Page 368
ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥
ਚੌਥੀ ਪਾਤਸ਼ਾਹੀ ਰਾਗ ਆਸਾ।

ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
ਹੇ ਯੋਗੀ, ਤੂੰ ਤੰਦੀ ਨੂੰ ਆਪਣੇ ਹੱਥ ਨਾਲ ਬਜਾਉਂਦਾ ਹੈਂ, ਪਰ ਤੇਰੀ ਸਤਾਰ (ਬੀਨ) ਬੇਫ਼ਾਇਦਾ ਵੱਜ ਰਹੀ ਹੈ।

ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥
ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰ, ਹੇ ਯੋਗੀ! ਤਾਂ ਤੇਰੀ ਇਹ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਉਗੀ।

ਜੋਗੀ ਹਰਿ ਦੇਹੁ ਮਤੀ ਉਪਦੇਸੁ ॥
ਹੇ ਯੋਗੀ! ਆਪਣੀ ਅਕਲ ਨੂੰ ਈਸ਼ਵਰੀ ਸਿਖਿਆ ਦੇ।

ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥
ਇਕ ਪ੍ਰਭੂ ਪਰਮੇਸ਼ਰ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੋ ਰਿਹਾ ਹੈ, ਉਸ ਮੁਹਰੇ ਮੈਂ ਨਿਮਸਕਾਰ ਕਰਦਾ ਹਾਂ। ਠਹਿਰਾਉ।

ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥
ਤੂੰ ਘਣੇਰੀਆਂ ਤਰਜਾ ਵਿੱਚ ਗਾਉਂਦਾ ਹੈਂ ਅਤੇ ਬਹੁਤਾ ਬੋਲਦਾ ਹੈਂ, ਪਰ ਤੇਰਾ ਇਹ ਮਨ ਕੇਵਲ ਖੇਡ ਹੀ ਖੇਡਦਾ ਹੈ।

ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥
ਤੂੰ ਜ਼ਿਮੀ ਸਿੰਜਣ ਲਈ ਉਨ੍ਹਾਂ ਬਲਦਾਂ ਨਾਲ ਖੂਹ ਜੋੜਨਾ ਚਾਹੁੰਦਾ ਹੈਂ ਜੋ ਅੱਗੇ ਹੀ ਚਰਨ ਲਈ ਬੇਲੇ ਨੂੰ ਚਲੇ ਗਏ ਹਨ।

ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥
ਵਾਹਿਗੁਰੂ ਦੀ ਦਇਆ ਦੁਆਰਾ ਦੇਹਿ ਦੇ ਪਿੰਡ ਵਿੱਚ ਨਾਮ ਨੂੰ ਬੀਜ। ਤਦ ਵਾਹਿਗੁਰੂ ਪੁੰਗਰ ਆਵੇਗਾ ਅਤੇ ਪੈਲੀ ਹਰੀ-ਭਰੀ ਹੋ ਜਾਵੇਗੀ।

ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥
ਹੇ ਬੰਦੇ! ਆਪਣੇ ਅਚਲ ਚਿੱਤ ਨੂੰ ਢੱਗੇ ਦੀ ਥਾਂ ਜੋੜ, ਜਿਸ ਦੁਆਰਾ ਗੁਰਾਂ ਦੇ ਉਪਦੇਸ਼ ਦੇ ਰਾਹੀਂ ਪ੍ਰਭੂ ਦੀ ਪ੍ਰੀਤ ਨੂੰ ਪਾਣੀ ਦੇ।

ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥
ਯੋਗੀ ਰਮਤੇ ਸਾਧ ਅਤੇ ਸਾਰੀ ਰਚਨਾ, ਹੇ ਸਾਈਂ! ਤੈਡੀਂ ਹੈ ਜਿਸ ਤਰ੍ਹਾਂ ਦੀ ਅਕਲ ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਉਸੇ ਤਰ੍ਹਾਂ ਹੀ ਉਹ ਚੱਲਦੇ ਹਨ।

ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥
ਹੇ ਵਾਹਿਗੁਰੂ! ਗੋਲੇ ਨਾਨਕ ਦੇ ਸੁਆਮੀ ਅਤੇ ਦਿਲਾਂ ਦੀਆਂ ਜਾਨਣਹਾਰ, ਮੇਰੀ ਆਤਮਾ ਨੂੰ ਹੱਕ ਕੇ ਆਪਣੇ ਨਾਲ ਜੋੜ ਲਵੋ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
ਕਦੋਂ ਕੋਈ ਜਣਾ ਕੈਸੀਆਂ ਤੇ ਛੈਣੇ ਲਭੇਗਾ?ਕਦੋ ਕੋਈ ਜਣਾ ਸਰੰਦਾ ਵਜਾਉਗਾ?

ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥
ਆਉਣ ਤੇ ਜਾਣ ਵਿੱਚ ਮੂਹਤ ਦੀ ਦੇਰੀ ਲੱਗ ਜਾਂਦੀ ਹੈ, ਉਦੋਂ ਤਾਈਂ ਮੈਂ ਨਾਮ ਦਾ ਅਰਾਧਨ ਕਰਦਾ ਹਾਂ।

ਮੇਰੈ ਮਨਿ ਐਸੀ ਭਗਤਿ ਬਨਿ ਆਈ ॥
ਮੈਡੇ ਚਿੱਤ ਅੰਦਰ ਐਹੋ ਜੇਹਾ ਅਨੁਰਾਗ ਪੈਦਾ ਹੋ ਗਿਆ ਹੈ।

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥
ਵਾਹਿਗੁਰੂ ਦੇ ਬਾਝੋਂ ਮੈਂ ਇਹ ਮੁਹਤ ਤੇ ਪਲ ਭਰ ਲਈ ਭੀ ਰਹਿ ਨਹੀਂ ਸਕਦਾ, ਜਿਸ ਤਰ੍ਹਾਂ ਪਾਣੀ ਦੇ ਬਗੈਰ ਮੱਛੀ ਮਰ ਜਾਂਦੀ ਹੈ। ਠਹਿਰਾਉ।

ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥
ਕਦ ਕੋਈ ਪੰਜ ਸਤ ਗਾਉਣ ਵਾਲੇ ਇਕੱਠੇ ਕਰੇਗਾ? ਕਦ ਕੋਈ ਗਾਉਣ ਦੀ ਲੈਅ ਨੂੰ ਚੁਕੇਗਾ?

ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥
ਰਾਗੀਆਂ ਨੂੰ ਇਕੱਤ੍ਰ ਕਰਨ ਅਤੇ ਚੁਣਨ ਵਿੱਚ ਇਕ ਮੁਹਤ ਲਮ੍ਹਾਂ ਜਾ ਛਿਨ ਜਰੂਰ ਗੁਜਰ ਜਾਂਦਾ ਹੈ, ਉਦੋਂ ਤਾਈਂ ਮੇਰਾ ਚਿੱਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ, (ਭਾਵ-ਇੰਨਾ ਕੁ ਸਮਾਂ ਵੀ ਸਿਮਰਨ ਬਿਨ ਅਜਾਈ ਗਵਾਉਣਾ ਮੇਰੇ ਲਈ ਅਸੰਭਵ ਹੈ।)।

ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥
ਜਦ ਤਕ ਕੋਈ ਨਿਰਤਕਾਰੀ ਕਰੇਗਾ ਤੇ ਆਪਣੇ ਪੈਰ ਪਸਾਰੇਗਾ? ਕਦੋਂ ਕੋਈ ਆਪਣੇ ਹੱਥ ਝੁਲਾਵੇਗਾ।

ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹ੍ਹਾਰੈ ॥੩॥
ਆਪਣੇ ਹੱਥ ਅਤੇ ਪੈਰ ਝੁਲਾਉਣ ਵਿੱਚ ਥੋੜ੍ਹਾ ਜੇਹਾ ਚਿਰ ਜਰੂਰ ਲੱਗਦਾ ਹੈ, ਉਦੋਂ ਤਾਈਂ ਮੇਰੀ ਆਤਮਾ ਸਾਈਂ ਨੂੰ ਸਿਮਰਦੀ ਹੈ।

ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥
ਜਦ ਕੋਈ ਜਣਾ ਜਨਤਾ ਨੂੰ ਖੁਸ਼ ਕਰਨ ਲਈ ਉਪਰਾਲੇ ਕਰੇਗਾ (ਤਾਂ ਉਹ ਸਮਝ ਲਵੇ) ਕਿ ਜਨਤਾ ਨੂੰ ਪ੍ਰਸੰਨ ਕਰਨ ਦੁਆਰਾ ਇਜ਼ਤ ਨਹੀਂ ਮਿਲਦੀ।

ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥
ਹੇ ਗੁਮਾਸ਼ਤੇ (ਦਾਸ) ਨਾਨਕ! ਆਪਣੇ ਦਿਲ ਅੰਦਰ ਤੂੰ ਵਾਹਿਗੁਰੂ ਦਾ ਹਮੇਸ਼ਾਂ ਹੀ ਅਰਾਧਨ ਕਰ, ਤਦ ਹਰ ਕੋਈ ਤੈਨੂੰ ਵਾਹ ਵਾਹ ਕਰੇਗਾ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥
ਵਾਹਿਗੁਰੂ ਦੇ ਸੰਤਾਂ ਦੇ ਪਵਿੱਤਰ ਸਮਾਗਮ ਨਾਲ ਜੁੜ ਅਤੇ ਸਭਾ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਣ ਕਰ।

ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥
ਬ੍ਰਹਿਮਬੋਧ ਦੇ ਚਮਕੀਲੇ ਮਾਣਕ ਦੀ ਰੌਸ਼ਨੀ ਨਾਲ ਬੇਸਮਝੀ ਦਾ ਅੰਨ੍ਹੇਰਾ ਮਨ ਤੋਂ ਦੂਰ ਹੋ ਜਾਂਦਾ ਹੈ।

ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥
ਹੇ ਰੱਬ ਦੇ ਗੋਲੇ! ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਇਹ ਹੀ ਤੇਰਾ ਨੱਚਣਾ ਹੋਵੇ।

ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥
ਐਹੋ ਜੇਹੋ ਸਾਧੂਆਂ ਨੂੰ ਮੈਂ ਭੇਟਦਾ ਹਾਂ, ਹੇ ਮੇਰੇ ਵੀਰ! ਵਾਹਿਗੁਰੂ ਦੇ ਗੁਲਾਮਾਂ ਦੇ ਮੈਂ ਪੈਰ ਧੋਦਾਂ ਹਾਂ। ਠਹਿਰਾਉ।

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥
ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਕੇ, ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਸਿਮਰ।

ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥
ਤੂੰ ਉਹ ਮੇਵਾ ਪਾ ਲਵੇਗਾਂ ਜਿਹੜਾ ਤੂੰ ਚਾਹੁੰਦਾ ਹੈਂ ਅਤੇ ਤੈਨੂੰ ਮੁੜ ਕੇ ਭੁੱਖ ਨਹੀਂ ਲੱਗੂਗੀ।

ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥
ਹੱਦ ਬੰਨਾ-ਰਹਿਤ ਸੁਆਮੀ, ਆਪ ਸਿਰਜਣਹਾਰ ਹੈ। ਵਾਹਿਗੁਰੂ ਖੁਦ ਹੀ ਕਹਿੰਦਾ ਤੇ ਕਹਾਉਂਦਾ ਹੈ।

ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ੍ਹ ਕੀ ਪਤਿ ਪਾਵਹਿ ਥਾਇ ॥੩॥
ਚੰਗੇ ਹਨ ਉਹ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਜਿਨ੍ਹਾਂ ਦੀ ਇਜ਼ਤ ਤੂੰ ਪਰਵਾਨ ਕਰਦਾ ਹੈ।

ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥
ਨਾਨਕ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਬਿਆਨ ਕਰਦਾ ਹੋਇਆ ਰੱਜਦਾ ਨਹੀਂ, ਜਿੰਨੀ ਜਿਆਦਾ ਉਹ ਉਸ ਦੀ ਪ੍ਰਸੰਸਾ ਕਰਦਾ ਹੈ, ਉਨ੍ਹਾਂ ਜ਼ਿਆਦਾ ਉਹ ਆਰਾਮ ਪਾਉਂਦਾ ਹੈ।

ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥
ਪ੍ਰੇਮ-ਭਾਵਨਾ ਦੇ ਖ਼ਜ਼ਾਨੇ ਵਾਹਿਗੁਰੂ ਨੇ ਆਪਣੇ ਗੋਲੇ ਨੂੰ ਬਖਸ਼ੇ ਹਨ। ਨੇਕੀਆਂ ਦੇ ਵਣਜਾਰੇ ਉਨ੍ਹਾਂ ਨੂੰ ਖਰੀਦ ਕੇ ਘਰ ਲੈ ਜਾਂਦੇ ਹਨ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

copyright GurbaniShare.com all right reserved. Email