Page 1238

ਸਲੋਕ ਮਹਲਾ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
ਵਾਹਿਗੁਰੂ ਖੁਦ ਰਚਦਾ ਹੈ ਅਤੇ ਖੁਦ ਹੀ ਜੀਵਾਂ ਨੂੰ ਵੱਖਰੀਆਂ ਵੱਖਰੀਆਂ ਥਾਵਾਂ ਤੇ ਰਖਦਾ ਹੈ।

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
ਅਸੀਂ ਕਿਸ ਨੂੰ ਮਾੜਾ ਕਹੀਏ, ਜਦ ਸਾਰਿਆਂ ਦਾ ਸੁਆਮੀ ਕੇਵਲ ਉਹੀ ਇਕ ਹੈ।

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
ਸਾਰਿਆਂ ਦਾ ਸੁਆਮੀ ਇਕ ਉਹ ਹੀ ਹੈ। ਉਹ ਹਰ ਇਕ ਨੂੰ ਉਸ ਦੇ ਕੰਮ ਲਾਉਂਦਾ ਅਤੇ ਉਸ ਨੂੰ ਦੇਖਦਾ ਹੈ।

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
ਕਈਆਂ ਨੂੰ ਸੁਆਮੀ ਬਹੁਤਾ ਬਖਸ਼ਦਾ ਹੈ ਤੇ ਕਈਆਂ ਨੂੰ ਘਟ, ਪ੍ਰੰਤੂ ਕੋਈ ਭੀ ਸੱਖਣੀ ਹੱਥੀ ਨਹੀਂ ਮੁੜਦਾ।

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
ਪ੍ਰਾਣੀ ਨਾਂਗੜੇ ਆਉਂਦੇ ਹਨ, ਉਹ ਨਾਂਗੇ ਹੀ ਜਾਂਦੇ ਹਨ ਅਤੇ ਵਿੱਚ ਵਿਚਾਲੇ ਉਹ ਅਡੰਬਰ ਰਚਦੇ ਹਨ।

ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥
ਨਾਨਕ, ਜੀਵ ਪ੍ਰਭੂ ਦੀ ਰਜਾ, ਨਾਂ ਹੀ ਕੀ ਕੰਮ ਪ੍ਰਭੂ ਨੇ ਉਸ ਪਾਸੋ ਏਦੂੰ ਮਗਰੋ ਕਰਵਾਉਣਾ ਹੈ, ਨੂੰ ਨਹੀਂ ਜਾਣਦਾ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥
ਨਾਨ੍ਹਾ ਪਰਕਾਰ ਦੇ ਜੀਵਾਂ ਨੂੰ ਰਚ ਕੇ, ਪ੍ਰਭੂ ਉਨ੍ਹਾਂ ਨੂੰ ਘਲਦਾ ਹੈ ਅਤੇ ਇਸ ਤਰ੍ਹਾਂ ਦੇ ਨਾਨ੍ਹਾ ਪਰਕਾਰ ਦੇ ਰਚੇ ਹੋਏ ਜੀਵਾਂ ਨੂੰ ਓੜਕ ਨੂੰ ਉਹ ਲੈ ਜਾਂਦਾ ਹੈ।

ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥
ਉਹ ਆਪ ਟਿਕਾਉਂਦਾ ਹੈ ਅਤੇ ਆਪ ਉਖੇੜਦਾ ਹੈ ਤੇ ਬੰਦਿਆਂ ਪਾਸੋ ਅਨੇਕਾਂ ਸਰੂਪ ਧਾਰਨ ਕਰਵਾਉਂਦਾ ਹੈ।

ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥
ਜਿੰਨੇ ਭੀ ਜੀਵ ਮੰਗਤਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਨ, ਓਨਿਆਂ ਨੂੰ ਹੀ ਉਹ ਖੁਦ ਖੈਰ ਪਾਉਂਦਾ ਹੈ।

ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥
ਹਿਸਾਬ ਵਿੱਚ ਆਦਮੀ ਬੋਲਦਾ ਹੈ ਅਤੇ ਇਸਾਬ ਵਿੱਚ ਹੀ ਉਹ ਤੁਰਦਾ ਹੈ। ਤਦ ਉਹ ਕਾਹਦੇ ਨਹੀਂ ਲੰਮੇ ਚੌੜੇ ਹੱਕ ਜਮਾਉਂਦਾ ਹੈ?

ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥
ਕੇਵਲ ਇਹ ਹੀ ਅਸਲ ਦਾਨਾਈ ਹੈ, ਜਿਸ ਨੂੰ ਸਾਈਂ ਕਬੂਲ ਕਰਦਾ ਹੈ ਅਤੇ ਇਸ ਨੂੰ ਹੀ ਨਾਨਕ ਪੁਕਾਰਦਾ ਅਤੇ ਪ੍ਰਚਾਰਦਾ ਹੈ।

ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥
ਕੇਵਲ ਜੀਵ ਦੇ ਅਮਲਾਂ ਤੇ ਹੀ ਨਿਆਉਣ ਹੋਣਾ ਹੈ। ਜੇਕਰ ਕੋਈ ਜਣਾ ਕੁਛ ਹੋਰ ਉਚਾਰਦਾ ਅਤੇ ਆਖਦਾ ਹੈ, ਉਹ ਨਿਰਾ ਪੁਰਾ ਬਕਵਾਸ ਹੀ ਹੈ।

ਪਉੜੀ ॥
ਪਉੜੀ।

ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥
ਵਿਸ਼ਾਲ ਵਾਹਿਗੁਰੂ ਨੇ ਸੰਸਾਰ ਖੇਡ ਰਚੀ ਹੈ ਅਤੇ ਨੇਕੀਆਂ ਰਾਹੀਂ, ਉਹ ਪ੍ਰਤੱਖਸ਼ ਹੋ ਜਾਂਦਾ ਹੈ।

ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥
ਜਿਹੜਾ ਕੋਈ ਹਮੇਸ਼ਾਂ ਗੁਰਾਂ ਦੀ ਬਾਣੀ ਨੂੰ ਉਚਾਰਦਾ ਹੈ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਨੂੰ ਟਿਕਾ ਲੈਂਦਾ ਹੈ।

ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥
ਉਹ ਮਾਇਆ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਉਸ ਦੇ ਅੰਦਰ ਚਮਕਦਾ ਹੈ।

ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥
ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹ ਸਰਬ ਸ਼ਕਤੀਵਾਨ ਗੁਰਾਂ ਨੂੰ ਮਿਲ ਪੈਦੇ ਹਨ।

ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥
ਨਾਨਕ, ਉਹ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ ਅਤੇ ਸੂਖੈਨ ਹੀ ਇਸ ਨਾਲ ਅਭੇਦ ਰਹਿੰਦੇ ਹਨ।

ਸਲੋਕ ਮਹਲਾ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
ਵਾਪਾਰੀ ਵਾਹਿਗੁਰੂ, ਸੁਦਾਗਰ ਪਾਸੋ ਆਉਂਦੇ ਹਨ। ਉਨ੍ਹਾਂ ਦੀ ਪ੍ਰਾਲਭਧ, ਉਹ ਉਨ੍ਹਾਂ ਦੇ ਸਾਥ ਭੇਜਦਾ ਹੈ।

ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥
ਲਿਖਤਾਕਾਰ ਦੀ ਬਿਨਾ ਉਤੇ ਫੁਰਮਾਨ ਜਾਰੀ ਹੁੰਦਾ ਹੈ ਅਤੇ ਹਰ ਕੋਈ ਉਸ ਨੂੰ ਮਿਲੇ ਹੋਏ ਵਸਤ-ਵਲੇਵੇ ਨੂੰ ਸੰਭਾਲ ਲੈਂਦਾ ਹੈ।

ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
ਵਾਪਾਰੀਆਂ ਨੇ ਆਪਣਾ ਸੌਦਾ ਸੂਤ ਖਰੀਦ ਲਿਆ ਹੈ ਅਤੇ ਆਪਣੀ ਖੇਪ ਨੂੰ ਥੰਨ੍ਹ ਲਿਆ ਹੈ।

ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
ਕਈ ਨਫ਼ਾ ਕਮਾ ਕੇ ਟੁਰਦੇ ਹਨ ਅਤੇ ਕਈ ਆਪਣੀ ਅਸਲ ਰਕਮ ਭੀ ਗੁਆ ਜਾਂਦੇ ਹਨ।

ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
ਕੋਈ ਭੀ ਘਟ ਨਹੀਂ ਮੰਗਦਾ। ਤਾਂ ਅਸੀਂ ਕਿਸ ਨੂੰ ਆਫਰੀਨ ਆਖੀਏ?

ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥
ਨਾਨਕ, ਸੁਆਮੀ ਉਹਨਾਂ ਉਤੇ ਮਿਹਰ ਦੀ ਨਜ਼ਰ ਧਾਰਦਾ ਹੈ, ਜੋ ਆਪਣੇ ਮਾਲਮੇ ਤੇ ਨੂੰ ਸਹੀ ਸਾਲਮਤ ਰਖਦੇ ਹਨ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
ਇਕੱਠੇ ਜੁੜ ਕੇ ਆਤਮਾ ਤੇ ਦੇਹਿ ਵਖਰੇ ਹੋ ਜਾਂਦੇ ਹਨ ਅਤੇ ਵਖਰੇ ਹੋ ਮੁੜ ਜੁੜ ਜਾਂਦੇ ਹਨ।

ਜੀਵਿ ਜੀਵਿ ਮੁਏ ਮੁਏ ਜੀਵੇ ॥
ਪ੍ਰਾਣੀ ਜੀਉਂਦਾ, ਜੀਉਂਦਾ ਹੈ ਮਰਨ ਨਹੀਂ ਅਤੇ ਉਹ ਮਰਦਾ ਹੈ ਮੁੜ ਜਨਮ ਧਾਰਨ ਨਹੀਂ।

ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
ਉਹ ਬਹੁਤਿਆਂ ਦਾ ਪਿਓ ਬਣਾ ਹੈ, ਬਹੁਤਿਆਂ ਦਾ ਪੁਤ੍ਰ ਅਤੇ ਬਹੁਤਿਆਂ ਦਾ ਗੁਰੂ ਅਤੇ ਮੁਰੀਦ।

ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥
ਭਵਿਖਤ ਅਤੇ ਭੂਤ ਦੀ ਇਨਸਾਨ ਗਿਣਤੀ ਕਰ ਨਹੀਂ ਸਕਦਾ। ਮੈਂ ਕੀ ਜਾਣਦਾ ਹਾਂ ਕਿ ਮੈਂ ਪਿਛੇ ਕੀ ਸਾਂ ਅਤੇ ਅਗੇ ਨੂੰ ਕੀ ਹੋਵਾਗਾ?

ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
ਸਾਰੇ ਕਰਤਬ ਅਤੇ ਕਰਮ ਜੋ ਜੀਵ ਕਮਾਉਂਦਾ ਹੈ ਲਿਖੇ ਜਾਂਦੇ ਹਨ। ਇਹ ਹੈ ਜੋ ਸਿਰਜਣਹਾਰ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।

ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥
ਮਨ-ਮਤੀਆਂ ਮਰ ਜਾਂਦਾ ਹੈ ਤੇ ਗੁਰੂ-ਅਨੁਸਾਰੀ ਤਰ ਜਾਂਦਾ ਹੈ ਅਤੇ ਉਸ ਤੇਰੇ ਮਿਹਰਬਾਨ ਮਾਲਕ ਦੀ ਮਿਹਰ ਹੈ, ਹੇ ਨਾਨਕ!

ਪਉੜੀ ॥
ਪਉੜੀ।

ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥
ਆਪ-ਹੁਦਰਾ ਦਵੈਤਭਾਵ ਤੇ ਸੰਦੇਹ ਅੰਦਰ ਭਟਕਦਾ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਮੋਇਆ ਹੋਇਆ ਹੈ।

ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥
ਉਹ ਝੂਠ ਅਤੇ ਵਲਛਲ ਦੀ ਕਮਾਈ ਕਰਦਾ ਹੈ ਅਤੇ ਝੂਠ ਹੀ ਬੋਲਦਾ ਹੈ।

ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥
ਪੁੱਤਾਂ ਅਤੇ ਪਤਨੀ ਦਾ ਪਿਆਰ ਅਤੇ ਪ੍ਰਮ ਸਾਰੇ ਦਾ ਸਾਰਾ ਬਿਪਤਾ ਹੀ ਹੈ।

ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥
ਮੌਤ ਦੇ ਦੂਤ ਦੇ ਬੂਹੇ ਉਤੇ ਬੱਝੇ ਹੋਏ ਨੂੰ ਉਸ ਨੂੰ ਸਜਾ ਮਿਲਦੀ ਹੈ ਅਤੇ ਉਹ ਜੂਨੀਆਂ ਅੰਦਰ ਭਰਮਦਾ ਅਤੇ ਭਟਕਦਾ ਹੈ।

ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥
ਆਪ ਹੁਦਰਾ ਆਪ ਮਨੁਖੀ-ਜੀਵਨ ਾਗੁਆ ਲੈਂਦਾ ਹੈ, ਜਦ ਕਿ ਨਾਨਕ ਆਪਣੇ ਵਾਹਿਗੁਰੂ ਨੂੰ ਪਿਆਰ ਕਰਦਾ ਹੈ।

ਸਲੋਕ ਮਹਲਾ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਜਿਨ੍ਹਾਂ ਨੂੰ ਤੇਰੇ ਨਾਮ ਦੀ ਪ੍ਰਭਤਾ ਦੀ ਦਾਤ ਪਰਾਪਤ ਹੋਈ ਹੈ, ਹੇ ਪ੍ਰਭੂ! ਉਹ ਆਪਣੇ ਹਿਰਦੇ ਅੰਦਰ ਖੁਸ਼ੀ ਨਾਲ ਰੰਗੇ ਰਹਿੰਦੇ ਹਨ।

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ, ਕੇਵਲ ਇਕ ਹੀ ਨਾਮ-ਸੁਧਾਰਸ ਹੈ ਕੋਈ ਹੋਰ ਸੁਧਾਰਸ ਹੈ ਹੀ ਨਹੀਂ।

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਨਾਨਕ, ਨਾਮ ਦਾ ਆਬਿ-ਇਸਾਤ ਹਿਰਦੇ ਅੰਦਰ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।

ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥
ਕੇਵਲ ਉਹ ਹੀ ਇਸ ਨੂੰ ਪਿਆਰ ਨਾਲ ਪਾਨ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਐਸ ਤਰ੍ਹਾਂ ਆਦੀ ਪ੍ਰਭੂ ਨੇ ਲਿਖਿਆ ਹੋਇਆ ਹੈ।

copyright GurbaniShare.com all right reserved. Email