ਰਾਮਕਲੀ ਮਹਲਾ ੫ ॥ ਰਮਾਕਲੀ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ ਇਨਸਾਨ। ਅਤੇ ਉਸ ਨੂੰ ਇਕ ਲਮ੍ਹੇ ਲਈ ਭੀ ਨਾਂ ਭੁਲਾ। ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥ ਤੂੰ ਆਪਣੇ ਸਰਬ-ਵਿਆਪਕ ਸੁਆਮੀ ਮਾਲਕ ਵਾਹਿਗੁਰੂ ਨੂੰ ਆਪਣੇ ਗਲੇ ਅਤੇ ਹਿਰਦੇ ਅੰਦਰ ਅਸਥਾਪਨ ਕਰ। ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥ ਆਪਣੇ ਮਨ ਅੰਦਰ ਤੂੰ ਆਪਣੇ ਬਲਵਾਨ, ਵਿਆਪਕ ਅਤੇ ਪਵਿੱਤਰ ਪਰਮ ਪ੍ਰਭੂ ਮਾਲਕ ਵਾਹਿਗੁਰੂ ਨੂੰ ਟਿਕਾ। ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥ ਉਹ ਡਰ ਨੂੰ ਮੇਟਣਹਾਰ, ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਸਹਿ ਸੰਸਾਰੀ ਕਸ਼ਟਾਂ ਨੂੰ ਦੂਰ ਕਰਨਹਾਰ ਹੈ। ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥ ਤੂੰ ਮਾਲਕ ਦੀਆਂ ਖੂਬੀਆਂ ਦਾ ਚਿੰਤਨ ਕਰ ਜੇ ਸ਼੍ਰਿਸ਼ਟੀ ਦਾ ਸੁਆਮੀ, ਰਚਨਾ ਦਾ ਪਾਲਣਹਾਰ, ਮਾਇਆ ਦਾ ਪਤੀ ਅਤੇ ਕੁਲ ਆਲਮ ਦਾ ਪਾਤਿਸ਼ਾਹ ਹੈ। ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥ ਨਾਨਕ ਪ੍ਰਾਰਥਨਾਂ ਕਰਦਾ ਹੈ, ਸੰਤਾਂ ਨਾਲ ਜੁੜ ਕੇ ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਚਰਨ ਕਮਲ ਆਧਾਰੁ ਜਨ ਕਾ ਆਸਰਾ ॥ ਸੁਆਮੀ ਦੇ ਕੰਵਲ ਚਰਨ ਉਸ ਦੇ ਨਫਰ ਦੀ ਪਨਾਹ ਅਤੇ ਓਟ ਹਨ। ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ ਆਪਣੇ ਹਿਰਦੇ ਅੰਦਰ ਉਹ ਬੇਅੰਤ ਸੁਆਮੀ ਦੇ ਨਾਮ ਨੂੰ ਟਿਕਾਉਂਦਾ ਹੈ ਅਤੇ ਕੇਵਲ ਇਹ ਹੀ ਉਸ ਦੀ ਦੌਲਤ, ਜਾਇਦਾਦ ਅਤੇ ਖਜ਼ਾਨਾ ਹੈ। ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ ਜੋ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਤ੍ਰ ਕਰਦੇ ਹਨ, ਉਹ ਆਪਣੇ ਅੱਦੁਤੀ ਸੁਆਮੀ ਦੇ ਸੁਆਦ ਨੂੰ ਮਾਣਦੇ ਹਨ। ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ ਨਿਆਮਤਾਂ, ਰੰਗਰਲੀਆਂ ਅਤੇ ਸੁੰਦਰਤਾ ਦੇ ਮਾਨਣ ਨਾਲੋਂ ਆਪਣੇ ਹਰ ਸੁਆਸ ਨਾਲ ਉਹ ਬੇਅੰਤ ਸਾਹਿਬ ਦਾ ਸਿਮਰਨ ਕਰਦੇ ਹਨ। ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ ਸੁਆਮੀ ਦਾ ਨਾਮ ਪਾਪਾਂ ਨੂੰ ਨਸ਼ਟ ਕਰਨ ਵਾਲਾ ਅਤੇ ਅਦੁਤੀ ਪ੍ਰਾਸਚਿਤ ਕਰਮ ਹੈ। ਕੇਵਲ ਨਾਮ ਹੀ ਮੌਤ ਦੇ ਡਰ ਨੂੰ ਦੂਰ ਕਰਦਾ ਹੈ। ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥ ਗੁਰੂ ਜੀ ਬਿਨੇ ਕਰਦੇ ਹਨ, ਪ੍ਰਭੂ ਦੇ ਕੰਵਲ ਪੈਰਾਂ ਦਾ ਆਧਾਰ ਹੀ ਉਸ ਦੇ ਗੁਮਾਸ਼ਤੇ ਦੀ ਪੂੰਜੀ ਹੈ। ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥ ਅਣਗਿਣਤ ਹਨ ਤੇਰੀਆਂ ਵਡਿਆਈਆਂ, ਹੇ ਮੇਰੇ ਸਾਈਂ! ਕੋਈ ਜਣਾ ਕਦੇ ਉਨ੍ਹਾਂ ਨੂੰ ਜਾਣ ਨਹੀਂ ਸਕਦਾ। ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥ ਤੇਰਿਆਂ ਅਸਚਰਜ ਕੌਤਕਾਂ ਨੂੰ ਵੇਖ ਅਤੇ ਸੁਣ ਕੇ, ਹੇ ਮਇਆਵਾਨ ਮਾਲਕ ਤੇਰੇ ਸੰਤ ਉਨ੍ਹਾਂ ਨੂੰ ਵਰਨਣ ਕਰਦੇ ਹਨ। ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥ ਸਮੂਹ ਪ੍ਰਾਣਧਾਰੀ ਤੇਰਾ ਆਰਾਧਨ ਕਰਦੇ ਹਨ, ਹੇ ਮਨੁੱਖਾਂ ਦੇ ਮਾਲਕ ਪ੍ਰਭੂ। ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥ ਹੇ ਰਹਿਮਤ ਦੇ ਪੁੰਜ ਅਤੇ ਕੁਲ ਆਲਮ ਦੇ ਸੁਆਮੀ ਵਾਹਿਗੁਰੂ! ਸਾਰੇ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਇੱਕੋ ਦਾਤਾਰ ਹੈ। ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ ਕੇਵਲ ਉਹ ਹੀ ਪਵਿੱਤ੍ਰ, ਨੇਕ ਅਤੇ ਸਿਆਣਾ ਹੈ, ਜਿਸ ਨੂੰ ਮਹਾਰਾਜ ਮਾਲਕ ਪ੍ਰਵਾਨ ਕਰ ਲੈਂਦਾ ਹੈ। ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥ ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ ਜਿਸ ਨੂੰ ਮਿਹਰ ਧਾਰਦਾ ਹੈਂ, ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ। ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥ ਹੇ ਪ੍ਰਭੂ। ਮੈਂ ਨੇਕੀ ਵਿਹੂਣ ਅਤੇ ਨਿਖਸਮੇ ਨੇ ਤੇਰੀ ਪਨਾਹ ਲਈ ਹੈ। ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥ ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰੂ ਪ੍ਰਮੇਸ਼ਰ ਉੱਤੋਂ ਜਿਨ੍ਹਾਂ ਨੇ ਮੇਰੇ ਅੰਤਰ ਆਤਮੇ ਸੁਆਮੀ ਦਾ ਨਾਮ ਅਸਥਾਪਨ ਕੀਤਾ ਹੈ। ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥ ਗੁਰਦੇਵ ਜੀ ਨੇ ਮੈਨੂੰ ਨਾਮ ਬਖਸ਼ਿਆਂ ਹੈ, ਖੁਸ਼ੀ ਉਤਪੰਨ ਹੋ ਆਈ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥ ਮੇਰੀ ਅੱਗ ਬੁੱਝ ਗਈ ਹੈ, ਮੈਨੂੰ ਠੰਢ ਪੈ ਗਈ ਹੈ ਅਤੇ ਦੇਰ ਤੋਂ ਵਿਛੁੜੇ ਹੋਏ ਆਪਣੇ ਸੁਆਮੀ ਨੂੰ ਮੈਂ ਮਿਲ ਪਿਆ ਹਾਂ। ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥ ਪ੍ਰਭੂ ਦੀ ਉਤਕ੍ਰਿਸ਼ਟਤ (ਗੁਣਾਂ ਵਾਲੀ) ਪਰਮ ਕੀਰਤੀ ਗਾਇਨ ਕਰਨ ਦੁਆਰਾ ਮੈਨੂੰ ਸੱਚੀ ਖੁਸ਼ੀ ਪ੍ਰਸ਼ਨਤਾ ਅਤੇ ਅਡੋਲਤਾ ਪ੍ਰਾਪਤ ਹੋ ਗਈਆਂ ਹਨ। ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥ ਗੁਰੂ ਜੀ ਪ੍ਰਾਰਥਨਾ ਕਰਦੇ ਹਨ, ਪੂਰਨ ਗੁਰਦੇਵ ਜੀ ਪਾਸੋਂ ਮੈਂ ਸੁਆਮੀ ਦਾ ਨਾਮ ਪ੍ਰਾਪਤ ਕੀਤਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਅੰਮ੍ਰਿਤ ਵੇਲੇ ਉੱਠ ਕੇ ਅਤੇ ਸਤਿਸੰਗਤ ਨਾਲ ਜੁੜ ਕੇ ਤੂੰ ਨਿਤਾਪ੍ਰਤੀ ਸੁਰੀਲੇ ਬੈਕੁੰਠੀ ਕੀਰਤਨ ਨੂੰ ਆਲਾਪ। ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਗੁਰਾਂ ਦੇ ਉਪਦੇਸ਼ ਦੁਆਰਾ, ਸਾਈਂ ਦੇ ਨਾਮ ਨੂੰ ਉਚਾਰ ਕੇ ਸਾਰੇ ਪਾਪ ਅਤੇ ਉਣਤਾਈਆਂ ਮਿੱਟ ਜਾਂਦੀਆਂ ਹਨ। ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਅੰਮ੍ਰਿਤ ਪਾਨ ਕਰ ਅਤੇ ਰਾਤ ਦਿਨ ਇਸ ਦਾ ਚਿੰਤਨ ਕਰ। ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਕੇ ਪ੍ਰਾਣੀ ਕੋੜਾਂ ਹੀ ਯੱਗਾਂ, ਪੁੰਨ ਦਾਨਾਂ ਅਤੇ ਪਾਰਮਕ ਸੰਸਕਾਰਾਂ ਦਾ ਫਲ ਪ੍ਰਾਪਤ ਕਰ ਲੈਂਦਾ ਹੈ। ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਮਨਸਮੋਹਣੇ ਮਿਹਰਬਾਨ ਮਾਲਕ ਦੀ ਪਿਆਰ-ਉਪਾਸ਼ਨ ਸਾਰਿਆਂ ਦੂਸਣਾਂ ਨੂੰ ਦੂਰ ਕਰ ਦਿੰਦੀ ਹੈ। ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥ ਗੁਰੂਜੀ ਬਿਨੈ ਕਰਦੇ ਹਨ, (ਮਨੁਸ਼ਾ ਸ਼ੇਰ ਸਰੂਪ) ਪ੍ਰਭੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ। ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥ ਤੇਰੀ ਭਜਨ ਬੰਦਗੀ ਹੇ ਸ਼੍ਰਿਸ਼ਟੀ ਦੇ ਸੁਆਮੀ ਆਰਾਮ ਦਾ ਸਮੁੰਦਰ ਹੈ, ਇਸ ਲਈ ਤੇਰੇ ਸੰਗ ਸਦਾ ਤੈਡੀ ਮਹਿਮਾ ਹੀ ਗਾਇਨ ਕਰਦੇ ਹਨ। ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥ ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਹ ਅਨੇਕਾਂ ਖੁਸ਼ੀਆਂ ਹੁਲਾਸ ਅਤੇ ਆਰਾਮ ਪਾ ਲੈਂਦੇ ਹਨ। ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ ਆਰਾਮ ਦੇ ਖਜ਼ਾਨੇ ਨਾਲ ਮਿਲ ਕੇ, ਉਨ੍ਹਾਂ ਦੇ ਗਮਮਿੱਟ ਜਾਂਦੇ ਹਨ ਤੇ ਆਪਣੀ ਮਿਹਰ ਧਾਰ ਕੇ ਸਾਈਂ ਉਨ੍ਹਾਂ ਦੀ ਰੱਖਿਆ ਕਰਦਾ ਹੈ। ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥ ਜੋ ਕੋਈ ਭੀ ਵਾਹਿਗੁਰੂ ਦੇ ਚਰਨਾਂ (ਨਾਮ) ਨਾਲ ਜੁੜਦਾ ਹੈ, ਉਸ ਦਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਆਪਣੀ ਜੀਭ੍ਹਾ ਨਾਲ ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ। ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥ ਤਾਂ ਉਹ ਇੱਕ ਹਰੀ ਨੂੰ ਹੀ ਯਾਦ ਕਰਦਾ ਹੈ, ਇੱਕ ਸੁਆਮੀ ਦਾ ਹੀ ਜੱਸ ਆਲਾਪਦਾ ਹੈ ਅਤੇ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹੈ। copyright GurbaniShare.com all right reserved. Email |