Page 900

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਈਧਨ ਤੇ ਬੈਸੰਤਰੁ ਭਾਗੈ ॥
ਅੱਗ, ਬਾਲਣ ਨੂੰ ਸਾੜਨ ਦੀ ਥਾਂ, ਸਗੋਂ ਇਸ ਕੋਲੋਂ ਦੂਰ ਭੱਜ ਜਾਂਦੀ ਹੈ।

ਮਾਟੀ ਕਉ ਜਲੁ ਦਹ ਦਿਸ ਤਿਆਗੈ ॥
ਮਿੱਟੀ ਨੂੰ ਖੋਰ ਲੈਣ ਦੀ ਥਾਂ ਸਗੋਂ ਇਸ ਕੋਲੋਂ ਦਸੀਂ ਪਾਸੀਂ ਪਰ੍ਹੇ ਹਟ ਜਾਂਦਾ ਹੈ।

ਊਪਰਿ ਚਰਨ ਤਲੈ ਆਕਾਸੁ ॥
ਪੈਰ ਉਚੇ ਚੜ੍ਹ ਜਾਂਦੇ ਹਨ ਅਤੇ ਅਸਮਾਨ ਹੇਠਾਂ ਉਤਰ ਆਉਂਦਾ ਹੈ।

ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥
ਸਮੁੰਦਰ ਘੜੇ ਵਿੱਚ ਪ੍ਰਗਟ ਹੋ ਜਾਂਦਾ ਹੈ।

ਐਸਾ ਸੰਮ੍ਰਥੁ ਹਰਿ ਜੀਉ ਆਪਿ ॥
ਐਹੋ ਜਿਹਾ ਬਲਵਾਨ ਹੈ ਆਪਣਾ ਪੂਜਯ ਪ੍ਰਭੂ।

ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
ਆਪਣੇ ਚਿੱਤ ਅੰਦਰ ਸੰਤ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ। ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ। ਠਹਿਰਾਓ।

ਪ੍ਰਥਮੇ ਮਾਖਨੁ ਪਾਛੈ ਦੂਧੁ ॥
ਪਹਿਲਾਂ ਮੱਖਣ ਹੈ ਅਤੇ ਮਗਰੋਂ ਦੁੱਧ।

ਮੈਲੂ ਕੀਨੋ ਸਾਬੁਨੁ ਸੂਧੁ ॥
ਮੈਲ ਕੁਚੈਲ ਸਾਬਣ ਨੂੰ ਨਿਰਮਲ ਕਰ ਦਿੰਦੀ ਹੈ।

ਭੈ ਤੇ ਨਿਰਭਉ ਡਰਤਾ ਫਿਰੈ ॥
ਨਿੱਡਰ, ਡਰ ਪਾਸੋਂ, ਡਰਦੇ ਫਿਰਦੇ ਹਨ।

ਹੋਂਦੀ ਕਉ ਅਣਹੋਂਦੀ ਹਿਰੈ ॥੨॥
ਮਰਿਆ ਹੋਇਆ ਜੀਉਂਦੇ ਨੂੰ ਮਾਰ ਮੁਕਾਉਂਦਾ ਹੈ।

ਦੇਹੀ ਗੁਪਤ ਬਿਦੇਹੀ ਦੀਸੈ ॥
ਦੇਹਧਾਰੀ ਅਪ੍ਰਤੱਖ ਹੈ ਅਤੇ ਦੇਹੀ-ਰਹਿਤ ਪ੍ਰਤੱਖ।

ਸਗਲੇ ਸਾਜਿ ਕਰਤ ਜਗਦੀਸੈ ॥
ਇਹ ਸਾਰੇ ਅਸਚਰਜ ਕੰਮ ਸੰਸਾਰ ਦਾ ਸੁਆਮੀ ਕਰਦਾ ਹੈ।

ਠਗਣਹਾਰ ਅਣਠਗਦਾ ਠਾਗੈ ॥
ਨਾਂ ਠੱਗੇ ਜਾਣ ਵਾਲੇ ਨੂੰ ਠੱਗ, ਠੱਗ ਲੈਂਦਾ ਹੈ।

ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
ਸੌਦੇ ਸੂਤ ਦੇ ਬਗੈਰ, ਬੰਦਾ ਮੁੜ ਮੁੜ ਕੇ ਵਣਜ ਵਾਪਾਰ ਕਰਦਾ ਹੈ।

ਸੰਤ ਸਭਾ ਮਿਲਿ ਕਰਹੁ ਬਖਿਆਣ ॥
ਸਾਧ ਸੰਗਤ ਨਾਲ ਜੁੜ ਕੇ, ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥
ਸਿੰਮ੍ਰਤੀਆਂ, ਸ਼ਾਸਤਰ, ਵੇਦ ਅਤੇ ਪੁਰਾਣ ਇਸ ਤਰ੍ਹਾਂ ਆਖਦੇ ਹਨ।

ਬ੍ਰਹਮ ਬੀਚਾਰੁ ਬੀਚਾਰੇ ਕੋਇ ॥
ਕੋਈ ਵਿਰਲਾ ਜਣਾ ਹੀ ਸੁਆਮੀ ਦੇ ਸਿਮਰਨ ਦਾ ਸਿਮਰਨ ਕਰਦਾ ਹੈ।

ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥
ਨਾਨਕ, ਉਹ ਮਹਾਨ ਮੁਕਤੀ ਨੂੰ ਪਾ ਲੈਂਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਜੋ ਤਿਸੁ ਭਾਵੈ ਸੋ ਥੀਆ ॥
ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।

ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥
ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੀ ਪਨਾਹ ਲੋੜਦਾ ਹਾਂ। ਸੁਆਮੀ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਓ।

ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥
ਪੁਤਰ, ਪਤਨੀ ਅਤੇ ਧਨ-ਦੌਲਤ, ਜੋ ਤੂੰ ਵੇਖਦਾ ਹੈ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰੇ ਨਾਲ ਨਹੀਂ ਜਾਣਾ।

ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥
ਜ਼ਹਿਰੀਲੀ ਠੱਗ-ਬੂਟੀ ਖਾ ਕੇ ਤੂੰ ਕੁਰਾਹੇ ਪੈ ਗਿਆ ਹੈਂ।ਮਾਲ-ਮੱਤਾ ਅਤੇ ਮਹਿਲ ਮਾੜੀਆਂ ਨੂੰ ਪਿੱਛੇ ਛੱਡ ਕੇ ਤੂੰ ਟੁਰ ਵੰਞਣਾ ਹੈ।

ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥
ਹੋਰਨਾਂ ਦੀ ਚੁਗਲੀ ਬਖੀਲੀ ਕਰਨ ਦੁਆਰਾ ਤੂੰ ਖਰਾ ਹੀ ਬਰਬਾਦ ਹੋ ਗਿਆ ਹੈਂ ਅਤੇ ਆਪਣੇ ਪੂਰਬਲੇ ਕਰਮਾਂ ਦੇ ਸਬੱਬ, ਤੂੰ ਪੇਟ ਦੀਆਂ ਜੂਨੀਆਂ ਵਿੱਚ ਪਾਇਆ ਜਾਵੇਗਾਂ।

ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥
ਤੇਰੇ ਪਿਛਲੇ ਕਰਮ ਤੇਰਾ ਖਹਿੜਾ ਨਹੀਂ ਛੱਡਣਗੇ ਅਤੇ ਪਰਮ ਭਿਆਨਕ ਮੌਤ ਦਾ ਫਰੇਸ਼ਤਾ ਤੈਨੂੰ ਪਕੜ ਲਊਗਾ।

ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥
ਤੂੰ ਕੂੜ ਬਕਦਾ ਹੈਂ, ਤੂੰ ਪ੍ਰਚਾਰਦਾ ਕੁਛ ਹੈਂ ਅਤੇ ਕਰਦਾ ਕੁਛ ਹੋਰ ਹੀ ਹੈਂ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਤੇਰੀ ਖਾਹਿਸ਼ ਨਵਿਰਤ ਨਹੀਂ ਹੁੰਦੀ।

ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥
ਸਾਧੂਆਂ ਦੀ ਨਿੰਦਾ ਕਰਨ ਦੁਆਰਾ ਤੈਨੂੰ ਲਾ-ਇਲਾਜ ਬੀਮਾਰੀ ਚਿੰਮੜ ਜਾਂਦੀ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ ਅਤੇ ਤੂੰ ਸੰਪੂਰਨ ਤੌਰ ਉਤੇ ਤਬਾਹ ਹੋ ਜਾਂਦਾ ਹੈਂ।

ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥
ਜਿਸ ਨੇ ਸਾਧੂਆਂ ਨੂੰ ਰਚਿਆ ਹੈ, ਕੇਵਲ ਉਹ ਹੀ ਉਹਨਾਂ ਨੂੰ ਸੁਭਾਇਮਾਨ ਬਣਾਉਂਦਾ ਹੈ ਅਤੇ ਆਪ ਹੀ ਉਹਨਾਂ ਨੂੰ ਜੇਤੂ ਕਰਦਾ ਹੈ।

ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥
ਆਪਣੇ ਗੋਲਿਆਂ ਨੂੰ ਹੇ ਨਾਨਕ! ਸੁਆਮੀ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਹੇ ਮੇਰੇ ਪਰਮ ਪ੍ਰਭੂ! ਤੂੰ ਆਪਣੀ ਮਿਹਰ ਅਤੇ ਰਹਿਮਤ ਮੇਰੇ ਉਤੇ ਭੀ ਨਿਛਾਵਰ ਕਰ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਐਸਾ ਪੂਰਾ ਗੁਰਦੇਉ ਸਹਾਈ ॥
ਐਹੋ ਜੇਹਾ ਪੂਰਨ ਗੁਰੂ-ਗੋਵਿੰਦ ਹੁਣ ਮੇਰਾ ਸਹਾਇਕ ਹੈ।

ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥
ਜਿਸ ਦਾ ਸਿਮਰਨ ਭਜਨ ਵਿਅਰਥ ਨਹੀਂ ਜਾਣਾ। ਠਹਿਰਾਓ।

ਦਰਸਨੁ ਪੇਖਤ ਹੋਇ ਨਿਹਾਲੁ ॥
ਸਾਈਂ ਦਾ ਦੀਦਾਰ ਦੇਖਣ ਦੁਆਰਾ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।

ਜਾ ਕੀ ਧੂਰਿ ਕਾਟੈ ਜਮ ਜਾਲੁ ॥
ਉਸ ਦੇ ਪੈਰਾਂ ਦੀ ਧੂੜ ਮੌਤ ਦੀ ਫਾਹੀ ਨੂੰ ਕੱਟ ਦਿੰਦੀ ਹੈ।

ਚਰਨ ਕਮਲ ਬਸੇ ਮੇਰੇ ਮਨ ਕੇ ॥
ਜਦ ਸੁਆਮੀ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਟਿੱਕ ਜਾਂਦੇ ਹਨ,

ਕਾਰਜ ਸਵਾਰੇ ਸਗਲੇ ਤਨ ਕੇ ॥੧॥
ਤਾਂ ਮੇਰੇ ਸਰੀਰ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।

ਜਾ ਕੈ ਮਸਤਕਿ ਰਾਖੈ ਹਾਥੁ ॥
ਜਿਸ ਦੇ ਮੱਥੇ ਉਤੇ ਮੇਰਾ ਮਾਲਕ ਆਪਣਾ ਹੱਥ ਟੇਕਦਾ ਹੈ, ਉਹ ਮੁਕਤ ਹੋ ਜਾਂਦਾ ਹੈ।

ਪ੍ਰਭੁ ਮੇਰੋ ਅਨਾਥ ਕੋ ਨਾਥੁ ॥
ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।

ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥
ਉਹ ਪਾਪੀਆਂ ਨੂੰ ਤਾਰਨ ਵਾਲਾ ਅਤੇ ਰਹਿਮਤ ਦਾ ਖਜਾਨਾਂ ਹੈ।

ਸਦਾ ਸਦਾ ਜਾਈਐ ਕੁਰਬਾਨੁ ॥੨॥
ਸਦੀਵ, ਸਦੀਵ ਹੀ ਮੈਂ ਉਸ ਉਤੋਂ ਘੋਲੀ ਵੰਞਦਾ ਹਾਂ।

ਨਿਰਮਲ ਮੰਤੁ ਦੇਇ ਜਿਸੁ ਦਾਨੁ ॥
ਜਿਸ ਨੂੰ ਗੁਰੂ ਜੀ ਆਪਣੇ ਪਵਿੱਤਰ ਉਪਦੇਸ਼ ਦੀ ਦਾਤ ਪ੍ਰਦਾਨ ਕਰਦੇ ਹਨ,

ਤਜਹਿ ਬਿਕਾਰ ਬਿਨਸੈ ਅਭਿਮਾਨੁ ॥
ਉਹ ਪਾਪਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੀ ਸਵੈ-ਜੱਰਸਕ ਖਤਮ ਹੋ ਜਾਂਦੀ ਹੈ।

ਏਕੁ ਧਿਆਈਐ ਸਾਧ ਕੈ ਸੰਗਿ ॥
ਤੂੰ ਸਤਿਸੰਗਤ ਅੰਦਰ ਇੱਕ ਸੁਆਮੀ ਦਾ ਸਿਮਰਨ ਕਰ।

ਪਾਪ ਬਿਨਾਸੇ ਨਾਮ ਕੈ ਰੰਗਿ ॥੩॥
ਨਾਮ ਨਾਲ ਪ੍ਰੇਮ ਪਾਉਣ ਦੁਆਰਾ ਗੁਨਾਹ ਮਲੀਆਮੇਟ ਹੋ ਜਾਂਦੇ ਹਨ।

ਗੁਰ ਪਰਮੇਸੁਰ ਸਗਲ ਨਿਵਾਸ ॥
ਵਿਸ਼ਾਲ ਸ਼੍ਰੋਮਣੀ ਸਾਹਿਬ ਸਾਰਿਆਂ ਅੰਦਰ ਵੱਸਦਾ ਹੈ।

ਘਟਿ ਘਟਿ ਰਵਿ ਰਹਿਆ ਗੁਣਤਾਸ ॥
ਨੇਕੀਆਂ ਦਾ ਖਜ਼ਾਨਾ ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।

ਦਰਸੁ ਦੇਹਿ ਧਾਰਉ ਪ੍ਰਭ ਆਸ ॥
ਮੇਰੇ ਸੁਆਮੀ, ਮੈਨੂੰ ਆਪਣੇ ਦਰਸ਼ਨ ਦੀ ਦਾਤ ਬਖਸ਼। ਮੈਨੂੰ ਕੇਵਲ ਤੇਰੀ ਹੀ ਉਮੈਦ ਲੱਗੀ ਹੋਈ ਹੈ।

ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥
ਨਾਨਕ, ਸਦਾ ਹੀ ਤੇਰੇ ਅੱਗੇ ਇਹ ਸੱਚੀ ਪ੍ਰਾਰਥਨਾਂ ਕਰਦਾ ਹੈ।

copyright GurbaniShare.com all right reserved. Email