Page 899

ਪੰਚ ਸਿੰਘ ਰਾਖੇ ਪ੍ਰਭਿ ਮਾਰਿ ॥
ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।

ਦਸ ਬਿਘਿਆੜੀ ਲਈ ਨਿਵਾਰਿ ॥
ਇੰਦਰੀਆਂ ਦੀਆਂ ਦਸਾਂ ਹੀ ਬਘਿਆੜੀਆਂ ਨੂੰ ਉਸ ਨੇ ਦੂਰ ਕਰ ਦਿੱਤਾ ਹੈ।

ਤੀਨਿ ਆਵਰਤ ਕੀ ਚੂਕੀ ਘੇਰ ॥
ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਦਾ ਚੱਕਰ ਕੱਟਣਾਂ ਮੁੱਕ ਗਿਆ ਹੈ।

ਸਾਧਸੰਗਿ ਚੂਕੇ ਭੈ ਫੇਰ ॥੧॥
ਸਤਿਸੰਗਤ ਦੇ ਰਾਹੀਂ ਆਵਾਗਉਣ ਦੇ ਚੱਕਰ ਦਾ ਡਰ ਖਤਮ ਹੋ ਗਿਆ ਹੈ।

ਸਿਮਰਿ ਸਿਮਰਿ ਜੀਵਾ ਗੋਵਿੰਦ ॥
ਮੈਂ ਆਪਣੇ ਸੁਆਮੀ ਦਾ ਆਰਾਧਨ ਤੇ ਚਿੰਤਨ ਕਰ ਕੇ ਜੀਉਂਦਾ ਹਾਂ।

ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥
ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਸੱਚਾ ਮਾਲਕ, ਹਮੇਸ਼ਾਂ, ਹਮੇਸ਼ਾਂ ਹੀ ਬਖਸ਼ਣਹਾਰ ਹੈ। ਠਹਿਰਾਓ।

ਦਾਝਿ ਗਏ ਤ੍ਰਿਣ ਪਾਪ ਸੁਮੇਰ ॥
ਗੁਨਾਹਾਂ ਦਾ ਪਹਾੜ ਫੂਸ ਦੀ ਤਰ੍ਹਾਂ ਸੜ ਮੱਚ ਗਿਆ ਹੈ,

ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥
ਨਾਮ ਦਾ ਸਿਮਰਨ ਤੇ ਆਰਾਧਨ ਅਤੇ ਸਾਹਿਰ ਦੇ ਚਰਨਾਂ ਦੀ ਉਪਾਸ਼ਨਾਂ ਕਰਨ ਦੁਆਰਾ।

ਅਨਦ ਰੂਪ ਪ੍ਰਗਟਿਓ ਸਭ ਥਾਨਿ ॥
ਪ੍ਰਸੰਨਤਾ ਦਾ ਸਰੂਪ ਪ੍ਰਭੂ ਤਦ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ,

ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥੨॥
ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਜੁੜ ਕੇ ਮੈਂ ਅਨੰਦ ਮਾਣਦਾ ਹਾਂ।

ਸਾਗਰੁ ਤਰਿਓ ਬਾਛਰ ਖੋਜ ॥
ਮੈਂ ਸੰਸਾਰ ਸਮੁੰਦਰ ਨੂੰ ਐਸ ਤਰ੍ਹਾਂ ਪਾਰ ਕਰ ਲਿਆ ਹੈ, ਜਿਸ ਤਰ੍ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਇਕ ਵੱਛੇ ਦਾ ਖੁਰਾ ਹੁੰਦਾ ਹੈ।

ਖੇਦੁ ਨ ਪਾਇਓ ਨਹ ਫੁਨਿ ਰੋਜ ॥
ਹੁਣ ਮੈਂ ਤਕਲੀਫ ਨਹੀਂ ਉਠਾਵਾਂਗਾ, ਨਾਂ ਹੀ ਮੈਨੂੰ ਮੁੜ ਕੇ ਕੋਈ ਸ਼ੋਕ ਵਾਪਰੇਗਾ।

ਸਿੰਧੁ ਸਮਾਇਓ ਘਟੁਕੇ ਮਾਹਿ ॥
ਵਾਹਿਗੁਰੂ (ਸਮੁੰਦਰ) ਹਿਰਦੇ ਦੇ ਘੜੇ ਅੰਦਰ ਰਮ ਗਿਆ ਹੈ।

ਕਰਣਹਾਰ ਕਉ ਕਿਛੁ ਅਚਰਜੁ ਨਾਹਿ ॥੩॥
ਸਿਰਜਣਹਾਰ ਸੁਆਮੀ ਨੂੰ ਕਰਨ ਲਈ ਇਹ ਕੋਈ ਅਨੋਖੀ ਗੱਲ ਨਹੀਂ।

ਜਉ ਛੂਟਉ ਤਉ ਜਾਇ ਪਇਆਲ ॥
ਜਦ ਮੈਂ ਸੁਆਮੀ ਨਾਲੋਂ ਵਿਛੜ ਜਾਂਦਾ ਹਾਂ, ਤਦ ਮੈਂ ਪਾਤਾਲ ਅੰਦਰ ਗਰਕ ਥੀ ਵੰਞਦਾ ਹਾਂ।

ਜਉ ਕਾਢਿਓ ਤਉ ਨਦਰਿ ਨਿਹਾਲ ॥
ਜਦ ਉਹ ਮੈਨੂੰ ਬਾਹਰ ਧੂ ਲੈਂਦਾ ਹੈ, ਤਦ ਮੈਂ ਉਸ ਦੀ ਦਇਆ ਦੁਆਰਾ ਪ੍ਰਸੰਨ ਹੋ ਜਾਂਦਾ ਹਾਂ।

ਪਾਪ ਪੁੰਨ ਹਮਰੈ ਵਸਿ ਨਾਹਿ ॥
ਗੁਨਾਹ ਤੇ ਨੇਕੀ ਮੇਰੇ ਇਖਤਿਆਰ ਵਿੱਚ ਨਹੀਂ।

ਰਸਕਿ ਰਸਕਿ ਨਾਨਕ ਗੁਣ ਗਾਹਿ ॥੪॥੪੦॥੫੧॥
ਪਿਆਰ ਤੇ ਪ੍ਰੇਮ ਨਾਲ, ਨਾਨਕ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਨਾ ਤਨੁ ਤੇਰਾ ਨਾ ਮਨੁ ਤੋਹਿ ॥
ਨਾਂ ਦੇਹ ਤੇਰੀ ਹੈ, ਨਾਂ ਹੀ ਆਪਣਾ ਹੈ ਤੇਰਾ ਮਨ।

ਮਾਇਆ ਮੋਹਿ ਬਿਆਪਿਆ ਧੋਹਿ ॥
ਧਨ-ਦੌਲਤ ਦੀ ਮੁਹੱਬਤ ਕਾਰਨ ਤੂੰ ਧੋਖੇ ਅੰਦਰ ਫਾਥਾ ਹੋਇਆ ਹੈਂ।

ਕੁਦਮ ਕਰੈ ਗਾਡਰ ਜਿਉ ਛੇਲ ॥
ਤੂੰ ਲੇਲੇ ਅਤੇ ਮੇਮਣੇ ਦੀ ਤਰ੍ਹਾਂ ਖੇਡਦਾ ਕੁੱਦਦਾ ਹੈਂ।

ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥੧॥
ਅਚਣਚੇਤ ਹੀ ਤੇਰੇ ਉਤੇ ਮੌਤ ਆਪਣੀ ਫਾਹੀ ਪਾ ਦੇਊਗੀ ਅਤੇ ਚੱਕਰ ਚਲਾ ਦੇਵੇਗੀ।

ਹਰਿ ਚਰਨ ਕਮਲ ਸਰਨਾਇ ਮਨਾ ॥
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ।

ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥
ਤੂੰ ਆਪਣੇ ਸਾਥੀ ਅਤੇ ਸਹਾਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਸੰਚੀ ਦੌਲਤ ਨੂੰ ਪ੍ਰਾਪਤ ਕਰ ਲਵੇਂਗੀ। ਠਹਿਰਾਓ।

ਊਨੇ ਕਾਜ ਨ ਹੋਵਤ ਪੂਰੇ ॥
ਅਧੂਰੇ ਸੰਸਾਰੀ-ਧੰਦੇ ਕਦਾਚਿੱਤ ਸੰਪੂਰਨ ਨਹੀਂ ਹੁੰਦੇ।

ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਦੇ ਸਬੱਬ ਤੂੰ ਸਦੀਵ ਹੀ ਪਸਚਾਤਾਪ ਕਰੇਗਾਂ।

ਕਰੈ ਬਿਕਾਰ ਜੀਅਰੇ ਕੈ ਤਾਈ ॥
ਤੂੰ ਜੀਉਂਦੇ ਰਹਿਣ ਦੀ ਖਾਤਰ ਪਾਪ ਕਮਾਉਂਦਾ ਹੈਂ,

ਗਾਫਲ ਸੰਗਿ ਨ ਤਸੂਆ ਜਾਈ ॥੨॥
ਪਰ ਤੇਰੇ ਨਾਲ ਇਕ ਕਿਣਕਾ ਮਾਤਰ ਭੀ ਨਹੀਂ ਜਾਣਾ, ਹੇ ਬੇਸਮਝ ਬੰਦੇ!

ਧਰਤ ਧੋਹ ਅਨਿਕ ਛਲ ਜਾਨੈ ॥
ਤੂੰ ਧ੍ਰੋਹ ਕਮਾਉਂਦਾ ਹੈਂ, ਅਨੇਕਾਂ ਵਲ ਛਲ ਜਾਣਦਾ ਹੈਂ,

ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ॥
ਅਤੇ ਨਿਰੀਆਂ ਕੌਡੀਆਂ ਦੀ ਖਾਤਰ ਤੂੰ ਆਪਣੇ ਸਿਰ ਉਤੇ ਖੇਹ ਪਾਉਂਦਾ ਹੈਂ।

ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥
ਤੂੰ ਉਸ ਨੂੰ ਕਦੇ ਭੀ ਨਹੀਂ ਸਿਮਰਦਾ ਜਿਸ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਹੈ।

ਮਿਥਿਆ ਲੋਭੁ ਨ ਉਤਰੈ ਸੂਲੁ ॥੩॥
ਕੂੜੇ ਲਾਲਚ ਦੀ ਪੀੜ ਤੇਰਾ ਖਹਿੜਾ ਨਹੀਂ ਛੱਡਦੀ।

ਪਾਰਬ੍ਰਹਮ ਜਬ ਭਏ ਦਇਆਲ ॥
ਜਦ ਸ਼੍ਰੋਮਣੀ ਸਾਹਿਬ ਮਿਹਰਬਾਨ ਹੋ ਜਾਂਦਾ ਹੈ,

ਇਹੁ ਮਨੁ ਹੋਆ ਸਾਧ ਰਵਾਲ ॥
ਤਾਂ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਞਦੀ ਹੈ।

ਹਸਤ ਕਮਲ ਲੜਿ ਲੀਨੋ ਲਾਇ ॥
ਆਪਣੇ ਕੰਵਲ ਹੱਥਾਂ ਨਾਲ ਪ੍ਰਭੂ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।

ਨਾਨਕ ਸਾਚੈ ਸਾਚਿ ਸਮਾਇ ॥੪॥੪੧॥੫੨॥
ਨਾਨਕ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਗਿਆ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਰਾਜਾ ਰਾਮ ਕੀ ਸਰਣਾਇ ॥
ਮੈਂ ਪ੍ਰਭੂ, ਪਾਤਿਸ਼ਾਹ ਦੀ ਓਟ ਲਈ ਹੈ।

ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥
ਆਲਮ ਦੇ ਮਾਲਕ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਨਿਡਰ ਹੋ ਗਿਆ ਹਾਂ ਅਤੇ ਸਤਿਸੰਗਤ ਅੰਦਰ ਮੇਰੀ ਪੀੜ ਨਵਿਰਤ ਹੋ ਗਈ ਹੈ। ਠਹਿਰਾਓ।

ਜਾ ਕੈ ਰਾਮੁ ਬਸੈ ਮਨ ਮਾਹੀ ॥
ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰੱਖਦਾ ਹੈ,

ਸੋ ਜਨੁ ਦੁਤਰੁ ਪੇਖਤ ਨਾਹੀ ॥
ਉਹ ਇਨਸਾਨ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਿੱਚ ਕੋਈ ਔਖਿਆਈ ਨਹੀਂ ਵੇਖਦਾ।

ਸਗਲੇ ਕਾਜ ਸਵਾਰੇ ਅਪਨੇ ॥
ਉਸ ਦੇ ਸਮੂਹ ਕਾਰਜ ਰਾਸ ਹੋ ਜਾਂਦੇ ਹਨ,

ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥੧॥
ਜੋ ਆਪਣੀ ਜੀਭ੍ਹਾ ਨਾਲ ਸਦਾ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।

ਜਿਸ ਕੈ ਮਸਤਕਿ ਹਾਥੁ ਗੁਰੁ ਧਰੈ ॥
ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੰਖਦੇ ਹਨ,

ਸੋ ਦਾਸੁ ਅਦੇਸਾ ਕਾਹੇ ਕਰੈ ॥
ਉਹ ਸੁਆਮੀ ਦਾ ਸੇਵਕ ਕਿਉਂ ਕਿਸੇ ਗੱਲ ਦਾ ਫਿਕਰ ਕਰੇ?

ਜਨਮ ਮਰਣ ਕੀ ਚੂਕੀ ਕਾਣਿ ॥
ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,

ਪੂਰੇ ਗੁਰ ਊਪਰਿ ਕੁਰਬਾਣ ॥੨॥
ਕਿਉਂ ਜੋ ਉਹ ਆਪਣੇ ਪੂਰਨ ਗੁਰਾਂ ਦੇ ਉਤੋਂ ਸਦਕੇ ਹੋਇਆ ਹੋਇਆ ਹੈ।

ਗੁਰੁ ਪਰਮੇਸਰੁ ਭੇਟਿ ਨਿਹਾਲ ॥
ਗੁਰੂ-ਗੋਵਿੰਦ ਨਾਲ ਮਿਲਣ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।

ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ ॥
ਕੇਵਲ ਉਹ ਹੀ ਪ੍ਰਭੂ ਦੇ ਦੀਦਾਰ ਨੂੰ ਪਾਉਂਦਾ ਹੈ, ਜਿਸ ਉਤੇ ਗੁਰੂ ਜੀ ਮਿਹਰਬਾਨ ਹੁੰਦੇ ਹਨ।

ਪਾਰਬ੍ਰਹਮੁ ਜਿਸੁ ਕਿਰਪਾ ਕਰੈ ॥
ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,

ਸਾਧਸੰਗਿ ਸੋ ਭਵਜਲੁ ਤਰੈ ॥੩॥
ਸਤਿ ਸੰਗਤ ਦੀ ਬਰਕਤ ਦੁਆਰਾ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।

ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥
ਤੁਸੀਂ ਨਾਮ ਦੇ ਸੁਧਾਰਸ ਨੂੰ ਪਾਨ ਕਰੋ, ਹੇ ਸਨੇਹੀ ਸੰਤੋ!

ਮੁਖ ਊਜਲ ਸਾਚੈ ਦਰਬਾਰੇ ॥
ਤਾਂ ਜੋ ਤੁਹਾਡੇ ਚਿਹਰੇ ਸੱਚੀ ਦਰਗਾਹ ਅੰਦਰ ਪਾਕ-ਪਵਿੱਤਰ ਥੀ ਵੰਞਣ।

ਅਨਦ ਕਰਹੁ ਤਜਿ ਸਗਲ ਬਿਕਾਰ ॥
ਆਪਣੇ ਸਾਰੇ ਪਾਪਾਂ ਨੂੰ ਤਲਾਂਜਲੀ ਦੇ ਕੇ, ਤੁਸੀਂ ਮੌਜਾਂ ਮਾਣੋ,

ਨਾਨਕ ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥
ਅਤੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ।

copyright GurbaniShare.com all right reserved. Email