Page 719

ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ
ਰਾਗੁ ਬੈਰਾੜੀ ਚੌਥੀ ਪਾਤਿਸ਼ਾਹੀ। ਦੁਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸੁਨਿ ਮਨ ਅਕਥ ਕਥਾ ਹਰਿ ਨਾਮ ॥
ਹੇ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਅਕਹਿ ਕਥਾ ਵਾਰਤਾ ਸ੍ਰਵਣ ਕਰ।

ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਅਨੁਸਾਰ ਤੂੰ ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਸਿਮਰਨ ਕਰ, ਅਤੇ ਤੂੰ ਧਨ-ਦੌਲਤ, ਸਮਝ ਸੋਚ, ਕਰਾਮਾਤੀ ਸ਼ਕਤੀਆਂ ਅਤੇ ਸੁੱਖ ਆਰਾਮ ਪਾ ਲਵੇਂਗਾ। ਠਹਿਰਾਉ।

ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥
ਅਨੇਕਾਂ ਯੁੱਗੀ ਕਾਵਯ, ਮਿਥਿਹਾਸਕ ਗ੍ਰੰਥ ਅਤੇ ਛੇ ਸ਼ਾਸਤਰ, ਪ੍ਰਭੂ ਦੀ ਸ੍ਰੇਸ਼ਟ ਕੀਰਤੀ ਆਲਾਪਦੇ ਹਨ।

ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
ਸ਼ਿਵਜੀ ਅਤੇ ਤੇਤੀ ਕ੍ਰੋੜ ਦੇਵਤੇ ਪ੍ਰਭੂ ਨੂੰ ਸਿਮਰਦੇ ਹਨ, ਪ੍ਰੰਤੂ ਉੇਸ ਦੇ ਭੇਦ ਨੂੰ ਨਹੀਂ ਸਮਝਦੇ।

ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥
ਦੇਵੀ ਪੁਰਸ਼, ਦੇਵਤਿਆਂ ਦੇ ਸੇਵਕ ਅਤੇ ਸਵਰਗੀ ਗਵੱਈਏ ਉਸ ਦੀ ਕੀਰਤੀ ਗਾਉਂਦੇ ਹਨ, ਅਤੇ ਗਾਉਂਦੀ ਹੈ। ਉਸ ਨੂੰ ਸਾਰੀ ਰਚਨਾ ਜਿਹੜੀ ਉਸ ਨੇ ਰਚੀ ਹੈ।

ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥
ਨਾਨਕ ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਸੁਆਮੀ ਵਾਹਿਗੁਰੂ ਦੇ ਚੰਗੇ ਸਾਧੂ ਹੋ ਨਿਬੜਦੇ ਹਨ।

ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।

ਮਨ ਮਿਲਿ ਸੰਤ ਜਨਾ ਜਸੁ ਗਾਇਓ ॥
ਹੇ ਬੰਦੇ! ਜੋ ਪਵਿੱਤਰ ਪੁਰਸ਼ਾਂ ਨੂੰ ਮਿਲ ਕੇ ਪ੍ਰਭੂ ਦੀ ਕੀਰਤੀ ਗਾਉਂਦੇ ਹਨ,

ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥
ਉਨ੍ਹਾਂ ਨੂੰ ਗੁਰੂ ਜੀ, ਸੱਚੇ ਗੁਰੂ ਜੀ, ਸੁਆਮੀ ਵਾਹਿਗੁਰੂ ਦੇ ਹੀਰੇ, ਸੁਆਮੀ ਦੀ ਸ੍ਰੇਸ਼ਟ ਹੀਰੇ ਦੀ ਦਾਤ ਪ੍ਰਦਾਨ ਕਰਦੇ ਹਨ। ਠਹਿਰਾਉ।

ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
ਮੈਂ ਆਪਣੀ ਆਤਮਾ, ਦੇਹ ਤੇ ਸਾਹਰਾ ਕੁਛ ਉਸ ਜਣੇ ਨੂੰ ਭੇਟਾ ਕਰਦਾ ਹਾਂ, ਜੋ ਮੈਨੂੰ ਸੁਆਮੀ ਮਾਲਕ ਦਾ ਨਾਮ ਸੁਣਾਉਂਦਾ ਹੈ।

ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥
ਮੈਂ ਆਪਣੀ ਦੌਲਤ, ਮਾਲ ਮਿਲਖ ਅਤੇ ਜਾਇਦਾਦ ਉਸ ਨੂੰ ਸਮਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਿੱਤ੍ਰ ਹਰੀ ਨਾਲ ਮਿਲਾ ਦੇਵੇ।

ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
ਜਦ ਸ੍ਰਿਸ਼ਟੀ ਦੇ ਸੁਆਮੀ ਨੇ ਮੇਰੇ ਉਤੇ ਇਕ ਮੁਹਤ ਭਰ ਲਈ ਭੀ ਥੋੜੀ ਜੇਹੀ ਮਿਹਰ ਧਾਰੀ, ਤਦ ਮੈਂ ਆਪਣੇ ਵਾਹਿਗੁਰੂ ਸੁਆਮੀ ਦੀ ਕੀਰਤੀ ਵੱਲ ਧਿਆਨ ਕੀਤਾ।

ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥
ਪ੍ਰਭੂ ਪ੍ਰਮੇਸ਼ਰ ਸੇਵਕ ਨਾਨਕ ਨੂੰ ਮਿਲ ਪਿਆ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੀ ਪੀੜ ਜਾਂਦੀ ਰਹੀ ਹੈ।

ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।

ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਸੁਆਮੀ ਦਾ ਗੁਲਾਮ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ।

ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
ਜੇਕਰ ਕੋਈ ਜਣਾ ਸੁਆਮੀ ਦੇ ਸੇਵਕ ਦੀ ਬਦਖੋਈ ਕਰੇ, ਉਹ ਆਪਣੀ ਨੇਕੀ ਨੂੰ ਨਹੀਂ ਤਿਆਗਦਾ। ਠਹਿਰਾਉ।

ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਖੁਦ ਕਰਦਾ ਹੈ। ਵਾਹਿਗੁਰੂ ਆਪ ਹੀ ਸਾਰੇ ਕੰਮ ਕਰਦਾ ਹੈ।

ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥
ਪ੍ਰਭੂ ਪ੍ਰਮੇਸ਼ਰ ਖੁਦ ਸਮਝ ਪ੍ਰਦਾਨ ਕਰਦਾ ਹੈ ਅਤੇ ਖੁਦ ਹੀ ਪ੍ਰਭੂ ਇਨਸਾਨ ਪਾਸੋਂ ਬਚਨ ਉਚਾਰਨ ਕਰਵਾਉਂਦਾ ਹੈ।