Page 402
ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥
ਬੱਚੇ, ਵਹੁਟੀ, ਘਰ ਅਤੇ ਹੋਰ ਸਮੂਹ ਸਾਮਾਨ ਇਨ੍ਹਾਂ ਸਾਰੀਆਂ ਚੀਜਾਂ ਦੀ ਮੁਹੱਬਤ ਝੁਠੀ ਹੈ।

ਰੇ ਮਨ ਕਿਆ ਕਰਹਿ ਹੈ ਹਾ ਹਾ ॥
ਹੇ ਬੰਦੇ! ਤੂੰ ਕਿਉਂ ਖਿੜਖਿੜ ਹਸਦਾ ਹੈ?

ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥
ਆਪਣੀਆਂ ਅੱਖਾਂ ਨਾਲ ਵੇਖ, ਕਿ ਇਹ ਚੀਜ਼ਾ ਜਾਦੂ ਦੇ ਸ਼ਹਿਰ ਦੀ ਮਾਨਿੰਦ ਹਨ, ਤੂੰ ਇਕ ਸੁਆਮੀ ਦੇ ਸਿਮਰਨ ਦਾ ਲਾਭ ਪਰਾਪਤ ਕਰ। ਠਹਿਰਾਉ।

ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥
ਜਿਸ ਤਰ੍ਹਾਂ ਸਰੀਰ ਦੇ ਉਤੇ ਪਹਿਨੇ ਹੋਏ ਕਪੜੇ ਦੋ ਚਾਰ ਦਿਹਾੜਿਆਂ ਵਿੱਚ ਭੁਰ ਜਾਂਦੇ ਹਨ, ਏਸੇ ਤਰ੍ਹਾਂ ਹੀ ਸਰੀਰ ਹੈ।

ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥
ਕਿੰਨੇ ਚਿਰ ਤਾਈ ਆਦਮੀ ਕੰਧ ਉਤੇ ਭੱਜ ਸਕਦਾ ਹੈ। ਛੇਕੜ ਨੂੰ ਉਹ ਇਸ ਦੇ ਅਖੀਰ ਤੇ ਪੁਜ ਜਾਂਦਾ ਹੈ।

ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥
ਜਿਸ ਤਰ੍ਹਾਂ ਚੁਬੱਚੇ ਵਿੱਚ ਰੱਖੇ ਹੋਏ ਪਾਣੀ ਵਿੱਚ ਡਿਗ ਕੇ ਲੁਣ ਖੁਰ ਜਾਂਦਾ ਹੈ, ਏਸੇ ਤਰ੍ਹਾਂ ਹੀ ਦੇਹਿ ਹੈ।

ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥
ਜਦ ਸ਼੍ਰੋਮਣੀ ਸਾਹਿਬ ਦਾ ਹੁਕਮ ਆ ਜਾਂਦਾ ਹੈ ਇਕ ਲੰਮ੍ਹੇ ਤੇ ਛਿੰਨ ਅੰਦਰ ਭਉਰ ਖੜਾ ਹੋ ਤੁਰ ਜਾਂਦਾ ਹੈ।

ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥
ਹੇ ਬੰਦੇ! ਤੇਰਾ ਟੁਰਨਾ ਗਿਣਿਆ ਜਾਂਦਾ ਹੈ, ਤੇਰਾ ਬਹਿਣਾ ਗਿਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਗਿਣਿਆ ਜਾਂਦਾ ਹੈ ਤੇਰਾ ਸੁਆਸ ਲੈਣਾ।

ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥
ਤੂੰ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ, ਹੇ ਨਾਨਕ ਅਤੇ ਤੂੰ ਸੱਚੇ ਗੁਰਾਂ ਦੇ ਪੈਰਾਂ ਦੀ ਪਨਾਹ ਹੇਠਾਂ ਪਾਰ ਉਤਰ ਜਾਵੇਗਾ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥
ਪੁੱਠੀ ਗੱਲ ਤੋਂ ਇਹ ਸਿੱਧੀ ਹੋ ਗਈ ਹੈ ਅਤੇ ਕੱਟੜ ਵੈਰੀ ਤੇ ਬੇਲੀ ਮਿੱਤਰ ਬਣ ਗਏ ਹਨ।

ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥
ਬ੍ਰਹਿਮ ਗਿਆਨ ਦਾ ਹੀਰਾ ਅਨ੍ਹੇਰੇ ਵਿੱਚ ਰੋਸ਼ਨ ਹੋ ਗਿਆ ਹੈ ਅਤੇ ਅਪਵਿੱਤ੍ਰ ਸਮਝ ਹੱਛੀ ਥੀ ਗਈ ਹੈ।

ਜਉ ਕਿਰਪਾ ਗੋਬਿੰਦ ਭਈ ॥
ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਗਿਆ।

ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥
ਸੱਚੇ ਗੁਰਾਂ ਨੂੰ ਮਿਲ ਕੇ ਮੈਨੂੰ ਆਰਾਮ, ਧੰਨਦੌਲਤ ਅਤੇ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਹੋ ਗਏ ਹਨ। ਠਹਿਰਾਉ।

ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥
ਮੈਂ ਕੰਜੂਸ ਨੂੰ ਕੋਈ ਨਹੀਂ ਸੀ ਜਾਣਦਾ, ਹੁਣ ਮੈਂ ਸਾਰੇ ਜਹਾਨ ਵਿੱਚ ਪਰਸਿੱਧ ਹੋ ਗਿਆ ਹਾਂ।

ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥
ਪਹਿਲਾ ਕੋਈ ਜਣਾ ਭੀ ਮੈਨੂੰ ਆਪਣੇ ਕੋਲ ਬਹਿਣ ਨਹੀਂ ਸੀ ਦਿੰਦਾ, ਪ੍ਰੰਤੂ ਹੁਣ ਸਾਰੇ ਮੇਰੇ ਪੈਰ ਪੂਜਦੇ ਹਨ।

ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥
ਪਹਿਲਾ ਮੈਂ ਅੱਧੇ ਪੈਸੇ ਦੀ ਭਾਲ ਅੰਦਰ ਭਟਕਦਾ ਸਾਂ ਹੁਣ ਮੇਰੇ ਚਿੱਤ ਦੀ ਸਾਰੀ ਤੇਹ ਬੁੱਝ ਗਈ ਹੈ।

ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥
ਮੈਂ ਕਿਸੇ ਦਾ ਇਕ ਕੌੜਾ ਬਚਨ ਨਹੀਂ ਸਾਂ ਸਹਾਰ ਸਕਦਾ, ਹੁਣ ਸਤਿ ਸੰਗਤ ਰਾਹੀਂ ਮੈਂ ਠੰਡਾ ਠਾਰ ਹੋ ਗਿਆ ਹਾਂ।

ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥
ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਪ੍ਰਭੂ ਦੀਆਂ ਕਿਹੜੀਆਂ ਖੂਬੀਆਂ ਇੱਕ ਜੀਭ ਬਿਆਨ ਕਰ ਸਕਦੀ ਹੈ?

ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥
ਨਫਰ ਨਾਨਕ ਵਾਹਿਗੁਰੁ ਦੀ ਪਨਾਹ ਹੇਠਾ ਹੈ। ਹੇ ਪ੍ਰਭੂ! ਉਸ ਨੂੰ ਆਪਣੇ ਗੋਲੇ ਦੇ ਗੋਲੇ ਦਾ ਗੋਲਾ ਬਣਾ ਦੇ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥
ਹੇ ਮੁਰਖ! ਆਪਣੇ ਨਫੇ ਦੀ ਖਾਤਰ ਤੂੰ ਬਹੁਤ ਹੀ ਢਿੱਲਾ ਹੈ, ਪ੍ਰੰਤੂ ਆਪਣੇ ਨੁਕਸਾਨ ਲਈ ਤੂੰ ਛੇਤੀ ਭੱਜ ਕੇ ਜਾਂਦਾ ਹੈ।

ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥
ਹੇ ਗੁਨਹਿਗਾਰ, ਤੂੰ ਵਾਹਿਗੁਰੂ ਦੇ ਨਾਮ ਦਾ ਸਸਤਾ ਸੌਦਾ ਨਹੀਂ ਲੈਦਾ ਤੂੰ ਐਬਾਂ ਦੇ ਕਰਜੇ ਨਾਲ ਬੱਝਾ ਹੋਇਆ ਹੈ।

ਸਤਿਗੁਰ ਤੇਰੀ ਆਸਾਇਆ ॥
ਮੇਰੇ ਸੱਚੇ ਗੁਰੂ ਜੀ ਮੇਰੀ ਆਸ ਤੇਰੇ ਵਿੱਚ ਹੈ।

ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥
ਹੇ ਪਰਮ ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਕੇਵਲ ਇਹੀ ਮੇਰੀ ਓਟ ਹੈ। ਠਹਿਰਾਉ।

ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥
ਵਿਸ਼ਈ ਗਾਉਣੇ ਸੁਣ ਕੇ ਤੂੰ ਉਲਝ ਜਾਂਦਾ ਹੈ, ਪਰ ਨਾਮ ਉਚਾਰਨ ਕਰਨ ਵਿੱਚ ਤੂੰ ਆਲਸ ਕਰਦਾ ਹੈ।

ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥
ਨਿੰਦਿਆਂ ਦੇ ਖਿਆਲ ਅੰਦਰ ਤੂੰ ਬੜਾ ਖੁਸ਼ ਹੁੰਦਾ ਹੈ ਬਿਪਰੀਤ ਹੈ ਤੇਰੀ ਬੁੱਧੀ।

ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥
ਤੂੰ ਪਰਾਈ ਦੌਲਤ, ਪਰਾਇਆ ਪੁਤ੍ਰ, ਪਰਾਈ ਇਸਤਰੀ ਅਤੇ ਨਿੰਦਿਆਂ ਨੂੰ ਲਲਚਾਉਂਦਾ ਹੈ, ਨਾਂ ਖਾਣ ਵਾਲੀ ਸ਼ੈ ਨੂੰ ਖਾਂ ਕੇ ਤੂੰ ਹਲਕ ਗਿਆ ਹੈ।

ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥
ਸੱਚੇ ਮਜਹਬ ਨੂੰ ਤੂੰ ਪਿਆਰ ਨਹੀਂ ਕਰਦਾ ਅਤੇ ਸੱਚ ਨੂੰ ਸੁਣ ਕੇ ਤੂੰ ਗੁੱਸੇ ਹੋ ਜਾਂਦਾ ਹੈ।

ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥
ਹੇ ਗਰੀਬਾਂ ਤੇ ਤਰਸ ਕਰਨ ਵਾਲੇ ਮਿਹਰਬਾਨ ਸੁਆਮੀ ਮਾਲਕ! ਤੇਰਾ ਨਾਮ ਤੇਰੇ ਸਾਧੂਆਂ ਦਾ ਆਸਰਾ ਹੈ।

ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥
ਹੇ ਸੁਆਮੀ! ਨਾਨਕ ਨੇ ਚਾਹ ਨਾਲ ਤੇਰੀ ਓਟ ਲਈ ਹੈ। ਉਸ ਨੂੰ ਆਪਣਾ ਨਿੱਜ ਦਾ ਬਣਾ ਲੈ ਅਤੇ ਉਸ ਦੀ ਇੱਜ਼ਤ ਰੱਖ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥
ਆਦਮੀ ਨਾਸਵੰਤ ਚੀਜ਼ਾ ਦੀ ਸੰਗਤ ਨਾਲ ਚਿਮੜੇ ਹੋਏ ਹਨ। ਮੋਹਨੀ ਦੀ ਮੁਹੱਬਤ ਨਾਲ ਉਹ ਜਕੜੇ ਹੋਏ ਹਨ।

ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥
ਜਿਥੇ ਉਨ੍ਹਾਂ ਨੇ ਜਾਣਾ ਹੈ, ਉਸ ਨੂੰ ਉਹ ਯਾਦ ਹੀ ਨਹੀਂ ਕਰਦੇ। ਹੰਕਾਰੀ-ਮਤ ਰਾਹੀਂ ਉਹ ਅੰਨ੍ਹੇ ਹੋ ਗਏ ਹਨ।

ਮਨ ਬੈਰਾਗੀ ਕਿਉ ਨ ਅਰਾਧੇ ॥
ਇੱਛਾ-ਰਹਿਤ ਹੋ ਕੇ, ਹੇ ਬੰਦੇ! ਤੂੰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ?

ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥
ਤੂੰ ਕੱਚੀ ਕੋਠੜੀ ਵਿੱਚ ਰਹਿੰਦਾ ਹੈ, ਜਿੱਥੇ ਸਾਰਿਆਂ ਪਾਪਾਂ ਦੀਆਂ ਬੀਮਾਰੀਆਂ ਤੇਰੇ ਨਾਲ ਹਨ। ਠਹਿਰਾਉ।

ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥
ਅਪਣੱਤ ਕਰਦਿਆ ਕਰਦਿਆਂ, ਦਿਹੁੰ ਤੇ ਰਾਤ ਬੀਤ ਜਾਂਦੇ ਹਨ। ਹਰ ਮੁਹਤ ਤੇ ਛਿੰਨ ਤੇਰੀ ਉਮਰ ਭੁਰਦੀ ਜਾ ਰਹੀ ਹੈ।

copyright GurbaniShare.com all right reserved. Email