Page 1254

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧
ਰਾਗ ਮਲਾਰ ਚਉਪਦੇ। ਪਹਿਲੀ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ।

ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥
ਆਪਣੇ ਸਾਹਿਬ ਨੂੰ ਭੁਲਾ, ਪ੍ਰਾਣੀ ਨੇ ਆਪਣੇ ਆਪ ਨੂੰ ਤਬਾਹ ਕਰਕੇ ਆਪਣੀ ਜਿੰਦਗੀ ਨੂੰ ਫਿਟਕਾਰਯੋਗ ਬਣਾ ਲਿਆ ਹੈ। ਉਸਨੇ ਏਥੇ ਠਹਿਰਨਾ ਨਹੀਂ।

ਪ੍ਰਾਣੀ ਏਕੋ ਨਾਮੁ ਧਿਆਵਹੁ ॥
ਹੇ ਫਾਨੀ ਬੰਦੇ! ਤੂੰ ਇਕ ਸਾਹਿਬ ਦੇ ਨਾਮ ਦਾ ਹੀ ਸਿਮਰਨ ਕਰ।

ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਇਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ। ਠਹਿਰਾਉ।

ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥
ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੈਨੂੰ ਕੀ ਦਿੰਦੇ ਹਨ। ਉਹ ਸਗੋ ਤੇਰੇ ਕੋਲੋ ਮੰਗਕੇ ਲੈਂਦੇ ਹਨ ਅਤੇ ਮੰਗਣ ਤੋਂ ਰੁਕਦੇ ਨਹੀਂ।

ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥੨॥
ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਤੂੰ ਉਹਨਾਂ ਜੀਵਾਂ ਦੇ ਅੰਦਰ ਦੀ ਜਿੰਦ-ਜਾਨ ਹੈਂ।

ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥
ਰੱਬ ਨੂੰ ਜਾਣਨ ਵਾਲੇ ਜੀਵ ਰੱਬ ਨੂੰ ਸਿਮਰਦੇ ਹਨ, ਉਹ ਸੁਧਾਰਸ ਪਾ ਲੈਂਦੇ ਹਨ ਅਤੇ ਕੇਵਲ ਉਹ ਹੀ ਪਵਿੱਤ੍ਰ ਹੁੰਦੇ ਹਨ।

ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥੩॥
ਦਿਨ ਤੇ ਰੈਣ ਤੂੰ ਆਪਣੇ ਸਾਈਂ ਨੂੰ ਯਾਦ ਕਰ, ਹੇ ਫਾਨੀ ਬੰਦੇ! ਇਸ ਦੇ ਰਾਹੀਂ ਗੰਦੇ ਮੰਦੇ, ਪਵਿੱਤਰ ਪਾਵਨ ਹੋ ਜਾਂਦੇ ਹਨ।

ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥
ਜੇਹਾ ਜੇਹਾ ਮੋਸਮ ਹੁੰਦਾ ਹੈ, ਉਹੋ ਜੇਹਾ ਹੀ ਆਰਾਮ ਸਰੀਰ ਨੂੰ ਹੁੰਦਾ ਹੈ ਅਤੇ ਉਹੋ ਜੇਹਾ ਹੀ ਸਰੀਰ ਖੁਦ ਹੁੰਦਾ ਹੈ।

ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥੪॥੧॥
ਨਾਨਕ ਸੁੰਦਰ ਹੈ ਉਹ ਮੋਸਮ, ਜਿਸ ਵਿੱਚ ਸਾਹਿਬ ਸਿਮਰਿਆ ਜਾਂਦਾ ਹੈ। ਸਾਹਿਬ ਦੇ ਨਾਮ ਦੇ ਬਗੈਰ ਕੋਈ ਮੌਸਮ ਕੀ ਹੈ?

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਕਰਉ ਬਿਨਉ ਗੁਰ ਅਪਨੇ ਪ੍ਰੀਤਮ ਹਰਿ ਵਰੁ ਆਣਿ ਮਿਲਾਵੈ ॥
ਮੈਂ ਆਪਣੇ ਪਿਆਰੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ, ਕਿ ਉਹ ਮੈਨੂੰ ਮੇਰੇ ਕੰਤ ਵਾਹਿਗੁਰੂ ਨਾਲ ਮਿਲਾ ਦੇਣ।

ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥੧॥
ਬੱਦਲਾਂ ਦੀ ਗਰਜ ਨੂੰ ਸੁਣ ਕੇ, ਮੇਰਾ ਚਿੱਤ ਠੰਡਾ-ਠਾਰ ਹੋ ਗਿਆ ਹੈ ਅਤੇ ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜ ਮੈਂ ਉਸ ਦੀ ਮਹਿਮਾ ਗਾਇਨ ਕਰਦੀ ਹਾਂ।

ਬਰਸੁ ਘਨਾ ਮੇਰਾ ਮਨੁ ਭੀਨਾ ॥
ਵਰ੍ਹ ਪਓ, ਹੇ ਬੱਦਲੋ! ਤਾਂ ਜੋ ਮੇਰੀ ਜਿੰਦੜੀ ਆਪਣੇ ਪਤੀ ਦੀ ਪਿਰਹੜੀ ਨਾਲ ਭਿਜ ਜਾਵੇ।

ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥
ਆਬਿ-ਇਸਾਤ ਦੀ ਕਣੀ, ਮੇਰੇ ਹਿਰਦੇ ਨੂੰ ਚੰਗੀ ਲਗਦੀ ਹੈ। ਗੁਰਾਂ ਨੇ ਮੇਰੀ ਆਤਮਾ ਨੂੰ ਫਰੇਫਤਾ ਕਰ ਲਿਆ ਹੈ ਅਤੇ ਇਹ ਹੁਣ ਵਾਹਿਗੁਰੂ ਦੇ ਅੰਮ੍ਰਿਤ ਵਿੱਚ ਸਮਾ ਗਈ ਹੈ। ਠਹਿਰਾਉ।

ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥
ਉਹ ਪਤਨੀ ਜਿਸ ਦਾ ਚਿੱਤ ਗੁਰਾਂ ਦੀ ਬਾਣੀ ਨਾਲ ਪਰਸੰਨ ਹੋ ਗਿਆ ਹੈ, ਆਪਣੇ ਮਾਲਕ ਨੂੰ ਮਿੱਠੀ ਲਗਦੀ ਹੈ ਤੇ ਅਡੋਲਤਾ ਦੇ ਆਰਾਮ ਨੂੰ ਮਾਣਦੀ ਹੈ।

ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥
ਆਪਣੇ ਵਾਹਿਗੁਰੂ ਕੰਤ ਦੀ ਐਸੀ ਪਤਨੀ ਵੀ ਸਥਿਰ ਹੋ ਜਾਂਦੀ ਹੈ ਤੇ ਉਸ ਦੇ ਦਿਲ ਤੇ ਦੇਹਿ ਨੂੰ ਆਪਣੇ ਸੁਆਮੀ ਦਾ ਪਿਆਰ ਚੰਗਾ ਲਗਦਾ ਹੈ।

ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥
ਬਦੀਆਂ ਨੂੰ ਛੱਡ ਕੇ ਉਹ ਉਪਰਾਮ ਹੋ ਜਾਂਦੀ ਹੈ ਅਤੇ ਹਰੀ ਨੂੰ ਆਪਣੇ ਪਤੀ ਵਜੋ ਪਾ, ਉਸ ਦਾ ਵਿਆਹੁਤਾ ਜੀਵਨ ਮੁਸਤਕਿਲ ਹੋ ਜਾਂਦਾ ਹੈ।

ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥
ਸੁਆਮੀ ਵਾਹਿਗੁਰੂ ਉਸ ਉਤੇ ਆਪਣੀ ਮਿਹਰ ਧਾਰਦਾ ਹੈ ਅਤੇ ਉਸ ਨੂੰ ਅਫਸੋਸ ਤੇ ਵਿਛੋੜਾ ਕਦਾਚਿਤ ਨਹੀਂ ਵਿਆਪਣੇ।

ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥
ਉਹ ਪੂਰਨ ਗੁਰਾਂ ਦੀ ਪਨਾਹ ਪਕੜ ਲੈਂਦੀ ਹੈ। ਉਸ ਦਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਉਹ ਆਉਂਦੀ ਜਾਂਦੀ ਨਹੀਂ।

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥੪॥੨॥
ਹੇ ਨਾਨਕ ਗੁਰਾਂ ਦੀ ਦਇਆ ਦੁਆਰਾ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤਾਂ ਜੋ ਤੂੰ ਸੱਚੇ ਸਾਈਂ ਦੀ ਅਸਲੀ ਮੁਬਾਰਕ ਪਤਨੀ ਪ੍ਰਵਾਨ ਹੋ ਜਾਵੇ।

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥
ਜਿਨ੍ਹਾਂ ਦੇ ਪੱਲੇ ਸੱਚੀ ਸਮਝ ਨਹੀਂ ਤੇ ਨਾਮ ਨਾਲ ਸੰਤੁਸ਼ਟ ਨਹੀਂ ਹੋਈ, ਉਹ ਹੰਕਾਰ ਕਰਦੇ ਹੋਏ ਆਪਣਾ ਜੀਵਨ ਗੁਆ ਲੈਂਦੇ ਹਨ।