ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥ ਇਹ ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ। ਗੁਰਾਂ ਦੀ ਦਇਆ ਦੁਆਰਾ ਅਦੁੱਤੀ ਪ੍ਰਭੂ ਪੇਖਿਆ ਜਾਂਦਾ ਹੈ। ਠਹਿਰਾਉ। ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥ ਜਦ ਸੱਚਾ ਭਗਵਾਨ ਬੰਦੇ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ ਤਾਂ ਉਸ ਦੇ ਕ੍ਰੋੜਾਂ ਉਤੇ ਕ੍ਰੋੜਾ ਪਾਪ ਕਟੇ ਜਾਂਦੇ ਹਨ। ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥ ਭਗਵਾਨ ਦੇ ਬਗੈਰ ਮੈਨੂੰ ਹੋਰ ਕੋਈ ਦਿੱਸਦਾ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਕ ਪ੍ਰਭੂ ਦਰਸਾ ਦਿੱਤਾ ਹੈ। ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥ ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਦੇ ਪਿਆਰ ਦੀ ਦੌਲਤ ਵਸਦੀ ਹੈ, ਉਹ ਸੂਖੇਨ ਹੀ ਉਸ ਅੰਦਰ ਲੀਨ ਹੋਏ ਰਹਿੰਦੇ ਹਨ। ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥ ਜੋ ਨਾਮ ਨਾਲ ਰੰਗੀਜੇ ਹਨ, ਉਹ ਗੂੜ੍ਹੀ ਲਾਲ ਰੰਗਤ ਧਾਰਨ ਕਰ ਲੈਂਦੇ ਹਨ ਅਤੇ ਕੁਦਰਤਨ ਹੀ ਪ੍ਰਭੂ ਦੀ ਸਰੇਸ਼ਟ ਪ੍ਰੀਤ ਨਾਲ ਤਰੋਤਰ ਹੋ ਜਾਂਦੇ ਹਨ। ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥ ਸਾਈਂ ਦਾ ਸਿਮਰਨ ਕਰਕੇ ਮੇਰੀ ਜੀਭਾਂ ਖੁਸ਼ੀ ਵਿੱਚ ਲੀਨ ਹੋ ਗਈ ਹੈ ਤੇ ਉਸ ਨਾਲ ਪ੍ਰੇਮ ਪਾ ਸੂਹੀ ਹੋ ਗਈ ਹੈ। ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥ ਮੈਂ ਪ੍ਰਭੂ ਦੇ ਪਵਿੱਤ੍ਰ ਨਾਮ ਨੂੰ ਅਨੁਭਵ ਕਰ ਲਿਆ ਹੈ, ਇਸ ਨਹੀਂ ਮੇਰਾ ਮਨੂਆ ਰੱਜ ਗਿਆ ਹੈ ਤੇ ਇਸ ਨੂੰ ਠੰਢ ਚੈਨ ਪੈ ਗਈ ਹੈ। ਪੰਡਿਤ ਪੜ੍ਹ੍ਹਿ ਪੜ੍ਹ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥ ਵਾਚ ਵਾਚ ਕੇ ਵਿਦਵਾਨ ਤੇ ਖਾਮੋਸ਼ ਬੰਦੇ ਸਾਰੇ ਹੰਭ ਗਏ ਹਨ ਅਤੇ ਰਟਨ ਕਰਦੇ ਤੇ ਧਾਰਮਕ ਲਿਬਾਸ ਪਹਿਨਦੇ, ਸੰਪ੍ਰਦਾਈ ਹਾਰ ਹੁਟ ਗਏ ਹਨ। ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥ ਸੱਚੇ ਨਾਮ ਦਾ ਸਿਮਰਨ ਕਰਕੇ ਗੁਰਾਂ ਦੀ ਦਇਆ ਦੁਆਰਾ ਮੈਂ ਪਵਿੱਤ੍ਰ ਪ੍ਰਭੂ ਨੂੰ ਪਾ ਲਿਆ ਹੈ। ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥ ਆਉਣਿਆਂ ਤੇ ਜਾਣਿਆਂ ਨੂੰ ਕਟ ਕੇ, ਮੈਂ ਸੱਚ ਨਾਲ ਰੰਗਿਆ ਗਿਆ ਹਾਂ ਅਤੇ ਸੱਚਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥ ਸੱਚੇ ਗੁਰਾਂ ਜਿਨ੍ਹਾਂ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ, ਨੂੰ ਘਾਲ ਕਮਾਉਣ ਦੁਆਰਾ ਸਦੀਵੀ ਆਰਾਮ ਪਰਾਪਤ ਹੁੰਦਾ ਹੈ। ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥ ਸਤਿਨਾਮ ਦੇ ਰਾਹੀਂ ਬੈਕੁੰਠੀ ਅਨੰਦ ਦਾ ਕੀਰਤਨ ਉਤਪੰਨ ਹੁੰਦਾ ਹੈ ਅਤੇ ਮਨੂਏ ਦਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ। ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥ ਗੁਰਾਂ ਦੀ ਦਇਆ ਦੁਆਰਾ, ਪਹੁੰਚ ਤੋਂ ਪਰੇ ਅਤੇ ਅਦ੍ਰਿਸ਼ਟ ਸੁਆਮੀ ਦਾ ਪਵਿੱਤ੍ਰ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ। ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥ ਇਕ ਪ੍ਰਭੂ ਅੰਦਰ, ਸਾਰਾ ਸੰਸਾਰ ਪਰਵਿਰਤ ਹੋਇਆ ਹੋਇਆ ਾਹੈ ਅਤੇ ਕੋਈ ਟਾਵਾਂ ਟੱਲਾ ਜਣਾ ਹੀ ਇਕ ਪ੍ਰਭੂ ਨੂੰ ਸਮਝਦਾ ਹੈ। ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥ ਜੇਕਰ ਜੀਵ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਸਾਰਾ ਕੁਝ ਜਾਣ ਲੈਂਦਾ ਹੈ ਅਤੇ ਰਾਤ ਦਿਨ ਇਕ ਸਾਈਂ ਨੂੰ ਹੀ ਅਨੁਭਵ ਕਰਦਾ ਹੈ। ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥ ਕੇਵਲ ਉਹ ਜਣਾ ਹੀ ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸਮਝਦਾ ਹੈ, ਹੋਰ ਕੁਝ ਆਖਿਆ ਤੇ ਉਚਿਾਰਿਆ ਨਹੀਂ ਜਾ ਸਕਾਦ। ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥ ਨਾਨਕ ਹਮੇਸ਼ਾਂ ਹੀ ਲਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਊਹ ਕੇਵਲ ਆਪਣੇ ਪ੍ਰਭੂ ਨਾਲ ਹੀ ਪਿਰਹੜੀ ਪਾਉਂਦੇ ਹਨ। ਸਾਰਗ ਮਹਲਾ ੩ ॥ ਸਾਰੰਗ ਤੀਜੀ ਪਾਤਿਸ਼ਾਹੀ। ਮਨ ਮੇਰੇ ਹਰਿ ਕੀ ਅਕਥ ਕਹਾਣੀ ॥ ਹੇ ਮੇਰੀ ਜਿੰਦੇ! ਅਕਹਿ ਹੈ ਕਥਾ-ਵਾਰਤਾ ਵਾਹਿਗੁਰੂ ਦੀ। ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥ ਕੇਵਲ ਉਹ ਜਣਾ ਹੀ ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਇਸ ਨੂੰ ਪਾਉਂਦਾ ਹੈ। ਗੁਰਾ ਦੀ ਦਇਆ ਦੁਆਰਾ ਕੋਈ ਇਕ ਅਧਾ ਜਣਾ ਹੀ ਇਸ ਨੂੰ ਸਮਝਦਾ ਹੈ। ਠਹਿਰਾਉ। ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥ ਪ੍ਰਭੂ ਡੂੰਘਾ ਅਥਾਹ ਅਤੇ ਨੇਕੀਆਂ ਦਾ ਸਮੁੰਦਰ ਹੈ। ਉਸ ਨੂੰ ਮੈਂ ਗੁਰਾਂ ਦੀ ਬਾਣੀ ਦੁਆਰਾ ਅਨੁਭਵ ਕਰ ਲਿਆ ਹੈ। ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥ ਦਵੰਤਭਾਵ ਰਾਹੀਂ ਜੋ ਭੀ ਅਨੇਕਾਂ ਰੀਤੀਆਂ ਨਾਲ ਸੰਸਾਰੀ ਕੰਮ ਕਰਦਾ ਹੈ, ਨਾਮ ਦੇ ਬਗੈਰ, ਉਹ ਕੇਵਲ ਪਗਲਾ ਪੁਰਸ਼ ਹੀ ਹੈ। ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥ ਜੋ ਕੋਈ ਪ੍ਰਭੂ ਦੇ ਨਾਮ ਅੰਦਰ ਨ੍ਹਾਉਂਦਾ ਹੈ, ਕੇਵਲ ਉਹ ਜੀਵ ਹੀ ਪਵਿੱਤ੍ਰ ਹੈ। ਊਹ ਮੁੜ ਕੇ ਕਦੇ ਭੀ ਗੰਦਾ ਨਹੀਂ ਹੁੰਦਾ। ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥ ਨਾਮ ਦੇ ਬਾਝੋਂ, ਸਾਰਾ ਸੰਸਾਰ ਗੰਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕ ਕੇ ਇਹ ਆਪਣੀ ਇੱਜ਼ਤ ਗੁਆ ਲੈਂਦਾ ਹੈ। ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥ ਮੈਂ ਕੀ ਪਕੜਾਂ, ਮੈਂ ਕੀ ਇਕੱਤਰ ਕਰਾਂ ਜਾ ਛੱਡਾ? ਮੈਨੂੰ ਤਾਂ ਇਸ ਦੀ ਕੋਈ ਸਮਝ ਨਹੀਂ ਪੈਦੀ। ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥ ਹੇ ਮੇਰੇ ਪੂਜਯ ਪ੍ਰਭੂ! ਜਿਸ ਉਤੇ ਤੂੰ ਮਾਇਆਵਾਨ ਹੈ ਅਤੇ ਆਪਣੀ ਦਇਆ ਧਾਰਦਾ ਹੈ, ਤੇਰਾ ਨਾਮ ਉਸ ਦਾ ਸਹਾਇਕ ਹੋ ਜਾਂਦਾ ਹੈ। ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥ ਸੱਚਾ ਪ੍ਰਭੂ ਸੱਚਾ ਦਾਤਾਰ ਤੇ ਪ੍ਰਾਲਭਧ ਦਾ ਲਿਖਾਰੀ ਹੈ। ਜਿਸ ਨੂੰ ਉਹ ਪਿਆਰ ਕਰਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਦਿੰਦਾ ਹੈ। ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥ ਕੇਵਲ ਉਹ ਹੀ ਗੁਰਾਂ ਦੇ ਰਾਹੀਂ ਸਮਝਦਾ ਹੈ ਜਿਸ ਨੂੰ ਉਹ ਖੁਦ ਸਿਖ-ਮਤ ਦਿੰਦਾ ਹੈ। ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥ ਪ੍ਰਭੂ ਦੇ ਅਚੰਭੇ ਵੇਖ ਕੇ ਭੀ ਇਹ ਜਿੰਦੜੀ ਉਸ ਦਾ ਆਰਾਧਨ ਨਹੀਂ ਕਰਦੀ। ਇਹ ਜਗਤ ਆਉਣਾ ਅਤੇ ਜਾਣ ਦੇ ਅਧੀਨ ਹੈ। ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥ ਜੋ ਕੋਈ ਭੀ ਸੱਦੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਮੁਕਤੀ ਦੇ ਦਰ ਨੂੰ ਪਾਉਂਦਾ ਹੈ। ਜਿਨ੍ਹ੍ਹ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥ ਜੋ ਪ੍ਰਭੂ ਦੇ ਦਰਬਾਰ ਨੂੰ ਵੇਖਦੇ ਹਨ, ਉਹ ਆਪਣੇ ਮਨੁਖੀ ਜੀਵਨ ਨੂੰ ਕਦਾਚਿਤ ਵਿਗਾੜਦੇ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ। ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥ ਉਹ ਸੱਚ, ਸਵੈ-ਜਬਤ, ਪਵਿੱਤ੍ਰ ਜੀਵਨ ਰਹੁ-ਰੀਤੀ ਅਤੇ ਸ਼ੁਭ ਅਮਲਾ ਦੀ ਕਮਾਈ ਕਰਦੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਤੇ ਜਾਣੇ। ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥ ਕੇਵਲ ਉਹ ਹੀ ਸੱਚੇ ਸੁਆਮੀ ਦੇ ਬੂਹੇ ਤੇ ਖੜੋ ਕੇ ਸੱਚ ਦੀ ਕਮਾਈ ਕਰਦੇ ਹਨ, ਜਿਨ੍ਹਾਂ ਨੂੰ ਗੁਰਾਂ ਦੀ ਮਿਹਰ ਸਦਕਾ ਸੱਚੇ ਵਾਹਿਗੁਰੂ ਦਾ ਹੀ ਆਸਰਾ ਹੈ। copyright GurbaniShare.com all right reserved. Email |