Page 909

ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
ਆਪਣੇ ਟੱਬਰ ਕਬੀਲੇ ਨੂੰ ਤਿਆਗ ਕੇ, ਜੇਕਰ ਤੂੰ ਬਾਹਰ ਭੌਦਾਂ ਫਿਰੇਂ ਤਾਂ ਇਸ ਵਿੱਚ ਜੋਗ ਨਹੀਂ, ਹੇ ਯੋਗੀ!

ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
ਦੇਹ ਘਰ ਦੇ ਅੰਦਰ ਹੀ ਸੁਆਮੀ ਵਾਹਿਗੁਰੂ ਦਾ ਨਾਮ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਮਾਲਕ ਨੂੰ ਪਾ ਲਵੇਗਾਂ।

ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
ਇਹ ਜੱਗ ਮਿੱਟੀ ਦੀ ਗੁੱਡੀ ਹੈ, ਹੇ ਯੋਗੀ! ਅਤੇ ਇਸ ਧਨ ਦੌਲਤ ਦੀ ਲਾਲਸਾ ਦੀ ਵੱਡੀ ਬੀਮਾਰੀ ਹੈ।

ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥
ਅਨੇਕਾਂ ਉਪਰਾਲਿਆਂ ਅਤੇ ਧਾਰਮਕ ਲਿਬਾਸ ਪਹਿਰਣ ਦੁਆਰਾ ਇਹ ਜ਼ਹਿਮਤ (ਬੀਮਾਰੀ) ਦੂਰ ਨਹੀਂ ਹੁੰਦੀ ਹੇ ਯੋਗੀ!

ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥
ਵਾਹਿਗੁਰੂ ਦਾ ਨਾਮ ਦਵਾਈ ਹੈ, ਹੇ ਯੋਗੀ! ਜਿਸ ਕਿਸੇ ਹਿਰਦੇ ਵਿੱਚ ਪ੍ਰਭੂ ਇਸ ਨੂੰ ਟਿਕਾ ਦੇਵੇ।

ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥
ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਇਸ ਨੂੰ ਸਮਝਦਾ ਹੈ ਅਤੇ ਕੇਵਲ ਓਹੀ ਯੋਗ ਦੇ ਮਾਰਗ ਨੂੰ ਪਾਉਂਦਾ ਹੈ।

ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥
ਵਾਹਿਗੁਰੂ ਦੇ ਨਾਲ ਮਿਲਾਪ ਦਾ ਰਸਤਾ ਬਿਖੜਾ ਹੈ, ਹੇ ਯੋਗੀ ਜਿਸ ਤੇ ਸਾਈਂ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਹੀ ਇਸ ਨੂੰ ਪਾਉਂਦਾ ਹੈ।

ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥
ਅੰਦਰ ਤੇ ਬਾਹਰ ਉਹ ਇਕ ਪ੍ਰਭੂ ਨੂੰ ਹੀ ਦੇਖਦਾ ਹੈ ਅਤੇ ਆਪਣੇ ਅੰਦਰੋਂ ਵਹਿਮ ਨੂੰ ਨਵਿਰਤ ਕਰ ਦਿੰਦਾ ਹੈ।

ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥
ਹੇ ਯੋਗੀ! ਤੂੰ ਉਹ ਵੀਣਾ ਵਜਾ, ਜਿਹੜੀ ਵੀਣਾ ਬਿਨਾਂ ਵਜਾਏ ਵੱਜਦੀ ਹੈ।

ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥
ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਤੂੰ ਮੋਖਸ਼ ਹੋ ਜਾਵੇਗਾਂ, ਹੇ ਯੋਗੀ! ਅਤੇ ਸੱਚੇ ਸਾਈਂ ਅੰਦਰ ਲੀਨ ਹੋਇਆ ਰਹੇਗਾਂ।

ਰਾਮਕਲੀ ਮਹਲਾ ੩ ॥
ਰਾਮਕਲੀ ਤੀਜੀ ਪਾਤਿਸ਼ਾਹੀ।

ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥
ਸੁਆਮੀ ਦੇ ਸਿਮਰਨ ਦਾ ਭੰਡਾਰ, ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।

ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥
ਹੇ ਸਾਧੂਓ! ਗੁਰਾਂ ਦੇ ਰਾਹੀਂ ਹੀ ਬੰਦੇ ਨੂੰ ਵਡਿਆਈ ਪ੍ਰਦਾਨ ਹੁੰਦੀ ਹੈ। ਠਹਿਰਾਓ।

ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥
ਹਮੇਸ਼ਾਂ ਸੱਚ ਵਿੱਚ ਵੱਸਣ ਦੁਆਰਾ, ਬੰਦੇ ਦੇ ਅੰਦਰ ਅਡੋਲਤਾ ਅਤੇ ਆਰਾਮ ਉਤਪੰਨ ਹੋ ਜਾਂਦੇ ਹਨ ਅਤੇ ਕਾਮ ਚੇਸ਼ਟਾ ਤੇ ਗੁੱਸਾ ਉਸ ਦੇ ਅੰਦਰੋਂ ਦੌੜ ਜਾਂਦੇ ਹਨ।

ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥
ਆਪਣੀ ਸਵੈ ਹੰਗਤਾ ਨੂੰ ਮੇਟ ਕੇ ਉਹ ਨਾਮ ਨਾਲ ਪ੍ਰੇਮ ਪਾ ਲੈਂਦਾ ਹੈ ਅਤੇ ਉਸ ਦੀ ਅਪਣੱਤ ਨਾਮ ਦੇ ਰਾਹੀਂ ਸੜ ਬਲ ਜਾਂਦੀ ਹੈ।

ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥
ਜੋ ਪ੍ਰਾਨੀ ਨੂੰ ਰਚਦਾ ਹੈ, ਉਸ ਦੀ ਰਜ਼ਾ ਦੁਆਰਾ ਹੀ ਉਹ ਮਰਦਾ ਹੈ। ਅਖੀਰ ਨੂੰ ਕੇਵਲ ਨਾਮ ਹੀ ਉਸ ਦਾ ਸਹਾਇਕ ਹੁੰਦਾ ਹੈ।

ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥
ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਸਦੀਵ ਹੀ ਹਾਜ਼ਰ ਨਾਜ਼ਰ ਹੈ। ਤੂੰ ਉਸ ਨੂੰ ਦੁਰੇਡੇ ਨਾਂ ਵੇਖ।

ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥
ਆਪਣੇ ਰਿਦੇ ਅੰਦਰ ਤੂੰ ਸਤਿਨਾਮ ਦਾ ਉਚਾਰਨ ਕਰ ਅਤੇ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ।

ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥
ਸਾਧ ਸੰਗਤ ਅੰਦਰ ਅਮੋਲਕ ਨਾਮ ਹੈ। ਪਰਮ ਚੰਗੀ ਪ੍ਰਾਲਬਧ ਦੁਆਰਾ ਇਨਸਾਨ ਇਸ ਨੂੰ ਪ੍ਰਾਪਤ ਕਰਦਾ ਹੈ।

ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥
ਤੂੰ ਸੰਦੇਹ ਅੰਦਰ ਨਾਂ ਭਟਕ, ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਅਤੇ ਆਪਣੇ ਮਨ ਨੂੰ ਇਕ ਥਾਂ ਤੇ ਸਥਿਰ ਰੱਖ।

ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥
ਨਾਮ ਦੇ ਬਗੈਰ ਸਾਰੇ ਪ੍ਰਾਨੀ ਕੁਰਾਹੇ ਪਏ ਹੋਏ ਹਨ ਅਤੇ ਆਪਣੇ ਜੀਵਨ ਵਿਅਰਥ ਗੁਆ ਲੈਂਦੇ ਹਨ।

ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥
ਹੇ ਯੋਗੀ! ਯੋਗ ਦੇ ਰਸਤੇ ਤੋਂ ਭੁੱਲ ਕੇ ਤੂੰ ਭਟਕਦਾ ਫਿਰਦਾ ਹੈਂ। ਦੰਭ ਦੇ ਰਾਹੀਂ ਸੁਆਮੀ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।

ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਸ਼ਹਿਰ (ਅਵਸਥਾ) ਅੰਦਰ ਟਿਕਾਣਾ ਪਾ ਕੇ ਤੂੰ ਯੋਗ ਨੂੰ ਪ੍ਰਾਪਤ ਕਰ ਲਵੇਗਾਂ।

ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥
ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਭਟਕਣਾ ਨੂੰ ਬੰਦ ਕਰਨ ਨਾਲ, ਨਾਮ ਆ ਕੇ ਤੇਰੇ ਚਿੱਤ ਵਿੱਚ ਟਿੱਕ ਜਾਵੇਗਾ।

ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥
ਹੇ ਸਾਧੂਓ! ਇਹ ਦੇਹ ਇੱਕ ਤਾਲਾਬ ਹੈ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਇਨਸਾਨ ਨੂੰ ਇਸ ਵਿੱਚ ਨ੍ਹਾਉਣਾ ਚਾਹੀਦਾ ਹੈ।

ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥
ਜੋ ਨਾਮ ਦੇ ਤਾਲਾਬ ਅੰਦਰ ਮਜਨ ਕਰਦੇ ਹਨ, ਪਵਿੱਤਰ ਹਨ ਉਹ ਪੁਰਸ਼ ਅਤੇ ਨਾਮ ਦੇ ਰਾਹੀਂ ਉਹ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।

ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥
ਤਿੰਨਾਂ ਲੱਛਣਾਂ (ਰਜੋ, ਸਤੋ, ਤਮੋ) ਵਾਲੇ ਗਾਫਲ ਬੰਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ ਬਰਬਾਦ ਹੋ ਜਾਂਦੇ ਹਨ।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥
ਬ੍ਰਹਿਮਾਂ, ਵਿਸ਼ਨੂੰ ਅਤੇ ਸ਼ਿਵਜੀ ਦੀਆਂ ਤਿੰਨੇ ਹੀ ਵਿਅਕਤੀਆਂ ਤਿੰਨਾਂ ਹੀ ਅਵਸਥਾਵਾਂ ਦੀ ਗਲਤ ਫਹਿਮੀ ਅੰਦਰ ਕੁਰਾਹੇ ਪਈਆਂ ਹੋਈਆਂ ਹਨ।

ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥
ਗੁਰਾਂ ਦੀ ਦਇਆ ਦੁਆਰਾ, ਬੰਦਾ ਤਿਕੜੀ (ਮਾਇਆ-ਢੰਗ) ਤੋਂ ਖਲਾਸੀ ਪਾ ਜਾਂਦਾ ਹੈ ਅਤੇ ਚੌਥੀ ਦਸ਼ਾ ਨਾਲ ਪ੍ਰੀਤ ਪਾ ਲੈਂਦਾ ਹੈ।

ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥
ਵਿਦਵਾਨ ਪੜ੍ਹਦੇ, ਵਾਚਦੇ ਅਤੇ ਬਖੇੜੇ ਕਰਦੇ ਤੇ ਕੁਬਚਨ ਉਚਾਰਦੇ ਹਨ। ਉਹਨਾਂ ਨੂੰ ਯਥਾਰਥ ਗਿਆਤ ਪ੍ਰਾਪਤ ਨਹੀਂ ਹੁੰਦੀ।

ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥
ਪਾਪ ਅੰਦਰ ਖੱਚਤ ਹੋਏ ਹੋਏ ਉਹ ਭੁਲੇਖੇ ਵਿੱਚ ਭੁਲੇ ਹੋਏ ਹਨ। ਉਹ ਕਿਸ ਨੂੰ ਸਿਖਮਤ ਦੇ ਸਕਦੇ ਹਨ, ਹੇ ਭਰਾ?

ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥
ਸ੍ਰੇਸ਼ਟ ਹੈ ਬਾਣੀ ਅਨੁਰਾਗੀ ਪੁਰਸ਼ਾਂ ਦੀ ਅਤੇ ਇਹ ਸਾਰਿਆਂ ਹੀ ਯੁਗਾਂ ਅੰਦਰ ਰਮੀ ਹੋਈ ਰਹਿੰਦੀ ਹੈ।

ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥
ਜੋ ਗੁਰਾਂ ਦੀ ਬਾਣੀ ਨਾਲ ਜੁੜਿਆ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।

copyright GurbaniShare.com all right reserved. Email