Page 906

ਤੀਰਥਿ ਭਰਮਸਿ ਬਿਆਧਿ ਨ ਜਾਵੈ ॥
ਅਤੇ ਧਾਰਮਕ ਅਸਥਾਨਾਂ ਤੇ ਰਟਨ ਕਰਨ ਦੁਆਰਾ ਬੀਮਾਰੀ ਦੂਰ ਨਹੀਂ ਹੁੰਦੀ।

ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥
ਨਾਮ ਦੇ ਬਗੈਰ ਪ੍ਰਾਣੀ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?

ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥
ਜਿੰਨੀ ਮਰਜੀ ਕੋਸ਼ਿਸ਼ ਪਿਆ ਕਰੇ, ਉਹ ਕਿਸੇ ਤਰ੍ਹਾਂ ਭੀ ਆਪਣੀ ਵਿਸ਼ੇ ਭੋਗ ਦੀ ਖਾਹਿਸ਼ ਨੂੰ ਰੋਕ ਨਹੀਂ ਸਕਦਾ।

ਮਨੂਆ ਡੋਲੈ ਨਰਕੇ ਪਾਈ ॥
ਉਸ ਦਾ ਮਨ ਭਟਕਦਾ ਹੈ ਤੇ ਦੋਜ਼ਕ ਵਿੱਚ ਪੈਂਦਾ ਹੈ।

ਜਮ ਪੁਰਿ ਬਾਧੋ ਲਹੈ ਸਜਾਈ ॥
ਯਮ ਦੇ ਸ਼ਹਿਰ ਅੰਦਰ ਨਰੜਿਆ ਹੋਇਆ ਉਹ ਦੰਡ ਸਹਾਰਦਾ ਹੈ।

ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥
ਨਾਮ ਦੇ ਬਗੈਰ, ਆਤਮਾਂ ਸੜ ਬਲ ਜਾਂਦੀ ਹੈ।

ਸਿਧ ਸਾਧਿਕ ਕੇਤੇ ਮੁਨਿ ਦੇਵਾ ॥
ਘਣੇਰਿਆਂ ਅਭਿਆਸੀਆਂ, ਸਿੱਧ ਪੁਰਸ਼ਾਂ, ਖਾਮੋਸ਼ ਰਿਸ਼ੀਆਂ ਅਤੇ ਦੇਵਤਿਆਂ ਵਿੱਚੋਂ,

ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥
ਕੋਈ ਭੀ ਹਠੀਲੇ ਕਰਮ ਕਾਡਾਂ ਰਾਹੀਂ ਆਪਣੇ ਮਨ ਦੀ ਨਿਸ਼ਾ ਨਹੀਂ ਕਰ ਸਕਦਾ।

ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥
ਜੋ ਨਾਮ ਦਾ ਆਰਾਧਨ ਕਰਦਾ ਅਤੇ ਗੁਰਾਂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ,

ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥
ਉਸ ਦੀ ਆਤਮਾਂ ਅਤੇ ਦੇਹ ਪਵਿੱਤਰ ਹੋ ਜਾਂਦੇ ਹਨ ਅਤੇ ਉਸ ਦੀ ਸਵੈ-ਹੰਗਤਾ ਨਾਸ ਹੋ ਜਾਂਦੀ ਹੈ।

ਕਰਮਿ ਮਿਲੈ ਪਾਵੈ ਸਚੁ ਨਾਉ ॥
ਤੇਰੀ ਰਹਿਮਤ ਦਾ ਪਾਤਰ ਹੋ ਕੇ, ਹੇ ਸੁਆਮੀ! ਮੈਂ ਸੱਚੇ ਨਾਮ ਨੂੰ ਪ੍ਰਾਪਤ ਕਰਦਾ ਹਾਂ,

ਤੁਮ ਸਰਣਾਗਤਿ ਰਹਉ ਸੁਭਾਉ ॥
ਅਤੇ ਸ੍ਰੇਸ਼ਟ ਸ਼ਰਧਾ ਨਾਲ ਤੇਰੀ ਛਤਰ ਛਾਇਆ ਹੋ ਵੱਸਦਾ ਹਾਂ।

ਤੁਮ ਤੇ ਉਪਜਿਓ ਭਗਤੀ ਭਾਉ ॥
ਤੇਰੀ ਮਿਹਰ ਰਾਹੀਂ ਹੀ ਤੇਰੀ ਸੇਵਾ ਦਾ ਪ੍ਰੇਮ ਮੇਰੇ ਅੰਦਰ ਉਤਪੰਨ ਹੋਇਆ ਹੈ।

ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥
ਗੁਰਾਂ ਦੀ ਦਇਆ ਦੁਆਰਾ, ਮੈਂ ਸਾਈਂ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹਾਂ।

ਹਉਮੈ ਗਰਬੁ ਜਾਇ ਮਨ ਭੀਨੈ ॥
ਜਦ ਪ੍ਰਾਣੀ ਦਾ ਹੰਕਾਰ ਤੇ ਗਰੂਰ ਦੂਰ ਹੋ ਜਾਂਦ ਹੈ, ਤਦ ਉਸ ਦੀ ਆਤਮਾਂ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦੀ ਹੈ।

ਝੂਠਿ ਨ ਪਾਵਸਿ ਪਾਖੰਡਿ ਕੀਨੈ ॥
ਕੂੜ ਅਤੇ ਦੰਭ ਦੀ ਕਮਾਈਕਰਨ ਦੁਆਰਾ ਵਾਹਿਗੁਰੂ ਪਾਇਆ ਨਹੀਂ ਜਾਂਦਾ।

ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥
ਗੁਰਾਂ ਦੀ ਬਾਣੀ ਦੇ ਬਾਝੋਂ ਪ੍ਰਾਣੀ ਪ੍ਰਭੂ ਦੇ ਮੰਦਰ ਦੇ ਦਰਵਾਜ਼ੇ ਨੂੰ ਨਹੀਂ ਪਾਉਂਦਾ।

ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥
ਗੁਰੂ-ਸਮਰਪਨ, ਹੇ ਨਾਨਕ! ਅਸਲੀਅਤ ਨੂੰ ਸੋਚਦਾ ਵੀਚਾਰਦਾ ਹੈ।

ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।

ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥
ਹੇ ਕਮਲੇ ਬੰਦੇ! ਜਿਸ ਤਰ੍ਹਾਂ ਤੂੰ ਆਇਆ ਹੈਂ, ਉਸੇ ਤਰ੍ਹਾਂ ਹੀ ਤੂੰ ਟੁਰ ਵੰਞੇਗਾਂ ਅਤੇ ਜਿਸ ਤਰ੍ਹਾਂ ਤੂੰ ਜੰਮਿਆ ਸੈਂ, ਉਸ ਤਰ੍ਹਾਂ ਹੀ ਤੂੰ ਮਰ ਜਾਵੇਗਾਂ।

ਜਿਉ ਰਸ ਭੋਗ ਕੀਏ ਤੇਤਾ ਦੁਖੁ ਲਾਗੈ ਨਾਮੁ ਵਿਸਾਰਿ ਭਵਜਲਿ ਪਇਆ ॥੧॥
ਜੇਹੋ ਜਿਹੀਆਂ ਤੂੰ ਰੰਗਰਲੀਆਂ ਮਾਣਦਾ ਹੈਂ, ਉਹੇ ਜੇਹਾ ਹੀ ਤੈਨੂੰ ਕਸ਼ਟ ਉਠਾਉਣਾ ਪਵੇਗਾ। ਨਾਮ ਨੂੰ ਭੁਲਾ ਕੇ ਤੂੰ ਭਿਆਨਕ ਸਮੁੰਦਰ ਵਿੱਚ ਡਿੱਗ ਪਵੇਗਾਂ।

ਤਨੁ ਧਨੁ ਦੇਖਤ ਗਰਬਿ ਗਇਆ ॥
ਆਪਣੀ ਦੇਹ ਅਤੇ ਦੌਲਤ ਨੂੰ ਵੇਖ ਕੇ ਤੂੰ ਹੰਕਾਰੀ ਹੋ ਗਿਆ ਹੈਂ।

ਕਨਿਕ ਕਾਮਨੀ ਸਿਉ ਹੇਤੁ ਵਧਾਇਹਿ ਕੀ ਨਾਮੁ ਵਿਸਾਰਹਿ ਭਰਮਿ ਗਇਆ ॥੧॥ ਰਹਾਉ ॥
ਤੂੰ ਸੋਨੇ ਅਤੇ ਜ਼ਨਾਨੀ ਨਾਲ ਆਪਣੀ ਮੁਹੱਬਤ ਵਧੇਰੇ ਕਰੀ ਜਾਂਦਾ ਹੈਂ, ਤੂੰ ਨਾਮ ਨੂੰ ਕਿਉਂ ਭੁਲਾਇਆ ਹੈ ਅਤੇ ਤੂੰ ਵਹਿਮ ਅੰਦਰ ਕਿਉਂ ਭਟਕਦਾ ਹੈਂ। ਠਹਿਰਾਓ।

ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥
ਤੂੰ ਬ੍ਰਹਿਮਚਰਜ, ਪ੍ਰਹੇਜ਼ਗਾਰੀ, ਸਵੈ-ਜ਼ਬਤ ਅਤੇ ਨਿਮਰਤਾ ਦੀ ਕਮਾਈ ਨਹੀਂ ਕਰਦਾ ਅਤੇ ਤੇਰੀ ਦੇਹ ਦੇ ਕਰੰਗ ਅੰਦਰਲਾ ਭੂਤ ਸੁੱਕ ਕੇ ਲੱਕੜ ਹੋ ਗਿਆ ਹੈ।

ਪੁੰਨੁ ਦਾਨੁ ਇਸਨਾਨੁ ਨ ਸੰਜਮੁ ਸਾਧਸੰਗਤਿ ਬਿਨੁ ਬਾਦਿ ਜਇਆ ॥੨॥
ਖੈਰਾਤ ਇਨਾਮ ਇਕਰਾਮ, ਇਸ਼ਨਾਨ ਅਤੇ ਕਰੜੀਆਂ ਘਾਲਾਂ ਤੇਰੇ ਵਿੱਚ ਕੋਈ ਨਹੀਂ। ਸਤਿਸੰਗਤ ਅੰਦਰ ਜੁੜਨ ਦੇ ਬਾਝੋਂ ਤੂੰ ਵਿਅਰਥ ਹੀ ਜੰਮਿਆ ਹੈਂ।

ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥
ਲੋਭ ਨਾਲ ਜੁੜ ਕੇ ਤੂੰ ਨਾਮ ਨੂੰ ਭੁਲਾ ਦਿੱਤਾ ਹੈ ਅਤੇ ਜੰਮਣ ਤੇ ਮਰਨ ਅੰਦਰ ਤੇਰਾ ਜੀਵਨ ਬਰਬਾਦ ਹੋ ਗਿਆ ਹੈ।

ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥੩॥
ਜਦ ਮੌਤ ਦਾ ਦੂਤ ਤੈਨੂੰ ਵਾਲਾ ਤੋਂ ਪਕੜ ਲੈਂਦਾ ਹੈ ਤਾਂ ਉਹ ਛੇਤੀ ਨਾਲ ਤੈਨੂੰ ਸਜ਼ਾ ਦਿੰਦਾ ਹੈ। ਤਦ ਤੂੰ ਬੇਸੁਰਤ ਹੋ ਜਾਂਦਾ ਹੈਂ ਅਤੇ ਮੌਤ ਦੇ ਮੂੰਹ ਵਿੱਚ ਜਾ ਡਿੱਗਦਾ ਹੈਂ।

ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥
ਦਿਨ ਤੇ ਰਾਤ ਤੂੰ ਚੁਗਲੀ ਬਖੀਲੀ ਅੰਦਰ ਉਲਝਿਆ ਰਹਿੰਦਾ ਹੈਂ, ਅਤੇ ਹੋਰਨਾਂ ਨਾਲ ਈਰਖਾ ਕਰਦਾ ਹੈਂ, ਤੇਰੇ ਰਿਦੇ ਅੰਦਰ ਨਾਂ ਹੀ ਨਾਮ ਹੈ, ਨਾਂ ਹੀ ਸਾਰਿਆਂ ਲਈ ਦਇਆ।

ਬਿਨੁ ਗੁਰ ਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ ॥੪॥
ਗੁਰਾਂ ਦੇ ਉਦਪੇਸ਼ ਦੇ ਬਾਝੋਂ ਤੈਨੂੰ ਮੁਕਤੀ ਅਤੇ ਇਜ਼ਤ-ਆਬਰੂ ਪ੍ਰਾਪਤ ਨਹੀਂ ਹੋਣੀ। ਸਾਹਿਬ ਦੇ ਨਾਮ ਦੇ ਬਗੈਰ ਤੂੰ ਦੋਜ਼ਕ ਨੂੰ ਜਾਵੇਗਾਂ।

ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥
ਇਕ ਮੁਹਤ ਵਿੱਚ ਤੂੰ ਬਹੁਰੂਪੀਏ ਦੀ ਮਾਨੰਦ ਘਣੇਰੇ ਸਾਂਗ ਧਾਰ ਲੈਂਦਾ ਹੈਂ ਅਤੇ ਸੰਸਾਰੀ ਮਮਤਾ ਅਤੇ ਗੁਨਾਹ ਤੂੰ ਗਲਤਾਨ ਹੋਇਆ ਹੋਇਆ ਹੈਂ।

ਇਤ ਉਤ ਮਾਇਆ ਦੇਖਿ ਪਸਾਰੀ ਮੋਹ ਮਾਇਆ ਕੈ ਮਗਨੁ ਭਇਆ ॥੫॥
ਐਧਰ ਓਧਰ ਆਪਣੀ ਦੌਲਤ ਦਾ ਖਿਲਾਰਾ ਵੇਖ ਕੇ ਤੂੰ ਧਨ-ਦੌਲਤ ਤੀ ਮੁਹੱਬਤ ਨਾਲ ਮਤਵਾਲਾ ਹੋ ਗਿਆ ਹੈਂ।

ਕਰਹਿ ਬਿਕਾਰ ਵਿਥਾਰ ਘਨੇਰੇ ਸੁਰਤਿ ਸਬਦ ਬਿਨੁ ਭਰਮਿ ਪਇਆ ॥
ਤੂੰ ਪਾਪ ਕਮਾਉਂਦਾ ਹੈਂ, ਬਹੁਤੇ ਅਡੰਬਰ ਰਚਦਾ ਹੈਂ ਅਤੇ ਨਾਮ ਦੇ ਸਿਮਰਨ ਦੇ ਬਾਝੋਂ ਗਲਤ ਫਹਿਮੀ ਵਿੱਚ ਪੈ ਗਿਆ ਹੈਂ।

ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥੬॥
ਸਵੈ-ਹੰਗਤਾ ਦੀ ਬੀਮਾਰੀ ਨਾਲ ਤੂੰ ਬਹੁਤ ਤਕਲੀਫ ਉਠਾਉਂਦਾ ਹੈਂ। ਗੁਰਾਂ ਦਾ ਉਪਦੇਸ਼ ਧਾਰਨ ਕਰਨ ਦੁਆਰਾ ਤੂੰ ਇਸ ਬੀਮਾਰੀ ਤੋਂ ਖਲਾਸੀ ਪਾ ਜਾਵੇਗਾਂ।

ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥
ਆਰਾਮ ਅਤੇ ਧਨ-ਦੌਲਤ ਨੂੰ ਆਪਣੇ ਵੱਲ ਆਉਂਦੀ ਵੇਖ ਕੇ ਕਾਇਆ ਦੇ ਪੁਜਾਰੀ ਦਾ ਚਿੱਤ ਹੰਕਾਰੀ ਹੋ ਵੰਞਦਾ ਹੈ।

ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥੭॥
ਜਿਸ ਦੀ ਇਹ ਦੇਹ ਤੇ ਦੌਲਤ ਹਨ, ਜਦ ਉਹ ਉਹਨਾਂ ਨੂੰ ਵਾਪਸ ਲੈ ਲੈਂਦਾ ਹੈ, ਪ੍ਰਾਣੀ ਆਪਣੇ ਮਨ ਅੰਦਰ ਫਿਕਰ ਚਿੰਤਾ ਅਤੇ ਤਕਲੀਫ ਮਹਿਸੂਸ ਕਰਦਾ ਹੈ।

ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥
ਅਖੀਰ ਦੇ ਵੇਲੇ, ਕੁਝ ਭੀ ਇਨਸਾਨ ਦੇ ਨਾਲ ਨਹੀਂ ਜਾਂਦਾ। ਜਿਹੜੇ ਕੋਈ ਭੀ ਦਿਸ ਆਉਂਦੇ ਹਨ, ਉਹਨਾਂ ਸਾਰਿਆਂ ਨੂੰ ਮਾਇਆ ਲੱਗੀ ਹੋਈ ਹੈ।

ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥੮॥
ਉਹ ਸਾਡਾ ਮਾਲਕ ਬੇਅੰਤ ਅਤੇ ਪ੍ਰਥਮ ਪ੍ਰਭੂ ਹੈ। ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਟਿਕਾਉਣ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।

ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥
ਤੂੰ ਮਰੇ ਹੋਏ ਨੂੰ ਰੋਂਦਾ ਹੈਂ। ਤੇਰਾ ਰੋਣਾ ਕੌਣ ਸੁਣਦਾ ਹੈ? ਮਰਿਆ ਹੋਇਆ ਭਿਆਨਕ ਸਮੁੰਦਰ ਅੰਦਰ ਮਗਰ ਮੱਛ ਦੇ ਟੇਟੇ ਚੜ੍ਹ ਗਿਆ ਹੈ।

ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥੯॥
ਆਪਣੇ ਟੱਬਰ ਕਬੀਲੇ ਮਾਲਮਿਲਖ, ਮਕਾਨਾਂ ਅਤੇ ਮਹਿਲ ਮਾੜੀਆਂ ਨੂੰ ਵੇਖ ਕੇ, ਧਨ ਦੌਲਤ ਦਾ ਪ੍ਰੇਮੀ ਵਿਅਰਥ ਪੁਆੜਿਆਂ ਵਿੱਚ ਫਸ ਗਿਆ ਹੈ।

copyright GurbaniShare.com all right reserved. Email