ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥ ਗੁਰੂ ਜੀ ਆਖਦੇ ਹਨ, ਸੁਆਮੀ ਖ਼ੁਦ, ਜੋ ਸਾਰੇ ਕੰਮ ਕਰਨ ਨੂੰ ਸਮਰਥ ਹੈ, ਮੈਨੂੰ ਮਿਲ ਪਿਆ ਹੈ। ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਹੇ ਮੇਰੀ ਦੇਹ, ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜਾ ਕੰਮ ਕੀਤਾ ਹੈ? ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਤੂੰ ਕਿਹੜਾ ਕੰਮ ਕੀਤਾ ਹੈ ਹੇ ਮੈਡੀ ਦੇਹ! ਜਦ ਦੀ ਤੂੰ ਇਸ ਜਹਾਨ ਅੰਦਰ ਆਈ ਹੈਂ? ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ ਉਹ ਸਾਹਿਬ ਜਿਸ ਨੇ ਤੇਰੀ ਬਨਾਵਟ ਬਣਾਈ ਹੈ, ਉਸ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਇਆ। ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥ ਗੁਰਾਂ ਦੀ ਮਿਹਰ ਦੁਆਰਾ ਸਾਹਿਬ ਮੇਰੇ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਜੋ ਕੁਛ ਮੇਰੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਮੈਂ ਉਸ ਨੂੰ ਪਾ ਲੈਂਦਾ ਹਾਂ। ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ ਗੁਰੂ ਜੀ ਆਖਦੇ ਹਨ, ਉਸ ਦੀ ਇਹ ਦੇਹ, ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ, ਕਬੂਲ ਪੈ ਵੰਝਦੀ ਹੈ। ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹੇ ਮੇਰੀਓ ਅੱਖੋ! ਵਾਹਿਗੁਰੂ ਨੇ ਤੁਹਾਡੇ ਵਿੱਚ ਨੂਰ ਟਿਕਾਇਆ ਹੈ ਇਸ ਲਈ ਪ੍ਰਭੂ ਦੇ ਬਗੈਰ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ। ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਸੁਆਮੀ ਦੇ ਬਾਝੋਂ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ ਕੇਵਲ ਮਿਹਰਬਾਨ ਮਾਲਕ ਸੁਆਮੀ ਹੀ ਵੇਖਣ ਦੇ ਯੋਗ ਹੈ। ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਇਹ ਸਾਰਾ ਜਗਤ ਜਿਹੜਾ ਤੁਸੀਂ ਵੇਖਦੇ ਹੋ, ਸਾਈਂ ਦਾ ਸਰੂਪ ਹੈ, ਕੇਵਲ ਵਾਹਿਗੁਰੂ ਦੀ ਤਸਵੀਰ ਹੀ ਇਸ ਵਿੱਚ ਦਿੱਸ ਆਉਂਦੀ ਹੈ। ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਗੁਰਾਂ ਦੀ ਦਇਆ ਦੁਆਰਾ ਜਦ ਮੈਂ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹਾਂ ਮੈਂ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹਾਂ। ਪ੍ਰਭੂ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ। ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥ ਗੁਰੂ ਜੀ ਫੁਰਮਾਉਂਦੇ ਹਨ, ਇਹ ਅੱਖਾਂ ਅੰਨ੍ਹੀਆਂ ਸਨ, ਸੱਚੇ ਗੁਰਾਂ ਨੂੰ ਮਿਲ ਪੈਣ ਉੱਤੇ ਇਹ ਸਾਰਾ ਕੁੱਛ ਵੇਖਣ ਵਾਲੀਆਂ ਹੋ ਗਈਆਂ ਹਨ। ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ ਹੇ ਮੇਰਿਓ ਕੰਨੋ! ਤੁਹਾਨੂੰ ਸਤਿਨਾਮ ਸੁਣਨ ਲਈ ਭੇਜਿਆ ਗਿਆ ਹੈ। ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਤੁਹਾਨੂੰ ਸਤਿਨਾਮ ਸ੍ਰਵਣ ਕਰਨ ਲਈ ਭੇਜਿਆ ਅਤੇ ਦੇਹ ਨਾਲ ਲਾਇਆ ਗਿਆ ਹੈ। ਤੁਸੀਂ ਸੱਚੀ ਗੁਰਬਾਣੀ ਸ੍ਰਵਣ ਕਰੋ। ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥ ਜਿਸ ਨੂੰ ਸੁਣਨ ਦੁਆਰਾ ਆਤਮਾ ਦਤੇ ਦੇਹ ਸੁਰਜੀਤ ਜੋ ਜਾਂਦੇ ਹਨ ਅਤੇ ਜੀਭ੍ਹਾ ਨਾਮ-ਅੰਮ੍ਰਿਤ ਵਿੱਚ ਲੀਨ ਹੋ ਜਾਂਦੀ ਹੈ। ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥ ਸੱਚਾ ਸੁਆਮੀ ਅਦ੍ਰਿਸ਼ਟ ਅਤੇ ਅਸਚਰਜ ਹੈ। ਉਸ ਦੀ ਅਵਸਥਾ ਆਖੀ ਨਹੀਂ ਜਾ ਸਕਦੀ। ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥ ਗੁਰੂ ਜੀ ਫ਼ੁਰਮਾਉਂਦੇ ਹਨ, ਤੁਸੀਂ ਅੰਮ੍ਰਿਤ ਨਾਮ ਨੂੰ ਸ੍ਰਵਣ ਕਰੋ ਅਤੇ ਪੁਨੀਤ ਹੋ ਜਾਓ। ਤੁਹਾਨੂੰ ਹੇ ਕੰਨੋ! ਸੱਚਾ ਨਾਮ ਸੁਣਨ ਲਈ ਭੇਜਿਆ ਗਿਆ ਹੈ। ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ ਜਿੰਦੜੀ ਨੂੰ ਸਰੀਰ ਦੀ ਕੰਦਰਾ ਵਿੱਚ ਟਿਕਾ ਕੇ ਸੁਆਮੀ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਉਣਾ ਅਰੰਭ ਕਰ ਦਿੱਤਾ। ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥ ਉਸ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਇਆ। ਨੌਂ ਦਰਵਾਜੇ ਉਸ ਨੇ ਪ੍ਰਤੱਖ ਕਰ ਦਿਤੇ ਹਨ ਤੇ ਦਸਵੇਂ ਨੂੰ ਉਸ ਨੇ ਛੁਪਾ ਰੱਖਿਆ ਹੈ। ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ ਗੁਰਾਂ ਦੇ ਰਾਹੀਂ ਕਈਆਂ ਨੂੰ ਸ਼ਰਧਾ ਪ੍ਰਦਾਨ ਕਰਕੇ ਉਹ ਦਸਵਾਂ ਦੁਆਰ ਵਿਖਾਲ ਦਿੰਦਾ ਹੈ। ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥ ਅਨੇਕਾਂ ਸਰੂਪਾਂ ਵਾਲਾ ਸੁਆਮੀ ਅਤੇ ਨਾਮ ਦੇ ਨੌ ਖ਼ਜ਼ਾਨੇ ਉੱਥੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ। ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥ ਗੁਰੂ ਜੀ ਫ਼ੁਰਮਾਉਂਦੇ ਹਨ, ਆਤਮਾ ਨੂੰ ਦੇਹ ਦੀ ਕੰਦਰਾ ਵਿੱਚ ਟਿਕਾ ਕੇ ਪ੍ਰੀਤਵਾਨ ਪ੍ਰਭੂ ਨੇ ਸੁਆਸਾਂ ਨੂੰ ਸੰਗੀਤਕ ਸਾਜ਼ ਵਜੋਂ ਵਜਾਇਆ ਹੈ। ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥ ਤੂੰ ਸੁਆਮੀ ਦੀ ਸਿਫ਼ਤ-ਸਲਾਹ ਦੇ ਇਸ ਸੱਚੇ ਗੀਤ ਨੂੰ ਆਪਣੀ ਆਤਮਾ ਦੇ ਸੱਚੇ ਘਰ ਅੰਦਰ ਗਾਇਨ ਕਰ। ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥ ਸੱਚੇ ਘਰ (ਅਵਸਥਾ) ਅੰਦਰ ਜਿਥੇ ਸੰਤ ਸਦੀਵ ਹੀ ਸੱਚੇ ਸੁਆਮੀ ਨੂੰ ਸਿਮਰਦੇ ਹਨ, ਤੂੰ ਵਾਹਿਗੁਰੂ ਦੇ ਜੱਸ ਦਾ ਗਤੀ ਗਾਇਨ ਕਰ। ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥ ਜਦ ਉਹ ਤੈਨੂੰ ਚੰਗੇ ਲਗਦੇ ਹਨ ਅਤੇ ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਤੂੰ ਸਮਝ ਬਖ਼ਸਦਾ ਹੈਂ, ਉਹ ਤੈਡਾਂ ਆਰਾਧਨ ਕਰਦੇ ਹਨ, ਮੇਰੇ ਸੱਚੇ ਸੁਆਮੀ। ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥ ਏਹ ਸੱਚ ਸਾਰਿਆਂ ਦਾ ਸ੍ਰੋਮਣੀ ਸਾਹਿਬ ਹੈ। ਕੇਵਲ ਉਹ ਪੁਰਸ਼ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ। ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਇਸ ਸੱਚੇ ਖ਼ੁਸ਼ੀ ਦੇ ਗਾਉਦ ਨੂੰ ਆਪਣੀ ਆਤਮਾ ਦੇ ਸੱਚੇ ਘਰ (ਟਿਕਾਣੇ) ਅੰਦਰ ਗਾਇਨ ਕਰ। ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥ ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ। ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥ ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ। ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥ ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ। ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ। ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥ ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ। copyright GurbaniShare.com all right reserved. Email |