ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਜੋ ਗੁਰਾਂ ਦੀ ਦਇਆ ਦੁਆਰਾ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ, ਉਨ੍ਹਾਂ ਦੀ ਖਾਹਿਸ਼ ਸਾਈਂ ਵਿੱਚ ਲੀਨ ਹੋ ਜਾਂਦੀ ਹੈ। ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ ਗੁਰੂ ਜੀ ਫਰਮਾਉਂਦੇ ਹਨ, ਅਦੱਭੁਤ (ਵਖਰਾ) ਹੈ ਮਾਰਗ ਸਾਈਂ ਦੇ ਗੋਲਿਆਂ ਦਾ ਹਰ ਯੁੱਗ ਅੰਦਰ। ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥ ਜਿੰਵੇਂ ਤੂੰ ਮੈਨੂੰ ਚਲਾਉਂਦਾ ਹੈਂ, ਤਿਵੇਂ ਹੀ ਮੈਂ ਚਲਦਾ ਹਾਂ, ਹੇ ਸਾਂਈ। ਤੇਰੀਆਂ ਖੂਬੀਆਂ ਨੂੰ ਮੈਂ ਹੋਰ ਕੀ ਜਾਣ ਸਕਦਾ ਹਾਂ। ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥ ਜਿਨ੍ਹਾਂ ਨੂੰ ਤੂੰ ਆਪਣੇ ਰਾਹੇ ਪਾਉਂਦਾ ਹੈਂ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਹ ਉਸੇ ਤਰ੍ਹਾਂ ਚਲਦੇ ਹਨ। ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥ ਜਿਨ੍ਹਾਂ ਨੂੰ ਤੂੰ ਆਪਣੀ ਰਹਿਮਤ ਸਦਕਾ ਆਪਣੇ। ਨਾਮ ਨਾਲ ਜੋੜਦਾ ਹੈ, ਉਹ ਸਦੀਵ ਹੀ ਤੇਰਾ ਸਿਮਰਨ ਕਰਦੇ ਹਨ, ਹੇ ਸੁਆਮੀ ਵਾਹਿਗੁਰੂ। ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥ ਜਿਸ ਨੂੰ ਤੂੰ ਆਪਣੀ ਕਥਾ ਵਾਰਤਾ ਸ੍ਰਵਣ ਕਾਰਵਾਉਂਦਾ ਹੈਂ, ਉਹ ਗੁਰਾਂ ਦੇ ਦਰ ਤੋਂ ਸੁਖ ਪ੍ਰਾਪਤ ਕਰ ਲੈਂਦਾ ਹੈ। ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥ ਗੁਰੂ ਜੀ ਫੁਰਮਾਉਂਦੇ ਹਨ, ਹੇ ਮੇਰੇ ਸੱਚੇ ਸਾਹਿਬ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਬੰਦਿਆ ਨੂੰ ਤੂੰ ਤੋਰਦਾ ਹੈ। ਏਹੁ ਸੋਹਿਲਾ ਸਬਦੁ ਸੁਹਾਵਾ ॥ ਇਹ ਸੁੰਦਰ ਗੁਰਬਾਣੀ ਸੁਆਮੀ ਦੀ ਸਿਫ਼ਤ-ਸਨ ਹੈ। ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਇਹ ਸੱਚੇ ਗੁਰਾਂ ਦੀ ਉਚਾਰਨ ਕੀਤੀ ਹੋਈ ਸੁੰਦਰ ਗੁਰਬਾਣੀ ਸਦੀਵੀ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ। ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥ ਇਹ ਗੁਰਬਾਣੀ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰਦੀ ਹੈ, ਜਿਨ੍ਹਾਂ ਲਈ ਆਦਿ ਪੁਰਖ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥ ਕਈ ਬਹੁਤੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਹਨ, ਪਰ ਬਕਵਾਸ ਕਰਨ ਦੁਆਰਾ ਕਿਸੇ ਨੂੰ ਭੀ ਸਾਈਂ ਪ੍ਰਾਪਤ ਨਹੀਂ ਹੁੰਦਾ। ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥ ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਨੇ ਸੁੰਦਰ ਗੁਰਬਾਣੀ ਸੰਸਾਰ ਨੂੰ ਦਰਸਾਈ ਹੈ। ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥ ਪਵਿੱਤ੍ਰ ਹੋ ਜਾਂਦੇ ਹਨ ਉਹ ਪੁਰਸ਼ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ। ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥ ਜੋ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਿਮਰਦੇ ਹਨ। ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਪਾਵਨ ਪੁਨੀਤ ਥੀ ਵੰਝਦੇ ਹਨ। ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ ਉਹ ਆਪਣੀ ਅੰਮੜੀ ਬਾਬਲ, ਟੱਬਰ ਕਬੀਲੇ ਅਤੇ ਚੰਗੇ ਮਿੱਤ੍ਰਾਂ ਸਣੇ ਪਵਿੱਤ੍ਰ ਹਨ ਅਤੇ ਉਨ੍ਹਾਂ ਦੇ ਸਾਰੇ ਮੇਲ ਮਿਲਾਪੀ ਭੀ ਪਵਿੱਤਰ ਹਨ। ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥ ਜੋ ਰੱਬ ਦਾ ਨਾਮ ਦਾ ਉਚਾਰਨ ਕਰਦੇ ਹਨ, ਉਹ ਪਾਵਨ ਹਨ, ਜੋ ਇਸ ਨੂੰ ਸ੍ਰਵਨ ਕਰਦੇ ਹਨ, ਉਹ ਪਾਵਨ ਹਨ ਅਤੇ ਪਾਵਨ ਹਨ ਉਹ ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ। ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥ ਗੁਰੂ ਜੀ ਫਰਮਾਉਂਦੇ ਹਨ, ਪਾਕ ਹਨ ਉਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਦਾ ਆਰਾਧਨ ਕਰਦੇ ਹਨ। ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥ ਕਰਮ ਕਾਂਡਾਂ ਦੁਆਰਾ ਬ੍ਰਹਮ ਗਿਆਤ ਉਤਪੰਨ ਨਹੀਂ ਹੁੰਦੀ ਅਤੇ ਬ੍ਰਹਮ ਗਿਆਤ ਦੇ ਬਾਝੋਂ ਸੰਦੇਹ ਨਵਿਰਤ ਨਹੀਂ ਹੁੰਦਾ। ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥ ਕਿਸੇ ਭੀ ਜਤਨ ਨਾਲ ਸੰਦੇਹ ਨਵਿਰਤ ਨਹੀਂ ਹੁੰਦਾ। ਲੋਕ ਰਸਮੀ ਸੰਸਕਾਰ ਕਰਦੇ ਹਾਰ ਹੁੱਟ ਗਏ ਹਨ। ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥ ਵਹਿਮ ਭਰਮ ਦੇ ਰਾਹੀਂ ਆਤਮਾ ਗੰਦੀ ਹੋ ਜਾਂਦੀ ਹੈ। ਕਿਸ ਤਰੀਕੇ ਨਾਲ ਇਹ ਸਾਫ਼ ਸੁਥਰੀ ਕੀਤੀ ਜਾ ਸਕਦੀ ਹੈ। ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ ਆਪਣੇ ਆਪ ਨੂੰ ਨਾਮ ਜੋੜ ਕੇ ਤੂੰ ਆਪਣੀ ਆਤਮਾ ਨੂੰ ਧੋ ਲੈ ਅਤੇ ਆਪਣੇ ਮਨ ਨੂੰ ਹਰੀ ਨਾਲ ਜੋੜੀ ਰੱਖ। ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥ ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੀ ਦਇਆ ਦੁਆਰਾ ਬ੍ਰਹਿਮ ਗਿਆਤ ਪੈਦਾ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਸੰਦੇਹ ਦੂਰ ਹੋ ਜਾਂਦਾ ਹੇ। ਜੀਅਹੁ ਮੈਲੇ ਬਾਹਰਹੁ ਨਿਰਮਲ ॥ ਅੰਦਰੋਂ ਗੰਦੇ ਅਤੇ ਬਾਹਰਵਾਰੋਂ ਸ਼ੁੰਧ। ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ ਜੋ ਬਾਹਰਵਾਰੋਂ ਪਵਿੱਤਰ ਅਤੇ ਅੰਦਰੋਂ ਪਲੀਤ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ। ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥ ਉਨ੍ਹਾਂ ਨੂੰ ਲਾਲਚ ਦੀ ਇਹ ਭਾਰੀ ਬੀਮਾਰੀ ਚਿੰਮੜ ਜਾਂਦੀ ਹੈ ਅਤੇ ਆਪਣੇ ਚਿੱਤੋਂ ਉਹ ਮੌਤ ਨੂੰ ਭਲਾ ਦਿੱਦੇ ਹਨ। ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਵੇਦਾਂ ਅੰਦਰ ਨਾਮ ਪਰਮ ਸ੍ਰੇਸ਼ਟ ਵਸਤੂ ਹੈ। ਉਸ ਨੂੰ ਉਹ ਸੁਣਦੇ ਹੀ ਨਹੀਂ ਅਤੇ ਭੂਤਨਿਆਂ ਵਾਂਗੂੰ ਭਟਕਦੇ ਫਿਰਦੇ ਹਨ। ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥ ਗੁਰੂ ਜੀ ਆਖਦੇ ਹਨ, ਜੋ ਸੱਚ ਨੂੰ ਛੱਡ ਦਿੰਦੇ ਹਨ ਅਤੇ ਝੂਠ ਨਾਲ ਚਿੰਮੜਦੇ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ। ਜੀਅਹੁ ਨਿਰਮਲ ਬਾਹਰਹੁ ਨਿਰਮਲ ॥ ਸਾਫ਼ ਸੁਥਰੇ ਅੰਦਰੋਂ ਅਤੇ ਸਾਫ਼ ਸੁਥਰੇ ਬਾਹਰੋਂ। ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥ ਜੋ ਬਾਹਰੋਂ ਪਵਿੱਤਰ ਹਨ ਅਤੇ ਅੰਦਰੋਂ ਭੀ ਪਵਿੱਤਰ ਉਹ ਸੱਚੇ ਗੁਰਾਂ ਦੇ ਰਾਹੀਂ ਨੇਕ ਕਰਮ ਕਰਦੇ ਹਨ। ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥ ਉਨ੍ਹਾਂ ਨੂੰ ਝੂਠ ਦੀ ਕਨਸੋ ਭੀ ਨਹੀਂ ਪੁੱਜਦੀ ਅਤੇ ਉਨ੍ਹਾਂ ਦੀ ਖਾਹਿਸ਼ ਸੱਚ ਅੰਦਰ ਲੀਨ ਹੋ ਜਾਂਦੀ ਹੈ। ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥ ਜੋ ਮਨੁੱਖੀ ਜੀਵਨ ਦੇ ਜਵੇਹਰ ਨੂੰ ਖੱਟ ਲੈਂਦੇ ਹਨ, ਉਹ ਪਰਮ ਉੱਤਮ ਵਾਪਾਰੀ ਹਨ। ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥ ਗੁਰੂ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦਾ ਹਿਰਦਾ ਪਵਿੱਤ੍ਰ ਹੈ ਉਹ ਸਦੀਵ ਹੀ ਪ੍ਰਭੂ ਨਾਲ ਵੱਸਦੇ ਹਨ। ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਜੇਕਰ ਕੋਈ ਮੁਰੀਦ ਗੁਰਾਂ ਦਾ ਸੱਚਾ ਅਗਿਆਦਾਰੀ ਹੋ ਜਾਵੇ। ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥ ਜੇਕਰ ਕੋਈ ਸਿੱਖ ਆਪਣੇ ਗੁਰਾਂ ਵੱਲ ਮੂੰਹ ਕਰਦਾ ਹੈ, ਤਾਂ ਉਸ ਦੀ ਆਤਮਾ ਗੁਰਾਂ ਨਾਲ ਵੱਸਦੀ ਹੈ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ ਉਹ ਸੱਚੇ ਦਿਲੋਂ ਗੁਰਾਂ ਦੇ ਚਰਨਾਂ (ਬਚਨਾਂ) ਦਾ ਆਰਾਧਨ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਸਿਮਰਦਾ ਹੈ। ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ, ਉਹ ਹਮੇਸ਼ਾਂ ਹੀ ਗੁਰਾਂ ਦੇ ਵਿੱਚ ਰਹਿੰਦਾ ਹੈ, ਗੁਰਾਂ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ। copyright GurbaniShare.com all right reserved. Email |