ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਈ ਰੀ ਮਾਤੀ ਚਰਣ ਸਮੂਹ ॥ ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪ੍ਰੀਤ ਅੰਦਰ ਪੂਰੀ ਤਰ੍ਹਾਂ ਲੀਨ ਹੋਈ ਹੋਈ ਹਾਂ। ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥ ਇਕ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦੀ। ਆਪਣੇ ਦਵੈਤ ਭਾਵ ਨੂੰ ਮੈਂ ਪੂਰੀ ਤਰ੍ਹਾਂ ਸਾੜ ਸੁਟਿਆ ਹੈ। ਠਹਿਰਾਉ। ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥ ਪ੍ਰਭੂ ਨੂੰ ਛਡ ਕੇ, ਹੋਰ ਕੁਝ ਭੀ ਕਰਨਾ, ਉਹ ਪਾਪ ਦੇ ਖੂਹ ਵਿੱਚ ਡਿਗਣਾ ਹੈ। ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥ ਮੇਰੀ ਜਿੰਦੜੀ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੋਹਿਤ ਕਰ ਲਿਆ ਹੈ ਅਤੇ ਮੇਰੇ ਪ੍ਰਭੂ ਨੇ ਮੈਨੂੰ ਦੋਜਕ ਵਿੱਚੋ ਬਾਹਰ ਖਿਚ ਲਿਆ ਹੈ। ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥ ਸਾਧੂਆਂ ਦੀ ਦਇਆ ਦੁਆਰਾ, ਮੈਂ ਆਪਣੇ ਖੁਸ਼ੀ ਦੇਣਹਾਰ ਪ੍ਰਭੂ ਨੂੰ ਮਿਲ ਪਿਆ ਹਾਂ ਅਤੇ ਮੇਰਾ ਹੰਕਾਰ ਦਾ ਰੌਲਾ ਮਿਟ ਗਿਆ ਹੈ। ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥ ਨਫਰ ਨਾਨਕ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ ਅਤੇ ਉਸ ਦੀ ਜਿੰਦੜੀ ਤੇ ਦਿਹ ਦਾ ਬਨ ਪ੍ਰਫੁਲਤ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਬਿਨਸੇ ਕਾਚ ਕੇ ਬਿਉਹਾਰ ॥ ਹੇ ਬੰਦੇ! ਕੂੜੇ ਸੰਸਾਰੀ ਵਿਹਾਰ ਕਿਸੇ ਕੰਮ ਨਹੀਂ ਆਉਂਦੇ। ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥ ਸਤਿਸੰਗਤ ਨਾਲ ਮਿਲ ਕੇ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਜਹਾਨ ਵਿੱਚ ਕੇਵਲ ਇਹ ਵਸਤੂ ਹੀ ਸਰੇਸ਼ਟ ਹੈ। ਠਹਿਰਾਉ। ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥ ਸਾਈਂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਣ ਦੁਆਰਾ, ਏਥੇ ਅਤੇ ਓਥੇ ਤੂੰ ਕਦੇ ਭੀ ਡਿਕਡੋਲੇ ਨਹੀਂ ਖਾਵੇਗਾ। ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥ ਭਾਰੀ ਪ੍ਰਾਲਭਧ ਦੁਆਰਾ ਗੁਰਾਂ ਦੇ ਪੈਰਾਂ ਦਾ ਜਹਾਜ ਪਰਾਪਤ ਕਰ ਕੇ ਤੂੰ ਜਗ ਦੇ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥ ਸਾਰਿਆਂ ਦਾ ਬੇਅੰਤ ਸੁਆਮੀ, ਸਮੁੰਦਰ, ਧਰਤੀ ਅਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ। ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਪਾਨ ਕਰ। ਕੌੜੇ ਹਨ ਹੋਰ ਸਾਰੇ ਸੁਆਦ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਤਾ ਤੇ ਕਰਣ ਪਲਾਹ ਕਰੇ ॥ ਪ੍ਰਾਣੀ ਦੁਖ ਅੰਦਰ ਵਿਰਲਾਪ ਕਰਦਾ ਹੈ, ਕਿਉਂ ਕਿ, ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥ ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪਰਮ ਪਾਪਾਂ ਨਾਲ ਨਸ਼ਈ ਹੋਇਆ ਹੋਇਆ, ਆਪਣੇ ਵਾਹਿਗੁਰੂ ਨੂੰ ਨਹੀਂ ਅਰਾਧਦਾ। ਠਹਿਰਾਉ। ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥ ਸੰਤਾਂ ਨਾਲ ਮਿਲ ਕੇ ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਉਹਨਾਂ ਦੇ ਪਾਪ ਸੜ ਜਾਂਦੇ ਹਨ। ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥ ਫਲਦਾਇਕ ਹੈ ਸਰੀਰ ਅਤੇ ਮੁਬਾਰਕ ਜਨਮ ਉਹਨਾਂ ਦਾ, ਜੋ ਆਪਣੇ ਮਾਲਕ ਨਾਲ ਮਿਲ ਜਾਂਦੇ ਹਨ। ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥ ਚਾਰ ਦਾਤਾਂ ਅਤੇ ਅਠਾਰਾ ਕਰਾਮਾਤੀ ਸ਼ਕਤੀਆਂ, ਇਨ੍ਹਾਂ ਸਾਰਿਆਂ ਦੇ ਉਪਰ ਹਨ, ਵਾਹਿਗੁਰੂ ਦੇ ਨੇਕ ਸੰਤ। ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥ ਗੋਲਾ ਨਾਨਕ ਸਾਧੂਆਂ ਦੇ ਪੈਰਾ ਦੀ ਧੂੜ ਚਾਹੁੰਦਾ ਹੈ ਅਤੇ ਉਹਨਾਂ ਦੇ ਲੜ ਲਗ ਕੇ ਪਾਰ ਉਤਰ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਕੇ ਨਾਮ ਕੇ ਜਨ ਕਾਂਖੀ ॥ ਰੱਬ ਦੇ ਗੋਲੇ ਰਬ ਦੇ ਨਾਮ ਦੇ ਚਾਹਵਾਨ ਹਨ। ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥ ਆਪਣੇ ਚਿੱਤ, ਸਰੀਰ ਅਤੇ ਬਾਣੀ ਨਾਲ ਉਹ ਇਸ ਠੰਡ-ਚੈਨ ਦੀ ਤਾਂਘ ਕਰਦੇ ਹਨ ਕਿ ਆਪਣਿਆਂ ਨੇਤਰਾਂ ਨਾਲ ਉਹ ਕਦ ਆਪਣੇ ਸਾਈਂ ਦੇ ਦੀਦਾਰ ਵੇਖਣਗੇ। ਠਹਿਰਾਉ। ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥ ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਅਨੰਤ ਹੈ ਅਤੇ ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ। ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥ ਤੇਰੇ ਕੰਵਲ ਪੈਰਾਂ ਦੀ ਪਿਰਹੜੀ ਨਾਲ ਮੇਰੀ ਜਿੰਦੜੀ ਵਿੰਨ੍ਹੀ ਗਈ ਹੈ ਅਤੇ ਇਸ ਪਿਰਹੜੀ ਨੂੰ ਸਾਰਾ ਕੁਝ ਸਮਝ, ਮੈਂ ਇਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥ ਵੇਦਾ, ਪੁਰਾਨਾ ਅਤੇ ਸਿਮ੍ਰਤੀਆਂ ਨੂੰ ਘੋਖ ਕੇ, ਨੇਕ ਪੁਰਸ਼ਾਂ ਨੇ ਇਹ ਸੱਚਾ ਬਚਨ ਆਪਣੀ ਜੀਭ ਨਾਲ ਉਚਾਰਨ ਕੀਤਾ ਹੈ। ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਜੀਵ ਮੁਕਤ ਹੋ ਜਾਂਦਾ ਹੈ, ਹੇ ਨਾਨਕ! ਵਿਅਰਥ ਹਨ ਹੋਰਸ ਦਵੈਤ-ਭਾਵ ਦੀਆਂ ਕਹਾਣੀਆਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਖੀ ਰਾਮ ਕੀ ਤੂ ਮਾਖੀ ॥ ਹੇ ਮੱਖੀਏ! ਹੇ ਮੱਖੀ ਵਰਗੀ ਮਾਇਆ, ਤੂੰ ਪ੍ਰਭੂ ਦੀ ਰਚੀ ਹੋਈ ਹੈ। ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥ ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ। ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥ ਤੂੰ ਕਿਸੇ ਭੀ ਥਾਂ ਤੇ ਨਹੀਂ ਠਹਿਰਦੀ। ਤੇਰੀ ਇਹ ਰੀਤੀ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖ ਨਹੀਂ ਹੈ। ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥ ਸਾਧੂਆਂ ਦੇ ਬਗੈਰ, ਤੂੰ ਕਿਸੇ ਨੂੰ ਭੀ ਨਹੀਂ ਛਡਿਆ। ਸਾਧੂ ਸ਼੍ਰਿਸ਼ਟੀ ਦੇ ਸੁਆਮੀ ਦੇ ਪਾਸੇ ਰਹਿੰਦੇ ਹਨ। ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥ ਸਾਰੇ ਪ੍ਰਾਣਧਾਰੀ ਤੂੰ ਫਰੇਫਤਾ ਕਰ ਲਏ ਹਨ। ਬਗੈਰ ਸਾਧੂਆਂ ਦੇ ਕੋਈ ਭੀ ਤੈਨੂੰ ਨਹੀਂ ਜਾਣਦਾ। ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥ ਗੋਲਾ ਨਾਨਕ, ਸੁਆਮੀ ਦੀ ਮਹਿਮਾ ਨਾਲ ਰੰਗੀਜ ਗਿਆ ਹੈ ਅਤੇ ਆਪਣੇ ਮਨ ਨੂੰ ਨਾਮ ਨਾਲ ਜੋੜਨ ਦੁਆਰਾ, ਸੱਚੇ ਸਾਹਿਬ ਦੀ ਹਜੂਰੀ ਨੂੰ ਅਨੁਭਵ ਕਰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਈ ਰੀ ਕਾਟੀ ਜਮ ਕੀ ਫਾਸ ॥ ਹੇ ਮੇਰੀ ਮਾਤਾ! ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ। ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਘਰਬਾਰੀ ਜੀਵਨ ਅੰਦਰ ਹੀ ਮੈਂ ਨਿਰਲੇਪ ਹੋ ਗਿਆ ਹਾਂ। ਠਹਿਰਾਉ। copyright GurbaniShare.com all right reserved. Email |