ ॥
ਪੂੰਜੀ ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?

ਮਨਮੁਖ ਭੂਲੇ ਲੋਕ ਸਬਾਏ ॥
ਆਪ-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ।

ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
ਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।

ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
ਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।

ਆਪਿ ਤਰਹਿ ਸਗਲੇ ਕੁਲ ਤਾਰੇ ॥
ਊਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਾਰ ਲੈਂਦੇ ਹਨ।

ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
ਪ੍ਰਮਾਣੀਕ ਹੈ ਉਨ੍ਹਾਂ ਦਾ ਆਗਮਨ ਜੋ ਆਪਣੇ ਦਿਲਬਰ ਨੂੰ ਮਿਲ ਕੇ ਆਰਾਮ ਪਾਉਂਦੇ ਹਨ।

ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
ਐਨ ਅੰਦਰਵਾਰ ਹੈ ਵੱਥ ਪ੍ਰੰਤੂ ਮੂਰਖ ਇਸ ਨੂੰ ਬਾਹਰਵਾਰ ਲੱਭਦਾ ਹੈ।

ਮਨਮੁਖ ਅੰਧੇ ਫਿਰਹਿ ਬੇਤਾਲੇ ॥
ਅੰਨ੍ਹੇ ਅਧਰਮੀ ਭੂਤਨਿਆਂ ਵਾਂਙੂੰ ਭਟਕਦੇ ਫਿਰਦੇ ਹਨ।

ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
ਜਿਥੇ ਚੀਜ ਹੈ, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ। ਆਪ-ਹੁਦਰੇ ਸ਼ੱਕ ਸ਼ੁਭੇ ਅੰਦਰ ਘੁਸੇ ਹੋਏ ਹਨ।

ਆਪੇ ਦੇਵੈ ਸਬਦਿ ਬੁਲਾਏ ॥
ਸਾਈਂ ਖੁਦ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ।

ਮਹਲੀ ਮਹਲਿ ਸਹਜ ਸੁਖੁ ਪਾਏ ॥
ਵਹੁਟੀ ਆਪਣੇ ਲਾੜੇ ਦੇ ਮੰਦਰ ਅੰਦਰ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦੀ ਹੈ।

ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
ਨਾਨਕ, ਜੋ ਖੁਦ ਹਰੀ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ, ਉਹ ਨਾਮ ਦੀ ਬਜੁਰਗੀ ਨੂੰ ਪਾ ਲੈਂਦਾ ਹੈ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਸਤਿਗੁਰ ਸਾਚੀ ਸਿਖ ਸੁਣਾਈ ॥
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।

copyright GurbaniShare.com all right reserved. Email:-