ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥ ਜੋ ਗੁਰਬਾਣੀ ਦੇ ਜ਼ਰੀਏ, ਆਪਣੀ ਦੇਹ-ਗ੍ਰਾਮ ਦੀ ਖੋਜ ਭਾਲ ਕਰਦਾ ਹੈ, ਉਹ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥ ਆਪਣੀ ਖਾਹਿਸ਼ ਨੂੰ ਮਾਰ ਕੇ ਬੰਦਾ, ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ ਅਤੇ ਜੀਭ੍ਹਾ ਦੇ ਬਗੈਰ (ਬਿਨਾ ਬੋਲੇ) ਹੀ ਮਾਲਕ ਦੀ ਮਹਿਮਾਂ ਉਚਾਰਦਾ ਹੈ। ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਉਸ ਦੀਆਂ ਅੱਖਾਂ ਅਸਚਰਜ ਪ੍ਰਭੂ ਨੂੰ ਵੇਖਦੀਆਂ ਹਨ ਅਤੇ ਉਸ ਦਾ ਮਨ ਅਡਿੱਠ ਸੁਆਮੀ ਨਾਲ ਜੁੜਿਆ ਰਹਿੰਦਾ ਹੈ। ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥ ਅਦ੍ਰਿਸ਼ਟ ਸਾਹਿਬ ਸਦੀਵ ਹੀ ਅਪਵਿੱਤਰ ਹੈ। ਉਸ ਦੇ ਪਰਮ ਪ੍ਰਕਾਸ਼ ਅੰਦਰ ਐਸੇ ਪੁਰਸ਼ ਦਾ ਪ੍ਰਕਾਸ਼ ਲੀਨ ਹੋ ਜਾਂਦਾ ਹੈ। ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥ ਮੈਂ ਹਮੇਸ਼ਾਂ ਆਪਣੇ ਗੁਰਾਂ ਦੀ ਪ੍ਰਸੰਸਾ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈ ਹੈ। ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥ ਨਾਨਕ ਇੱਕ ਜੋਦੜੀ ਕਰਦਾ ਹੈ, ਨਾਮ ਦੇ ਰਾਹੀਂ ਹੀ ਇਨਸਾਨ ਨੂੰ ਕਲਿਆਨ ਅਤੇ ਇਜ਼ਤ ਆਬਰੂ ਪ੍ਰਾਪਤ ਹੁੰਦੇ ਹਨ। ਰਾਮਕਲੀ ਮਹਲਾ ੩ ॥ ਰਾਮਕਲੀ ਤੀਜੀ ਪਾਤਿਸ਼ਾਹੀ। ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ ਮੁਸ਼ਕਲ ਨਾਲ ਮਿਲਣ ਵਾਲੀ ਹੈ ਪ੍ਰਭੂ ਦੀ ਉਪਾਸਨਾ, ਹੇ ਸਾਧੂਓ! ਇਨਸਾਨ ਇਸ ਦੀ ਉਸਤਤੀ ਆਖ ਨਹੀਂ ਸਕਦਾ। ਸੰਤਹੁ ਗੁਰਮੁਖਿ ਪੂਰਾ ਪਾਈ ॥ ਹੇ ਸਾਧੂਓ! ਗੁਰਾਂ ਦੇ ਰਾਹੀਂ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ, ਨਾਮੋ ਪੂਜ ਕਰਾਈ ॥੧॥ ਰਹਾਉ ॥ ਅਤੇ ਬੰਦਾ ਨਾਮ ਦੀ ਉਪਾਸ਼ਨਾ ਕਰਦਾ ਹੈ। ਠਹਿਰਾਓ। ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ ਵਾਹਿਗੁਰੂ ਦੇ ਬਾਝੋਂ ਹਰ ਵਸਤੂ ਗੰਦੀ ਹੈ, ਹੇ ਸੰਤੋ! ਉਸ ਦੇ ਮੂਹਰੇ ਮੈਂ ਕਿਹੜੀ ਭੇਟਾ ਰੱਖਾਂ? ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ ਜਿਹੜਾ ਕੁਝ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਸ ਦੀ ਉਪਾਸਨਾ ਹੈ। ਸੁਆਮੀ ਦੀ ਰਜ਼ਾ ਨੂੰ ਦਿਲੋਂ ਸਵੀਕਾਰ ਕਰਨਾ ਹੀ ਉਸ ਦੀ ਉਪਾਸਨਾ ਹੈ। ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ ਸਾਰੇ ਜਣੇ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ, ਹੇ ਸਾਧੂਓ! ਪ੍ਰੰਤੂ ਅਧਰਮੀ ਦੀ ਉਪਾਸਨਾ ਕਬੂਲ ਨਹੀਂ ਪੈਦੀ। ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ ਜੇਕਰ ਇਨਸਾਨ ਨਾਮ ਦੇ ਰਾਹੀਂ ਮਰ ਵੰਞੇ ਤਦ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਐਹੋ ਜੇਹੀ ਉਪਾਸਨਾ ਨੂੰ ਪ੍ਰਭੂ ਸਵੀਕਾਰ ਕਰ ਲੈਂਦਾ ਹੈ, ਹੇ ਸਾਧੂਓ! ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ ਪੁਨੀਤ, ਪਵਿੱਤਰ ਅਤੇ ਸਤਾਵਾਦੀ ਹਨ ਉਹ ਪੁਰਸ਼, ਜੋ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ। ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ ਨਾਮ ਦੇ ਬਾਝੋਂ ਰੱਬ ਦੀ ਹੋਰਸ ਕੋਈ ਉਪਾਸ਼ਨਾ ਨਹੀਂ ਹੋ ਸਕਦੀ। ਬੇਫਾਇਦਾ ਹੀ ਦੁਨੀਆਂ ਸੰਦੇਹ ਵਿੱਚ ਭਟਕਦੀ ਹੈ। ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥ ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦਾ ਹੈ ਅਤੇ ਪ੍ਰਭੂ ਦੇ ਨਾਮ ਨਾਲ ਆਪਦੀ ਬਿਰਤੀ ਨੂੰ ਜੋੜਦਾ ਹੈ, ਹੇ ਸਾਧੂਓ! ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥ ਪਵਿੱਤਰ ਪ੍ਰਭੂ ਆਪ ਹੀ ਆਪਣੀ ਪੂਜਾ ਕਰਵਾਉਂਦਾ ਹੈ। ਗੁਰਾਂ ਦੇ ਬਚਨ ਦੁਆਰਾ ਇਹ ਉਪਾਸਨਾ ਕਬੂਲ ਕੀ ਵੰਞਦੀ ਹੈ। ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥ ਜੋ ਉਪਾਸ਼ਨਾ ਕਰਦੇ ਹਨ ਪਰ ਜੁਗਤ ਨਹੀਂ ਜਾਣਦੇ ਉਹ ਹੋਰਸ ਦੇ ਪਿਆਰ ਨਾਲ ਪਲੀਤ ਹੋ ਜਾਂਦੇ ਹਨ। ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥ ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਉਪਾਸ਼ਨਾ ਨੂੰ ਜਾਣਦਾ ਹੈ। ਉਸ ਦੇ ਹਿਰਦੇ ਅੰਦਰ ਪ੍ਰਭੂ ਦੀ ਰਜਾ ਟਿਕ ਜਾਂਦੀ ਹੈ। ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥ ਹੇ ਸਾਧੂਓ! ਜੋ ਵਾਹਿਗੁਰੂ ਦੀ ਰਜਾ ਨੂੰ ਸਵੀਕਾਰ ਕਰ ਲੈਂਦਾ ਹੈ, ਉਹ ਸਾਰੇ ਆਰਾਮ ਪਾਉਂਦਾ ਹੈ ਅਤੇ ਅਖੀਰ ਨੂੰ ਨਾਮ ਉਸ ਦਾ ਸਹਾਇਕ ਹੁੰਦਾ ਹੈ। ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ ਜੋ ਆਪਣੇ ਆਪ ਨੂੰ ਨਹੀਂ ਸਮਝਦਾ, ਹੇ ਸੰਤੋ! ਉਹ ਆਪਣੀ ਝੂਠੀ ਉਸਤਤੀ ਅੰਦਰ ਫਾਥਾ ਹੋਇਆ ਹੈ। ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ ਜੋ ਦੰਭ ਕਰਦਾ ਹੈ ਉਸ ਨੂੰ ਮੌਤ ਦਾ ਦੂਤ ਛੱਡਦਾ ਨਹੀਂ। ਉਸ ਨੂੰ ਉਹ ਬੇਇਜ਼ਤ ਕਰਕੇ ਅੱਗੇ ਲਾ ਲੈਂਦਾ ਹੈ। ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ ਜਿਨ੍ਹਾਂ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਹੈ, ਉਹ ਆਪਦੇ ਆਪ ਨੂੰ ਅਨੁਭਵ ਕਰਦੇ ਹਨ ਅਤੇ ਕੇਵਲ ਉਹ ਹੀ ਕਲਿਆਨ ਦੇ ਮਾਰਗ ਨੂੰ ਜਾਣਦੇ ਹਨ। ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥ ਉਹਨਾਂ ਦੀ ਇਹ ਆਤਮਾਂ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਉਹਨਾਂ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ। ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥ ਸਾਧ ਸੰਗਤ ਨਾਲ ਜੁੜ ਕੇ ਗੁਰੂ ਅਨੁਸਾਰੀ ਨਾਮ ਨੂੰ ਸਰਵਣ ਕਰਦੇ, ਸੁਣਦੇ ਅਤੇ ਉਚਾਰਦੇ ਹਨ। ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ ਵਾਹਿਗੁਰੂ ਨੂੰ ਜਾਨਣ ਵਾਲਾ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਦਾ ਹੈ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ। ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ ਸੱਚੇ ਹਨ ਉਸ ਦੇ ਬਚਨ ਬਿਲਾਸ, ਸੱਚ ਹੀ ਉਹ ਆਖਦਾ ਹੈ ਅਤੇ ਸੱਚੇ ਨਾਮ ਨੂੰ ਹੀ ਉਹ ਪਿਆਰ ਕਰਦਾ ਹੈ। ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥ ਮੇਰਾ ਮਾਲਕ, ਡਰ ਦੂਰ ਕਰਨ ਵਾਲਾ, ਗੁਨਾਹ ਨਾਸ ਕਰਨਹਾਰ ਅਤੇ ਅਖੀਰ ਦੇ ਵੇਲੇ ਦਾ ਮਦਦਗਾਰ ਹੈ। ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥ ਖੁਦ-ਬ-ਖੁਦ ਹੀ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਕੇਵਲ ਉਸ ਦੇ ਨਾਮ ਦੇ ਰਾਹੀਂ ਹੀ ਪ੍ਰਾਣੀ ਦੀ ਪ੍ਰਭਤਾ ਹੈ, ਹੇ ਨਾਨਕ! ਰਾਮਕਲੀ ਮਹਲਾ ੩ ॥ ਰਾਮਕਲੀ ਤੀਜੀ ਪਾਤਿਸ਼ਾਹੀ। ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ। ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ ਹੇ ਸਾਧੂਓ! ਗੁਰੂ ਅਨੁਸਾਰੀਆਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ। ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ ਸੱਚਾ ਨਾਮ ਉਹਨਾਂ ਦੇ ਹਿਰਦੇ ਅੰਦਰ ਵੱਸਦਾ ਹੈ ਅਤੇ ਸਿਰਜਣਹਾਰ ਆਪੇ ਹੀ ਉਹਨਾਂ ਨੂੰ ਸ਼ਸ਼ੋਭਤ ਕਰਦਾ ਹੈ। ਠਹਿਰਾਓ। copyright GurbaniShare.com all right reserved. Email |