Page 916

ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥
ਆਪਣੇ ਜੀਵਾਂ ਦੀ ਤੂੰ ਆਪੇ ਹੀ ਸੰਭਾਲ ਕਰਦਾ ਹੈਂ ਅਤੇ ਆਪੇ ਹੀ ਉਹਨਾਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈਂ।

ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥
ਡਰਾਉਣੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ, ਮੈਂ ਸੱਚੇ ਈਮਾਨ ਦਾ ਜ਼ਹਾਜ਼ ਬਣਾਇਆ ਹੈ।

ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥
ਬੇਅੰਦਾਜ਼ ਅਤੇ ਅਨੰਤ ਹੈ ਪ੍ਰਭੂ। ਨਾਨਕ ਉਸ ਉਤੋਂ ਸਦਕੇ ਅਤੇ ਵਾਰਨੇ ਜਾਂਦਾ ਹੈ।

ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥
ਤੂੰ ਅਜਨਮਾਂ, ਸਵੈ-ਪ੍ਰਕਾਸ਼ਵਾਨ ਹੈਂ ਤੇ ਅਮਰ ਹੈ ਤੇਰੀ ਵਿਅਕਤੀ। ਕੇਵਲ ਤੂੰ ਹੀ ਕਾਲੇ ਬੋਲੇ ਕਲਯੁਗ ਨੂੰ ਰੌਸ਼ਨ ਕਰਦਾ ਹੈਂ।

ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥
ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਪ੍ਰਾਣਧਾਰੀਆਂ ਦਾ ਦਾਤਾਰ-ਸੁਆਮੀ ਹੈਂ। ਤੈਨੂੰ ਵੇਖ ਕੇ ਮੈਂ ਰੱਜ ਪੁਜ ਜਾਂਦਾ ਹਾਂ।

ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥
ਤੂੰ ਅਦੁੱਤੀ, ਪਵਿੱਤਰ ਅਤੇ ਡਰ ਰਹਿਤ ਸੁਆਮੀ ਹੈਂ ਅਤੇ ਸਮੂਹ ਧਰਤੀ ਅਤੇ ਪਾਣੀ ਅੰਦਰ ਵਿਆਪਕ ਹੋ ਰਿਹਾ ਹੈਂ।

ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥
ਤੂੰ ਆਪਣੇ ਸਾਧੂਆਂ ਨੂੰ ਆਪਣੀ ਬੰਦਗੀ ਦੀ ਦਾਤ ਬਖਸ਼ਦਾ ਹੈਂ ਹੇ ਵਾਹਿਗੁਰੂ! ਮੇਰੀ ਮਾਤਾ, ਨਾਨਕ ਤੇਰੇ ਪਾਸੋਂ ਖੈਰ ਮੰਗਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਸਲੋਕੁ ॥
ਸਲੋਕ।

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।

ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥
ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।

ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥
ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ ਲੱਗਦੀ ਹੈ।

ਸਤਿਗੁਰਿ ਖੇਪ ਨਿਬਾਹੀ ਸੰਤਹੁ ॥
ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!

ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥
ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ! ਠਹਿਰਾਓ।

ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥
ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!

ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥
ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!

ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥
ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ ਗਿਆ ਹਾਂ, ਹੇ ਸਾਧੂਓ!

ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥
ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।

ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥
ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ ਜਨੋ!

ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥
ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਸੰਤੋ!

ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ ਅਮੜੀ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥
ਖਿਆਲ, ਸ਼ਬਦ ਅਤੇ ਅਮਲ ਦੁਆਰਾ ਮੈਂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥
ਪਰਮ ਕਠਨ ਹੈ ਜਗਤ ਦੀ ਵੱਡੀ ਘੁੰਮਣਘੇਰੀ। ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਤੋਂ ਪਾਰ ਉਤਰ ਗਿਆ ਹਾਂ, ਹੇ ਨਾਨਕ! ਠਹਿਰਾਓ।

ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥
ਮੇਰੇ ਅੰਦਰ ਅਤੇ ਬਾਹਰ ਸਮੂਹ ਸੁਖ ਅਤੇ ਅਨੰਦ ਹੈ। ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੇ ਕੁਕਰਮੀ ਨਾਸ ਹੋ ਗਏ ਹਨ।

ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥
ਜਿਸ ਦੇ ਰਾਹੀਂ ਮੈਨੂੰ ਬੀਮਾਰੀਆਂ ਚਿੰਮੜਦੀਆਂ ਸਨ, ਉਸ ਨੇ ਹੀ ਉਹਨਾਂ ਨੂੰ ਦੂਰ ਕਰ ਦਿੱਤਾ ਹੈ। ਮਹਾਰਾਜ ਮਾਲਕ ਨੇ ਮੇਰੇ ਉਤੇ ਆਪਦੀ ਰਹਿਮਤ ਕੀਤੀ ਹੈ।

ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥
ਪ੍ਰਭੂ ਦੀ ਪਨਾਹ ਲੈਣ ਦੁਆਰਾ, ਸਾਧੂ ਜਨ ਪਾਰ ਉਤਰ ਜਾਂਦੇ ਹਨ। ਮਹਾਂ ਮਗਰੂਰ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।

ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥
ਮੈਨੂੰ ਸਿਰਫ ਇਕ ਨਾਮ ਦਾ ਹੀ ਆਸਰਾ ਹੈ। ਇਹ ਹੀ ਮੇਵਾ ਹੈ ਜਿਹੜਾ ਮੈਂ ਸਤਿਸੰਗਤ ਪਾਸੋਂ ਪ੍ਰਾਪਤ ਕੀਤਾ ਹੈ।

ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥੫॥
ਨਾਂ ਕੋਈ ਬਲਵਾਨ ਹੈ, ਨਾਂ ਹੀ ਕੋਈ ਕਮਜ਼ੋਰ। ਸਾਰੇ ਤੇਰੇ ਨੂਰ ਦਾ ਹੀ ਪ੍ਰਕਾਸ਼ ਹਨ, ਹੇ ਸੁਆਮੀ!

ਤੁਮ੍ਹ੍ਹ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥
ਤੂੰ ਹੇ ਸੁਆਮੀ! ਸਰਬ ਸ਼ਕਤੀਮਾਨ, ਅਕਹਿ ਅਤੇ ਸੋਚ ਵਿਚਾਰ ਤੋਂ ਪਰ੍ਹੇ ਹੈਂ। ਹੰਕਾਰ ਦਾ ਵੈਰੀ, ਇੱਕ ਸੁਆਮੀ ਸਾਰੇ ਵਿਆਪਕ ਹੈ।

ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥
ਤੇਰਾ ਕੌਣ ਮੁੱਲ ਪਾ ਸਕਦਾ ਹੈ, ਹੇ ਸਿਰਜਣਹਾਰ! ਕੋਈ ਭੀ ਸੁਆਮੀ ਦੇ ਅਖੀਰ ਜਾਂ ਓੜਕ ਨੂੰ ਨਹੀਂ ਜਾਣਦਾ।

ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥
ਮੇਰੇ ਸਾਹਿਬ! ਤੁੰ ਨਾਨਕ ਨੂੰ ਆਪਣੇ ਨਾਮ ਦੀ ਵਿਸ਼ਾਲਤਾ ਦੀ ਦਾਤ ਅਤੇ ਆਪਣੇ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।

copyright GurbaniShare.com all right reserved. Email