Page 915

ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥
ਤੇਰੀ ਮਿਹਰ ਦੁਆਰਾ, ਹੇ ਸਾਈਂ! ਤੇਰੇ ਨਾਲ ਪਿਰਹੜੀ ਪੈਦੀ ਹੈ।

ਦਇਆਲ ਭਏ ਤਾ ਆਏ ਚੀਤਿ ॥
ਜਦ ਤੂੰ ਮਿਹਰਬਾਨ ਥੀ ਵੰਞਦਾ ਹੈਂ, ਕੇਵਲ ਤਦ ਹੀ ਤੂੰ ਸਿਮਰਿਆ ਜਾਂਦਾ ਹੈਂ।

ਦਇਆ ਧਾਰੀ ਤਿਨਿ ਧਾਰਣਹਾਰ ॥
ਜਦ ਉਸ ਧਰਤੀ ਦੇ ਥੰਮਣਹਾਰ ਨੇ ਆਪਣੀ ਰਹਿਮਤ ਕੀਤੀ,

ਬੰਧਨ ਤੇ ਹੋਈ ਛੁਟਕਾਰ ॥੭॥
ਕੇਵਲ ਤਾਂ ਹੀ ਜੰਜਾਲਾਂ ਤੋਂ ਮੇਰੀ ਖਲਾਸੀ ਹੋਈ।

ਸਭਿ ਥਾਨ ਦੇਖੇ ਨੈਣ ਅਲੋਇ ॥
ਆਪਣੀਆਂ ਅੱਖਾਂ ਖੋਲ੍ਹ ਕੇ ਸਾਰੀਆਂ ਥਾਵਾਂ ਵੇਖ ਲਈਆਂ ਹਨ।

ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥
ਉਸ ਦੇ ਬਗੈਰ ਹੋਰ ਕੋਈ ਨਹੀਂ।

ਭ੍ਰਮ ਭੈ ਛੂਟੇ ਗੁਰ ਪਰਸਾਦ ॥
ਗੁਰਾਂ ਦੀ ਦਇਆ ਦੁਆਰਾ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।

ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥
ਅਦਭੁੱਤ ਸੁਆਮੀ ਨੂੰ ਨਾਨਕ ਹਰ ਥਾਂ ਵੇਖ ਰਿਹਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥
ਸਾਰੇ ਪ੍ਰਾਨਧਾਰੀ ਜੋ ਦਿਸ ਆਉਂਦੇ ਹਨ, ਸੰਪੂਰਨ ਤੌਰ ਤੇ ਤੇਰੇ ਹੀ ਟਿਕਾਏ ਹੋਏ ਹਨ, ਹੇ ਮੇਰੇ ਸੁਆਮੀ!

ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥
ਇਸ ਜਿੰਦੜੀ ਦਾ ਪ੍ਰਭੂ ਦੇ ਨਾਮ ਰਾਹੀਂ ਹੀ ਪਾਰ ਉਤਾਰਾ ਹੁੰਦਾ ਹੈ। ਠਹਿਰਾਓ।

ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥
ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ।

ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥
ਜਨਾਹਕਾਰੀ, ਗੁੱਸਾ, ਲਾਲਚ, ਕੂੜ ਅਤੇ ਚੁਗਲੀ ਬਖੀਲੀ ਸਤਿਸੰਗਤ ਅੰਦਰ ਦੂਰ ਹੋ ਜਾਂਦੇ ਹਨ।

ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥
ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾਂ ਪਵਿੱਤਰ ਥੀ ਵੰਞਦੀ ਹੈ ਅਤੇ ਇਨਸਾਨ ਦਾ ਜੀਵਨ ਪੂਰਨ ਸੁਖ ਅਨੰਦ ਅੰਦਰ ਬੀਤਦਾ ਹੈ।

ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥
ਜੀਵ ਜੋ ਸਾਹਿਬ ਦੇ ਗੋਲੇ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਨਾਂ ਏਥੇ ਹਾਰਦਾ ਹੈ ਨਾਂ ਹੀ ਓਥੇ।

ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥
ਆਪਣੀ ਖੁਸ਼ੀ ਗਮੀ ਅਤੇ ਇਸ ਚਿੱਤ ਦੀ ਅਵਸਥਾ ਮੈਂ ਤੇਰੇ ਮੂਹਰੇ ਰੱਖਦਾ ਹਾਂ, ਹੇ ਮੇਰੇ ਸਾਹਿਬ!

ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥
ਤੂੰ ਸਾਰਿਆਂ ਜੀਵਾਂ ਦਾ ਦਾਤਾਰ ਸੁਆਮੀ ਹੈਂ ਅਤੇ ਉਹਨਾਂ ਦੀ ਪਰਵਰਸ਼ ਹੈਂ ਜੋ ਤੈਂ ਰਚੇ ਹਨ।

ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥
ਅਨੇਕਾਂ ਕਰੋੜਾਂ ਵਾਰੀ, ਨਾਨਕ ਤੇਰੇ ਗੋਲਿਆਂ ਉਤੋਂ ਕੁਰਬਾਨ ਵੰਞਦਾ ਹੈ, ਹੇ ਸੁਆਮੀ!

ਰਾਮਕਲੀ ਮਹਲਾ ੫ ਅਸਟਪਦੀ
ਰਾਮਕਲੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥
ਗੁਰਾਂ ਦਾ ਦੀਦਾਰ ਪਾਉਣ ਦੁਆਰਾ ਮੇਰੇ ਸਾਰੇ ਪਾਪ ਮਿੱਟ ਗਏ ਹਨ ਅਤੇ ਉਹ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੰਦੇ ਹਨ।

ਮੇਰਾ ਗੁਰੁ ਪਰਮੇਸਰੁ ਸੁਖਦਾਈ ॥
ਮੇਰਾ ਗੁਰੂ-ਪਾਰਬ੍ਰਹਮ ਅਨੰਦ-ਬਖਸ਼ਣਹਾਰ ਹੈ।

ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥
ਉਹ ਮੇਰੇ ਅੰਦਰ ਸ਼੍ਰੋਮਣੀ ਸਾਹਿਬ ਦਾ ਨਾਮ ਪੱਕਾ ਕਰਦਾ ਹੈ ਅਤੇ ਅਖੀਰ ਨੂੰ ਮੇਰਾ ਸਹਾਇਕ ਹੁੰਦਾ ਹੈ। ਠਹਿਰਾਓ।

ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥
ਸਾਧੂ ਦੇ ਪੈਰਾਂ ਦੀ ਧੂੜ ਆਪਣੇ ਮੁਖ ਨੂੰ ਲਾ ਕੇ ਮੇਰੇ ਅੰਦਰ ਦੇ ਸਾਰੇ ਦੁਖੜਿਆਂ ਦਾ ਅੱਡਾ ਪੁੱਟਿਆ ਗਿਆ ਹੈ।

ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥
ਇਕ ਮੁਹਤ ਵਿੱਚ ਗੁਰੂ ਜੀ ਪਾਪੀਆਂ ਨੂੰ ਪਵਿੱਤਰ ਕਰ ਦਿੰਦੇ ਹਨ ਅਤੇ ਅਵਿਦਿਆ ਦੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ।

ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥
ਪ੍ਰਭੂ ਦੇ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਮਾਨ ਹੈ। ਨਾਨਕ ਨੇ ਉਸ ਦੀ ਪਨਾਹ ਲਈ ਹੈ।

ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥
ਬੇੜੀਆਂ ਕੱਟ ਕੇ, ਗੁਰੂ ਜੀ ਪ੍ਰਾਣੀ ਦੇ ਹਿਰਦੇ ਅੰਦਰ ਪ੍ਰਭੂ ਦੇ ਕੰਵਲ ਚਰਨ ਟਿਕਾ ਦਿੰਦੇ ਹਨ ਅਤੇ ਇਕ ਨਾਮ ਨਾਲ ਉਸ ਦੀ ਪ੍ਰੀਤ ਪਾ ਦਿੰਦੇ ਹਨ।

ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥
ਗੁਰਾਂ ਨੇ ਮੈਨੂੰ ਪਾਪਾਂ ਦੇ ਅੰਨ੍ਹੇ ਖੂਹ ਵਿੱਚੋਂ ਬਾਹਰ ਕੱਢ ਲਿਆ ਹੈ ਅਤੇ ਹੁਣ ਮੈਂ ਸੱਚੇ ਸੁਆਮੀ ਨਾਲ ਜੁੜ ਗਿਆਹਾਂ।

ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥
ਜੰਮਣ ਤੇ ਮਰਨ ਦਾ ਡਰ ਹੁਣ ਮੁੱਕ ਗਿਆ ਹੈ ਅਤੇ ਮੈਂ ਮੁੜ ਕੇ ਕਿਧਰੇ ਭਟਕਾਂਗਾ ਨਹੀਂ।

ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥
ਮੇਰੀ ਇਹ ਆਤਮਾਂ ਨਾਮ ਦੀ ਦਵਾਈ ਨਾਲ ਰੰਗੀਜ ਗਈ ਹੈ ਅਤੇ ਨਾਮ ਦੇ ਸੁਧਾ ਰਸ ਨੂੰ ਪਾਨ ਕਰਕੇ ਰੱਜ ਗਈ ਹੈ।

ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥
ਸਾਧ ਸੰਗਤ ਨਾਲ ਜੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਅਤੇ ਮੁਸਤਕਿਲ (ਸਥਿਰ) ਥਾਂ ਤੇ ਵੱਸਦਾ ਹਾਂ।

ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥
ਪੂਰਨ ਗੁਰਾਂ ਨੇ ਮੈਨੂੰ ਪੂਰਨ ਸਿਖਮਤ ਦਿੱਤੀ ਹੈ ਕਿ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ? ਹੇ ਵੀਰ!

ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥
ਪਰਮ ਸ੍ਰੇਸ਼ਟ ਭਾਗਾਂ ਦੁਆਰਾ ਮੈਨੂੰ ਨਾਮ ਦਾ ਖਜਾਨਾਂ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਮੈਂ ਦੋਜ਼ਕ ਵਿੱਚ ਨਹੀਂ ਪਵਾਂਗਾ, ਹੇ ਨਾਨਕ!

ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥
ਮੇਰੇ ਪੱਲੇ ਟਹਿਲ ਸੇਵਾ, ਸਿਆਣਪ ਅਤੇ ਹੁਨਰ ਨਹੀਂ, ਪਰ ਮੈਂ ਪੂਰਨ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦਾ ਹਾਂ।

ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥
ਉਸ ਸੁਆਮੀ ਦਾ ਸਹਾਰਾ ਲੈਣਾ ਹੀ ਮੇਰੀ ਬੰਦਗੀ, ਤਪੱਸਿਆ, ਸਵੈ-ਜ਼ਬਤ ਅਤੇ ਪਵਿੱਤਰਤਾ ਹੈ। ਉਹ ਆਪ ਹੀ ਸਾਰਾ ਕੁਝ ਕਰਦਾ ਅਤੇ ਕਰਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।

ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥
ਪੁਤਰਾਂ ਵਹੁਟੀ ਤੇ ਘੋਰ ਪਾਪਾਂ ਭਰੀ ਦੁਨੀਆਂ ਅੰਦਰ ਵੱਸਦੇ ਹੋਏ ਦਾ, ਸੱਚੇ ਗੁਰਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।

copyright GurbaniShare.com all right reserved. Email