ਓਹੁ ਬਿਧਾਤਾ ਮਨੁ ਤਨੁ ਦੇਇ ॥ ਉਹ ਪ੍ਰਾਲਭਧ ਦਾ ਲਿਖਾਰੀ ਸਾਨੂੰ ਮਨ ਤੇ ਤਨ ਬਖਸ਼ਦਾ ਹੈ। ਓਹੁ ਬਿਧਾਤਾ ਮਨਿ ਮੁਖਿ ਸੋਇ ॥ ਓਹ ਸ੍ਰੇਸ਼ਟ ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਤੇ ਮੂੰਹ ਵਿੱਚ ਰਖਦਾ ਹਾਂ। ਪ੍ਰਭੁ ਜਗਜੀਵਨੁ ਅਵਰੁ ਨ ਕੋਇ ॥ ਸੁਆਮੀ ਸੰਸਾਰ ਦੀ ਜਿੰਦ ਜਾਨ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ। ਨਾਨਕ ਨਾਮਿ ਰਤੇ ਪਤਿ ਹੋਇ ॥੯॥ ਨਾਨਕ, ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਨੀ ਇੱਜ਼ਤ ਆਬਰੂ ਪਾ ਲੈਂਦਾ ਹੈ। ਰਾਜਨ ਰਾਮ ਰਵੈ ਹਿਤਕਾਰਿ ॥ ਜੋ ਪ੍ਰੇਮ ਨਾਲ ਪ੍ਰਭੂ ਪਾਤਿਸ਼ਾਹ ਦੇ ਨਾਮ ਦਾ ਉਚਾਰਨ ਕਰਦਾ ਹੈ, ਰਣ ਮਹਿ ਲੂਝੈ ਮਨੂਆ ਮਾਰਿ ॥ ਯੁੱਧ ਅੰਦਰ ਜੂਝ ਕੇ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥ ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਰੰਗਿਆ ਰਹਿੰਦਾ ਹੈ। ਤੀਨਿ ਭਵਨ ਜੁਗ ਚਾਰੇ ਜਾਤਾ ॥ ਉਹ ਤਿੰਨਾਂ ਜਹਾਨਾਂ ਅਤੇ ਚਾਰੇ ਹੀ ਯੁੱਗਾਂ ਅੰਦਰ ਮਸ਼ਹੂਰ ਹੋ ਜਾਂਦਾ ਹੈ। ਜਿਨਿ ਜਾਤਾ ਸੋ ਤਿਸ ਹੀ ਜੇਹਾ ॥ ਜੋ ਸੁਆਮੀ ਨੂੰ ਜਾਣਦਾ ਹੈ, ਉਹ ਉਸ ਵਰਗਾ ਹੀ ਬੀ ਵੰਝਦਾ ਹੈ। ਅਤਿ ਨਿਰਮਾਇਲੁ ਸੀਝਸਿ ਦੇਹਾ ॥ ਉਹ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦਾ ਸਰੀਰ ਵੀ ਪਾਵਨ ਥੀ ਵੰਝਦਾ ਹੈ। ਰਹਸੀ ਰਾਮੁ ਰਿਦੈ ਇਕ ਭਾਇ ॥ ਇਕ ਪ੍ਰਭੂ ਦੇ ਪ੍ਰੇਮ ਅੰਦਰ ਉਹ ਆਪਣੇ ਮਨ ਵਿੱਚ ਪ੍ਰਸੰਨ ਰਹਿੰਦਾ ਹੈ। ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥ ਆਪਣੇ ਮਨ ਅੰਦਰ ਉਹ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ। ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ ਤੂੰ ਆਪਣੇ ਸੁਆਮੀ ਨਾਲ ਗੁੱਸੇ ਨਾਂ ਹੋ ਤੇ ਉਸ ਦੇ ਸੁਧਾਰਸ ਨੂੰ ਪਾਨ ਕਰ। ਇਸ ਜੱਗ ਵਿੱਚ ਤੂੰ ਬਹੁਤ ਚਿਰ ਨਹੀਂ ਠਹਿਰਾਨਾ। ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਪਾਤਿਸ਼ਾਹਾਂ, ਸ਼ਹਿਨਸ਼ਾਹਾਂ ਅਤੇ ਕੰਗਾਲਾਂ ਨੇ ਨਹੀਂ ਰਹਿਣਾ। ਚੌਹਾਂ ਯੁੱਗਾਂ ਅੰਦਰ ਇਹ ਆਉਂਦੇ ਤੇ ਜਾਂਦੇ ਰਹਿੰਦੇ ਹਨ। ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਹਰ ਕੋਈ ਆਖਦਾ ਹੈ, ਮੈਂ ਏਥੇ ਰਹਾਂਗਾ ਅਤੇ ਫਿਰ ਭੀ ਕੋਈ ਨਹੀਂ ਰਹਿੰਦਾ। ਤਾਂ ਮੈਂ ਕੀਹਦੇ ਅੱਗੇ ਪ੍ਰਾਰਥਨਾ ਕਰਾਂ, ਜਦ ਕੋਈ ਥਿਰ ਹੀ ਨਹੀਂ। ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ ਸੁਆਮੀ ਮਾਲਕ ਦਾ ਕੇਵਲ ਨਾਮ ਸਦੀਵ ਹੀ ਗੁਣਕਾਰੀ ਹੈ। ਕੇਵਲ ਗੁਰੂ ਜੀ ਹੀ ਪ੍ਰਾਨੀ ਨੂੰ ਇੱਜ਼ਤ ਆਬਰੂ ਤੇ ਯਥਾਰਥ ਸਮਝ ਪ੍ਰਦਾਨ ਕਰਦੇ ਹਨ। ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ ਮੇਰਾ ਸ਼ਰਮੀਲਾਪਣ ਤੇ ਝਿਜਕ ਮਰ ਤੇ ਮਿੱਟ ਗਈ ਹੈ ਅਤੇ ਮੈਂ ਹੁਣ ਮੂੰਹ ਤੋਂ ਪੱਲਾ ਚੁਕ ਕੇ ਤੁਰਦੀ ਹਾਂ। ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ ਮੇਰੀ ਝੱਲੀ ਸੱਸ (ਮਾਇਆ) ਕਮਲੀ ਹੋ ਗਈ ਹੈ ਅਤੇ ਉਸ ਦਾ ਡਰ ਹੁਣ ਮੇਰੇ ਸੀਸ ਤੋਂ ਲਹਿ ਗਿਆ ਹੈ। ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ ਲਾਡਲੇ ਪਿਆਰ ਨਾਲ ਮੇਰੇ ਪ੍ਰੀਤਮ ਨੇ ਮੈਨੂੰ ਸੱਦ ਘੱਲਿਆ ਹੈ ਅਤੇ ਮੇਰੇ ਰਿਦੇ ਅੰਦਰ ਉਸ ਦੇ ਨਾਮ ਦੀ ਖੁਸ਼ੀ ਹੈ। ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥ ਆਪਣੇ ਦਿਲਜਾਨੀ (ਪਿਆਰੇ) ਦੀ ਪ੍ਰੀਤ ਨਾਲ ਰੰਗੀਜ ਮੈਂ ਉਸ ਦੀ ਟਹਿਲਣ ਥੀ ਗਈ ਹਾਂ, ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਬੇਫ਼ਿਕਰ ਹੋ ਗਈ ਹਾਂ। ਲਾਹਾ ਨਾਮੁ ਰਤਨੁ ਜਪਿ ਸਾਰੁ ॥ ਤੂੰ ਨਾਮ ਦੇ ਹੀਰੇ ਦੇ ਸਿਮਰਨ ਦਾ ਪਰਮ ਸ੍ਰੇਸ਼ਟ ਨਫਾ ਕਮਾ। ਲਬੁ ਲੋਭੁ ਬੁਰਾ ਅਹੰਕਾਰੁ ॥ ਮੰਦੇ ਹਨ ਲਾਲਚ, ਤਮ੍ਹਾਂ ਅਤੇ ਤਕੱਬਰ। ਲਾੜੀ ਚਾੜੀ ਲਾਇਤਬਾਰੁ ॥ ਨਿੰਦਾ, ਉਸਤਤ ਅਤੇ ਚੁਗਲੀ ਕਰਨ ਦੁਆਰਾ, ਮਨਮੁਖੁ ਅੰਧਾ ਮੁਗਧੁ ਗਵਾਰੁ ॥ ਅਧਰਮੀ, ਅੰਨ੍ਹਾ, ਮੂਰਖ ਅਤੇ ਬੇਸਮਝ ਥੀ ਗਿਆ ਹੈ। ਲਾਹੇ ਕਾਰਣਿ ਆਇਆ ਜਗਿ ॥ ਨਫ਼ਾ ਕਮਾਉਣ ਲਈ, ਪ੍ਰਾਨੀ ਸੰਸਾਰ ਵਿੱਚ ਆਉਂਦਾ ਹੈ। ਹੋਇ ਮਜੂਰੁ ਗਇਆ ਠਗਾਇ ਠਗਿ ॥ ਉਹ ਕੁੱਲੀ ਬਣ ਜਾਂਦਾ ਹੈ ਅਤੇ ਛਲਨੀ ਮਾਇਆ ਉਸ ਨੂੰ ਛੱਲ ਲੈਂਦੀ ਹੈ। ਲਾਹਾ ਨਾਮੁ ਪੂੰਜੀ ਵੇਸਾਹੁ ॥ ਜੇ ਸਿਦਕ ਦੀ ਰਾਸ ਨਾਲ ਨਾਮ ਦਾ ਮੁਨਾਫਾ ਕਮਾਉਂਦਾ ਹੈ, ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ ਹੇ ਨਾਨਕ, ਉਹ ਸੱਚੀ ਇੱਜ਼ਤ ਆਬਰੂ ਪਾ ਲੈਂਦਾ ਹੈ ਅਤੇ ਸੱਚਾ ਸ਼ਹਿਨਸ਼ਾਹ ਹੈ। ਆਇ ਵਿਗੂਤਾ ਜਗੁ ਜਮ ਪੰਥੁ ॥ ਮੌਤ ਦਾ ਰਸਤਾ ਇਖਤਿਆਰ ਕਰਕੇ ਦੁਨੀਆਂ ਤਬਾਹ ਹੋ ਗਈ ਹੈ। ਆਈ ਨ ਮੇਟਣ ਕੋ ਸਮਰਥੁ ॥ ਮਾਇਆ ਦਾ ਅਸਰ ਜ਼ਾਇਲ ਕਰਨ ਨੂੰ ਕੋਈ ਭੀ ਬਲਵਾਨ ਨਹੀਂ। ਆਥਿ ਸੈਲ ਨੀਚ ਘਰਿ ਹੋਇ ॥ ਜੇਕਰ ਧਨ ਦੌਲਤ ਕਿਸੇ ਕਮੀਣ ਮੂਰਖ ਦੇ ਗ੍ਰਹਿ ਵਿੱਚ ਭੀ ਹੋਵੇ, ਆਥਿ ਦੇਖਿ ਨਿਵੈ ਜਿਸੁ ਦੋਇ ॥ ਤਾਂ ਉਸ ਧਨ-ਦੌਲਤ ਨੂੰ ਵੇਖ ਕੇ ਦੋਨੋਂ ਅਮੀਰ ਤੇ ਗਰੀਬ, ਉਸ ਨੂੰ ਸਲਾਮ ਕਰਦੇ ਹਨ। ਆਥਿ ਹੋਇ ਤਾ ਮੁਗਧੁ ਸਿਆਨਾ ॥ ਜੇਕਰ ਧਨ ਪਦਾਰਥ ਹੋਵੇ, ਤਦ ਇਕ ਬੁੱਧੂ ਭੀ ਅਕਲਮੰਦ ਜਾਣਿਆ ਜਾਂਦਾ ਹੈ। ਭਗਤਿ ਬਿਹੂਨਾ ਜਗੁ ਬਉਰਾਨਾ ॥ ਪ੍ਰਭੂ ਦੀ ਪ੍ਰੇਮਮਈ ਸੇਵਾ ਬਾਝੋਂ ਸੰਸਾਰ ਸਰਾਸਰ ਕਮਲਾ ਹੈ। ਸਭ ਮਹਿ ਵਰਤੈ ਏਕੋ ਸੋਇ ॥ ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ। ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ ਉਹ ਆਪਣੇ ਆਪ ਨੂੰ ਉਸ ਉੱਤੇ ਜ਼ਾਹਰ ਕਰਦਾ ਹੈ ਜਿਸ ਉੱਤੇ ਉਸ ਦੀ ਰਹਿਮਤ ਹੈ। ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਦੁਸ਼ਮਨੀ-ਰਹਿਤ ਸੁਆਮੀ ਸਾਰਿਆਂ ਯੁੱਗਾਂ ਅੰਦਰ ਸਦੀਵੀ ਸਥਿਰ ਹੈ। ਜਨਮਿ ਮਰਣਿ ਨਹੀ ਧੰਧਾ ਧੈਰੁ ॥ ਉਹ ਬਖੇੜਿਆ ਵਿੱਚ ਨਹੀਂ ਉਲਝਦਾ, ਨਾਂ ਹੀ ਉਹ ਆਉਂਦਾ ਤੇ ਜਾਂਦਾ ਹੈ। ਜੋ ਦੀਸੈ ਸੋ ਆਪੇ ਆਪਿ ॥ ਜਿਹੜਾ ਕੁੱਛ ਨਜ਼ਰੀ ਪੈਂਦਾ ਹੈ, ਉਹ ਸਾਹਿਬ ਖ਼ੁਦ-ਬਖ਼ੁਦ ਹੀ ਹੈ। ਆਪਿ ਉਪਾਇ ਆਪੇ ਘਟ ਥਾਪਿ ॥ ਖ਼ੁਦ ਪੈਦਾ ਕਰ ਕੇ ਸੁਆਮੀ ਖ਼ੁਦ ਹੀ ਦੋਹਾਂ ਅੰਦਰ ਆਤਮਾ ਨੂੰ ਅਸਥਾਪਨ ਕਰਦਾ ਹੈ। ਆਪਿ ਅਗੋਚਰੁ ਧੰਧੈ ਲੋਈ ॥ ਉਹ ਆਪ ਸੋਚ ਵਿਚਾਰ ਤੋਂ ਪਰ੍ਹੇ ਹੈ ਅਤੇ ਲੁਕਾਈ ਸੰਸਾਰੀ ਵਿਹਾਰਾਂ ਅੰਦਰ ਉਲਝੀ ਹੋਈ ਹੈ। ਜੋਗ ਜੁਗਤਿ ਜਗਜੀਵਨੁ ਸੋਈ ॥ ਉਹ ਜਗਤ ਦੀ ਜਿੰਦ ਜਾਨ, ਖ਼ੁਦ ਹੀ ਆਪਣੇ ਨਾਲ ਮਿਲਾਪ ਦਾ ਮਾਰਗ ਵਿਖਾਲਦਾ ਹੈ। ਕਰਿ ਆਚਾਰੁ ਸਚੁ ਸੁਖੁ ਹੋਈ ॥ ਪਵਿੱਤਰ ਕਰਮ ਕਮਾਉਣ ਦੁਆਰਾ ਪ੍ਰਾਨੀ ਸੱਚਾ ਆਰਾਮ ਪਾ ਲੈਂਦਾ ਹੈ। ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥ ਨਾਮ ਦੇ ਬਾਝੋਂ ਇਨਸਾਨ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ? ਵਿਣੁ ਨਾਵੈ ਵੇਰੋਧੁ ਸਰੀਰ ॥ ਨਾਮ ਦੇ ਬਾਝੋਂ ਦੇਹ ਭੀ ਵੈਰੀ ਹੈ। ਕਿਉ ਨ ਮਿਲਹਿ ਕਾਟਹਿ ਮਨ ਪੀਰ ॥ ਆਪਣੀ ਆਤਮਾ ਦੀ ਪੀੜ ਨਵਿਰਤ ਕਰਨ ਲਈ ਤੂੰ ਆਪਣੀ ਮਾਲਕ ਨਾਲ ਕਿਉਂ ਨਹੀਂ ਮਿਲਦਾ। ਵਾਟ ਵਟਾਊ ਆਵੈ ਜਾਇ ॥ ਰਾਹੀਂ, ਰਾਹੇ ਰਾਹ, ਆਉਂਦਾ ਤੇ ਜਾਂਦਾ ਹੈ। ਕਿਆ ਲੇ ਆਇਆ ਕਿਆ ਪਲੈ ਪਾਇ ॥ ਉਹ ਕੀ ਲੈ ਕੇ ਆਇਆ ਸੀ ਅਤੇ ਕੀ ਆਪਣੇ ਨਾਲ ਲੈ ਕੇ ਜਾਵੇਗਾ। ਵਿਣੁ ਨਾਵੈ ਤੋਟਾ ਸਭ ਥਾਇ ॥ ਨਾਮ ਦੇ ਬਾਝੋਂ ਬੰਦਾ ਹਰ ਥਾਂ ਨੁਕਸਾਨ ਉਠਾਉਂਦਾ ਹੈ। ਲਾਹਾ ਮਿਲੈ ਜਾ ਦੇਇ ਬੁਝਾਇ ॥ ਜਦ ਸੁਆਮੀ ਬੰਦੇ ਪਾਸੋਂ ਆਪਣੇ ਆਪ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਬੰਦਾ ਮੁਨਾਫ਼ਾ ਖੱਟ ਲੈਂਦਾ ਹੈ। ਵਣਜੁ ਵਾਪਾਰੁ ਵਣਜੈ ਵਾਪਾਰੀ ॥ ਸੁਦਾਗਰ, ਸੌਦੇ ਅਤੇ ਤਜਾਰਤ ਦੀ ਸੁਦਾਗਰੀ ਕਰਦਾ ਹੈ। ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥ ਨਾਮ ਦੇ ਬਾਝੋਂ ਉਹ ਅਸਲੀ ਇੱਜ਼ਤ ਕਿਸ ਤਰ੍ਹਾਂ ਪਾ ਸਕਦਾ ਹੈ। ਗੁਣ ਵੀਚਾਰੇ ਗਿਆਨੀ ਸੋਇ ॥ ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਵਹਿਗੁਰੂ ਦੀਆਂ ਨੇਕੀਆਂ ਦਾ ਚਿੰਤਨ ਕਰਦਾ ਹੈ। ਗੁਣ ਮਹਿ ਗਿਆਨੁ ਪਰਾਪਤਿ ਹੋਇ ॥ ਸੁਆਮੀ ਦੀਆਂ ਖੂਬੀਆਂ ਦਾ ਆਰਾਧਨ ਕਰਨ ਰਾਹੀਂ ਬ੍ਰਹਮ ਵੀਚਾਰ ਦੀ ਦਾਤ ਮਿਲਦੀ ਹੈ। ਗੁਣਦਾਤਾ ਵਿਰਲਾ ਸੰਸਾਰਿ ॥ ਕੋਈ ਟਾਵਾਂ ਪੁਰਸ਼ ਹੀ ਜਗਤ ਅੰਦਰ ਨੇਕੀਆਂ ਦਾ ਦਾਤਾਰ ਹੈ। ਸਾਚੀ ਕਰਣੀ ਗੁਰ ਵੀਚਾਰਿ ॥ ਸੱਚੀ ਜੀਵਨ-ਰਹੁ-ਰੀਤੀ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ। ਅਗਮ ਅਗੋਚਰੁ ਕੀਮਤਿ ਨਹੀ ਪਾਇ ॥ ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। copyright GurbaniShare.com all right reserved. Email |