Page 1233

ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥
ਦਿਲੀ ਪ੍ਰੇਮ ਦੇ ਰਾਹੀਂ, ਮੈਂ ਪਵਿੱਤ੍ਰ ਪ੍ਰਭੂ ਜੋ ਮੁਢ ਕਦੀਮਾਂ ਤੋਂ ਮਿਹਰਬਾਨ ਹੈ, ਦੇ ਨਾਮ ਨਾਲ ਰੰਗਿਆ ਗਿਆ ਹਾਂ।

ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥
ਮੋਹ ਲੈਣ ਵਾਲੇ ਮਾਲਕ ਨੇ ਮੇਰਾ ਮਨੂਆ ਫਰੇਫਤਾ ਕਰ ਲਿਆ ਹੈ ਅਤੇ ਭਾਰੀ ਪ੍ਰਾਲਭਧ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ ਹੈ।

ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥
ਸੱਚੇ ਸਾਈਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਤੇ ਦੁਖੜੇ ਦੁਰ ਹੋ ਗਹੈ ਹਨ ਤੇ ਉਸ ਦੀ ਪ੍ਰੀਤ ਅੰਦਰ ਮੇਰਾ ਚਿੱਤ ਪਵਿੱਤ੍ਰ ਹੋ ਗਿਆ ਹੈ।

ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥
ਡੁੰਘਾ ਅਤੇ ਬੇਥਾਹ ਹੈ ਉਹ ਪ੍ਰਭੂ ਜੋ ਜਵਾਹਿਰਾਤ ਦਾ ਸਮੁੰਦਰ ਅਤੇ ਖਾਣ ਹੈ ਅਤੇ ਹੋਰ ਕੋਈ ਭੀ ਉਪਾਸ਼ਨਾ ਦੇ ਯੋਗ ਨਹੀਂ।

ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥
ਮੈਂ ਸਦੇਹ ਅਤੇ ਡਰ ਨਾਸ ਕਰਨ ਵਾਲੇ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਹੋਰ ਕਿਸੇ ਨੂੰ ਨਹੀਂ ਜਾਣਦਾ।

ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥
ਆਪਣੇ ਮਨ ਨੂੰ ਕਾਬੂ ਕਰਕੇ, ਮੈਂ ਪਵਿੱਤਰ ਪਦਵੀ ਨੂੰ ਅਨੁਭਵ ਕਰ ਲਿਆ ਹੈ ਅਤੇ ਹਰੀ ਦੇ ਅੰਮ੍ਰਿਤ ਨਾਲ ਖਰਾ ਹੀ ਰੰਗਿਆ ਗਿਆ ਹਾਂ।

ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥
ਇਕ ਪ੍ਰਭੂ ਦੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।

ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥
ਉਹ ਅਪੁਜ ਅਤੇ ਅਗਾਧ ਹੈ, ਜਿਸ ਦਾ ਕੋਈ ਸੁਆਮੀ ਨਹੀਂ ਤੇ ਜੋ ਅਜਨਮਾਂ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਕ ਸਾਈਂ ਨੂੰ ਸਮਝਦਾ ਹਾਂ।

ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥
ਲਬਾਲਬ ਪੂਰਤ ਹੋਣ ਕਾਰਨ ਮੇਰੀ ਆਤਮਾ ਹੁਣ ਡੋਲਦੀ ਨਹੀਂ ਅਤੇ ਮੇਰਾ ਰੁਨੂਆ, ਮਨੂਏ ਦੇ ਰਾਹੀਂ ਹੀ ਪਤੀਜ ਗਿਆ ਹੈ।

ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥
ਗੁਰਾਂ ਦੀ ਦਇਆ ਦੁਆਰਾ, ਮੈਂ ਵਰਣਨ-ਰਹਿਤ ਪੁਰਖ ਨੂੰ ਵਰਣਨ ਕਰਦਾ ਹਾਂ ਅਤੇ ਉਹ ਹੀ ਆਖਦਾ ਹਾਂ ਜਿਹੜਾ ਕੁਛ ਉਹ ਮੇਰੇ ਕੋਲੋ ਅਖਵਾਉਂਦਾ ਹੈ।

ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥
ਹੇ ਨਾਨਕ! ਮੇਰਾ ਮਾਲਕ ਮਸਕੀਨ ਤੇ ਮਿਹਰਬਾਨ ਹੈ। ਆਪਣੇ ਸੁਆਮੀ ਦੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।

ਸਾਰਗ ਮਹਲਾ ੩ ਅਸਟਪਦੀਆ ਘਰੁ ੧
ਸਾਰੰਗ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਨ ਮੇਰੇ ਹਰਿ ਕੈ ਨਾਮਿ ਵਡਾਈ ॥
ਹੇ ਮੇਰੀ ਜਿੰਦੇ! ਸਾਰੀ ਵਿਸ਼ਾਲਤਾ ਪ੍ਰਭੂ ਦੇ ਨਾਮ ਵਿੱਚ ਹੀ ਹੈ।

ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥
ਆਪਣੇ ਵਾਹਿਗੁਰੂ ਦੇ ਬਗੈਰ, ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਕਲਿਆਣ ਅਤੇ ਉਚਤਾ ਪਰਾਪਤ ਹੋਈਆਂ ਹਨ। ਠਹਿਰਾਉ।

ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥
ਗੁਰਾਂ ਦੀ ਬਾਣੀ ਰਾਹੀਂ, ਡਰ ਨੂੰ ਨਾਸ ਕਰਨਹਾਰ ਅਤੇ ਮੌਤ ਦੇ ਫਰੇਸ਼ਤੇ ਨੂੰ ਮਾਰਨ ਵਾਲੇ ਆਪਣੇ ਪ੍ਰਭੂ ਨਾਲ ਮੇਰੀ ਪਿਰਹੜੀ ਪੈ ਗਈ ਹੈ।

ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥
ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਆਰਾਮ-ਬਖਸ਼ਣਹਾਰ ਹਰੀ ਨੂੰ ਅਨੁਭਵ ਕਰ ਲਿਆ ਹੈ ਅਤੇ ਸੁਖੈਨ ਹੀ ਉਸ ਅੰਦਰ ਲੀਨ ਰਹਿੰਦਾ ਹਾਂ।

ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਹ੍ਹਣੁ ਭਗਤਿ ਬਡਾਈ ॥
ਪਵਿੱਤ੍ਰ ਪ੍ਰਭੂ ਦਾ ਨਾਮ ਉਸ ਦੇ ਸੰਤਾਂ ਦਾ ਅਹਾਰ ਹੈ ਅਤੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਉਹਨਾਂ ਦੀ ਪੁਸ਼ਾਕ ਹੈ।

ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥
ਉਹ ਆਪਣੇ ਨਿਜ ਦੇ ਧਾਮ ਵਿੱਚ ਵਸਦੇ ਹਨ, ਹਮੇਸ਼ਾਂ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦੇ ਹਨ ਤੇ ਸਾਈਂ ਦੇ ਦਰਬਾਰ ਵਿੱਚ ਇਜ਼ਤ-ਆਬਰੂ ਪਾਉਂਦੇ ਹਨ।

ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥
ਕੂੜੀ ਹੈ ਅਕਲ ਮਨ-ਮਤੀਏ ਦੀ। ਉਸ ਦਾ ਮਨ ਡਿਕੋ-ਡੋਲੇ ਖਾਂਦਾ ਹੈ ਅਤੇ ਉਹ ਪ੍ਰਭੂ ਦੀ ਅਕਹਿ ਸਾਖੀ ਨੂੰ ਨਹੀਂ ਉਚਾਰਦਾ।

ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥
ਗੁਰਾਂ ਦੇ ਉਪਦੇਸ਼ ਦੁਆਰਾ, ਅਹਿੱਲ ਪ੍ਰਭੂ ਬੰਦੇ ਦੀ ਚਿੱਤ ਵਿੱਚ ਟਿਕ ਜਾਂਦਾ ਹੈ ਤੇ ਮਿੱਠੀ ਤੇ ਸੱਚੀ ਹੋ ਜਾਂਦੀ ਹੈ ਉਸ ਦੀ ਬੋਲ ਬਾਣੀ।

ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥
ਪ੍ਰਭੂ ਦਾ ਨਾਮ ਉਸ ਦੇ ਚਿੱਤ ਦੀਆਂ ਲਹਿਰਾਂ ਨੂੰ ਦੂਰ ਕਰ ਦਿੰਦਾ ਹੈ ਤੇ ਉਸ ਦੀ ਜੀਭਾ ਸ਼ਾਤ ਸੁਭਾਅ ਧਾਰਨ ਕਰ ਲੈਂਦੀ ਹੈ।

ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥
ਤੂੰ ਸਦੀਵ ਹੀ ਆਪਣੇ ਸੱਚੇ ਗੁਰਦੇਵ ਜੀ ਨਾਲ ਜੁੜਿਆ ਰਹੁ ਜਿਨ੍ਹਾਂ ਦੀ ਪਿਰਹੜੀ ਆਪਣੇ ਪ੍ਰਭੂ ਨਾਲ ਪਈ ਹੋਦੀ ਹੈ।

ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥
ਜੇਕਰ ਬੰਦਾ ਗੁਰਾਂ ਦੀ ਬਾਣੀਨਾਲ ਮਰ ਜਾਏ ਤਦ ਉਹ ਮੁਕਤ ਹੋ ਜਾਂਦਾ ਹੈ ਤੇ ਆਪਣਾ ਮਨ ਪ੍ਰਭੂ ਦੇ ਪੈਰਾ ਨਾਲ ਜੋੜ ਲੈਂਦਾ ਹੈ।

ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥
ਵਾਹਿਗੁਰੂ ਸਮੁੰਦਰ ਦੇ ਤੁਲ ਹੈ, ਸਦੀਵ ਹੀ ਪਵਿੱਤ੍ਰ ਹੈ ਜਿਸ ਦੇ ਨਾਮ ਦਾ ਪਾਣੀ। ਜੋ ਕੋਈ ਭੀਹ ਇਸ ਵਿੱਚ ਇਸ਼ਨਾਨ ਕਰਦਾ ਹੈ, ਉਹ ਸਚੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ।

ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥
ਜੋ ਆਪਣੇ ਸਾਈਂ ਨੂੰ ਸਿਰਮਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ ਤੇ ਉਨ੍ਹਾਂ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੀਆਂ ਹਨ।

ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥੬॥
ਪਵਿੱਤ੍ਰ ਪ੍ਰਭੂ ਉਨ੍ਹਾਂ ਦੇ ਅੰਦਰ ਰਮ ਰਿਹਾ ਹੈ ਅਤੇ ਸਾਰਿਆਂ ਦੇ ਅੰਦਰ ਉਹ ਹੰਕਾਰ ਦੇ ਵੈਰੀ, ਵਿਆਪਕ ਵਾਹਿਗੁਰੂ ਨੂੰ ਵੇਖਦੇ ਹਨ।

ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥
ਹੇ ਸਾਈਂ ਤੇਰੇ ਗੋਲੇ ਜੋ ਸੱਚੇ ਨਾਮ ਨਾਲ ਰੰਗੇ ਹੋਏ ਹਨ ਤੇ ਜੋ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ, ਤੇਰੀ ਘਾਲ ਕਮਾ ਰਹੇ ਹਨ।

ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥
ਕੂੜੀ ਪਤਨੀ ਜੋ ਇਸ ਸੰਸਾਰ ਵਿੱਚ ਦਵੈਤ ਭਾਵ ਅੰਦਰ ਫਾਥੀ ਹੋਈ ਹੈ ਅਤੇ ਨੇਕੀਆਂ ਅਤੇ ਬਦੀਆਂ ਦੀ ਪਛਾਣ ਨਹੀਂ ਕਰਦੀ, ਆਪਣੇ ਮਾਲਕ ਦੇ ਮੰਦਰ ਨੂੰ ਨਹੀਂ ਪਾਉਂਦੀ।

ਆਪੇ ਮੇਲਿ ਲਏ ਅਕਥੁ ਕਥੀਐ ਸਚੁ ਸਬਦੁ ਸਚੁ ਬਾਣੀ ॥
ਜੇਕਰ ਉਹ ਅਕਥਨੀਯ ਸਸੱਚੇ ਨਾਮ ਅਤੇ ਸੱਚੀ ਗੁਰਬਾਣੀ ਦਾ ਉਚਾਰਣ ਕਰੇ ਤਾਂ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥
ਨਾਨਕ, ਸੱਚੇ ਪੁਰਸ਼ ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ, ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।

ਸਾਰਗ ਮਹਲਾ ੩ ॥
ਸਾਰੰਗ ਤੀਜੀ ਪਾਤਿਸ਼ਾਹੀ।

ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥
ਹੇ ਮੇਰੀ ਜਿੰਦੇ! ਪਰਮ ਮਿਠੜਾ ਹੇ ਵਾਹਿਗੁਰੂ ਦਾ ਨਾਮ।

copyright GurbaniShare.com all right reserved. Email