ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
ਗੁਰਾਂ ਦੇ ਰਾਹੀਂ, ਹੇ ਨਾਨਕ, ਵਾਹਿਗੁਰੂ ਦੇ ਨਾਮ ਦੀ ਦਾਤ ਪਰਾਪਤ ਹੋਈ ਹੈ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਗੁਣ ਗਾਵਾ ਗੁਣ ਬੋਲੀ ਬਾਣੀ ॥ ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ ਅਤੇ ਵਾਹਿਗੁਰੂ ਦੇ ਜੱਸ ਦਾ ਹੀ ਗੁਰਬਾਣੀ ਦੇ ਜ਼ਰੀਏ ਉਚਾਰਨ ਕਰਦਾ ਹਾਂ। ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥ ਗੁਰਾਂ ਦੇ ਰਾਹੀਂ, ਮੈਂ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਉਚਾਰਨ ਤੇ ਵਰਨਣ ਕਰਦਾ ਹਾਂ। ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥ ਨਾਮ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮੇਰੇ ਚਿੱਤ ਵਿੱਚ ਖੁਸ਼ੀ ਆ ਗਈ ਹੈ। ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥ ਸੱਚੇ ਸਾਹਿਬ ਦਾ ਸੱਚਾ ਨਾਮ, ਸੱਚੇ ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਅਤੇ ਸੁਆਦ ਨਾਲ ਮੈਂ ਪਰਮ ਪਰਸੰਨਤਾ ਸਰੂਪ ਦੀਆਂ ਬਜ਼ੁਰਗੀਆਂ ਗਾਇਨ ਕਰਦਾ ਹਾਂ। ਠਹਿਰਾਉ। ਹਰਿ ਗੁਣ ਗਾਵੈ ਹਰਿ ਜਨ ਲੋਗਾ ॥ ਜਿਹੜੇ ਬੰਦੇ, ਵਾਹਿਗੁਰੂ ਦੇ ਗੁਮਾਸ਼ਤੇ ਹਨ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ। ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥ ਭਾਰੀ ਕਿਸਮਤ ਰਾਹੀਂ ਨਿਰਲੇਖ ਸੁਆਮੀ ਪਾਇਆ ਜਾਂਦਾ ਹੈ। ਗੁਣ ਵਿਹੂਣ ਮਾਇਆ ਮਲੁ ਧਾਰੀ ॥ ਨੇਕੀ ਤੋਂ ਸੱਖਣੇ ਦੌਲਤਮੰਦ ਗਲੀਜ਼ ਹਨ। ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥ ਨੇਕੀ-ਹੀਣ ਮਗਰੂਰ ਪੁਰਸ਼ ਆਵਾਗਉਣ ਵਿੱਚ ਪੈਂਦੇ ਹਨ। ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥ ਦੇਹਿ ਦਾ ਸਮੁੰਦਰ ਨੇਕੀਆਂ ਦੇ ਮੋਤੀ ਉਗਾਲਦਾ ਹੈ। ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥ ਹੇ ਨਾਨਕ, ਗੁਰਾਂ ਦੇ ਰਾਹੀਂ ਸਮੁੰਦਰ ਰਿੜਕ ਕੇ ਜੌਹਰ ਬਾਹਰ ਕੱਢ ਲਿਆ ਜਾਂਦਾ ਹੈ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਨਾਮੁ ਸੁਣੀ ਨਾਮੋ ਮਨਿ ਭਾਵੈ ॥ ਨਾਮ ਮੈਂ ਸ੍ਰਵਣ ਕਰਦਾ ਹਾਂ ਅਤੇ ਨਾਮ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥ ਚੰਗੀ ਕਿਸਮਤ ਦੁਆਰਾ ਗੁਰੂ ਅਨੁਸਾਰੀ ਹਰੀ ਨੂੰ ਪਾ ਲੈਂਦਾ ਹੈ। ਨਾਮੁ ਜਪਹੁ ਗੁਰਮੁਖਿ ਪਰਗਾਸਾ ॥ ਨਾਮ ਦਾ ਅਰਾਧਨ ਕਰ ਜੋ ਗੁਣਾ ਵਾਲੇ ਗੁਰੂ ਦੁਆਰਾ ਪਰਗਟ ਹੁੰਦਾ ਹੈ। ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥ ਨਾਮ ਦੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ। ਸੁਆਮੀ ਦਾ ਨਾਮ ਮੇਰੇ ਸਾਰੇ ਸੁਆਸਾਂ ਤੇ ਬੁਰਕੀਆਂ ਅੰਦਰ ਉਣਿਆ ਹੋਇਆ ਹੈ। ਠਹਿਰਾਉ। ਨਾਮੈ ਸੁਰਤਿ ਸੁਨੀ ਮਨਿ ਭਾਈ ॥ ਮੈਂ ਨਾਮ ਦਾ ਸਿਰਮਨ ਸ੍ਰਵਣ ਕੀਤਾ ਹੈ ਅਤੇ ਇਹ ਮੇਰੇ ਚਿੱਤ ਨੂੰ ਭਾਉਂਦਾ ਹੈ। ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥ ਜਿਹੜਾ ਮੈਨੂੰ ਨਾਮ ਮੁਤਅਲਕ ਦੱਸਦਾ ਹੈ, ਕੇਵਲ ਓਹੀ ਮੈਡਾਂਮਿਤ੍ਰ ਅਤੇ ਸਾਥੀ ਹੈ। ਨਾਮਹੀਣ ਗਏ ਮੂੜ ਨੰਗਾ ॥ ਨਾਮ ਦੇ ਬਿਨਾਂ ਮੂਰਖ ਨੰਗੇ ਟੁਰ ਵੰਞਦੇ ਹਨ। ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥ ਮਾਇਆ ਦੀ ਜ਼ਹਿਰ ਨੂੰ ਵੇਖ ਕੇ ਉਹ ਪਰਵਾਨੇ ਦੀ ਤਰ੍ਹਾਂ ਸੜਮੱਚ ਕੇ ਮਰ ਜਾਂਦੇ ਹਨ। ਆਪੇ ਥਾਪੇ ਥਾਪਿ ਉਥਾਪੇ ॥ ਸੁਆਮੀ ਖੁਦ ਪੈਦਾ ਕਰਦਾ ਹੈ ਅਤੇ ਪੈਦਾ ਕਰ ਕੇ ਖੁਦ ਹੀ ਨਾਸ ਕਰ ਦਿੰਦਾ ਹੈ। ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥ ਨਾਨਕ ਹਰੀ ਆਪ ਹੀ ਆਪਣਾ ਨਾਮ ਬਖਸ਼ਦਾ ਹੈ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥ ਮੁਖੀ ਗੁਰਾਂ ਨੇ ਵਾਹਿਗੁਰੂ ਸੁਆਮੀ ਦੀ ਵਲ ਨੂੰ ਪਰਫੁਲਤ ਕੀਤਾ ਹੈ। ਫਲ ਲਾਗੇ ਹਰਿ ਰਸਕ ਰਸਾਈ ॥੧॥ ਇਸ ਨੂੰ ਵਾਹਿਗੁਰੂ ਦਾ ਮੇਵਾ ਲੱਗਾ ਹੈ, ਜਿਸ ਨੂੰ ਅਨੰਦ ਲੈਣ ਵਾਲੇ ਮਾਣਦੇ ਹਨ। ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਜਿਸ ਵਿੱਚ ਖੁਸ਼ੀ ਦੀਆਂ ਬੇਅੰਤ ਲਹਿਰਾਂ ਹਨ। ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਤਾਬੇ ਤੂੰ ਹਰੀ ਦੇ ਨਾਮ ਤੇ ਜੱਸ ਦਾ ਉਚਾਰਨ ਕਰ, ਇਸ ਤਰ੍ਹਾਂ ਤੂੰ ਮੌਤ ਦੇ ਨੀਚ ਫ਼ਰਿਸ਼ਤੇ ਦੇ ਸਰੂਪ ਨੂੰ ਮਾਰ ਲਵੇਗਾ। ਠਹਿਰਾਉ। ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥ ਪ੍ਰਭੂ ਪਰਮੇਸ਼ਵਰ ਨੇ ਆਪਣੀ ਪ੍ਰੇਮ-ਮਈ ਸੇਵਾ ਗੁਰੂ ਜੀ ਅੰਦਰ ਅਸਥਾਪਨ ਕੀਤੀ ਹੈ। ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥ ਜੇਕਰ ਗੁਰੂ ਜੀ ਪ੍ਰਸੰਨ ਹੋ ਜਾਣ ਤਾਂ ਉਹ ਇਸ ਨੂੰ ਆਪਣੇ ਮੁਰੀਦ ਨੂੰ ਬਖਸ਼ਦੇ ਹਨ, ਹੇ ਮੈਡੇ ਵੀਰ। ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ ਜੋ ਹੰਕਾਰ ਵਿੱਚ ਕੰਮ ਕਰਦਾ ਹੈ, ਉਹ ਰਸਤਾ ਨਹੀਂ ਜਾਣਦਾ, ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥ ਜਿਸ ਤਰ੍ਹਾਂ ਨਹਾ ਕੇ ਹਾਥੀ ਆਪਣੇ ਮੂੰਡ ਤੇ ਖੇਹ ਪਾਉਂਦਾ ਹੈ। ਜੇ ਵਡ ਭਾਗ ਹੋਵਹਿ ਵਡ ਊਚੇ ॥ ਜੇਕਰ ਆਦਮੀ ਦੀ ਕਿਸਮਤ ਸ਼੍ਰੇਸ਼ਟ ਅਤੇ ਖਰੀ ਬੁਲੰਦ ਹੋਵੇ, ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥ ਹੇ ਨਾਨਕ! ਉਹ ਪਵਿਤ੍ਰ ਸੱਚੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥ ਮੇਰੇ ਚਿੱਤ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ। ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥ ਨਾਮ ਨੂੰ ਸ੍ਰਵਣ ਕਰ ਕੇ ਮੇਰਾ ਮਨੂਆਂ ਰੱਜ ਜਾਂਦਾ ਹੈ, ਹੇ ਵੀਰ। ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥ ਨਾਮ ਦਾ ਅਰਾਧਨ ਕਰੋ, ਹੇ ਮੈਡੇਂ ਗੁਰ-ਸਿੱਖ ਮਿੱਤਰੋ! ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥ ਨਾਮ ਦਾ ਉਚਾਰਨ ਕਰੋ, ਰੱਬ ਦੇ ਨਾਮ ਰਾਹੀਂ ਠੰਢ-ਚੈਨ ਪਰਾਪਤ ਕਰੋ ਅਤੇ ਗੁਰਾਂ ਦੀ ਸਿਖਿਆ ਦੁਆਰਾ ਨਾਮ ਨੂੰ ਆਪਣੇ ਹਿਰਦੇ ਤੇ ਦਿਲ ਅੰਦਰ ਟਿਕਾਓ। ਠਹਿਰਾਉ। ਨਾਮੋ ਨਾਮੁ ਸੁਣੀ ਮਨੁ ਸਰਸਾ ॥ ਨਾਮ-ਸਰੂਪ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥ ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਲਾਭ ਕਮਾ ਕੇ ਮੇਰੀ ਆਤਮਾ ਪ੍ਰਫੁੱਲਤ ਹੋ ਗਈ ਹੈ। ਨਾਮ ਬਿਨਾ ਕੁਸਟੀ ਮੋਹ ਅੰਧਾ ॥ ਨਾਮ ਦੇ ਬਗੈਰ, ਆਦਮੀ ਸੰਸਾਰੀ ਮਮਤਾ ਦੇ ਜਰੀਏ ਕੌੜ੍ਹੀ ਅਤੇ ਅੰਨ੍ਹਾਂ ਹੋ ਜਾਂਦਾ ਹੈ। ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥ ਉਸ ਦਾ ਸਾਰੇ ਕੰਮਾਂ ਦਾ ਕਾਰਨ ਨਿਸਫਲ ਅਤੇ ਦੁਖਦਾਇਕ ਵਿਹਾਰ ਹੈ। ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥ ਬਹੁਤ ਚੰਗੇ ਕਰਮਾਂ ਵਾਲੇ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਉਚਾਰਨ ਕਰਦੇ ਹਨ। ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥ ਹੇ ਨਾਨਕ! ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗਦੀ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। copyright GurbaniShare.com all right reserved. Email |