ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥ ਇਕ ਸੁਆਮੀ ਨੇ ਬ੍ਰਹਮਾਂ ਵਿਸ਼ਨੂੰ ਅਤੇ ਸ਼ਿਵਜੀ ਦੇ ਸਰੂਪ ਰਚੇ ਹਨ ਅਤੇ ਉਹ ਖੁਦ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥ ਜੋ ਆਪਣੀ ਦੇਹ ਨੂੰ ਪਰਖਦਾ ਹੈ ਅਤੇ ਆਪਣੇ ਆਪ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥ ਗੁਰਾਂ ਦੀ ਟਹਿਲ ਸੇਵਾ ਰਾਹੀਂ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਇਨਸਾਨ ਦੇ ਅੰਦਰ ਸੁਆਮੀ ਦਾ ਲਾਭਦਾਇਕ ਨਾਮ ਰਮ ਜਾਂਦਾ ਹੈ। ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥ ਨੇਕੀ ਬਖਸ਼ਣਹਾਰ (ਹਰੀ) ਉਸ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਆਪਦੀ ਹੰਗਤਾ ਤੇ ਖਾਹਿਸ਼ ਨੂੰ ਮੇਟ ਸੁੱਟਦਾ ਹੈ। ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥੧੬॥ ਤਿੰਨਾਂ ਅਵਸਥਾਵਾਂ ਨੂੰ ਤਿਆਗ ਇਨਸਾਨ ਨੂੰ ਚੌਥੀ ਦਸ਼ਾ ਅੰਦਰ ਵੱਸਣਾ ਉਚਿਤ ਹੈ। ਨਿਰਾਲੀ ਹੈ ਸੁਆਮੀ ਦੀ ਇਹ ਪ੍ਰੇਮਮਈ ਸੇਵਾ। ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥੧੭॥ ਪਵਿੱਤਰ ਪੁਰਸ਼ ਦਾ ਯੋਗ ਇਹ ਹੈ ਕਿ ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਆਪ ਨੂੰ ਖੋਜਦਾ ਹੈ ਅਤੇ ਹੰਕਾਰ ਦੇ ਵੈਰੀ ਅਦੁੱਤੀ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਟਿਕਾਉਂਦਾ ਹੈ। ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥੧੮॥ ਨਾਮ ਨਾਲ ਰੰਗੀਜ ਉਸ ਦਾ ਮਨ ਨਿਹਚਲ ਹੋ ਜਾਂਦਾ ਹੈ। ਕੇਵਲ ਇਹ ਹੀ ਸ੍ਰੇਸ਼ਟ ਕਾਰਵਿਹਾਰ ਹੈ। ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥੧੯॥ ਉਹ ਤਿਆਗੀ ਧਾਰਮਕ ਬਹਿਸ ਮੁਬਾਹਿਸਿਆਂ ਵਿੱਚ ਨਹੀਂ ਪੈਂਦਾ ਤੇ ਨਾਂ ਹੀ ਦੰਭ ਰਚਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥ ਜੋ ਪ੍ਰਹੇਜ਼ਗਾਰੀ ਅਤੇ ਸੱਚ ਦੀ ਕਿਰਤ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਓਹੀ ਪਵਿੱਤਰ ਯੋਗੀ ਹੈ ਜੋ ਅਸਲ ਯੋਗ ਨੂੰ ਕਮਾਉਂਦਾ ਹੈ। ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥੨੧॥ ਜੋ ਨਾਮ ਦੇ ਰਾਹੀਂ ਮਰ ਵੰਞਦਾ ਹੈ ਅਤੇ ਆਪਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਹ ਯੋਗੀ ਯੋਗ ਦੇ ਮਾਰਗ ਨੂੰ ਅਨੁਭਵ ਕਰ ਲੈਂਦਾ ਹੈ। ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥੨੨॥ ਹੇ ਯੋਗੀ, ਧਨ ਦੌਲਤ ਦੇ ਪਿਆਰ ਰਾਹੀਂ ਪ੍ਰਾਣੀ ਡਰਾਉਣੇ ਸਮੁੰਦਰ ਅੰਦਰ ਡੁੱਬ ਜਾਂਦਾ ਹੈ। ਨਾਮ ਦੇ ਰਾਹੀਂ ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ। ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥੨੩॥ ਨਾਮ ਦਾ ਅਤੇ ਸੰਤ-ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਹੇ ਯੋਗੀ! ਤੂੰ ਚਾਰੇ ਹੀ ਯੁਗਾਂ ਅੰਦਰ ਸੂਰਮਾ ਥੀ ਵੰਞੇਗਾਂ। ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥੨੪॥ ਇਹ ਆਤਮਾਂ ਧਨ-ਦੌਲਤ ਨੇ ਮੋਹ ਲਈ ਹੈ, ਹੇ ਯੋਗੀ! ਨਾਮ ਦਾ ਆਰਾਧਨ ਕਰਨ ਦੁਆਰਾ ਇਹ ਕੈਦ ਤੋਂ ਛੁੱਟ ਜਾਂਦੀ ਹੈ। ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥੨੫॥੯॥ ਨਾਨਕ, ਸਤਿਸੰਗਤ ਨਾਲ ਜੁੜ ਕੇ, ਤੂੰ ਖੁਦ ਹੀ ਹੇ ਸੁਆਮੀ! ਉਹਨਾਂ ਨੂੰ ਮਾਫ ਕਰ ਦਿੰਦਾ ਹੈਂ, ਜੋ ਤੇਰੀ ਪਨਾਹ (ਓਟ) ਲੈਂਦੇ ਹਨ। ਰਾਮਕਲੀ ਮਹਲਾ ੩ ਅਸਟਪਦੀਆ ਰਾਮਕਲੀ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥ ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ। ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥ ਜੰਮਣ ਅਤੇ ਮਰਨ ਦੇ ਡਰ ਦੀ ਸੁਆਹ ਤੂੰ ਆਪਣੇ ਪਿੰਡੇ ਨੂੰ ਮਲ, ਹੇ ਯੋਗੀ! ਤਦ ਤੂੰ ਤਿੰਨਾਂ ਹੀ ਜਹਾਨਾਂ ਨੂੰ ਜਿੱਤ ਲਵੇਗਾਂ। ਐਸੀ ਕਿੰਗੁਰੀ ਵਜਾਇ ਜੋਗੀ ॥ ਤੂੰ ਐਹੋ ਜਿਹੀ ਵੀਣਾ ਵਜਾ, ਹੇ ਯੋਗੀ! ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥ ਜਿਹੜੀ ਵੀਣਾ ਬੈਕੁੰਠੀ ਕੀਰਤਨ ਦੀ ਧੁਨੀ ਉਠਾਵੇ ਅਤੇ ਤੂੰ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇਂ। ਠਹਿਰਾਓ। ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥ ਸੱਚ ਨੂੰ ਆਪਣੀ ਚਿੱਪੀ ਬਣਾ ਅਤੇ ਸਬਰ ਸਿਦਕ ਨੂੰ ਆਪਣੀ ਗੁਥਲੀ ਅਤੇ ਨਾਮ ਅੰਮ੍ਰਿਤ ਦਾ ਭੋਜਨ ਉਸ ਵਿੱਚ ਪਾ। ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥ ਸਿਮਰਨ ਨੂੰ ਆਪਣਾ ਸੋਟਾ ਬਣਾ, ਹੇ ਯੋਗੀ! ਅਤੇ ਬ੍ਰਹਿਮ ਗਿਆਨ ਨੂੰ ਆਪਣੇ ਵਜਾਉਣ ਵਾਲਾ ਸਿੰਙ। ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥ ਅਸਥਿਰ ਮਨ ਨੂੰ ਤੂੰ ਆਪਦਾ ਬੈਠਣ ਦਾ ਢੰਗ ਬਣਾ, ਤਦ ਹੀ ਤੂੰ ਦੁਖਦਾਈ ਖਾਹਿਸ਼ ਤੋਂ ਖਲਾਸੀ ਪਾਵੇਗਾਂ, ਹੇ ਯੋਗੀ! ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥ ਜੇਕਰ ਤੂੰ ਸਰੀਰ ਦੇ ਪਿੰਡ ਖੈਰ ਮੰਗਣ ਜਾਵੇਂ, ਹੇ ਯੋਗੀ! ਤਦ ਨਾਮ ਤੇਰੀ ਝੋਲੀ ਵਿੱਚ ਪੈ ਜਾਵੇਗਾ। ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ ਨਾ ਸਚੁ ਪਲੈ ਪਾਇ ॥ ਇਸ ਕਿੰਗ ਨਾਲ ਤੇਰੀ ਬਿਰਤੀ ਇਕਾਗਰ ਨਹੀਂ ਹੋਣੀ, ਨਾਂ ਹੀ ਸੱਚਾ ਨਾਮ ਤੇਰੇ ਪੱਲੇ ਪੈਣਾ ਹੈ, ਹੇ ਯੋਗੀ! ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ ਅਭਿਮਾਨੁ ਨ ਵਿਚਹੁ ਜਾਇ ॥੪॥ ਇਸ ਵੀਣਾ ਦੁਆਰਾ, ਨਾਂ ਤੇਰੇ ਅੰਦਰ ਠੰਢ ਚੈਨ ਵਰਤਣੀ ਹੈ, ਨਾਂ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਣਾ ਹੈ, ਹੇ ਯੋਗੀ! ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ ਪ੍ਰਭੂ ਦੇ ਡਰ ਤੇ ਪ੍ਰੇਮ ਨੂੰ ਆਪਣੀ ਵੀਣਾ ਦੇ ਦੋ ਤੂੰਬੇ ਲਾ, ਹੇ ਯੋਗੀ! ਅਤੇ ਆਪਣੀ ਇਸ ਦੇਹ ਨੂੰ ਇਸ ਦੀ ਹੱਥੀ ਬਣਾ। ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥ ਜੇਕਰ ਤੂੰ ਨੇਕ ਥੀ ਵੰਞੇ, ਤਦ ਹੀ ਤਾਰ ਵੱਜੂਗੀ। ਇਸ ਤਰੀਕੇ ਨਾਲ ਤੇਰੀ ਖਾਹਿਸ਼ ਦੂਰ ਹੋ ਜਾਵੇਗੀ। ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥ ਜੋ ਇਕ ਪ੍ਰਭੂ ਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਪ੍ਰਭੂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ। ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥ ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਉਹ ਪਵਿੱਤਰ ਥੀ ਵੰਞਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਰੱਬ ਨਾਲ ਜੁੜਨ ਦੇ ਮਾਰਗ ਦਾ ਪਤਾ ਲੱਗ ਜਾਂਦਾ ਹੈ। ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥ ਸਾਰਾ ਕੁਝ ਜੋ ਨਿਗ੍ਹਾ ਪੈਂਦਾ ਹੈ ਨਾਸ ਹੋ ਜਾਊਗਾ, ਇਸ ਲਈ ਤੂੰ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ। ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥ ਜੇਕਰ ਸੱਚੇ ਗੁਰਾਂ ਨਾਲ ਤੇਰੀ ਪ੍ਰੀਤ ਪੈ ਜਾਵੇ ਤਦ ਤੈਨੂੰ ਇਹ ਸਮਝ ਪ੍ਰਾਪਤ ਹੋ ਜਾਵੇਗੀ। copyright GurbaniShare.com all right reserved. Email |