ਕਾਹੂ ਬਿਹਾਵੈ ਮਾਇ ਬਾਪ ਪੂਤ ॥ ਕਈਆਂ ਦਾ ਜੀਵਨ ਆਪਣੀ ਮਾਤਾ, ਪਿਤਾ ਅਤੇ ਪੁੱਤਰਾਂ ਦੇ ਪਿਆਰ ਵਿੱਚ ਗੁਜ਼ਰ ਜਾਂਦਾ ਹੈ। ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥ ਕਈਆਂ ਦੀ ਜ਼ਿੰਦਗੀ ਪਾਤਿਸ਼ਾਹੀ, ਜਾਗੀਰ ਅਤੇ ਵਣਜ ਅੰਦਰ ਖੱਚਤ ਹੋਇਆਂ ਹੋਇਆਂ ਲੰਘ ਜਾਂਦੀ ਹੈ। ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥ ਸਾਧੂ ਦੀ ਜਿੰਦਗੀ ਸਾਈਂ ਦੇ ਨਾਮ ਦੇ ਆਸਰੇ ਅੰਦਰ ਬੀਤਦੀ ਹੈ। ਰਚਨਾ ਸਾਚੁ ਬਨੀ ॥ ਸ਼੍ਰਿਸ਼ਟੀ ਸੱਚੇ ਸੁਆਮੀ ਦੀ ਰਚਨਾਂ ਹੈ। ਸਭ ਕਾ ਏਕੁ ਧਨੀ ॥੧॥ ਰਹਾਉ ॥ ਸਾਰਿਆਂ ਦਾ ਇੱਕ ਹੀ ਮਾਲਕ ਹੈ। ਠਹਿਰਾਓ। ਕਾਹੂ ਬਿਹਾਵੈ ਬੇਦ ਅਰੁ ਬਾਦਿ ॥ ਕਈ ਆਪਣਾ ਜੀਵਨ ਲੜਾਈ ਝਗੜਿਆਂ ਅਤੇ ਧਾਰਮਕ ਗ੍ਰੰਥ ਪੜ੍ਹਨ ਵਿੱਚ ਬਤੀਤ ਕਰਦੇ ਹਨ। ਕਾਹੂ ਬਿਹਾਵੈ ਰਸਨਾ ਸਾਦਿ ॥ ਕਈ ਆਪਣਾ ਜੀਵਨ ਜੀਭ ਦੇ ਸੁਆਦ ਲੈਣ ਵਿੱਚ ਬਤੀਤ ਕਰਦੇ ਹਨ। ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥ ਕਈ ਆਪਣਾ ਜੀਵਨ ਜ਼ਨਾਨੀਆਂ ਨਾਲ ਜੁੜ ਕੇ ਗੁਜ਼ਾਰ ਲੈਂਦੇ ਹਨ। ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥ ਸਾਧੂ ਕੇਵਲ ਸੁਆਮੀ ਦੇ ਨਾਮ ਅੰਦਰ ਹੀ ਸਮਾਏ ਹੋਏ ਹਨ। ਕਾਹੂ ਬਿਹਾਵੈ ਖੇਲਤ ਜੂਆ ॥ ਕਈ ਆਪਣਾ ਜੀਵਨ ਜੂਆ ਖੇਡਣ ਵਿੱਚ ਹੀ ਲੰਘਾ ਲੈਂਦੇ ਹਨ। ਕਾਹੂ ਬਿਹਾਵੈ ਅਮਲੀ ਹੂਆ ॥ ਕਈ ਆਪਣਾ ਜੀਵਨ ਨਸ਼ਈ ਰਹਿਣ ਅੰਦਰ ਹੀ ਬਿਤਾ ਲੈਂਦੇ ਹਨ। ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥ ਕਈ ਆਪਣਾ ਜੀਵਨ ਹੋਰਨਾਂ ਦਾ ਧਨ ਚੁਰਾਉਣ ਵਿੱਚ ਹੀ ਲੰਘਾ ਦਿੰਦੇ ਹਨ। ਹਰਿ ਜਨ ਬਿਹਾਵੈ ਨਾਮ ਧਿਆਏ ॥੩॥ ਰੱਬ ਦੇ ਗੋਲੇ ਜਿੰਦਗੀ ਨਾਮ ਦਾ ਸਿਮਰਨ ਕਰਦਿਆਂ ਬੀਤਦੀ ਹੈ। ਕਾਹੂ ਬਿਹਾਵੈ ਜੋਗ ਤਪ ਪੂਜਾ ॥ ਕਈਆਂ ਦੀ ਜਿੰਦਗੀ ਯੋਗ ਤਪੱਸਿਆ ਅਤੇ ਉਪਾਸ਼ਨਾ ਕਰਦਿਆਂ ਬੀਤ ਜਾਂਦੀ ਹੈ। ਕਾਹੂ ਰੋਗ ਸੋਗ ਭਰਮੀਜਾ ॥ ਕਈ ਬਿਮਾਰੀਆਂ, ਗਮਾਂ ਅਤੇ ਸੰਦੇਹ ਅੰਦਰ ਗ੍ਰਸੇ ਹੋਏ ਹਨ। ਕਾਹੂ ਪਵਨ ਧਾਰ ਜਾਤ ਬਿਹਾਏ ॥ ਕਈਆਂ ਦਾ ਜੀਵਨ ਪ੍ਰਣਾਯਾਮ ਕਰਦਿਆਂ ਬੀਤ ਜਾਂਦਾ ਹੈ। ਸੰਤ ਬਿਹਾਵੈ ਕੀਰਤਨੁ ਗਾਏ ॥੪॥ ਸਾਧੂ ਆਪਣੀ ਜਿੰਦਗੀ ਸਾਈਂ ਦਾ ਜੱਸ ਗਾਇਨ ਕਰਦਿਆਂ ਲੰਘਾਉਂਦਾ ਹੈ। ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥ ਕਈ ਦਿਹੁੰ ਰਾਤ ਟੁਰਦਿਆਂ ਹੀ ਆਪਣਾ ਜੀਵਨ ਗੁਜ਼ਾਰ ਲੈਂਦੇ ਹਨ। ਕਾਹੂ ਬਿਹਾਵੈ ਸੋ ਪਿੜੁ ਮਾਲਤ ॥ ਕਈ ਲੜਾਈ ਦੇ ਮੈਦਾਨ ਤੇ ਕਬਜ਼ਾ ਕਰਦਿਆਂ ਹੀ ਆਪਣੀ ਜ਼ਿੰਦਗੀ ਬਿਤਾ ਲੈਂਦੇ ਹਨ। ਕਾਹੂ ਬਿਹਾਵੈ ਬਾਲ ਪੜਾਵਤ ॥ ਕਈ ਆਪਣਾ ਜੀਵਨ ਬੱਚਿਆਂ ਨੂੰ ਪੜਾਉਦਿਆਂ ਬਿਤਾ ਲੈਂਦੇ ਹਨ। ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥ ਸਾਧੂ ਦਾ ਜੀਵਨ ਰੱਬ ਦੀ ਕੀਰਤੀ ਗਾਉਦਿਆਂ ਹੀ ਗੁਜ਼ਰਦਾ ਹੈ। ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥ ਕਈਆਂ ਦਾ ਜੀਵਨ ਕਲਾਕਾਰਾਂ ਦੇ ਰੂਪ ਜਾਂ ਰੂਪਕਾਂ ਅੰਦਰ ਨਾਚ ਕਰਦਿਆਂ ਹੀ ਬੀਤ ਜਾਂਦਾ ਹੈ। ਕਾਹੂ ਬਿਹਾਵੈ ਜੀਆਇਹ ਹਿਰਤੇ ॥ ਕਈਆਂ ਦਾ ਜੀਵਨ ਜੀਵਾਂ ਨੂੰ ਮਾਰਨ ਵਿੱਚ ਹੀ ਬੀਤ ਜਾਂਣਾ ਹੈ। ਕਾਹੂ ਬਿਹਾਵੈ ਰਾਜ ਮਹਿ ਡਰਤੇ ॥ ਕਈ ਆਪਣੀ ਜਿੰਦਗੀ ਰਾਜ ਭਾਗ ਅੰਦਰ ਸਹਮਦਿਆਂ ਹੀ ਬਿਤਾ ਲੈਂਦੇ ਹਨ। ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥ ਸਾਧੂ ਆਪਣੀ ਜਿੰਦਗੀ ਹਰੀ ਦੀ ਮਹਿਮਾਂ ਉਚਾਰਦਿਆਂ ਬਿਤਾਉਂਦੇ ਹਨ। ਕਾਹੂ ਬਿਹਾਵੈ ਮਤਾ ਮਸੂਰਤਿ ॥ ਕਈ ਆਪਣਾ ਜੀਵਨ ਹੋਰਨਾਂ ਨੂੰ ਸਲਾਹ ਮਸ਼ਵਰਾ ਦੇਣ ਜਾਂ ਮਨ-ਸੂਬੇ ਘੜਨ ਵਿੱਚ ਲੰਘਾਉਂਦੇ ਹਨ। ਕਾਹੂ ਬਿਹਾਵੈ ਸੇਵਾ ਜਰੂਰਤਿ ॥ ਕਈਆਂ ਦੀ ਜਿੰਦਗੀ ਨੌਕਰੀ ਦੀ ਖਾਹਿਸ਼ ਅੰਦਰ ਬੀਤ ਜਾਂਦੀ ਹੈ। ਕਾਹੂ ਬਿਹਾਵੈ ਸੋਧਤ ਜੀਵਤ ॥ ਕਈ ਹੋਰਨਾਂ ਦੇ ਜੀਵਨ ਸੁਧਾਰਨ ਵਿੱਚ ਆਪਣੀ ਜਿੰਦਗੀ ਬਿਤਾਉਂਦੇ ਹਨ। ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥ ਸਾਧੂ ਆਪਣਾ ਜੀਵਨ ਸੁਆਮੀ ਦਾ ਅੰਮ੍ਰਿਤ ਪਾਨ ਕਰਨ ਵਿੱਚ ਗੁਜ਼ਾਰਦਾ ਹੈ। ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਜਿਸ ਕਿਸੇ ਨਾਲ ਤੂੰ ਕਿਸੇ ਨੂੰ ਜੋੜਦਾ ਹੈਂ? ਉਸੇ ਨਾਲ ਹੀ ਉਹ ਜੁੜ ਜਾਂਦਾ ਹੈ। ਨਾ ਕੋ ਮੂੜੁ ਨਹੀ ਕੋ ਸਿਆਨਾ ॥ ਨਾਂ ਹੀ ਕੋਈ ਮੂਰਖ ਹੈ, ਨਾਂ ਹੀ ਕੋਈ ਅਕਲਮੰਦ। ਕਰਿ ਕਿਰਪਾ ਜਿਸੁ ਦੇਵੈ ਨਾਉ ॥ ਆਪਣੀ ਮਿਹਰ ਧਾਰ ਕੇ ਤੂੰ ਜਿਸ ਕੰਮ ਨੂੰ ਆਪਣਾ ਨਾਮ ਬਖਸ਼ਦਾ ਹੈਂ, ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥ ਨਾਨਕ ਉਸ ਉਤੋਂ ਸਦਕੇ ਅਤੇ ਕੁਰਬਾਨ ਵੰਞਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਦਾਵਾ ਅਗਨਿ ਰਹੇ ਹਰਿ ਬੂਟ ॥ ਜਿਸ ਤਰ੍ਹਾਂ ਜੰਗਲ ਦੀ ਅੱਗ ਵਿੱਚ ਕਈ ਬੂਟੇ ਹਰੇ ਬਚ ਜਾਂਦੇ ਹਨ, ਮਾਤ ਗਰਭ ਸੰਕਟ ਤੇ ਛੂਟ ॥ ਜਿਸ ਤਰ੍ਹਾਂ ਬੱਚਾ ਕਿਸੇ ਦਿਨ ਮਾਂ ਦੇ ਪੇਟ ਦੇ ਦੁਖ ਤੋਂ ਛੁਟਕਾਰਾ ਪਾ ਜਾਂਦਾ ਹੈ, ਜਾ ਕਾ ਨਾਮੁ ਸਿਮਰਤ ਭਉ ਜਾਇ ॥ ਜਿਸ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਡਰ ਦੂਰ ਹੋ ਜਾਂਦਾ ਹੈ, ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥੧॥ ਏਸੇ ਤਰ੍ਹਾਂ ਹੀ ਵਾਹਿਗੁਰੂ ਪਾਤਿਸ਼ਾਹ, ਸਾਧ ਸਰੂਪ-ਪੁਰਸ਼ਾਂ ਦੀ ਰੱਖਿਆ ਕਰਦਾ ਹੈ। ਐਸੇ ਰਾਖਨਹਾਰ ਦਇਆਲ ॥ ਐਹੋ ਜਿਹਾ ਹੈ ਮੇਰਾ ਰੱਖਿਆ ਕਰਨ ਵਾਲਾ ਮਿਹਰਬਾਨ ਮਾਲਕ। ਜਤ ਕਤ ਦੇਖਉ ਤੁਮ ਪ੍ਰਤਿਪਾਲ ॥੧॥ ਰਹਾਉ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਮੈਂ ਤੈਨੂੰ ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਵੇਖਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਓ। ਜਲੁ ਪੀਵਤ ਜਿਉ ਤਿਖਾ ਮਿਟੰਤ ॥ ਜਿਸ ਤਰ੍ਹਾਂ ਪਾਣੀ ਪੀਣ ਦੁਆਰਾ, ਤੇਹ ਬੁਝ ਜਾਂਦੀ ਹੈ, ਧਨ ਬਿਗਸੈ ਗ੍ਰਿਹਿ ਆਵਤ ਕੰਤ ॥ ਜਿਸ ਤਰ੍ਹਾਂ ਉਸ ਦਾ ਪਤੀ ਘਰ ਆਉਣ ਨਾਲ ਪਤਨੀ ਖਿੜ ਜਾਂਦੀ ਹੈ। ਲੋਭੀ ਕਾ ਧਨੁ ਪ੍ਰਾਣ ਅਧਾਰੁ ॥ ਜਿਸ ਤਰ੍ਹਾਂ ਦੌਲਤ ਲਾਲਚੀ ਬੰਦੇ ਦੀ ਜਿੰਦ ਜਾਨ ਦਾ ਆਸਰਾ ਹੈ, ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥੨॥ ਏਸੇ ਤਰ੍ਹਾਂ ਵਾਹਿਗੁਰੂ ਦਾ ਗੋਲਾ, ਸੁਆਮੀ ਮਾਲਕ ਦੇ ਨਾਮ ਨਾਲ ਪ੍ਰੀਤ ਕਰਦਾ ਹੈ। ਕਿਰਸਾਨੀ ਜਿਉ ਰਾਖੈ ਰਖਵਾਲਾ ॥ ਜਿਸ ਤਰ੍ਹਾਂ ਰਾਖਾ ਆਪਣੀ ਖੇਤੀ ਦੀ ਰਖਵਾਲੀ ਕਰਦਾ ਹੈ, ਮਾਤ ਪਿਤਾ ਦਇਆ ਜਿਉ ਬਾਲਾ ॥ ਜਿਸ ਤਰ੍ਹਾਂ ਮਾਂ ਅਤੇ ਪਿਉ ਆਪਣੇ ਬੱਚੇ ਉਤੇ ਮਿਹਰਬਾਨ ਹੁੰਦੇ ਹਨ, ਪ੍ਰੀਤਮੁ ਦੇਖਿ ਪ੍ਰੀਤਮੁ ਮਿਲਿ ਜਾਇ ॥ ਜਿਸ ਤਰ੍ਹਾਂ ਪਿਆਰੇ ਨੂੰ ਵੇਖਦਿਆਂ ਹੀ ਪਿਆਰਾ ਉਸ ਵਿੱਚ ਲੀਨ ਹੋ ਜਾਂਦਾ ਹੈ। ਤਿਉ ਹਰਿ ਜਨ ਰਾਖੈ ਕੰਠਿ ਲਾਇ ॥੩॥ ਏਸੇ ਤਰ੍ਹਾਂ ਹੀ ਸਾਹਿਬ ਆਪਣੇ ਜਾਂਨਿਸਾਰ ਗੋਲੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਜਿਉ ਅੰਧੁਲੇ ਪੇਖਤ ਹੋਇ ਅਨੰਦ ॥ ਜਿਸ ਤਰ੍ਹਾਂ ਅੰਨ੍ਹਾਂ ਆਦਮੀ ਜੇਕਰ ਉਹ ਵੇਖਣ ਲੱਗ ਜਾਵੇ, ਤਾਂ ਖੁਸ਼ ਹੁੰਦਾ ਹੈ। ਗੂੰਗਾ ਬਕਤ ਗਾਵੈ ਬਹੁ ਛੰਦ ॥ ਜਿਸ ਤਰ੍ਹਾਂ ਗੂੰਗਾ ਆਦਮੀ ਬਹੁਤੇ ਗੀਤ ਉਚਾਰ ਅਤੇ ਗਾ ਕੇ ਖੁਸ਼ ਹੁੰਦਾ ਹੈ। ਪਿੰਗੁਲ ਪਰਬਤ ਪਰਤੇ ਪਾਰਿ ॥ ਜਿਸ ਤਰ੍ਹਾਂ ਲੰਗੜਾ ਲੂਲਾ ਪਹਾੜ ਨੂੰ ਲੰਮ ਕੇ ਪਰਮ ਪ੍ਰਸੰਨ ਹੁਦਾ ਹੈ। ਹਰਿ ਕੈ ਨਾਮਿ ਸਗਲ ਉਧਾਰਿ ॥੪॥ ਏਸੇ ਤਰ੍ਹਾਂ ਪ੍ਰਭੂ ਦਾ ਨਾਮ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਿਉ ਪਾਵਕ ਸੰਗਿ ਸੀਤ ਕੋ ਨਾਸ ॥ ਜਿਸ ਤਰ੍ਹਾਂ ਅੱਗ ਨਾਲ ਪਾਲਾ ਮਿਟ ਜਾਂਦਾ ਹੈ, ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥ ਏਸੇ ਤਰ੍ਹਾਂ ਹੀ ਸਤਿਸੰਗਤ ਅੰਦਰ ਪਾਪ ਨਾਸ ਹੋ ਜਾਂਦੇ ਹਨ। ਜਿਉ ਸਾਬੁਨਿ ਕਾਪਰ ਊਜਲ ਹੋਤ ॥ ਜਿਸ ਤਰ੍ਹਾਂ ਸਾਬਣ ਕੱਪੜੇ ਨੂੰ ਸਾਫ ਸੁਥਰਾ ਕਰ ਦਿੰਦਾ ਹੈ। ਨਾਮ ਜਪਤ ਸਭੁ ਭ੍ਰਮੁ ਭਉ ਖੋਤ ॥੫॥ ਏਸੇ ਤਰ੍ਹਾਂ ਹੀ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੇ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ। ਜਿਉ ਚਕਵੀ ਸੂਰਜ ਕੀ ਆਸ ॥ ਜਿਸ ਤਰ੍ਹਾਂ ਸੁਰਖਾਬਨੀ ਭਾਨ ਦੀ ਉਡੀਕ ਕਰਦੀ ਹੈ, ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥ ਜਿਸ ਤਰ੍ਹਾਂ ਪਪੀਹਾ ਮੀਂਹ ਦੀ ਕਣੀ ਦਾ ਤਿਹਾਇਆ ਹੈ, ਜਿਉ ਕੁਰੰਕ ਨਾਦ ਕਰਨ ਸਮਾਨੇ ॥ ਤੇ ਜਿਸ ਤਰ੍ਹਾਂ ਹਰਨ ਦੇ ਕੰਨ ਸੁਰੀਲੀ ਸੁਰ ਵਿੱਚ ਲੀਨ ਹੋਏ ਹੋਏ ਹਨ, ਤਿਉ ਹਰਿ ਨਾਮ ਹਰਿ ਜਨ ਮਨਹਿ ਸੁਖਾਨੇ ॥੬॥ ਏਸੇ ਤਰ੍ਹਾਂ ਹੀ ਰੱਬ ਦਾ ਨਾਮ ਰੱਬ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ। copyright GurbaniShare.com all right reserved. Email |