ਪੂਰਾ ਗੁਰੁ ਪੂਰੀ ਬਣਤ ਬਣਾਈ ॥
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ। ਨਾਨਕ ਭਗਤ ਮਿਲੀ ਵਡਿਆਈ ॥੪॥੨੪॥ ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥ ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ। ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥ ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ। ਊਤਮ ਮਤਿ ਮੇਰੈ ਰਿਦੈ ਤੂੰ ਆਉ ॥ ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ। ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥ ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ। ਤ੍ਰਿਪਤਿ ਅਘਾਵਨੁ ਸਾਚੈ ਨਾਇ ॥ ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ। ਅਠਸਠਿ ਮਜਨੁ ਸੰਤ ਧੂਰਾਇ ॥੨॥ ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਸਭ ਮਹਿ ਜਾਨਉ ਕਰਤਾ ਏਕ ॥ ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ। ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥ ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ। ਦਾਸੁ ਸਗਲ ਕਾ ਛੋਡਿ ਅਭਿਮਾਨੁ ॥ ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ। ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥ ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਬੁਧਿ ਪ੍ਰਗਾਸ ਭਈ ਮਤਿ ਪੂਰੀ ॥ ਗੁਰਾਂ ਦੀ ਪੂਰਨ ਸਿੱਖਮੱਤ ਦੁਆਰਾ ਮੇਰੀ ਅਕਲ ਰੌਸ਼ਨ ਹੋ ਗਈ ਹੈ। ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥ ਉਸ ਦੁਆਰਾ ਮੇਰੀ ਮੰਦੀ-ਅਕਲ ਨਾਸ ਹੋ ਗਈ ਹੈ, ਜੋ ਮੈਨੂੰ ਮੇਰੇ ਮਾਲਕ ਪਾਸੋਂ ਦੁਰੇਡੇ ਰੱਖਦੀ ਸੀ। ਐਸੀ ਗੁਰਮਤਿ ਪਾਈਅਲੇ ॥ ਗੁਰਾਂ ਦੇ ਜ਼ਰੀਏ ਮੈਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ ਕਿ, ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥ ਮੈਂ ਪਰਮ ਅੰਨ੍ਹੇ ਖੂਹ ਵਿੱਚ ਡੁੱਬਦਾ ਹੋਇਆ ਬਚ ਨਿਕਲਿਆਂ ਹਾਂ, ਹੇ ਮੇਰੇ ਵੀਰ! ਠਹਿਰਾਉ। ਮਹਾ ਅਗਾਹ ਅਗਨਿ ਕਾ ਸਾਗਰੁ ॥ ਅੱਗ ਦੇ ਪਰਮ ਅਥਾਹ ਸਮੁੰਦਰ ਤੋਂ, ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥ ਪਾਰ ਹੋਣ ਲਈ ਜਵੇਹਰ ਦੀ ਖਾਣ ਗੁਰੂ ਜੀ ਇਕ ਜਹਾਜ਼ ਹਨ। ਦੁਤਰ ਅੰਧ ਬਿਖਮ ਇਹ ਮਾਇਆ ॥ ਅੰਨ੍ਹਾ ਅਤੇ ਔਖਾ ਹੈ ਇਸ ਧਨ ਦੌਲਤ ਦਾ ਸਮੁੰਦਰ। ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥ ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ। ਜਾਪ ਤਾਪ ਕਛੁ ਉਕਤਿ ਨ ਮੋਰੀ ॥ ਮੇਰੇ ਹੱਕ ਵਿੱਚ ਕੋਈ ਪੂਜਾ, ਤਪੱਸਿਆ ਅਤੇ ਦਲੀਲ ਨਹੀਂ। ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥ ਹੇ ਗੁਰੂ ਨਾਨਕ! ਮੈਂ ਕੇਵਲ ਤੇਰੀ ਪਨਾਹ ਲੋੜਦਾ ਹਾਂ। ਆਸਾ ਮਹਲਾ ੫ ਤਿਪਦੇ ੨ ॥ ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ। ਹਰਿ ਰਸੁ ਪੀਵਤ ਸਦ ਹੀ ਰਾਤਾ ॥ ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਉਹ ਹਮੇਸ਼ਾਂ ਹੀ ਰੰਗੀਜਿਆਂ ਰਹਿੰਦਾ ਹੈ। ਆਨ ਰਸਾ ਖਿਨ ਮਹਿ ਲਹਿ ਜਾਤਾ ॥ ਹੋਰ ਸਾਰੇ ਸੁਆਦ ਇਕ ਮੁਹਤ ਅੰਦਰ ਮਿੱਟ ਜਾਂਦੇ ਹਨ। ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥ ਸੁਆਮੀ ਦੇ ਜੌਹਰ ਨਾਲ ਮਤਵਾਲਾ ਹੋ ਕੇ ਬੰਦਾ ਮਨੋਂ ਹਮੇਸ਼ਾਂ ਖੁਸ਼ ਰਹਿੰਦਾ ਹੈ। ਆਨ ਰਸਾ ਮਹਿ ਵਿਆਪੈ ਚਿੰਦ ॥੧॥ ਹੋਰਨਾਂ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ। ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ, ਉਹ ਪੂਰਨ ਗੁੱਟ ਅਤੇ ਨਸ਼ੱਈ ਹੋ ਜਾਂਦਾ ਹੈ। ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥ ਹੋਰ ਸਾਰੀਆਂ ਮਨ-ਮੌਜਾਂ ਕੇਵਲ ਤੁੱਛ ਹਨ, ਹੇ ਬੰਦੇ! ਠਹਿਰਾਉ। ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥ ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਹਰਿ ਰਸੁ ਸਾਧੂ ਹਾਟਿ ਸਮਾਇ ॥ ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿੱਕਿਆ ਹੋਇਆ ਹੈ। ਲਾਖ ਕਰੋਰੀ ਮਿਲੈ ਨ ਕੇਹ ॥ ਲੱਖਾਂ ਅਤੇ ਕ੍ਰੋੜਾਂ ਰੁਪੱਈਆਂ ਨਾਲ ਕੋਈ ਜਣਾ ਇਸ ਨੂੰ ਪਰਾਪਤ ਨਹੀਂ ਕਰ ਸਕਦਾ। ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥ ਜਿਸ ਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ, ਨਾਨਕ ਚਾਖਿ ਭਏ ਬਿਸਮਾਦੁ ॥ ਇਸ ਨੂੰ ਚੱਖ ਕੇ ਨਾਨਕ ਚੱਕ੍ਰਿਤ ਹੋ ਗਿਆ ਹੈ। ਨਾਨਕ ਗੁਰ ਤੇ ਆਇਆ ਸਾਦੁ ॥ ਗੁਰਾਂ ਦੇ ਰਾਹੀਂ ਨਾਨਕ ਨੂੰ ਇਸ ਦਾ ਸੁਆਦ ਪਰਾਪਤ ਹੋਇਆ ਹੈ। ਈਤ ਊਤ ਕਤ ਛੋਡਿ ਨ ਜਾਇ ॥ ਏਥੇ ਅਤੇ ਓਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ। ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥ ਨਾਨਕ ਰੱਬ ਦੇ ਜੌਹਰ ਦਾ ਚਾਹਵਾਨ (ਮਤਵਾਲਾ) ਹੋ ਗਿਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ ਜੇਕਰ ਪਤਨੀ ਆਪਣੇ ਭੋਗ-ਬਿਲਾਸ, ਰੋਹ, ਲਾਲਚ, ਸੰਸਾਰੀ ਮਮਤਾ, ਮੰਦੀ ਅਕਲ ਅਤੇ ਆਪ-ਮੋਹਾਰੇਪਣ ਨੂੰ ਛੱਡ ਤੇ ਮੇਟ ਦੇਵੇ, ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ ਅਤੇ ਮਸਕੀਨ ਹੋ ਕੇ ਆਪਣੇ ਸੁਆਮੀ ਦੀ ਸੇਵਾ ਕਰੇ, ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਥੀ ਵੰਞਦੀ ਹੈ। ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ ਸ੍ਰਵਣ ਕਰ, ਹੇ ਸੁਹਣੀਏ! ਸੰਤ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ। ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ ਤੇਰੀ ਪੀੜ, ਭੁੱਖ ਅਤੇ ਵਹਿਮ ਅਲੋਪ ਹੋ ਜਾਣਗੇ, ਅਤੇ ਤੂੰ ਹੇ ਖੁਸ਼-ਚਿੱਤ ਵਾਲੀ ਇਸਤਰੀਏ! ਅਨੰਦ ਪਾ ਲਵੇਗੀਂ। ਠਹਿਰਾਉ। ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥ ਗੁਰਾਂ ਦੇ ਪੈਰ ਧੌਣ ਅਤੇ ਉਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਪਾਪਾਂ ਦੀ ਤੇਹ ਬੁੱਝ ਜਾਂਦੀ ਹੈ। ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥ ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਗੋਲੇ ਦੀ ਟਹਿਲਣ ਬਣ ਜਾਵੇ, ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ। ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹ੍ਹਾਰੀ ॥ ਏਹੀ ਦਰੁਸਤ ਚਾਲ ਚਲਣ ਹੈ ਤੇ ਏਹੀ ਠੀਕ ਨਿੱਤ ਕਰਮ ਕਿ ਤੂੰ ਸੁਆਮੀ ਦੀ ਰਜ਼ਾ ਦੀ ਪਾਲਣਾ ਕਰੇ। ਇਹ ਹੀ ਤੇਰੀ ਉਪਾਸ਼ਨਾ ਹੈ। ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥ ਜੋ ਇਸ ਜਾਦੂ ਦੀ ਕਮਾਈ ਕਰਦਾ ਹੈ, ਹੇ ਨਾਨਕ! ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। copyright GurbaniShare.com all right reserved. Email |