Page 371
ਜਿਚਰੁ ਵਸੀ ਪਿਤਾ ਕੈ ਸਾਥਿ ॥
ਜਦ ਤੋੜੀਂ ਉਹ ਆਪਣੇ ਬਾਬਲ ਨਾਲ ਰਹਿੰਦੀ ਸੀ,

ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
ਤਦ ਤੋੜੀਂ ਉਸ ਦਾ ਪਤੀ ਬਹੁਤ ਹੀ ਨਿੰਮੋਝੂਣਾ ਹੋ ਫਿਰਦਾ ਸੀ।

ਕਰਿ ਸੇਵਾ ਸਤ ਪੁਰਖੁ ਮਨਾਇਆ ॥
ਜਦ ਮੈਂ ਸੱਚੇ ਪੁਰਸ਼ ਦੀ ਟਹਿਲ ਕਮਾ ਕੇ ਆਪਣੇ ਉਤੇ ਪ੍ਰਸੰਨ ਕਰ ਲਿਆ,

ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
ਗੁਰਾਂ ਨੇ ਪਤਨੀ ਮੇਰੇ ਹਿਰਦੇ ਘਰ ਵਿੱਚ ਲੈਆਂਦੀ ਅਤੇ ਤਦੋਂ ਮੈਨੂੰ ਸਾਰੀ ਖੁਸ਼ੀ ਪਰਾਪਤ ਹੋ ਗਈ।

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
ਉਸ ਨੂੰ ਬੱਤੀ ਖੂਬੀਆ ਦੀ ਦਾਤ ਮਿਲੀ ਹੋਈ ਹੈ ਅਤੇ ਸੱਤਵਾਦੀ ਅਤੇ ਦੂਸ਼ਣ ਰਹਿਤ ਹੈ ਉਸ ਦੀ ਆਦ ਉਲਾਦ।

ਆਗਿਆਕਾਰੀ ਸੁਘੜ ਸਰੂਪ ॥
ਉਹ ਫ਼ਰਮਾ ਬਰਦਾਰ ਸਿਆਣੀ ਅਤੇ ਸੁੰਦਰ ਹੈ।

ਇਛ ਪੂਰੇ ਮਨ ਕੰਤ ਸੁਆਮੀ ॥
ਉਹ ਆਪਣੇ ਪਤੀ (ਸਾਂਈ) ਦੇ ਦਿਲ ਦੀਆਂ ਚਾਹਣਾ ਪੂਰੀਆਂ ਕਰਦੀ ਹੈ।

ਸਗਲ ਸੰਤੋਖੀ ਦੇਰ ਜੇਠਾਨੀ ॥੩॥
ਉਸ ਨੇ ਹਰ ਤਰ੍ਹਾਂ ਆਪਣੀ ਦਰਾਣੀ ਅਤੇ ਜਠਾਣੀ ਨੂੰ ਪ੍ਰਸੰਨ ਕਰ ਲਿਆ ਹੈ।

ਸਭ ਪਰਵਾਰੈ ਮਾਹਿ ਸਰੇਸਟ ॥
ਸਾਰੇ ਟੱਬਰ-ਕਬੀਲੇ ਵਿੱਚ ਉਹ ਸਭ ਤੋਂ ਉਤਮ ਹੈ।

ਮਤੀ ਦੇਵੀ ਦੇਵਰ ਜੇਸਟ ॥
ਉਹ ਆਪਣੇ ਦਿਉਰ ਅਤੇ ਜੇਠ ਨੂੰ ਸਲਾਹ ਦੇਣ ਵਾਲੀ ਹੈ।

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
ਮੁਬਾਰਕ ਹੈ ਉਹ ਘਰ ਜਿਸ ਅੰਦਰ ਉਹ ਆਪ ਪ੍ਰਗਟ ਹੋਈ ਹੈ।

ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
ਹੇ ਗੋਲੇ ਨਾਨਕ! ਉਹ ਆਪਣਾ ਸਮਾਂ ਪਰਮ ਸੁੱਖ ਅੰਦਰ ਗੁਜਾਰਦੀ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਮਤਾ ਕਰਉ ਸੋ ਪਕਨਿ ਨ ਦੇਈ ॥
ਸੰਕਲਪ ਜਿਹੜਾ ਮੈਂ ਧਾਰਦਾ ਹਾਂ ਉਸ ਨੂੰ ਮਾਇਆ ਨੇਪਰੇ ਨਹੀਂ ਚੜ੍ਹਣ ਦਿੰਦੀ।

ਸੀਲ ਸੰਜਮ ਕੈ ਨਿਕਟਿ ਖਲੋਈ ॥
ਭਲਮਨਸਊ ਅਤੇ ਸਵੈ-ਰਿਆਜ਼ਤ ਨੂੰ ਪਰ੍ਹੇ ਹਟਾਉਣ ਲਈ ਉਹ ਉਹਨਾਂ ਦੇ ਲਾਗੇ ਖਲੋਦੀਂ ਹੈ।

ਵੇਸ ਕਰੇ ਬਹੁ ਰੂਪ ਦਿਖਾਵੈ ॥
ਉਹ ਬਹੁਤੇ ਭੇਦ ਭਰਦੀ ਹੈ ਅਤੇ ਅਨੇਕਾਂ ਸ਼ਕਲਾਂ ਬਣਾਉਂਦੀ ਹੈ।

ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥
ਉਹ ਮੈਨੂੰ ਘਰ ਵਿੱਚ ਵਸਣ ਨਹੀਂ ਦਿੰਦੀ ਅਤੇ ਮੈਨੂੰ ਮੁਖਤਲਿਫ ਅਤੇ ਅਡਰੀਆਂ ਥਾਂਵਾਂ ਭਵਾਉਂਦੀ ਹੈ।

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
ਉਹ ਹਿਰਦੇ-ਘਰ ਦੀ ਮਾਲਕਣ ਬਣ ਬੈਠੀ ਹੈ ਅਤੇ ਮੈਨੂੰ ਇਸ ਅੰਦਰ ਵਸੇਬਾ ਨਹੀਂ ਕਰਣ ਦਿੰਦੀ।

ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥
ਜੇਕਰ ਮੈਂ ਰਹਿਣ ਦਾ ਉਪਰਾਲਾ ਕਰਦਾ ਹਾਂ, ਉਹ ਮੇਰੇ ਨਾਲ ਉਲਝ ਪੈਂਦੀ ਹੈ। ਠਹਿਰਾਉ।

ਧੁਰ ਕੀ ਭੇਜੀ ਆਈ ਆਮਰਿ ॥
ਆਰੰਭ ਵਿੱਚ ਉਹ ਵਾਹਿਗੁਰੂ ਨੇ ਇਕ ਕਾਰਿੰਦੇ ਵਜੋਂ ਘੱਲੀ ਸੀ।

ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
ਪਰ ਉਸਨੇ ਨੌਂ ਖਿਤਿਆਂ, ਸਾਰੀਆਂ ਥਾਵਾਂ ਅਤੇ ਵਿਚਕਾਰਲੀਆਂ ਵਿਥਾਂ ਨੂੰ ਸਰ ਕਰ ਲਿਆ ਹੈ।

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
ਉਹ ਨਦੀਆਂ ਦਿਆਂ ਕਿਨਾਰਿਆਂ, ਪਵਿੱਤਰ ਧਰਮ ਅਸਥਾਨਾਂ, ਜੋਗੀਆਂ ਅਤੇ ਵਿਰਤਕਾਂ ਨੂੰ ਭੀ ਨਹੀਂ ਛੱਡਦੀ।

ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥
ਜੋ ਸਿਰਮਤੀਆਂ ਨੂੰ ਵਾਚ ਕੇ ਅਤੇ ਵੇਦਾਂ ਨੂੰ ਘੋਖ ਘੋਖ ਕੇ ਥੱਕ ਜਾਂਦੇ ਹਨ ਉਹ ਭੀ ਇਸ ਦੀ ਹਕੂਮਤ ਦੇ ਤਾਬੇ ਹਨ।

ਜਹ ਬੈਸਉ ਤਹ ਨਾਲੇ ਬੈਸੈ ॥
ਜਿਥੇ ਮੈਂ ਬੈਠਦਾ ਹਾਂ, ਉਥੇ ਇਹ ਮੇਰੇ ਨਾਲ ਬੈਠਦੀ ਹੈ।

ਸਗਲ ਭਵਨ ਮਹਿ ਸਬਲ ਪ੍ਰਵੇਸੈ ॥
ਸਾਰੇ ਸੰਸਾਰ ਅੰਦਰ ਉਹ ਧਿੰਗੋ-ਜ਼ੋਰੀ ਦਾਖਲ ਹੋਈ ਹੋਈ ਹੈ।

ਹੋਛੀ ਸਰਣਿ ਪਇਆ ਰਹਣੁ ਨ ਪਾਈ ॥
ਤੁਛ ਪਨਾਹ ਲੈਣ ਦੁਆਰਾ, ਮੈਂ ਆਪਣੇ ਆਪ ਨੂੰ ਉਸ ਪਾਸੋਂ ਬਚਾ ਨਹੀਂ ਸਕਦਾ।

ਕਹੁ ਮੀਤਾ ਹਉ ਕੈ ਪਹਿ ਜਾਈ ॥੩॥
ਦੱਸ ਮੇਰੇ ਮਿੱਤਰਾ! ਸ਼ਰਣ ਲੈਣ ਲਈ ਮੈਂ ਕਿਦੇ ਕੋਲ ਜਾਵਾਂ?

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
ਉਨ੍ਹਾਂ ਦੀ ਸਿੱਖਮਤ ਮੁਤਅਲਕ ਸਰਵਣ ਕਰਕੇ (ਬਾਰੇ ਸੁਣ ਕੇ) ਮੈਂ ਸੱਚੇ ਗੁਰਾਂ ਪਾਸ ਆਇਆ ਹਾਂ।

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
ਗੁਰਾਂ ਨੇ ਵਾਹਿਗੁਰੂ ਸੁਆਮੀ ਦਾ ਨਾਂ ਆਪਣੇ ਉਪਦੇਸ਼ ਵਜੋਂ ਪੱਕਾ ਕੀਤਾ ਹੈ।

ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
ਮੈਂ ਹੁਣ ਆਪਣੇ ਨਿਜ ਦੇ ਗ੍ਰਿਹ ਅੰਦਰ ਰਹਿੰਦਾ ਹਾਂ ਅਤੇ ਬੇਅੰਤ ਸੁਆਮੀ ਦਾ ਜੱਸ ਗਾਉਂਦਾ ਹਾਂ।

ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥
ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਹੇ ਨਾਨਕ ਅਤੇ ਬੇ ਫਿਕਰ ਹੋ ਗਿਆ ਹਾਂ।

ਘਰੁ ਮੇਰਾ ਇਹ ਨਾਇਕਿ ਹਮਾਰੀ ॥
ਗ੍ਰਹਿ ਹੁਣ ਮੈਡਾ ਆਪਣਾ ਹੈ ਅਤੇ ਇਹ ਮੇਰੇ ਘਰ ਵਾਲੀ ਹੈ।

ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥
ਇਹ ਮੇਰੀ ਨੌਕਰਾਣੀ ਹੈ ਅਤੇ ਗੁਰਾਂ ਨੇ ਮੈਨੂੰ ਮਾਲਕ ਦਾ ਮੁਸਾਹਿਬ ਬਣਾ ਦਿੱਤਾ ਹੈ। ਠਹਿਰਾਉ ਦੂਜਾ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥
ਪਹਿਲਾ ਮੈਨੂੰ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ।

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥
ਦੁਇਮ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਰਾਜੀਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ।

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥
ਤੀਸਰੀ ਸਲਾਹ ਸੀ ਕਿ ਕੁਝ ਉਪਰਾਲਾ ਕੀਤਾ ਜਾਵੇ।

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥
ਪਰੰਤੂ ਸਾਰਾ ਕੁਝ ਤਿਆਗ ਕੇ ਮੈਂ ਤੇਰਾ ਹੀ ਅਰਾਧਨ ਕੀਤਾ ਹੈ, ਹੇ ਸੁਆਮੀ!

ਮਹਾ ਅਨੰਦ ਅਚਿੰਤ ਸਹਜਾਇਆ ॥
ਕੁਦਰਤੀ ਤੌਰ ਤੇ ਮੈਂ ਹੁਣ ਪਰਮ ਪ੍ਰਸੰਨ ਹਾਂ ਅਤੇ ਬੇਫਿਕਰ ਹਾਂ।

ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥
ਵੈਰੀ ਤੇ ਦੁਸ਼ਟ ਮਰ ਗਏ ਹਨ ਅਤੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ਠਹਿਰਾਉ।

ਸਤਿਗੁਰਿ ਮੋ ਕਉ ਦੀਆ ਉਪਦੇਸੁ ॥
ਸੱਚੇ ਗੁਰਾਂ ਨੇ ਮੈਨੂੰ ਸਿਖਮੱਤ ਦਿੱਤੀ ਹੈ।

ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥
ਮੇਰੀ ਆਤਮਾ ਦੇਹਿ ਤੇ ਸਾਰਾ ਸੰਸਾਰ ਹਰੀ ਦੀ ਮਲਕੀਅਤ ਹੈ।

ਜੋ ਕਿਛੁ ਕਰੀ ਸੁ ਤੇਰਾ ਤਾਣੁ ॥
ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰੇ ਹੀ ਬਲ ਦੇ ਜ਼ਰਿਏ ਹੈ।

ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥
ਤੂੰ ਮੈਡੀ ਟੇਕ ਹੈਂ ਅਤੇ ਤੂੰ ਹੀ ਮੇਰੀ ਕਚਿਹਰੀ।

ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥
ਤੈਨੂੰ ਤਿਆਗ ਕੇ, ਹੇ ਸੁਆਮੀ! ਮੈਂ ਹੋਰ ਕੀਹਦੇ ਕੋਲ ਜਾਵਾਂ?

ਆਨ ਨ ਬੀਆ ਤੇਰੀ ਸਮਸਰਿ ॥
ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ।

ਤੇਰੇ ਸੇਵਕ ਕਉ ਕਿਸ ਕੀ ਕਾਣਿ ॥
ਤੇਰਾ ਗੋਲਾ ਕਿਹਦੀ ਮੁਹਤਾਜੀ ਕਰੇ?

ਸਾਕਤੁ ਭੂਲਾ ਫਿਰੈ ਬੇਬਾਣਿ ॥੩॥
ਗੁਮਰਾਹ ਹੋਇਆ ਹੋਇਆ ਮਾਇਆ ਦਾ ਪੁਜਾਰੀ ਬਿਆਬਾਨ ਅੰਦਰ ਭਟਕਦਾ ਹੈ।

ਤੇਰੀ ਵਡਿਆਈ ਕਹੀ ਨ ਜਾਇ ॥
ਤੇਰੀ ਵਿਸ਼ਾਲਤਾ ਵਰਨਣ ਕੀਤੀ ਨਹੀਂ ਜਾ ਸਕਦੀ।

ਜਹ ਕਹ ਰਾਖਿ ਲੈਹਿ ਗਲਿ ਲਾਇ ॥
ਆਪਣੀ ਛਾਤੀ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈਂ।

ਨਾਨਕ ਦਾਸ ਤੇਰੀ ਸਰਣਾਈ ॥
ਇਸ ਗੋਲੇ ਨੇ ਹੇ ਨਾਨਕ! ਤੇਰੀ ਪਨਾਹ ਲਈ ਹੈ।

ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥
ਠਾਕੁਰ ਨੇ ਮੇਰੀ ਪੱਤ ਆਬਰੂ ਰੱਖ ਲਈ ਹੈ ਅਤੇ ਮੈਨੂੰ ਵਧਾਈਆਂ ਮਿਲ ਰਹੀਆਂ ਹਨ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

copyright GurbaniShare.com all right reserved. Email