Page 710

ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
ਮਚਦੀ ਹੋਈ ਅੱਗ ਸ਼ਾਂਤ ਹੋ ਗਈ ਹੈ। ਸੁਆਮੀ ਨੇ ਖੁਦ ਮੈਨੂੰ ਬਚਾ ਲਿਆ ਹੈੌ।

ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
ਹੇ ਨਾਨਕ! ਤੂੰ ਉਸ ਸਾਹਿਬ ਦਾ ਸਿਮਰਨ ਕਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ।

ਪਉੜੀ ॥
ਪਉੜੀ।

ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥
ਜਦ ਮਾਲਕ ਮਾਇਆਵਾਨ ਹੋ ਜਾਂਦਾ ਹੈ ਤਾਂ ਮੋਹਨੀ ਮਨੁਸ਼ ਨੂੰ ਨਹੀਂ ਚਿਮੜਦੀ।

ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
ਇਕ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।

ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
ਸਾਈਂ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ ਦੇਹ ਪਵਿੱਤ੍ਰ ਥੀ ਵੰਞਦੀ ਹੈ।

ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
ਮਨ ਤੇ ਦੇਹ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਨਸਾਨ ਮੁਕੰਮਲ ਮਾਲਕ ਨੂੰ ਪਾ ਲੈਂਦਾ ਹੈ।

ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥
ਉਹ ਆਪਣੇ ਟੱਬਰ ਦੇ ਜੀਆਂ ਤੇ ਆਪਣੀ ਸਮੂਹ ਵੰਸ਼ ਦੇ ਨਾਲ ਪਾਰ ਉਤੱਰ ਜਾਂਦਾ ਹੈ।

ਸਲੋਕ ॥
ਸਲੋਕ।

ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥
ਗੁਰੂ ਜੀ ਹੀ ਸਾਹਿਬ ਹਨ, ਗੁਰੂ ਜੀ ਹੀ ਸੁਆਮੀ ਹਨ ਅਤੇ ਗੁਰੂ ਜੀ ਹੀ ਵਿਆਪਕ ਵਾਹਿਗੁਰੂ ਹਨ।

ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥
ਗੁਰੂ ਜੀ ਮਿਹਰਬਾਨ ਹਨ, ਗੁਰੂ ਜੀ ਸਰਬ ਸ਼ਕਤੀਵਾਨ ਹਨ ਅਤੇ ਗੁਰੂ ਜੀ ਹੀ ਹੇ ਨਾਨਕ ਪਾਪੀਆਂ ਨੂੰ ਤਾਰਣਹਾਰ ਹਨ।

ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥
ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਤੋਂ ਪਾਰ ਉਤੱਰਨ ਲਈ ਗੁਰੂ ਜੀ ਇਕ ਜਹਾਜ ਹਨ।

ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥
ਨਾਨਕ ਪੂਰਨ ਹੈ ਪ੍ਰਾਲਭਧ ਉਸ ਦੀ, ਜੋ ਸੱਚੇ ਗੁਰਾਂ ਦੇ ਪੈਰੀ ਨਾਲ ਜੁੜਿਆ ਹੋਇਆ ਹੈ।

ਪਉੜੀ ॥
ਪਉੜੀ।

ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥
ਮੁਬਾਰਕ! ਮੁਬਾਰਕ! ਹਨ, ਰੱਬ-ਰੂਪ ਗੁਰੂ ਮਹਾਰਾਜ ਜਿਨ੍ਹਾਂ ਦੀ ਸੰਗਤ ਅੰਦਰ ਸਾਹਿਬ ਸਿਮਰਿਆ ਜਾਂਦਾ ਹੈ।

ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥
ਜਦ ਗੁਰੂ ਜੀ ਦਇਆਵਾਨ ਹੋ ਜਾਂਦੇ ਹਨ, ਤਦ ਸਾਰੀਆਂ ਬਦੀਆਂ ਅਲੋਪ ਹੋ ਵੰਞਦੀਆਂ ਹਨ।

ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥
ਮੇਰੇ ਪਰਮ ਪ੍ਰਭੂ! ਪ੍ਰਕਾਸ਼ਵਾਨ ਗੁਰੂ ਜੀ, ਨੀਵਨੂੰ ਨੂੰ ਉਚਾ ਕਰ ਦਿੰਦੇ ਹਨ।

ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥
ਮੋਹਨੀ ਦੀ ਦੁਖਦਾਈ ਫਾਹੀ ਨੂੰ ਕੱੰਟ ਕੇ, ਉਹ ਸਾਨੂੰ ਆਪਣਾ ਦਾਸ ਬਣਾ ਲੈਂਦੇ ਹਨ।

ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥
ਮੇਰੀ ਜੀਭਾ ਅਨੰਤ ਸੁਆਮੀ ਦੀਆਂ ਨੇਕੀਆਂ ਤੇ ਸਿਫਤਾਂ ਗਾਇਨ ਕਰਦੀ ਹੈ।

ਸਲੋਕ ॥
ਸਲੋਕ।

ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
ਇਕੋ ਸਿਰਜਣਹਾਰ ਨੂੰ ਹੀ ਵੇਖਦਾ ਹਾਂ, ਇਕ ਨੂੰ ਹੀ ਸੁਣਦਾ ਹਾਂ ਅਤੇ ਇਕੋ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।

ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥
ਨਾਨਕ ਰੱਬ ਦੇ ਨਾਮ ਦੀ ਦਾਤ ਦੀ ਜਾਚਨਾ ਕਰਦਾ ਹੈ। ਹੇ ਮੇਰੇ ਮਿਹਰਬਾਨ ਮਾਲਕ! ਦਇਆ ਧਾਰ ਕੇ ਮੈਨੂੰ ਇਹ ਪ੍ਰਦਾਨ ਕਰ।

ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥
ਇਕੱਲੇ ਸੁਆਮੀ ਦੀ ਹੀ ਮੈਂ ਸੇਵਾ ਕਮਾਉਂਦਾ ਹਾਂ, ਇਕੱਲੇ ਨੂੰ ਮੈਂ ਯਾਦ ਕਰਦਾ ਹਾਂ ਅਤੇ ਇਕੱਲੇ ਅੱਗੇ ਹੀ ਮੈਂ ਬਿਨੈ ਕਰਦਾ ਹਾਂ।

ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥
ਨਾਨਕ ਨੇ ਅਸਲੀ ਪੂੰਜੀ, ਨਾਮ ਦਾ ਮਾਲ ਅਤੇ ਪਦਾਰਥ ਇਕੱਤਰ ਕੀਤਾ ਹੈ।

ਪਉੜੀ ॥
ਪਉੜੀ।

ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
ਸਾਹਿਬ ਦਇਆਵਾਨ ਅਤੇ ਹੱਦਬੰਨਾ-ਰਹਿਤ ਹੈ। ਕੇਵਲ ਓਹੀ ਸਰਬ-ਵਿਆਪਕ ਹੈ।

ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
ਉਹ ਸਾਰਾ ਕੁਛ ਖੁਦ-ਬਖੁਦ ਹੀ ਹੈ। ਹੋਰ ਕਿਸ ਨੂੰ ਮੈਂ ਉਹਦੇ ਵਰਗਾ ਬਿਆਨ ਕਰਾਂ?

ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
ਸੁਆਮੀ ਖੁਦ ਦਾਤਾ ਬਖਸ਼ਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਲੈਂਦਾ ਹੈ।

ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥
ਆਉਣਾ ਤੇ ਜਾਣਾ ਸਮੂਹ ਤੇਰੀ ਰਜ਼ਾ ਅੰਦਰ ਹੈ, ਹੇ ਸਾਈਂ! ਅਹਿੱਲ ਹੈ ਤੇਰਾ ਨਿਵਾਸ-ਅਸਥਾਨ।

ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥
ਨਾਨਕ ਇਕ ਦਾਤ ਦੀ ਯਾਚਨਾ ਕਰਦਾ ਹੈ: ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।

ਜੈਤਸਰੀ ਬਾਣੀ ਭਗਤਾ ਕੀ
ਜੈਤਸਰੀ ਸਾਧੂਆਂ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਨਾਥ ਕਛੂਅ ਨ ਜਾਨਉ ॥
ਮੇਰੇ ਸੁਆਮੀ, ਮੈਂ ਕੁਝ ਭੀ ਨਹੀਂ ਜਾਣਦਾ।

ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
ਸੁਆਮੀ ਆਤਮਾ ਮੈਂ ਮੋਹਨੀ ਦੇ ਹੱਥ ਵੇਚ ਛੱਡੀ ਹੈ। ਠਹਿਰਾਉ।

ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
ਤੂੰ ਸੰਸਾਰ ਦਾ ਵਿਸ਼ਾਲ ਸਾਹਿਬ ਆਖਿਆ ਜਾਂਦਾ ਹੈ,

ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
ਅਤੇ ਮੈਂ ਕਲਜੁਗ ਦਾ ਵਿਸ਼ਈ ਸੱਦਿਆ ਜਾਂਦਾ ਹਾਂ।

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
ਏਨਾ ਪੰਜਾਂ ਵਿਕਾਰਾਂ ਨੇ ਮੇਰਾ ਚਿੱਤ ਪਲੀਤ ਕਰ ਦਿੱਤਾ ਹੈ।

ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
ਹਰ ਮੁਹਤ ਉਹ ਮੇਰੀ ਆਤਮਾ ਨੂੰ ਪੂਜਯ ਪ੍ਰਭੂ ਨਾਲੋਂ ਪਾੜਦੇ ਹਨ।

ਜਤ ਦੇਖਉ ਤਤ ਦੁਖ ਕੀ ਰਾਸੀ ॥
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਦੁੱਖਾਂ ਦੀ ਪੂੰਜੀ ਹੈ।

ਅਜੌਂ ਨ ਪਤ੍ਯ੍ਯਾਇ ਨਿਗਮ ਭਏ ਸਾਖੀ ॥੩॥
ਭਾਵੇਂ ਵੇਦ ਗਵਾਹੀ ਦਿੰਦੇ ਹਨ, ਤਾਂ ਭੀ ਮੇਰਾ ਮਨ ਵਾਹਿਗੁਰੂ ਤੇ ਭਰੋਸਾ ਨਹੀਂ ਧਾਰਦਾ।

ਗੋਤਮ ਨਾਰਿ ਉਮਾਪਤਿ ਸ੍ਵਾਮੀ ॥
ਹੇ ਪ੍ਰਭੂ! ਗੋਤਮ ਦੀ ਪਤਨੀ ਨੂੰ ਭੋਗਣ ਵਾਲੇ ਇੰਦਰ ਦੀ ਦੇਹ ਉਤੇ ਭੋਗ ਦੇ ਹਜਾਰ ਚਿੰਨ੍ਹ ਹੋ ਗਏ।

ਸੀਸੁ ਧਰਨਿ ਸਹਸ ਭਗ ਗਾਂਮੀ ॥੪॥
ਬ੍ਰਰਮਾ ਦਾ ਸਿਰ, ਪਾਰਵਤੀ ਦੇ ਪਤੀ ਸ਼ਿਵਜੀ ਦੇ ਹੱਥ ਨਾਲ ਚਿਮੜ ਗਿਆ।

ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
ਇਨ੍ਹਾਂ ਭੂਤਨਿਆਂ ਨੇ, ਮੈਂ ਮੂਰਖ ਨੂੰ ਬੰਨ੍ਹ ਕੇ ਮਾਰ ਸੁੱਟਿਆ ਹੈ।

ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
ਮੈਂ ਵੱਡਾ ਬੇਸ਼ਰਮ ਹਾਂ। ਅਜੇ ਭੀ ਮੈਂ ਉਨ੍ਹਾਂ ਦੀ ਸੰਗਤ ਨਾਲੋਂ ਹੰਭਦਾ ਨਹੀਂ।

ਕਹਿ ਰਵਿਦਾਸ ਕਹਾ ਕੈਸੇ ਕੀਜੈ ॥
ਰਵਿਦਾਸ ਜੀ ਆਖਦੇ ਹਨ, ਮੈਂ ਹੁਣ ਕਿਸ ਤਰ੍ਹਾਂ ਕਰਾਂ?

ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
ਵਾਹਿਗੁਰੂ ਦੀ ਪਨਾਹ ਦੇ ਬਗੈਰ ਮੈਂ ਹੋਰ ਕੀਹਦੀ ਪਨਾਹ ਲਵਾਂ?

copyright GurbaniShare.com all right reserved. Email