Page 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਟੋਡੀ ਮਹਲਾ ੪ ਘਰੁ ੧ ॥
ਰਾਗੁ ਟੋਡੀ। ਚੌਥੀ ਪਾਤਿਸ਼ਾਹੀ।

ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥
ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਜੀਉਂਦੀ ਨਹੀਂ ਰਹਿ ਸਕਦੀ।

ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥
ਜੇਕਰ ਗੁਰੂ ਜੀ ਮੈਨੂੰ ਮੇਰੇ ਜਿੰਦ-ਵਰਗੇ ਪਿਆਰੇ ਸੁਆਮੀ ਵਾਹਿਗੁਰੂ ਨਾਲ ਮਿਲਾ ਦੇਣ, ਤਾਂ ਤੈਂ ਮੁੜ ਕੇ ਭਿਆਨਕ ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪਵਾਂਗਾ। ਠਹਿਰਾਉ।

ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥
ਮੇਰੇ ਮਨ ਅੰਦਰ ਸੁਆਮੀ ਦੀ ਚਾਹਨਾ ਹੈ ਅਤੇ ਆਪਣੀਆਂ ਅੱਖਾਂ ਨਾਲ ਮੈਂ ਆਪਣੇ ਸੁਆਮੀ ਵਾਹਿਗੁਰੂ ਮਾਲਕ ਨੂੰ ਵੇਖਦਾ ਹਾਂ।

ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
ਦਇਆਵਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਨਾਮ ਪੱਕਾ ਕੀਤਾ ਹੈ। ਇਹ ਉਹ ਮਾਰਗ ਹੈ। ਜੋ ਵਾਹਿਗੁਰੂ ਸੁਆਮੀ ਮਾਲਕ ਨੂੰ ਜਾਂਦਾ ਹੈ।

ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥
ਮੈਂ ਪਿਆਰੇ ਸੁਆਮੀ ਵਾਹਿਗੁਰੂ ਮਾਲਕ ਦਾ ਨਾਮ ਪ੍ਰਾਪਤ ਕੀਤਾ ਹੈ, ਸੁਆਮੀ ਮਾਲਕ ਦਾ ਨਾਮ ਪ੍ਰਾਪਤ ਕੀਤਾ ਹੈ, ਸੁਆਮੀ ਵਾਹਿਗੁਰੂ ਮਾਲਕ ਦਾ ਨਾਮ।

ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
ਮੇਰੇ ਮਨ, ਦਿਲ ਤੇ ਦੇਹ ਨੂੰ ਰੱਬ ਦਾ ਨਾਮ ਮਿੱਠਾ ਲਗਦਾ ਹੈ। ਮੇਰੇ ਚਿਹਰੇ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥
ਜਿਨ੍ਹਾਂ ਦੀ ਆਤਮਾ ਲਾਲਚ ਅਤੇ ਪਾਪਾਂ ਨਾਲ ਜੁੜੀ ਹੋਈ ਹੈ, ਉਹ ਸ੍ਰੇਸ਼ਟ ਸੁਆਮੀ ਨੂੰ ਭੁਲਾ ਦਿੰਦੇ ਹਨ।

ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
ਉਹ ਆਪ-ਹੁਦਰੇ ਮੂਰਖ ਅਤੇ ਬੇਸਮਝ ਆਖੇ ਜਾਂਦੇ ਹਨ, ਉਨ੍ਹਾਂ ਦੇ ਮੱਥੇ ਉਤੇ ਮਾੜੀ ਪ੍ਰਾਲਭਧ ਲਿਖੀ ਹੋਈ ਹੈ।

ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥
ਪ੍ਰਬੀਨ ਮਤ ਮੈਂ ਸੱਚੇ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਵਿਸ਼ਾਲ ਹੈ ਬ੍ਰਹਮ ਬੋਧ, ਗੁਰੂ ਪ੍ਰਮੇਸ਼ਰ ਦਾ ਪ੍ਰਕਾਸ਼ਿਆ ਹੋਇਆ।

ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
ਗੋਲੇ ਨਾਨਕ ਨੇ ਗੁਰਾਂ ਪਾਸੋਂ ਨਾਮ ਪ੍ਰਾਪਤ ਕੀਤਾ ਹੈ। ਐਹੋ ਜੇਹੀ ਕਿਸਮਤ ਮੁੱਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਹੈ।

ਟੋਡੀ ਮਹਲਾ ੫ ਘਰੁ ੧ ਦੁਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸੰਤਨ ਅਵਰ ਨ ਕਾਹੂ ਜਾਨੀ ॥
ਪ੍ਰਭੂ ਦੇ ਬਿਨਾ ਰੱਬੀ-ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ।

ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥
ਉਹ, ਜਿਨ੍ਹਾਂ ਦੇ ਪੱਖ ਵਿੱਚ ਪ੍ਰਭੂ ਹੈ, ਵਾਹਿਗੁਰੂ ਦੇ ਪ੍ਰੇਮ ਅੰਦਰ ਹਮੇਸ਼ਾਂ ਹੀ ਬੇਫਿਕਰ ਰਹਿੰਦੇ ਹਨ। ਠਹਿਰਾਉ।

ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥
ਉਚਾ ਹੈ ਤੇਰਾ ਸ਼ਾਮਿਆਨਾ, ਹੇ ਮੇਰੇ ਸੁਆਮੀ! ਹੋਰ ਕਿਸੇ ਕੋਲ ਕੋਈ ਤਾਕਤ ਨਹੀਂ।

ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥
ਐਹੋ ਜੇਹਾ ਅਬਿਨਾਸੀ ਪ੍ਰਭੂ ਸ਼ਰਧਾਲੂਆਂ ਨੂੰ ਪ੍ਰਾਪਤ ਹੋਇਆ ਹੈ। ਬ੍ਰਹਿਮ ਬੇਤੇ ਪ੍ਰਭੂ ਪ੍ਰੀਤ ਅੰਦਰ ਲੀਨ ਰਹਿੰਦੇ ਹਨ।

ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥
ਬੀਮਾਰੀ, ਅਫਸੋਸ, ਤਕਲੀਫ, ਬੁਢੇਪਾ ਅਤੇ ਮੌਤ ਪ੍ਰਭੂ ਦੇ ਗੋਲੇ ਨੇ ਨੇੜੇ ਨਹੀਂ ਫਟਕਦੇ।

ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥
ਇਕ ਸਾਈਂ ਦੇ ਪ੍ਰੇਮ ਅੰਦਰ ਉਹ ਨਿੱਡਰ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਦੀ ਆਤਮਾ, ਵਾਹਿਗੁਰੂ ਨਾਲ ਖੁਸ਼ ਰਹਿੰਦੀ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਹਰਿ ਬਿਸਰਤ ਸਦਾ ਖੁਆਰੀ ॥
ਰੱਬ ਨੂੰ ਭੁਲਾ ਕੇ ਬੰਦਾ ਹਮੇਸ਼ਾਂ ਲਈ ਤਬਾਹ ਹੋ ਜਾਂਦਾ ਹੈ।

ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ਉਹ ਕਿਸ ਤਰ੍ਹਾਂ ਛਲਿਆ ਜਾ ਸਕਦਾ ਹੈ, ਜਿਸ ਨੂੰ ਤੇਰਾ ਆਸਰਾ ਹੈ, ਹੇ ਸਾਹਿਬ? ਠਹਿਰਾਉ।