Page 369
ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥
ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।

ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।

ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥
ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।

ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥
ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਞਣਾ ਅਨੁਭਵ ਹੁੰਦਾ ਹੈ।

ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥
ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥
ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!

ਚਲਣੁ ਅਜੁ ਕਿ ਕਲ੍ਹ੍ਹਿ ਧੁਰਹੁ ਫੁਰਮਾਇਆ ॥੨॥
ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰਞੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।

ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ ॥
ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।

ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥
ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।

ਜੀਵਣਿ ਮਰਣਿ ਸੁਖੁ ਹੋਇ ਜਿਨ੍ਹ੍ਹਾ ਗੁਰੁ ਪਾਇਆ ॥
ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।

ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥
ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥
ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।

ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥
ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।

ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥
ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।

ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥
ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।

ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥
ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।

ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥
ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।

ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥
ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।

ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥
ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।

ਨਾਨਕ ਆਪੇ ਆਪਿ ਆਪਿ ਖੁਆਈਐ ॥
ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।

ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਞਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ
ਰਾਗ ਆਸਾਵਰੀ ਚੌਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।

ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥
ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।

ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।

ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥
ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।

ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥
ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?

ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥
ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।

ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥
ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।

ਆਸਾਵਰੀ ਮਹਲਾ ੪ ॥
ਆਸਾਵਰੀ ਚੌਥੀ ਪਾਤਸ਼ਾਹੀ।

ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥
ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥
ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।

ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥
ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥
ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।

ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥
ਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!

copyright GurbaniShare.com all right reserved. Email