Page 1230

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥
ਸਾਧੂਆਂ ਦੇ ਪੈਰਾਂ ਨਾਲ ਲਗ ਕੇ, ਮੈਂ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਛੱਡ ਦਿੱਤਾ ਹੈ। ਗੁਰੂ-ਪ੍ਰਮੇਸ਼ਰ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਜਿਹੜਾ ਕੁਛ ਮੇਰੀ ਪਰਾਲਭਧ ਵਿੱਚ ਲਿਖਿਆ ਹੋਇਆ ਸੀ, ਉਸ ਨੂੰ ਮੈਂ ਪਾ ਲਿਆ ਹੈ।

ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਦੂਰ ਹੋ ਗਏ ਹਨ, ਮੋਹਨੀ ਦੇ ਅੰਨ੍ਹੇ ਜੂੜ ਕਟੇ ਗਏ ਹਨ, ਮੈਂ ਪ੍ਰਭੂ ਨੂੰ ਸਾਰਿਆਂ ਵਿੱਚ ਪਰੀਪੂਰਨ ਵੇਖਦਾ ਹਾਂ ਅਤੇ ਹੁਣ ਮੇਰਾ ਕੋਈ ਭੀ ਦੁਸ਼ਮਨ ਨਹੀਂ।

ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥
ਮੇਰਾ ਸਾਹਿਬ ਮੇਰੇ ਉਤੇ ਅਤਿਅੰਤ ਖੁਸ਼ ਹੋ ਗਿਆ ਹੈ ਅਤੇ ਮੈਂ ਜੰਮਣ ਤੇ ਮਰਨ ਦੇ ਦੁਖ ਤੋਂ ਖਲਾਸੀ ਪਾ ਗਿਆ ਹਾਂ। ਸਾਧੂਆਂ ਦੇ ਪੈਰਾ ਨਾਲ ਜੁੜ ਕੇ ਨਾਨਕ ਆਪਣੇ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥
ਆਪਣੇ ਮੂੰਹ ਨਾਲ ਤੂੰ ਆਪਣੇ ਸੁਆਮੀ-ਮਾਲਕ ਦੇ ਨਾਮ ਦਾ ਉਚਾਰਨ ਕਰ ਅਤੇ ਸੁਆਮੀ ਮਾਲਕ ਨੂੰ ਹੀ ਤੂੰ ਆਪਣੇ ਹਿਰਦੇ ਅੰਦਰ ਟਿਕਾ, ਹੇ ਬੰਦੇ! ਠਹਿਰਾਉ।

ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥
ਕੰਨਾਂ ਨਾਲ ਸਾਹਿਬ ਦਾ ਨਾਮ ਸ੍ਰਵਨਾ ਅਤੇ ਸਾਹਿਬ ਦਾ ਸਿਮਰਨ ਧਾਰਨ ਕਰਨਾ, ਕ੍ਰੋੜਾਂ ਹੀ ਪਾਪਾਂ ਨੂੰ ਨਾਸ ਕਰਨ ਲਈ ਸੱਚੇ ਪ੍ਰਾਸਚਿਤ ਕਰਮ ਹਨ।

ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥
ਤੂੰ ਸੰਤਾਂ ਦੀ ਸ਼ਰਣਾਗਤ ਸੰਭਾਲ ਅਤੇ ਹੋਰ ਸਾਰੀਆਂ ਆਦਤਾਂ ਨੂੰ ਭੁਲਾ ਦੇ।

ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥
ਸਦਾ, ਸਦਾ ਹੀ ਤੂੰ ਪਵਿੱਤ੍ਰਾਂ ਦੇ ਪਰਮ-ਪਵਿੱਤ੍ਰ ਵਾਹਿਗੁਰੂ ਦੇ ਪੈਰਾਂ ਨੂੰ ਪਿਆਰ ਕਰ।

ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥
ਉਹ ਸਾਈਂ ਦੇ ਗੋਲੇ ਦਾ ਡਰ ਨਾਸ ਕਰ ਦਿੰਦੇ ਤੇ ਉਸ ਦੇ ਪਾਪਾਂ ਤੇ ਆਉਗੁਣਾ ਨੂੰ ਸਾੜ ਸੁਟਦੇ ਹਨ।

ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥
ਮੁਕਤ ਹਨ ਪ੍ਰਭੂ ਦੇ ਨਾਮ ਨੂੰ ਉਚਾਰਨ ਕਰਨ ਵਾਲੇ ਅਤੇ ਮੁਕਤ ਹਨ ਇਸ ਨੂੰ ਸੁਣਨ ਵਾਲੇ। ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੇ।

ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥
ਸੁਆਮੀ ਦਾ ਨਾਮ ਸਾਰਿਆਂ ਦਾ ਨਿਚੋੜ ਹੈ। ਨਾਨਕ ਅਸਲ ਵਸਤੂ ਦਾ ਧਿਆਨ ਧਾਰਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥
ਸਾਧੂਆਂ ਪਾਸੋ ਪ੍ਰਭੂ ਦੇ ਨਾਮ ਅਤੇ ਉਸ ਦੀ ਬੰਦਗ਼ੀ ਦੀ ਯਾਚਨਾ ਕਰ ਅਤੇ ਹੋਰ ਸਾਰੇ ਕੰਮ ਛਡ ਦੇ। ਠਹਿਰਾਉ।

ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥
ਤੂੰ ਆਪਣੇ ਵਾਹਿਗੁਰੂ ਨੂੰ ਸਿਮਰ ਤੇ ਪਿਆਰ ਕਰ ਅਤੇ ਸਦੀਵ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰ।

ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥
ਤੂੰ ਵਾਹਿਗੁਰੂ ਦੇ ਗੋਲੇ ਦੇ ਪੈਰਾ ਦੀ ਧੂੜ ਦੀ ਚਾਹਨਾ ਕਰ ਅਤੇ ਪ੍ਰਭੂ ਤੈਨੂੰ ਉਸ ਦੀ ਦਾਤ ਬਖਸ਼ ਦੇਵੇਗਾ।

ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥
ਪ੍ਰਭੂ ਦਾ ਨਾਮ ਖੁਸ਼ੀਆਂ ਦੀ ਖੁਸ਼ੀ ਅਤੇ ਸਾਰਿਆਂ ਅਨੰਦਾਂ ਤੇ ਆਰਾਮ ਦਾ ਟਿਕਾਣਾ ਹੈ। ਅੰਦਰਲੀਆਂ ਜਾਣਨਹਾਰ ਸਾਈਂ ਦਾ ਭਜਨ ਕਰਨ ਦੁਆਰਾ, ਜੀਵ ਮੌਤ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ।

ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥
ਕੇਵਲ ਪ੍ਰਭੂ ਦੇ ਪੈਰਾਂ ਦੀ ਪਨਾਹ ਹੀ ਦੁਨੀਆਂ ਦੇ ਸਾਰੇ ਦੁਖੜਿਆਂ ਨੂੰ ਨਾਸ ਕਰਦੀ ਹੈ।

ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥
ਸਤਿਸੰਗਤ ਇਕ ਬੇੜੀ ਦੀ ਤਰ੍ਹਾਂ ਹੈ, ਜਿਸ ਦੇ ਨਾਲ ਜੀਵ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਹੇ ਨਾਨਕ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਗੁਨ ਲਾਲ ਗਾਵਉ ਗੁਰ ਦੇਖੇ ॥
ਆਪਣੇ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ, ਮੈਂ ਆਪਣੇ ਪਿਆਰੇ ਦੀਆਂ ਸਿਫਤਾਂ ਗਾਉਂਦਾ ਹਾਂ।

ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥
ਜਦ ਮੈਂ ਸਤਿਸੰਗਤ ਨਾਲ ਜੁੜ ਜਾਂਦਾ ਹਾਂ, ਤਾਂ ਮੇਰਾ ਇਹ ਮਨੂਆ ਪੰਜਾਂ ਭੁਤਨਿਆਂ ਤੋਂ ਖਲਾਸੀ ਪਾ ਜਾਂਦਾ ਹੈ। ਠਹਿਰਾਉ।

ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥
ਸਾਰਾ ਕੁਛ ਜੋ ਦਿਸਦਾ ਹੈ, ਤੇਰੇ ਨਾਲ ਨਹੀਂ ਜਾਣਾ, ਹੇ ਇਨਸਾਨ! ਇਸ ਲਈ ਤੂੰ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਲਗਨ ਨੂੰ ਛੱਡ ਦੇ।

ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥
ਤੂੰ ਆਪਣੇ ਇਕ ਪ੍ਰਭੂ ਨੂੰ ਪਿਆਰ ਕਰ ਅਤੇ ਸਤਿਸੰਗਤ ਨਾਲ ਮਿਲ ਕੇ ਸ਼ਸ਼ੋਭਤ ਹੋ।

ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥
ਮੈਂ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਉਮੈਦਾ ਪੂਰੀਆਂ ਹੋ ਗਈਆਂ ਹਨ।

ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥
ਨਾਨਕ ਦੇ ਚਿੱਤ ਅੰਦਰ ਖੁਸ਼ੀ ਹੈ। ਗੁਰਦੇਵ ਜੀ ਨੇ ਮਜਬੂਤ ਗੜ੍ਹ ਨੂੰ ਤੋੜ ਦਿੱਤਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਨਿ ਬਿਰਾਗੈਗੀ ॥
ਮੇਰੀ ਜਿੰਦੜੀ ਉਪਰਾਮ ਹੋ ਗਈ ਹੈ,

ਖੋਜਤੀ ਦਰਸਾਰ ॥੧॥ ਰਹਾਉ ॥
ਪ੍ਰਭੂ ਦੇ ਦਰਸ਼ਨ ਦੀ ਤਲਾਸ਼ ਕਰਦੀ ਹੋਈ। ਠਹਿਰਾਉ।

ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥
ਨੇਕ ਬੰਦਿਆਂ ਤੇ ਪਵਿੱਤਰ ਪੁਰਸ਼ਾਂ ਦੀ ਘਾਲ ਕਮਾ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਚਿੱਤ ਵਿੱਚ ਯਾਦ ਕਰਦੀ ਹਾਂ।

ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥
ਪਰਸੰਨਤਾ ਸਰੂਪ ਆਪਣੇ ਪਤੀ ਨੂੰ ਵੇਖ, ਮੈਂ ਉਸ ਦੇ ਮੰਦਰ ਨੂੰ ਪਰਾਪਤ ਹੋ ਜਾਵਾਂਗੀ।

ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥
ਸਾਰਾ ਕੁਛ ਛਡ ਕੇ, ਮੈਂ ਉਸ ਦੀ ਸੇਵਾ ਕਰਦੀ ਅਤੇ ਉਸ ਦੀ ਪਨਾਹ ਲੈਂਦੀ ਹਾਂ।

ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥
ਨਾਨਕ, ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਂ ਹੁਣ ਆਪਣੇ ਗੁਰਾਂ ਨੂੰ ਪ੍ਰਸੰਨ ਕਰਾਂਗੀ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਐਸੀ ਹੋਇ ਪਰੀ ॥
ਮੇਰੀ ਅੰਤ੍ਰੀਵੀ ਅਵਸਥਾ, ਹੁਣ ਐਹੋ ਜਿਹੀ ਹੋ ਗਈ ਹੈ।

ਜਾਨਤੇ ਦਇਆਰ ॥੧॥ ਰਹਾਉ ॥
ਕੇਵਲ ਮੇਰਾ ਮਿਹਰਬਾਨ ਮਾਲਕ ਹੀ ਇਸ ਨੂੰ ਜਾਣਦਾ ਹੈ। ਠਹਿਰਾਉ।

ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥
ਆਪਣੀ ਅੰਮੜੀ ਅਤੇ ਬਾਬਲ ਨੂੰ ਛੱਡ ਕੇ, ਮੈਂ ਆਪਣੀ ਜਿੰਦੜੀ ਸਾਧੂਆਂ ਕੋਲ ਵੇਚ ਛੱਡੀ ਹੈ।

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥
ਮੇਰੀ ਜਾਤੀ, ਪੈਦਾਇਸ਼ ਅਤੇ ਵੰਸ਼ ਜਾਂਦੀਆਂ ਰਹੀਆਂ ਹਨ ਅਤੇ ਮੈਂ ਆਪਣੇ ਸਾਈਂ ਹਰੀ ਦਾ ਜੱਸ ਗਾਉਂਦਾ ਹਾਂ।

ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥
ਮੈਂ ਲੋਕਾ ਅਤੇ ਆਪਣੇ ਸਨਬੰਧੀਆਂ ਨਾਲੋ ਗੰਢ ਤੋੜ ਲਏ ਹਨ ਅਤੇ ਹੁਣ ਕੇਵਲ ਆਪਣੇ ਸੁਆਮੀ ਦੀ ਹੀ ਸੇਵਾ ਸੇਵਾ, ਕਮਾਉਂਦਾ ਹਾਂ।

ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥
ਨਾਨਕ, ਇਹੋ ਜਿਹੀ ਹੈ ਸਿੱਖ-ਮਤ ਮੇਰੇ ਗੁਰਦੇਵ ਜੀ ਦੀ, ਕਿ ਮੈਂ ਕੇਵਲ ਆਪਣੇ ਵਾਹਿਗੁਰੂ ਦੀ ਹੀ ਘਾਲ ਕਮਾਵਾਂ।

copyright GurbaniShare.com all right reserved. Email