Page 936

ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥
ਹੰਕਾਰ ਨਾਲ ਆਫ਼ਰ ਕੇ ਘਣੇਰੇ ਮਰ ਮੁਕ ਗਏ ਹਨ। ਨਾਮ ਦੇ ਬਾਝੋਂ ਇਨਸਾਨ ਰੰਜ ਗਮ ਉਠਾਉਂਦਾ ਹੈ।

ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥
ਕਿੱਥੇ ਹਨ ਕੋਟ, ਰਾਜਭਵਨ, ਸ਼ਾਹੀ ਇਮਾਰਤਾ ਅਤੇ ਕਚਹਿਰੀਆਂ? ਉਹ ਥੋੜਾ ਸਮਾਂ ਰਹਿਣ ਵਾਲੀ ਖੇਡ ਦੀ ਨਿਆਈਂ ਹਨ।

ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥
ਨਾਨਕ, ਸੱਚੇ ਨਾਮ ਦੇ ਬਾਝੋਂ ਕੂੜਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥
ਸੁਆਮੀ ਆਪ ਸਿਆਣਾ ਤੇ ਸੁੰਦਰ ਹੈ ਅਤੇ ਆਪ ਹੀ ਜਾਣਕਾਰ ਅਤੇ ਸਰਬ-ਗਿਆਤਾ।

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥
ਜਿਹੜੇ ਆਏ ਹਨ ਉਹ ਆਖ਼ਰਕਾਰ ਚਲੇ ਜਾਣਗੇ ਆਉਂਦੇ ਅਤੇ ਜਾਂਦੇ ਉਹ ਪਸਚਾਤਾਪ ਕਰਦੇ ਰਹਿਣਗੇ।

ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕੱਟਣਗੇ। ਇਹ ਗਿਣਤੀ ਨਾਂ ਘਟਦੀ ਹੈ ਨਾਂ ਹੀ ਉਤੇ ਨੂੰ ਵਧਦੀ ਹੈ।

ਸੇ ਜਨ ਉਬਰੇ ਜਿਨ ਹਰਿ ਭਾਇਆ ॥
ਕੇਵਲ ਉਨ੍ਹਾਂ ਪਰਸ਼ਾਂ ਦਾ ਹੀ ਪਾਰ ਉਤਾਰਾ ਹੁੰਦਾ ਹੈ ਜੋ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।

ਧੰਧਾ ਮੁਆ ਵਿਗੂਤੀ ਮਾਇਆ ॥
ਉਨ੍ਹਾਂ ਦਾ ਬਖੇੜਾ ਮੁੱਕ ਜਾਂਦਾ ਹੈ ਅਤੇ ਉਨ੍ਹਾਂ ਦੀ ਸੰਸਾਰੀ ਪਦਾਰਥਾ ਦੀ ਲਾਲਸਾ ਨਵਿਰਤ ਥੀ ਵੰਝਦੀ ਹੈ।

ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
ਜਿਹੜਾ ਕੋਈ ਭੀ ਦਿਸਦਾ ਹੈ ਉਹ ਟੁਰ ਜਾਊਗਾ ਤਦ ਮੈਂ ਕੀਹਦੇ ਨਾਲ ਦੋਸਤੀ ਪਾਵਾਂ।

ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥
ਮੈਂ ਆਪਣਾ ਮਨ ਸੁਆਮੀ ਦੇ ਸਮਰਪਨ ਕਰਦਾ ਹਾਂ ਅਤੇ ਆਪਣੀ ਦੇਹ ਤੇ ਆਤਮਾ ਭੀ ਉਸ ਦੇ ਮੂਹਰੇ ਰੱਖਦਾ ਹਾਂ।

ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥
ਸਦੀਵੀ ਸਥਿਰ ਤੂੰ ਹੈ, ਹੇ ਮੈਡੜੇ ਸਿਰਜਣਹਾਰ ਸੁਆਮੀ। ਮੈਨੂੰ ਕੇਵਲ ਤੇਰਾ ਹੀ ਆਸਰਾ ਹੈ।

ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥
ਨੇਕੀ ਨਾਲ ਮਾਰੀ ਹੋਈ ਹੰਗਤਾ ਮਰ ਜਾਂਦੀ ਹੈ ਅਤੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਨੂੰ ਸੰਸਾਰ ਵਲੋਂ ਘਿਰਣਾ ਪੈਦਾ ਹੋ ਜਾਂਦੀ ਹੈ।

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥
ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ।

ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥
ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ।

ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥
ਨਾਂ ਪਾਰ ਕੀਤੇ ਜਾਣ ਵਾਲ ਸਮੁੰਦਰ ਅਤੇ ਪਹਾੜਾਂ ਵਿੱਚ ਦੀ ਗੁਜ਼ਰਦਾ ਹੋਇਆ ਰਸਤਾ ਗੰਦਾ ਅਤੇ ਭਿਆਨਕ ਹੈ।

ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥
ਆਪਣੀ ਦੇਹ ਅੰਦਰ ਪਾਪ ਹੋਣ ਦੇ ਕਾਰਨ ਮੈਂ ਅਫਸੋਸ ਨਾਲ ਮਰ ਰਹੀ ਹਾਂ। ਨੇਕੀਆਂ ਦੇ ਬਾਝੋਂ ਮੈਂ ਆਪਣੇ ਧਾਮ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰਾਂਗੀ।

ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥
ਆਪਣੇ ਨਾਲ ਨੇਕੀਆਂ ਲੈ ਕੇ, ਨੇਕ ਬੰਦੇ ਸੁਆਮੀ ਨੂੰ ਮਿਲ ਪੈਂਦੇ ਹਨ। ਉਨ੍ਹਾਂ ਨੇਕ ਬੰਦਿਆਂ ਨੂੰ ਮੈਂ ਪ੍ਰੇਮ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥
ਆਪਣੇ ਚਿੱਤ ਅੰਦਰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਅਤੇ ਚਿੰਤਨ ਕਰਨ ਦੁਆਰਾ ਮੈਂ ਭੀ ਹਮੇਸ਼ਾਂ ਰੱਬ ਕਰੇ, ਉਨ੍ਹਾਂ ਵਰਗੀ ਬਣੀ ਰਹਾਂ।

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥
ਪ੍ਰਾਨੀ ਪਾਪਾਂ ਨਾਲ ਭਰਿਆ ਹੋਇਆ ਹੈ, ਪ੍ਰੰਤੂ ਨੇਕੀਆਂ ਭੀ ਉਸ ਦੇ ਨਾਲ ਹੀ ਰਹਿੰਦੀਆਂ ਹਨ।

ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥
ਸੱਚੇ ਗੁਰਾਂ ਦੇ ਬਾਝੋਂ ਅਤੇ ਜਦ ਤਾਂਈ ਉਹ ਨਾਮ ਦਾ ਆਰਾਧਨ ਨਹੀਂ ਕਰਦਾ, ਉਸ ਨੂੰ ਨੇਕੀਆਂ ਨਹੀਂ ਦਿਸਦੀਆਂ।

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥
ਸੁਆਮੀ ਦੇ ਸਿਪਾਹੀ ਆਪਣੇ ਗ੍ਰਹਿਆਂ ਦੀ ਰਖਵਾਲੀ ਕਰਦੇ ਹਨ। ਉਨ੍ਹਾਂ ਦੀ ਤਲਬ ਉਨ੍ਹਾਂ ਦੇ ਇਸ ਜਹਾਨ ਵਿੱਚ ਆਗਮਨ ਤੋਂ ਪਹਿਲਾਂ ਦੀ ਹੀ ਨਿਯਤ ਹੋਈ ਹੋਈ ਹੈ।

ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥
ਉਹ ਆਪਣੇ ਸ੍ਰੋਮਣੀ ਸਾਹਿਬ ਦੀ ਸੇਵਾ ਕਰਦੇ ਹਨ ਅਤੇ ਲਾਭ ਉਠਾਉਂਦੇ ਹਨ।

ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥
ਆਪਣੇ ਚਿੱਤ ਤੋਂ ਉਹ ਲਾਲਚ, ਤਮ੍ਹਾਂ ਅਤੇ ਬਦੀ ਨੂੰ ਤਿਆਗ ਅਤੇ ਭੁਲਾ ਦਿੰਦੇ ਹਨ।

ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥
ਆਪਣੀ ਦੇਹ-ਕੱਟ ਅੰਦਰ ਉਹ ਆਪਣੇ ਸ਼ਹਿਨਸ਼ਾਹ ਦੀ ਫ਼ਤਿਹ ਦਾ ਹੋਕਾ ਦਿੰਦਾ ਹਨ ਅਤੇ ਕਦਾ ਚਿੱਤ ਹਾਰ ਖਾ ਕੇ ਨਹੀਂ ਮੁੜਦੇ।

ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥
ਜੋ ਆਪਣੇ ਆਪ ਨੂੰ ਸੁਆਮੀ ਦਾ ਨੌਕਰ ਅਖਵਾਉਂਦਾ ਹੈ ਅਤੇ ਸਾਮ੍ਹਣੇ ਬੋਲਦਾ ਹੈ,

ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥
ਉਹ ਆਪਣਾ ਰੋਜ਼ੀਨਾ ਵੰਞਾ ਲੈਂਦਾ ਹੈ ਅਤੇ ਉਹ ਰਾਜ ਸਿੰਘਾਸਨ ਉੱਤੇ ਨਹੀਂ ਬਹਿੰਦਾ।

ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਬਜ਼ੁਰਗੀਆਂ ਮੇਰੇ ਪਿਆਰੇ ਦੇ ਹੱਥ ਵਿੱਚ ਹਨ ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਇਹੋ ਵਡਿਆਈਆਂ ਦਿੰਦਾ ਹੈ।

ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥
ਖ਼ੁਦ ਹੀ ਸੁਆਮੀ ਸਭ ਕੁਝ ਕਰਦਾ ਹੈ, ਅਸੀਂ ਹੋਰ ਕਿਸ ਨੂੰ ਬੇਨਤੀ ਕਰੀਏ? ਹੋਰ ਕੋਈ ਜਣਾ ਕੁੱਝ ਕਰਦਾ ਹੀ ਨਹੀਂ।

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥
ਮੈਨੂੰ ਹੋਰ ਕਿਸੇ ਦੂਜੇ ਦਾ ਖਿਆਲ ਨਹੀਂ ਆਉਂਦਾ ਜੋ ਵਿਛੇ ਹੋਏ ਗਲੀਚੇ ਉੱਤੇ ਬੈਠ ਕੇ ਫੁਰਮਾਨ ਜਾਰੀ ਕਰਦਾ ਹੋਵੇ।

ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥
ਉਹ ਮਰਦਾਂ ਦਾ ਮਰਦ, ਦੋਜ਼ਕ ਨੂੰ ਪਰ੍ਹੇ ਹਟਾ ਦਿੰਦਾ ਹੈ। ਸੱਚਾ ਹੈ ਉਹ ਅਤੇ ਸੱਚਾ ਹੈ ਉਸ ਦਾ ਨਾਮ।

ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥
ਮੈਂ ਜੰਗਲਾਂ ਤੇ ਘਾਅ ਵਾਲੀਆਂ ਥਾਵਾਂ ਵਿੱਚ ਉਸ ਨੂੰ ਭਾਲਦੀ ਫਿਰਦੀ ਰਹੀ, ਪਰ ਹੁਣ ਮੈਂ ਆਪਣੇ ਚਿੱਤ ਵਿੱਚ ਹੀ ਉਸ ਦਾ ਚਿੰਤਨ ਕਰਦੀ ਹਾਂ।

ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥
ਕ੍ਰੋੜਾਂ ਹੀ ਮੋਤੀਆਂ, ਜਵੇਹਰਾਂ ਅਤੇ ਹੀਰਿਆਂ ਦਾ ਖਜ਼ਾਨਾ ਸੱਚੇ ਗੁਰਦੇਵ ਜੀ ਦੇ ਹੱਥ ਵਿੱਚ ਹੈ।

ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥
ਇਕ ਚਿੱਤ ਨਾਲ ਇੱਕ ਸਾਹਿਬ ਨੂੰ ਪਿਆਰ ਕਰਨ ਦੁਆਰਾ ਮੈਂ ਸ੍ਰੇਸ਼ਟ ਥੀ ਵੰਝਦੀ ਹਾਂ ਤੇ ਉਸ ਨਾਲ ਮਿਲ ਜਾਂਦੀ ਹਾਂ।

ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥
ਨਾਨਕ, ਜੋ ਪਿਆਰ ਨਾਲ ਆਪਣੇ ਦਿਲਬਰ ਨੂੰ ਮਿਲ ਪੈਂਦਾ ਹੈ, ਉਹ ਪ੍ਰਲੋਕ ਲਈ ਨਫ਼ਾ ਕਮਾ ਲੈਂਦਾ ਹੈ।

ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥
ਜਿਸ ਨੇ ਆਦਮ ਉਤਪੰਨ ਕੀਤਾ ਤੇ ਬਣਾਇਆ ਹੈ ਅਤੇ ਜਿਸ ਨੇ ਤੇਰਾ ਸਰੂਪ ਸਾਜਿਆ ਹੈ;

ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥
ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਅਨੰਤ ਸੁਆਮੀ ਦਾ ਸਿਮਰਨ ਕਰ ਜਿਸ ਦਾ ਕੋਈ ਅਖੀਰ ਤੇ ਓੜਕ ਨਹੀਂ।

ੜਾੜੈ ਰੂੜਾ ਹਰਿ ਜੀਉ ਸੋਈ ॥
ੜ: ਸੁੰਦਰ ਹੈ ਉਹ ਮਹਾਰਾਜ ਮਾਲਕ।

ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥
ਉਸ ਦੇ ਬਾਝੋਂ ਹੋਰ ਕੋਈ ਪਾਤਿਸ਼ਾਹ ਨਹੀਂ।

ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥
ਤੂੰ ਗੁਰਾਂ ਦਾ ਮੰਤ੍ਰ ਸ੍ਰਵਣ ਕਰ ਤਾਂ ਜੋ ਤੇਰਾ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇ।

ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥
ਗੁਰਾਂ ਦੀ ਰਹਿਮਤ ਸਦਕਾ ਪ੍ਰਭੂ ਪਰਾਪਤ ਹੁੰਦਾ ਹੈ, ਕੋਈ ਜਣਾ ਸ਼ੱਕ ਸ਼ੁਭੇ ਅੰਦਰ ਭਟਕਦਾ ਨਾਂ ਫਿਰੇ।

ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥
ਕੇਵਲ ਉਹ ਹੀ ਸੱਚਾ ਸ਼ਾਹੂਕਾਰ ਹੈ ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ।

ਗੁਰਮੁਖਿ ਪੂਰਾ ਤਿਸੁ ਸਾਬਾਸਿ ॥
ਗੁਰਾਂ ਦੀ ਦਇਆ ਦੁਆਰਾ ਉਹ ਪੂਰਨ ਹੋ ਜਾਂਦਾ ਹੈ ਅਤੇ ਸਮੂਹ-ਸ਼ਲਾਘਾ ਯੋਗ ਹੈ ਉਹ।

ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥
ਸੁੰਦਰ ਹੈ ਗੁਰਾਂ ਦੀ ਬਾਣੀ। ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਪ੍ਰਭੂ ਪਰਾਪਤ ਹੋ ਜਾਂਦਾ ਹੈ।

copyright GurbaniShare.com all right reserved. Email