ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥ ਜਦ ਪ੍ਰਾਣੀ ਆਉਂਦਾ ਹੈ ਤਦ ਸੁਆਮੀ ਉਸ ਨੂੰ ਭੇਜਦਾ ਹੈ। ਉਹ ਚਲਿਆ ਜਾਂਦਾ ਹੈ ਜਦ ਉਹ ਉਸ ਨੂੰ ਸੱਦ ਘੱਲਦਾ ਹੈ। ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥ ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਸੁਆਮੀ ਕਰ ਰਿਹਾ ਹੈ। ਉਹ ਬਖਸ਼ਣਹਾਰ ਆਪਣੇ ਗੋਲੇ ਨੂੰ ਬਖਸ਼ ਦਿੰਦਾ ਹੈ। ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥ ਜਿਨ੍ਹਾਂ ਨੇ ਪ੍ਰਭੂ ਦਾ ਇਹ ਅੰਮ੍ਰਿਤ ਪਾਨ ਕੀਤਾ ਹੈ, ਉਹਨਾਂ ਦੇ ਮੇਲ ਮਿਲਾਪ ਅੰਦਰ ਪ੍ਰਭੂ ਦਾ ਥਹੁ ਪਤਾ ਜਾਣਿਆਂ ਜਾਂਣਾ ਹੈ। ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥ ਮਾਲ-ਮਿਲਖ, ਕਰਾਮਾਤੀ-ਸ਼ਕਤੀ, ਅਕਲਮੰਦੀ ਅਤੇ ਬ੍ਰਹਿਮ-ਵੀਚਾਰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਗੁਰਾਂ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਕਲਿਆਣ ਦੀ ਧਨ ਦੌਲਤ ਪ੍ਰਦਾਨ ਹੁੰਦੀ ਹੈ। ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥ ਗੁਰੂ ਸਮਰਪਣ ਤਕਲੀਫ ਅਤੇ ਆਰਾਮ ਨੂੰ ਇੱਕ ਸਮਾਨ ਖਿਆਲ ਕਰਦਾ ਹੈ ਅਤੇ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ। ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥ ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਰਾਮਕਲੀ ਦਖਣੀ ਮਹਲਾ ੧ ॥ ਰਾਮਕਲੀ ਦੱਖਣੀ। ਪਹਿਲੀ ਪਾਤਿਸ਼ਾਹੀ। ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥ ਗੁਰਾਂ ਨੇ ਮੇਰੇ ਅੰਦਰ ਪਾਕ-ਦਾਮਨੀ, ਪਵਿੱਤਰਤਾ ਕਰੜੀ ਘਾਲ ਅਤੇ ਸੱਚਾਈ ਨੂੰ ਪੱਕਾ ਕਰ ਦਿੱਤਾ ਹੈ ਅਤੇ ਮੈਂ ਸੱਚੇ ਨਾਮ ਦੇ ਅੰਮ੍ਰਿਤ ਵਿੱਚ ਸਮਾਂ ਗਿਆ ਹਾਂ। ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ ਮੇਰੇ ਮਿਹਰਬਾਨ ਗੁਰੂ ਜੀ, ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਏ ਰਹਿੰਦੇ ਹਨ। ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥ ਦਿਹੁੰ ਰੈਣ, ਉਹ ਇੱਕ ਪ੍ਰਭੂ ਦੇ ਪ੍ਰੇਮ ਅੰਦਰ ਜੁੜੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਠਹਿਰਾਓ। ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥ ਉਹ ਦਸਮ ਦੁਆਰ ਅੰਦਰ ਵੱਸਦੇ ਹਨ, ਸਾਰਿਆਂ ਵੱਲ ਪੰਖ ਪਾਤ-ਰਹਿਤ ਨਿਗ੍ਹਾ ਨਾਲ ਵੇਖਦੇ ਹਨ ਅਤੇ ਬੈਕੁੰਠੀ ਕੀਰਤਨ ਨਾਲ ਰੰਗੀਜੇ ਰਹਿੰਦੇ ਹਨ। ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥ ਪਾਕ-ਦਾਮਨੀ (ਸੱਚੇ ਆਚਾਰ) ਦਾ ਲੰਗੋਟਾ ਬੰਨ੍ਹ ਕੇ ਉਹ ਪਰੀਪੂਰਨ ਪ੍ਰਭੂ ਅੰਦਰ ਸਮਾਏ ਰਹਿੰਦੇ ਹਨ ਉਹਨਾਂ ਦੀ ਜੀਭ੍ਹਾ ਈਸ਼ਵਰੀ ਪ੍ਰੀਤ ਦਾ ਰਸ ਲੈਂਦੀ ਹੈ। ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥ ਸੁਆਮੀ ਜਿਸ ਨੇ ਰਚਨਾ ਰਚੀ ਹੈ, ਸੱਚੇ ਗੁਰਾਂ ਨੂੰ ਮਿਲ ਪਿਆ ਹੈ। ਗੁਰਾਂ ਦੀ ਸੱਚੀ ਜੀਵਨ ਰਹੁ-ਰੀਤੀ ਨੂੰ ਸੋਚ ਵੀਚਾਰ ਕੇ ਸੁਆਮੀ ਉਨ੍ਹਾਂ ਉਤੇ ਪ੍ਰਸੰਨ ਥੀ ਗਿਆ ਹੈ। ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥ ਸਾਰੇ ਇਕ ਸੁਆਮੀ ਦੇ ਅੰਦਰ ਸਮਾਏ ਹੋਏ ਹਨ ਅਤੇ ਇੱਕ ਸੁਆਮੀ ਹੀ ਸਾਰਿਆਂ ਦੇ ਅੰਦਰ ਹੈ। ਇਹ ਦ੍ਰਿਸ਼ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥ ਜਿਸ ਮਹਾਂਦੀਪ, ਗੋਲਾਕਾਰ ਅਤੇ ਆਲਮ ਰਚੇ ਹਨ, ਉਹ ਸਾਹਿਬ ਜਾਣਿਆਂ ਨਹੀਂ ਜਾ ਸਕਦਾ। ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥ ਗੁਰਾਂ ਦੇ ਪ੍ਰਕਾਸ਼ ਤੋਂ ਸਿਖ-ਦੀਵਾ ਰੌਸ਼ਨ ਹੋਇਆ ਹੈ ਅਤੇ ਗੁਰਾਂ ਨੇ ਸਿਖ ਨੂੰ ਈਸ਼ਵਰੀ ਪ੍ਰਕਾਸ਼ ਤਿੰਨਾਂ ਜਹਾਨਾਂ ਅੰਦਰ ਵਿਆਪਕ ਵਿਖਾਲ ਦਿੱਤਾ ਹੈ। ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥ ਸੱਚੇ ਮੰਦਰ ਅੰਦਰ ਗੁਰੂ ਜੀ ਸੱਚੇ ਰਾਜ ਸਿੰਘਾਸਣ ਉਤੇ ਬਿਰਾਜਮਾਨ ਅਤੇ ਉਹਨਾਂ ਨੇ ਆਪਣੀ ਬਿਰਤੀ ਨਿਡਰ ਸੁਆਮੀ ਨਾਲ ਜੋੜੀ ਹੋਈ ਹੈ। ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥ ਮੇਰੇ ਗੁਰਦੇਵ, ਨਿਰਲੇਪ ਯੋਗੀ ਨੇ ਸਾਰਿਆਂ ਨੂੰ ਮੋਹ ਲਿਆ ਹੈ ਅਤੇ ਹਰ ਦਿਲ ਅੰਦਰ ਪ੍ਰਭੂ ਦੀ ਪ੍ਰੀਤ ਵੀਣਾ ਵਜਾ ਦਿੱਤੀ ਹੈ। ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥ ਨਾਨਕ, ਪ੍ਰਭੂ ਦੀ ਸ਼ਰਦਾਗਤ ਅੰਦਰ ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ ਅਤੇ ਸੱਚੇ ਗੁਰੂ ਜੀ ਉਸ ਦੇ ਸੱਚੇ ਸਹਾਇਕ ਹੋ ਜਾਂਦੇ ਹਨ। ਰਾਮਕਲੀ ਮਹਲਾ ੧ ॥ ਰਾਮਕਲੀ ਪਹਿਲੀ ਪਾਤਿਸ਼ਾਹੀ। ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥ ਵਾਹਿਗੁਰੂ ਜਿਸ ਨੇ ਆਪਣੀ ਸੱਤਿਆ ਧਰਤੀ ਤੇ ਅਸਮਾਨ ਅੰਦਰ ਟਿਕਾਈ ਹੈ, ਉਸ ਨੇ ਆਪਣਾ ਮਕਾਨ ਮਨ ਦੇ ਦੇਹੁਰੇ ਅੰਦਰ ਬਣਾਇਆ ਹੈ। ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥ ਪ੍ਰਭੂ ਦੇ ਨਾਮ ਦੇ ਰਾਹੀਂ ਸ਼੍ਰੋਮਣੀ ਗੁਰਾਂ ਨੇ ਅਨੇਕਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਸਾਧੂਓ! ਠਹਿਰਾਓ। ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥ ਜੋ ਸੰਸਾਰੀ ਲਗਨ ਨੂੰ ਮੇਟ ਦਿੰਦਾ ਹੈ ਅਤੇ ਆਪਣੀ ਹੰਗਤਾਜ ਨੂੰ ਮਾਰ ਸੁਟਦਾ ਹੈ, ਉਹ ਤੇਰੇ ਪ੍ਰਕਾਸ਼ ਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਵੇਖ ਲੈਂਦਾ ਹੈ, ਹੇ ਸੁਆਮੀ! ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥ ਉਹ ਆਪਣੀ ਖਾਹਿਸ਼ ਨੂੰ ਮੇਟ ਸੁੱਟਦਾ ਹੈ, ਪ੍ਰਭੂ ਨੂੰ ਆਪਦੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਸੱਚੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ। ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥ ਬ੍ਰਹਿਮ ਗਿਆਤ ਦੀ ਕਿੰਗਰੀ ਉਸ ਦੇ ਅੰਦਰ ਸੁਤੇ ਸਿੱਧ ਗੂੰਜਦੀ ਹੈ ਅਤੇ ਉਹ ਸਾਰਿਆਂ ਦਿਲਾਂ ਅੰਦਰ ਤੇਰਾ ਪ੍ਰਕਾਸ਼ ਵੇਖਦਾ ਹੈ, ਹੇ ਸੁਆਮੀ! ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥ ਸੰਸਾਰ ਇੱਕ ਕ੍ਰਿਗੂ ਹੈ। ਉਸ ਅੰਦਰ ਉਹ ਆਪਣੀ ਆਤਮਾਂ ਨੂੰ ਨਿਰਲੇਪ ਰੱਖਦਾ ਹੈ ਅਤੇ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ। ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥ ਪੰਜਾਂ ਮੂਲ ਅੰਸ਼ਾਂ ਦੀ ਦੇਹ ਨੂੰ ਪ੍ਰਾਪਤ ਕਰ ਕੇ, ਦਿਨ ਤੇ ਰਾਤ ਉਹ ਇਸ ਅੰਦਰ ਬੇਅੰਤ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ। ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥ ਸੱਜੀ ਅਤੇ ਖੱਬੀ ਨਾਸਕਾ ਇਸ ਦੇਹ ਦੀ ਵੀਣਾ ਦੇ ਤੂੰਬੇ ਹਨ ਅਤੇ ਇਹ ਵੀਣਾ ਇਕ ਅਲੌਕਿਕ ਧੁਨੀ ਅਲਾਪਦੀ ਹੈ। ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥ ਤਿਆਗੀ, ਵਾਹਿਗੁਰੂ ਦੇ ਸ਼ਹਿਰ ਅੰਦਰ ਟਿਕਾਣਾਂ ਪਾ ਲੈਂਦਾ ਹੈ ਜੋ ਕਿ ਅਦ੍ਰਿਸ਼ਟ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ। ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥ ਇਹ ਮਨ ਦੇਹ ਦੇ ਸ਼ਹਿਰ ਦਾ ਪਾਤਿਸ਼ਾਹ ਹੈ ਅਤੇ ਪੰਜ ਗਿਆਨ-ਇੰਦਰੇ ਇਸ ਵਿੱਚ ਵੱਸਦੇ ਹਨ। ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥ ਆਪਣੇ ਮਹਿਲ ਅੰਦਰ ਬੈਠਾ, ਗੁਣਵਾਨ ਪਾਤਿਸ਼ਾਹ ਨਾਮ ਉਚਾਰਦਾ ਅਤੇ ਨਿਆਂ ਕਰਦਾ ਹੈ। ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥ ਵਿਚਾਰੀ ਮੌਤ ਤੇ ਪੈਦਾਇਸ਼ ਉਸ ਨੂੰ ਕੀ ਆਖ ਸਕਦੇ ਹਨ ਜੋ ਆਪਣੇ ਮਨੂਏ ਨੂੰ ਜਿੱਤ ਕੇ ਜੀਉਂਦੇ ਜੀ ਮਰਿਆ ਰਹਿੰਦਾ ਹੈ? copyright GurbaniShare.com all right reserved. Email |