ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥
ਹੇ ਮੇਰੇ ਦੋਸਤ ਅਤੇ ਮਿੱਤ੍ਰ ਸਾਧੂਓ! ਵਾਹਿਗੁਰੂ ਦੇ ਨਾਮ ਦੇ ਬਗੈਰ ਹਰ ਸ਼ੈ ਨਾਸਵੰਤ ਹੈ। ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਇਹ ਅਮੋਲਕ ਮਨੁਸ਼ੀ ਜੀਵਨ ਜਿੱਤ ਲਿਆ ਹੈ। ਠਹਿਰਾਉ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥ ਤਿੰਨਾਂ ਲੱਛਣਾ ਵਾਲਾ ਸੰਸਾਰ ਸੁਆਮੀ ਨੇ ਸਾਜਿਆ ਹੈ ਦਸ ਹੇ ਬੰਦੇ! ਕਿਸ ਤਰੀਕੇ ਨਾਲ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ? ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥ ਘੁੰਮਣ ਘੇਰੀ ਅਥਾਹ ਅਤੇ ਕਠਨ ਹੈ। ਗੁਰਾਂ ਦੇ ਕਲਾਮ ਦੁਆਰਾ ਇਹ ਤਰ ਲਈ ਜਾਂਦੀ ਹੈ। ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥ ਲਗਾਤਾਰ ਢੁੰਡ, ਭਾਲ ਅਤੇ ਵਿਚਾਰ ਕਰਨ ਦੁਆਰਾ, ਨਾਨਕ ਨੇ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ, ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥ ਅਮੋਲਕ ਨਾਮ ਦੇ ਖਜਾਨੇ ਦਾ ਆਰਾਧਨ ਕਰਨ ਦੁਆਰਾ ਦਿਲ ਹੀਰਾ ਪਤੀਜ ਜਾਂਦਾ ਹੈ। ਆਸਾ ਮਹਲਾ ੫ ਦੁਪਦੇ ॥ ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ। ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥ ਗੁਰਾਂ ਦੀ ਮਿਹਰ ਸਦਕਾ ਸੁਆਮੀ ਮੇਰੇ ਚਿੱਤ ਅੰਦਰ ਟਿਕ ਗਿਆ ਹੈ ਅਤੇ ਜਿਹੜਾ ਕੁਛ ਮੈਂ ਮੰਗਦਾ ਹਾਂ, ਓਹੀ ਮੈਨੂੰ ਮਿਲ ਜਾਂਦਾ ਹੈ। ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥ ਨਾਮ ਦੀ ਪ੍ਰੀਤ ਨਾਲ ਇਹ ਮਨੂਆ ਰੱਜ ਗਿਆ ਹੈ ਅਤੇ ਮੁੜ ਹੋਰ ਕਿਧਰੇ ਨਹੀਂ ਜਾਂਦਾ। ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥ ਮੇਰਾ ਮਾਲਕ ਸਾਰਿਆਂ ਨਾਲੋਂ ਬੁਲੰਦ ਹੈ। ਰਾਤ ਅਤੇ ਦਿਨ ਮੈਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹਾਂ। ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥ ਇਕ ਮੁਹਤ ਵਿੱਚ ਉਹ ਟਿਕਾਉਣ ਅਤੇ ਉਖੇੜਨ ਨੂੰ ਸਮਰਥ ਹੈ ਉਸ ਦੇ ਰਾਹੀਂ ਮੈਂ ਤੈਨੂੰ ਭੈ-ਭੀਤ ਕਰਦਾ ਹਾਂ। ਠਹਿਰਾਉ। ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥ ਜਦ ਮੈਂ ਆਪਣੇ ਸਾਈਂ ਮਾਲਕ ਨੂੰ ਵੇਖ ਲੈਦਾ ਹਾਂ, ਤਦ ਮੈਂ ਹੋਰਸ ਕਿਸੇ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ। ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥ ਗੋਲੇ ਨਾਨਕ ਨੂੰ ਠਾਕੁਰ ਨੇ ਖੁਦ ਇਜ਼ਤ ਦੀ ਪੁਸ਼ਾਕ ਪਹਿਨਾਈ ਹੈ। ਆਪਣੇ ਸੰਦੇਹ ਅਤੇ ਡਰ ਨੂੰ ਦੂਰ ਕਰਕੇ ਉਹ ਠਾਕੁਰ ਦੀਆਂ ਸਿਫਤਾਂ ਲਿਖਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ ਚਾਰ ਜਾਤਾਂ, ਚੋਹਾਂ ਜਾਤਾਂ ਦੇ ਨੇਕ ਬੰਦੇ, ਉਹ ਪੁਰਸ਼ ਜਿਨ੍ਹਾਂ ਦੀ ਹੱਥ ਦੀ ਹਥੇਲੀ ਉਤੇ ਛੇ ਸ਼ਾਸਤਰ ਹਨ, ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥ ਸੁਹਣੇ ਸੁਨੱਖੇ, ਕਾਮਲ, ਮਨੋਹਰ ਅਤੇ ਅਕਲਮੰਦ, ਉਨ੍ਹਾਂ ਨੂੰ ਪ੍ਰਾਣ ਲੇਵਾ ਪੰਜਾਂ ਵਿਕਾਰਾਂ (ਕਾਮ ਆਦਿਂ) ਨੇ ਮੋਹਿਤ ਕਰਕੇ ਠੱਗ ਲਿਆ ਹੈ। ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਐਹੋ ਜੇਹਾ ਜੋਰਾਵਰ ਪੁਰਸ਼ ਕਿਹੜਾ ਹੈ, ਜਿਸ ਨੇ ਪੰਜਾਂ ਬਲਵਾਨ ਸੂਰਮਿਆਂ ਨੂੰ ਫੜ ਕੇ ਮਾਰ ਮੁਕਾਇਆ ਹੈ। ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥ ਜੋ ਪੰਜਾਂ ਨੂੰ ਹਰਾ ਅਤੇ ਮਾਰ ਕੇ ਆਪਣਾ ਜੀਵਨ ਗੁਜਾਰਦਾ ਹੈ, ਉਹ ਇਸ ਕਾਲੇ ਸਮੇਂ ਅੰਦਰ ਪੂਰਨ ਹੈ। ਠਹਿਰਾਉ। ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥ ਉਨ੍ਹਾਂ ਦੀ ਇਹ ਭਾਰੀ ਕੌਮ ਹੈ, ਜੋ ਕਾਬੂ ਨਹੀਂ ਕੀਤੀ ਜਾ ਸਕਦੀ ਅਤੇ ਜੋ ਭਜਦੀ ਨਹੀਂ, ਉਨ੍ਹਾਂ ਦੀ ਜਬਰਦਸਤ ਤੇ ਪੱਕੇ ਇਰਾਦੇ ਵਾਲੀ ਸੈਨਾ ਹੈ। ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥ ਗੁਰੂ ਜੀ ਆਖਦੇ ਹਨ, ਉਹ ਇਨਸਾਨ ਜੋ ਸਤਿ ਸੰਗਤ ਦੀ ਪਨਾਹ ਹੇਠਾ ਹੈ ਉਹ ਉਨ੍ਹਾਂ ਨੂੰ ਕੁਚਲ ਸੁਟਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥ ਆਤਮਾ ਲਈ ਚੰਗੀ ਚੀਜ਼ ਸੁਆਮੀ ਦੀ ਸ਼੍ਰੇਸ਼ਟ ਵਾਰਤਾ ਹੈ, ਹੋਰ ਸਾਰੇ ਸੁਆਦ ਫਿਕਲੇ ਹਨ। ਠਹਿਰਾਉ। ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥ ਬਹੁਤੀਆਂ ਖੂਬੀਆਂ ਅਤੇ ਰਾਗਵਿਦਿਆਂ ਵਾਲੇ ਬੰਦੇ ਖਾਮੋਸ਼ ਰਿਸ਼ੀ ਅਤੇ ਛੇ ਸ਼ਾਸਤਰਾਂ ਨੂੰ ਜਾਨਣ ਵਾਲੇ ਹੋਰ ਕਿਸੇ ਸ਼ੈ ਨੂੰ ਬੰਦੇ ਦੀ ਵੀਚਾਰ ਦੇ ਲਾਇਕ ਨਹੀਂ ਸਮਝਦੇ। ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥ ਵਾਹਿਗੁਰੂ ਦੀ ਇਹ ਕਥਾ, ਵਿਸ਼ੇ ਵੇਗਾਂ ਨੂੰ ਮਾਰਨ ਵਾਲੀ, ਨਿਰਾਲੀ, ਲਾਸਾਨੀ ਅਤੇ ਆਰਾਮ ਦੇਣਹਾਰ ਹੈ, ਅਤੇ ਸਤਿ ਸੰਗਤ ਅੰਦਰ ਪੀਤੀ ਜਾਂਦੀ ਹੈ, ਹੇ ਨਾਨਕ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥ ਗੁਰਬਾਨੀ ਮੈਨੂੰ ਮਿੱਠੜੀ ਲਗਦੀ ਹੈ। ਇਹ ਰੱਬੀ ਰਸ ਦੀ ਨਦੀ ਹੈ। ਗੁਰਾਂ ਨੇ ਇੱਕ ਮੁਹਤ ਲਈ ਭੀ ਇਸ ਦਾ ਵਗਣਾ ਮੇਰੇ ਚਿੱਤ ਤੋਂ ਪਰੇ ਨਹੀਂ ਹਟਾਇਆ। ਠਹਿਰਾਉ। ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥ ਇਸ ਨੂੰ ਵੇਖ ਅਤੇ ਛੂਹ ਕੇ ਮੈਂ ਮਿੱਠੜਾ ਅਤੇ ਪ੍ਰਸੰਨ ਹੋ ਗਿਆ ਹਾਂ। ਇਹ ਸਿਰਜਣਹਾਰ ਦੀ ਪ੍ਰੀਤ ਨਾਲ ਰੰਗੀ ਹੋਈ ਹੈ। ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥ ਇਕ ਛਿਨ ਮਾਤ੍ਰ ਇਸ ਦਾ ਪਾਠ ਕਰਨ ਦੁਆਰਾ ਇਨਸਾਨ ਗੁਰਾਂ ਕੋਲ ਪੁਜ ਜਾਂਦਾ ਹੈ। ਸਦਾ ਹੀ ਇਸ ਦਾ ਉਚਾਰਨ ਕਰਨ ਦੁਆਰਾ ਉਹ ਮੌਤ ਦੇ ਦੂਤ ਦੇ ਜਾਲ ਵਿੱਚ ਨਹੀਂ ਫਸਦਾ। ਵਾਹਿਗੁਰੂ ਨੇ ਨਾਨਕ ਦੇ ਗਲ ਅਤੇ ਦਿਲ ਵਿੱਚ ਗੁਰਬਾਣੀ ਦਾ ਹਾਰ ਪਾਇਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਨੀਕੀ ਸਾਧ ਸੰਗਾਨੀ ॥ ਰਹਾਉ ॥ ਚੰਗੀ ਹੈ ਸਤਿ ਸੰਗਤ। ਠਹਿਰਾਉ। ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥ ਹਰ ਪਹਿਰ, ਘੰਟੇ ਤੇ ਮੁਹਤ ਮੈਂ ਜਗਤ ਦੇ ਰਖਿਅਕ ਦਾ ਜੱਸ ਲਗਾਤਾਰ ਗਾਇਨ ਕਰਦਾ ਹਾਂ ਅਤੇ ਸੁਆਮੀ ਦਾ ਉਚਾਰਨ ਕਰਦਾ ਹਾਂ। ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥ ਖਲੋਦਿਆਂ, ਬਹਿੰਦਿਆਂ ਤੇ ਸੁੱਤਿਆਂ, ਮੈਂ ਹਰੀ ਦੀ ਕੀਰਤੀ ਉਚਾਰਦਾ ਹਾਂ ਅਤੇ ਮੇਰੀ ਆਤਮਾ ਅਤੇ ਦੇਹਿ ਨੂੰ ਉਸ ਦੇ ਪੈਰ ਚੰਗੇ ਲਗਦੇ ਹਨ। ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥ ਮੈਂ ਛੋਟਾ ਹਾ, ਤੂੰ ਵੱਡਾ ਹੈ, ਹੇ ਸੁਆਮੀ! ਮੈਂ, ਹੇ ਨਾਨਕ, ਤੇਰੀ ਪਨਾਹ ਲਈ ਹੈ। copyright GurbaniShare.com all right reserved. Email |